ਸ਼੍ਰੀ ਦਸਮ ਗ੍ਰੰਥ

ਅੰਗ - 415


ਤਉ ਅਚਲੇਸ ਗੁਮਾਨ ਭਰੇ ਅਤਿ ਹੀ ਹਸ ਕੈ ਇਹ ਭਾਤਿ ਪੁਕਾਰਿਯੋ ॥

ਤਦ ਅਚਲ ਸਿੰਘ ਨੇ ਗੁਮਾਨ ਨਾਲ ਭਰ ਕੇ ਅਤੇ ਬਹੁਤ ਹਸ ਕੇ ਇਸ ਤਰ੍ਹਾਂ ਕਿਹਾ,

ਜਾਤ ਕਹਾ ਹਮ ਤੇ ਭਜਿ ਕੈ ਕਰਿ ਲੈ ਕੇ ਗਦਾ ਕਟੁ ਬੋਲ ਉਚਾਰਿਯੋ ॥

ਮੇਰੇ ਕੋਲੋਂ ਬਚ ਕੇ ਕਿਥੇ ਜਾਂਦਾ ਹੈਂ, ਹੱਥ ਵਿਚ ਗਦਾ ਲੈ ਕੇ ਕਾਟਵੇਂ ਬੋਲ ਉਚਾਰੇ।

ਮਾਨਹੁ ਕੇਹਰਿ ਜਾਤ ਹੁਤੋ ਨਰ ਲੈ ਲਕੁਟੀ ਕਰਿ ਮੈ ਲਲਕਾਰਿਯੋ ॥੧੧੭੪॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਹ ਜਾਂਦੇ ਹੋਏ ਸ਼ੇਰ ਨੂੰ (ਕੋਈ) ਬੰਦਾ ਹੱਥ ਵਿਚ ਡਾਂਗ ਲੈ ਕੇ ਲਲਕਾਰਦਾ ਹੋਵੇ ॥੧੧੭੪॥

ਯੌ ਸੁਨਿ ਕੈ ਬਤੀਆ ਅਰਿ ਕੀ ਰਥੁ ਹਾਕਿ ਫਿਰਿਯੋ ਹਰਿ ਕੋਪ ਭਯੋ ॥

ਵੈਰੀ ਕੋਲੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਰਥ ਨੂੰ ਮੋੜ ਲਿਆ।

ਪਟ ਪੀਤ ਮਹਾ ਫਹਰਿਓ ਧੁਜ ਜਿਉ ਘਨ ਮੈ ਚਪਲਾ ਸਮ ਰੂਪ ਲਯੋ ॥

(ਰਥ ਉਤੇ) ਪੀਲੇ ਰੰਗ ਦਾ ਵੱਡਾ ਝੰਡਾ (ਇਸ ਤਰ੍ਹਾਂ ਝੁਲ ਰਿਹਾ ਸੀ) ਜਿਉਂ ਬਦਲ ਵਿਚ ਬਿਜਲੀ ਵਰਗਾ ਰੂਪ ਹੁੰਦਾ ਹੈ।

ਬਰਖਿਯੋ ਸਰ ਬੂੰਦਨ ਜਿਉ ਘਨਿ ਸ੍ਯਾਮ ਤਬੈ ਰਿਪੁ ਕੋ ਦਲ ਮਾਰ ਦਯੋ॥

ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਬਰਖਾ ਦੀਆਂ ਬੂੰਦਾਂ ਵਾਂਗ ਬਾਣਾਂ (ਦੀ ਝੜੀ ਲਾ ਦਿੱਤੀ) ਅਤੇ ਵੈਰੀ ਦੀ ਸੈਨਾ ਨੂੰ ਮਾਰ ਦਿੱਤਾ।

ਰਿਸ ਕੈ ਅਚਲੇਸ ਸੁ ਬਾਨ ਕਮਾਨ ਗਹੇ ਹਰਿ ਸਾਮੁਹੇ ਆਇ ਖਯੋ ॥੧੧੭੫॥

ਕ੍ਰੋਧਵਾਨ ਹੋ ਕੇ ਅਚਲ ਸਿੰਘ ਧਨੁਸ਼ ਬਾਣ ਪਕੜ ਕੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਖੜੋਤਾ ॥੧੧੭੫॥

ਦੋਹਰਾ ॥

ਦੋਹਰਾ:

ਸਿੰਘ ਨਾਦ ਤਬ ਤਿਨ ਕੀਓ ਕ੍ਰਿਸਨ ਚਿਤੈ ਕਰਿ ਨੈਨ ॥

ਤਦ ਉਸ ਨੇ ਸਿੰਘ-ਨਾਦ ਕੀਤਾ ਅਤੇ ਕ੍ਰਿਸ਼ਨ ਨੂੰ ਅੱਖਾਂ ਨਾਲ ਵੇਖਿਆ।

ਬਿਕਟਿ ਨਿਕਟਿ ਰਨਿ ਸੁਭਟ ਲਖਿ ਹਰਿ ਪ੍ਰਤਿ ਬੋਲਿਯੋ ਬੈਨ ॥੧੧੭੬॥

ਵਿਕਟ ਸੂਰਮੇ (ਸ੍ਰੀ ਕ੍ਰਿਸ਼ਨ) ਨੂੰ ਰਣ-ਭੂਮੀ ਵਿਚ ਨੇੜੇ ਵੇਖ ਕੇ ਕ੍ਰਿਸ਼ਨ ਪ੍ਰਤਿ (ਉਸ ਨੇ) ਬੋਲ ਕਹੇ ॥੧੧੭੬॥

ਅਚਲ ਸਿੰਘ ਬਾਚ ॥

ਅਚਲ ਸਿੰਘ ਨੇ ਕਿਹਾ:

ਸਵੈਯਾ ॥

ਸਵੈਯਾ:

ਜੀਵਤ ਜੇ ਜਗ ਮੈ ਰਹਿ ਹੈ ਅਤਿ ਜੁਧ ਕਥਾ ਹਮਰੀ ਸੁਨ ਲੈ ਹੈ ॥

ਜਿਹੜੇ ਜਗਤ ਵਿਚ ਜੀਉਂਦੇ ਰਹਿ ਗਏ, (ਉਹ) ਮੇਰੇ ਇਸ ਭਾਰੀ ਯੁੱਧ ਦੀ ਕਥਾ ਸੁਣ ਲੈਣਗੇ।

ਤਾ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸਨ ਜਾਇ ਰਿਝੈ ਹੈ ॥

ਉਸ ਛਬੀ ਦੀ ਕਵਿਤਾ ਕਰ ਕੇ ਕਵੀ ਰਾਮ ਰਾਜਿਆਂ ਨੂੰ ਪ੍ਰਸੰਨ ਕਰਨਗੇ।

ਜੋ ਬਲਿ ਪੈ ਕਹਿ ਹੈ ਕਥ ਪੰਡਿਤ ਰੀਝਿ ਘਨੋ ਤਿਹ ਕੋ ਧਨੁ ਦੇ ਹੈ ॥

ਜਿਸ ਬਲ ਉਤੇ ਪੰਡਿਤ ਕਥਾ ਕਹਿਣਗੇ, (ਸਰੋਤੇ ਅਥਵਾ ਰਾਜੇ) ਰੀਝ ਕੇ ਬਹੁਤ ਧਨ ਦੇਣਗੇ।

ਹੇ ਹਰਿ ਜੂ ਇਹ ਆਹਵ ਕੇ ਜੁਗ ਚਾਰਨਿ ਮੈ ਗੁਨ ਗੰਧ੍ਰਬ ਗੈਹੈ ॥੧੧੭੭॥

ਹੇ ਕ੍ਰਿਸ਼ਨ! ਇਸ ਯੁੱਧ ਦੇ ਗੁਣ ਗੰਧਰਬ ਲੋਕ ਚੌਹਾਂ ਯੁਗਾਂ ਤਕ ਗਾਉਣਗੇ ॥੧੧੭੭॥

ਕੋਪ ਕੈ ਉਤਰ ਦੇਤ ਭਯੋ ਅਰਿ ਕੀ ਬਤੀਯਾ ਸੁਨਿ ਸ੍ਯਾਮ ਸਬੈ ॥

ਵੈਰੀ ਦੀਆਂ ਸਾਰੀਆਂ ਗੱਲਾਂ ਸੁਣਾ ਕੇ ਸ੍ਰੀ ਕ੍ਰਿਸ਼ਨ ਨੇ ਕ੍ਰੋਧਵਾਨ ਹੋ ਕੇ ਉੱਤਰ ਦਿੱਤਾ।

ਚਿਰੀਯਾ ਬਨ ਮੈ ਚੁਹਕੈ ਤਬ ਲਉ ਅਤਿ ਕੋਪ ਨ ਆਵਤ ਬਾਜ ਜਬੈ ॥

ਚਿੜੀ ਬਨ ਵਿਚ ਉਦੋਂ ਤਕ ਹੀ ਚੂਕਦੀ ਹੈ, ਜਦ ਤਕ ਕ੍ਰੋਧ ਕਰ ਕੇ ਬਾਜ਼ ਨਹੀਂ ਆਉਂਦਾ।

ਗਰਬਾਤ ਹੈ ਮੂਢ ਘਨੋ ਰਨ ਮੈ ਕਟਿ ਹੌ ਤੁਹਿ ਸੀਸ ਲਖੈਗੋ ਤਬੈ ॥

ਹੇ ਮੂਰਖ! ਤੂੰ ਰਣ ਵਿਚ ਬਹੁਤ ਹੰਕਾਰ ਕਰ ਰਿਹਾ ਹੈਂ, (ਜਦੋਂ) ਤੇਰਾ ਸਿਰ ਕਟ ਦਿਆਂਗਾ, ਤਦੋਂ ਹੀ (ਤੈਨੂੰ) ਪਤਾ ਲਗੇਗਾ।

ਤਿਹ ਤੇ ਤਜਿ ਸੰਕ ਨਿਸੰਕ ਲਰੋ ਬਲਬੀਰ ਕਹਿਯੋ ਕਹਾ ਢੀਲ ਅਬੈ ॥੧੧੭੮॥

ਇਸ ਲਈ ਸੰਗ ਨੂੰ ਛਡ ਕੇ ਨਿਸੰਗ ਹੋ ਕੇ ਲੜੋ, ਸ੍ਰੀ ਕ੍ਰਿਸ਼ਨ ਨੇ ਕਿਹਾ, ਹੁਣ ਕੀਹ ਢਿਲ ਹੈ ॥੧੧੭੮॥

ਯੌ ਸੁਨਿ ਕੈ ਕਟੁ ਬੈਨਨ ਕੋ ਅਚਲੇਸ ਬਲੀ ਮਨਿ ਕੋਪ ਜਗਿਯੋ ॥

ਇਸ ਤਰ੍ਹਾਂ ਦੇ ਕਾਟਵੇਂ ਬੋਲਾਂ ਨੂੰ ਸੁਣ ਕੇ ਅਚਲ ਸਿੰਘ ਸੂਰਮੇ ਦੇ ਮਨ ਵਿਚ ਕ੍ਰੋਧ ਜਾਗ ਪਿਆ।

ਕਸ ਬੋਲਤ ਹੋ ਕਛੁ ਲਾਜ ਗਹੋ ਰਨਿ ਠਾਢੇ ਰਹੋ ਸੁਨਿ ਹੋ ਨ ਭਗਿਯੋ ॥

(ਹੇ ਕ੍ਰਿਸ਼ਨ!) ਕਿਉਂ ਬੋਲ ਰਿਹਾ ਹੈਂ, ਕੁਝ ਸ਼ਰਮ ਕਰ, ਰਣ-ਭੂਮੀ ਵਿਚ ਖੜੋਤਾ ਰਹੀਂ, ਸੁਣ ਲੈ, ਭਜ ਕੇ ਨਾ ਜਾਈਂ।

ਯਹ ਉਤਰ ਦੈ ਹਰਿ ਕੋ ਜਬ ਹੀ ਤਬ ਹੀ ਨਿਜ ਆਯੁਧ ਲੈ ਉਮਗਿਯੋ ॥

ਜਦੋਂ ਹੀ ਇਸ ਤਰ੍ਹਾਂ ਦਾ ਉੱਤਰ ਸ੍ਰੀ ਕ੍ਰਿਸ਼ਨ ਨੂੰ ਦੇ ਦਿੱਤਾ ਤਦੋਂ ਹੀ ਆਪਣੇ ਸ਼ਸਤ੍ਰ ਲੈ ਕੇ ਉਮੰਗ ਨਾਲ ਭਰ ਗਿਆ।

ਮਨ ਮੈ ਹਰਖਿਯੋ ਧਨੁ ਕੋ ਕਰਖਿਯੋ ਬਰਖਿਯੋ ਸਰ ਸ੍ਰੀ ਹਰਿ ਕੋ ਨ ਲਗਿਯੋ ॥੧੧੭੯॥

ਮਨ ਵਿਚ ਖੁਸ਼ ਹੋਇਆ, ਧਨੁਸ਼ ਨੂੰ ਖਿਚਿਆ ਅਤੇ ਬਾਣਾਂ ਦੀ ਬਰਖਾ ਕੀਤੀ, ਪਰ ਸ੍ਰੀ ਕ੍ਰਿਸ਼ਨ ਨੂੰ (ਕੋਈ ਬਾਣ) ਨਾ ਲਗਿਆ ॥੧੧੭੯॥

ਜੋ ਅਚਲੇਸ ਜੂ ਬਾਨ ਚਲਾਵਤ ਸੋ ਹਰਿ ਆਵਤ ਕਾਟਿ ਗਿਰਾਵੈ ॥

ਅਚਲ ਸਿੰਘ ਜੋ ਵੀ ਬਾਣ ਚਲਾਉਂਦਾ ਹੈ, ਉਸ ਆਉਂਦੇ ਬਾਣ ਨੂੰ ਸ੍ਰੀ ਕ੍ਰਿਸ਼ਨ ਕਟ ਕੇ ਡਿਗਾ ਦਿੰਦੇ ਹਨ।

ਜਾਨੈ ਨ ਦੇਹ ਲਗਿਯੋ ਅਰਿ ਕੀ ਸਰ ਫੇਰਿ ਰਿਸਾ ਕਰਿ ਅਉਰ ਚਲਾਵੈ ॥

(ਉਹ) ਜਾਣਦਾ ਹੈ ਕਿ ਵੈਰੀ (ਸ੍ਰੀ ਕ੍ਰਿਸ਼ਨ) ਦੀ ਦੇਹ ਵਿਚ (ਕੋਈ) ਬਾਣ ਨਹੀਂ ਲਗਾ ਹੈ, ਫਿਰ ਕ੍ਰੋਧ ਕਰ ਕੇ ਹੋਰ (ਬਾਣ) ਚਲਾਉਂਦਾ ਹੈ।

ਸੋ ਹਰਿ ਆਵਤ ਬੀਚ ਕਟੈ ਅਪਨੋ ਉਹ ਕੋ ਉਰ ਬੀਚ ਲਗਾਵੈ ॥

ਉਸ ਨੂੰ ਆਉਂਦੇ ਹੋਇਆਂ (ਕ੍ਰਿਸ਼ਨ) ਵਿਚੋਂ ਹੀ ਕਟ ਦਿੰਦਾ ਹੈ ਅਤੇ ਆਪਣਾ (ਬਾਣ) ਉਸ ਦੀ ਛਾਤੀ ਵਿਚ ਮਾਰਦਾ ਹੈ।

ਦੇਖਿ ਸਤਕ੍ਰਿਤ ਕਉਤਕ ਕੋ ਕਬਿ ਰਾਮ ਕਹੈ ਪ੍ਰਭ ਕੋ ਜਸੁ ਗਾਵੈ ॥੧੧੮੦॥

ਕਵੀ ਰਾਮ ਕਹਿੰਦੇ ਹਨ, ਇਸ ਕੌਤਕ ਨੂੰ ਵੇਖ ਕੇ ਇੰਦਰ ('ਸਤਕ੍ਰਿਤ') ਵੀ ਸ੍ਰੀ ਕ੍ਰਿਸ਼ਨ ਦੇ ਯਸ਼ ਨੂੰ ਗਾਉਂਦਾ ਹੈ ॥੧੧੮੦॥

ਦਾਰੁਕ ਕੋ ਕਹਿਓ ਤੇਜ ਕੈ ਸ੍ਯੰਦਨ ਸ੍ਰੀ ਹਰਿ ਜੂ ਕਰਿ ਖਗੁ ਸੰਭਾਰਿਯੋ ॥

(ਸ੍ਰੀ ਕ੍ਰਿਸ਼ਨ ਨੇ) ਰਥਵਾਨ ਨੂੰ ਕਿਹਾ ਕਿ ਰਥ ਤੇਜ਼ ਕਰ ਅਤੇ ਸ੍ਰੀ ਕ੍ਰਿਸ਼ਨ ਨੇ (ਆਪਣੇ) ਹੱਥ ਵਿਚ ਤਲਵਾਰ ਪਕੜ ਲਈ।

ਦਾਮਨਿ ਜਿਉ ਘਨ ਮੈ ਲਸਕੈ ਰਿਸ ਮੈ ਬਰਿ ਕੈ ਅਰਿ ਊਪਰ ਮਾਰਿਯੋ ॥

(ਤਲਵਾਰ ਇੰਜ ਲਿਸ਼ਕ ਰਹੀ ਸੀ) ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ; (ਉਸ ਤਲਵਾਰ ਨੂੰ) ਕ੍ਰੋਧ ਕਰ ਕੇ ਬਲ ਪੂਰਵਕ ਵੈਰੀ ਉਤੇ ਦੇ ਮਾਰੀ।

ਦੁਜਨ ਕੋ ਸਿਰੁ ਕਾਟਿ ਦਯੋ ਬਿਨੁ ਰੁੰਡ ਭਯੋ ਜਸੁ ਤਾਹਿ ਉਚਾਰਿਯੋ ॥

ਵੈਰੀ ਦਾ ਸਿਰ ਕਟ ਦਿੱਤਾ ਅਤੇ (ਸਿਰ) ਤੋਂ ਬਿਨਾ ਰੁੰਡ (ਧੜ) ਹੋ ਗਿਆ, ਉਸ ਦਾ (ਯਸ਼ ਕਵੀ ਨੇ) ਇਸ ਤਰ੍ਹਾਂ ਉਚਾਰਿਆ ਹੈ,

ਜਿਉ ਸਰਦੂਲ ਮਹਾ ਬਨ ਮੈ ਹਤ ਕੈ ਬਲ ਸੋ ਮਨੋ ਕੇਹਰਿ ਡਾਰਿਯੋ ॥੧੧੮੧॥

ਜਿਵੇਂ ਬਬਰ ਸ਼ੇਰ ਨੇ ਵੱਡੇ ਬਲ ਵਿਚ ਬਲ ਪੂਰਵਕ ਮਾਨੋ ਸ਼ੇਰ ਨੂੰ ਮਾਰ ਕੇ ਡਿਗਾਇਆ ਹੋਵੇ ॥੧੧੮੧॥

ਦੋਹਰਾ ॥

ਦੋਹਰਾ:

ਅਡਰ ਸਿੰਘ ਅਉ ਅਜਬ ਸਿੰਘ ਅਘਟ ਸਿੰਘ ਸਿੰਘ ਬੀਰ ॥

ਅਡਰ ਸਿੰਘ, ਅਜਬ ਸਿੰਘ, ਅਘਟ ਸਿੰਘ, ਬੀਰ ਸਿੰਘ,

ਅਮਰ ਸਿੰਘ ਅਰੁ ਅਟਲ ਸਿੰਘ ਮਹਾਰਥੀ ਰਨ ਧੀਰ ॥੧੧੮੨॥

ਅਮਰ ਸਿੰਘ, ਅਟਲ ਸਿੰਘ ਮਹਾ ਰਥੀ ਅਤੇ ਧੀਰਜ ਵਾਲੇ ॥੧੧੮੨॥

ਅਰਜਨ ਸਿੰਘ ਅਰੁ ਅਮਿਟ ਸਿੰਘ ਕ੍ਰਿਸਨ ਨਿਹਾਰਿਓ ਨੈਨ ॥

ਅਰਜਨ ਸਿੰਘ, ਅਮਿਟ ਸਿੰਘ (ਨਾਂ ਦੇ) ਅੱਠ ਯੋਧੇ ਰਾਜਿਆਂ ਨੇ ਕ੍ਰਿਸ਼ਨ ਨੂੰ ਅੱਖਾਂ ਨਾਲ ਵੇਖਿਆ।

ਆਠ ਭੂਪ ਮਿਲਿ ਪਰਸਪਰ ਬੋਲਤ ਐਸੇ ਬੈਨ ॥੧੧੮੩॥

ਅੱਠੇ ਰਾਜੇ ਆਪਸ ਵਿਚ ਮਿਲ ਕੇ ਬੋਲ ਸਾਂਝੇ ਕਰਨ ਲਗੇ ॥੧੧੮੩॥

ਸਵੈਯਾ ॥

ਸਵੈਯਾ:

ਦੇਖਤ ਹੋ ਨ੍ਰਿਪ ਸ੍ਯਾਮ ਬਲੀ ਤਿਹ ਕੇ ਹਮ ਊਪਰਿ ਧਾਇ ਪਰੈ ॥

ਹੇ ਰਾਜਿਓ! ਕ੍ਰਿਸ਼ਨ ਸੂਰਮੇ ਨੂੰ ਵੇਖਦੇ ਹੋ, ਇਸ ਉਤੇ ਅਸੀਂ ਟੁੱਟ ਕੇ ਪੈ ਜਾਈਏ।

ਅਪੁਨੇ ਪ੍ਰਭ ਕੋ ਮਿਲਿ ਕਾਜ ਕਰੈ ਮੁਸਲੀ ਹਰਿ ਤੇ ਨਹੀ ਨੈਕੁ ਡਰੈ ॥

ਆਪਣੇ ਰਾਜੇ ('ਪ੍ਰਭ') ਦਾ ਕੰਮ ਕਰੀਏ ਅਤੇ ਬਲਰਾਮ ਤੇ ਕ੍ਰਿਸ਼ਨ ਤੋਂ ਬਿਲਕੁਲ ਨਾ ਡਰੀਏ।

ਧਨੁ ਬਾਨ ਕ੍ਰਿਪਾਨ ਗਦਾ ਪਰਸੇ ਬਰਛੇ ਗਹਿ ਤੀਛਨ ਜਾਇ ਅਰੈ ॥

ਧਨੁਸ਼, ਬਾਣ, ਕ੍ਰਿਪਾਨ, ਗਦਾ, ਕੁਹਾੜੇ ਅਤੇ ਤਿਖੇ ਬਰਛੇ ਪਕੜ ਕੇ (ਰਣ-ਭੂਮੀ ਵਿਚ) ਡਟ ਜਾਈਏ।

ਸਬ ਹੀ ਸੁ ਕਹੀ ਇਹ ਈ ਪ੍ਰਨ ਹੈ ਜਦੁਬੀਰ ਹਨੈ ਮਿਲਿ ਜੁਧ ਕਰੈ ॥੧੧੮੪॥

ਸਭ ਨੇ ਕਿਹਾ ਕਿ (ਸਾਡਾ) ਇਹੀ ਪ੍ਰਣ ਹੈ ਕਿ ਸ੍ਰੀ ਕ੍ਰਿਸ਼ਨ ਨੂੰ ਮਾਰੀਏ ਅਤੇ ਮਿਲ ਕੇ ਯੁੱਧ ਕਰੀਏ ॥੧੧੮੪॥

ਆਯੁਧ ਲੈ ਸਿਗਰੇ ਕਰ ਮੈ ਸੁ ਮੁਕੰਦ ਕੇ ਊਪਰਿ ਦਉਰ ਪਰੇ ॥

ਸਾਰੇ ਸ਼ਸਤ੍ਰ ਹੱਥਾਂ ਵਿਚ ਲੈ ਕੇ ਸ੍ਰੀ ਕ੍ਰਿਸ਼ਨ ਉਪਰ ਦੌੜ ਕੇ ਜਾ ਪਏ।

ਸੁ ਧਵਾਇ ਕੈ ਸ੍ਯੰਦਨ ਆਨਿ ਅਰੇ ਸੰਗਿ ਚਾਰ ਅਛੂਹਨਿ ਸੂਰ ਬਰੇ ॥

ਰਥਾਂ ਨੂੰ ਭਜਾ ਕੇ, ਆ ਕੇ ਡਟ ਗਏ ਹਨ ਜਿਨ੍ਹਾਂ ਨਾਲ ਚਾਰ ਅਛੋਹਣੀਆਂ ਬਹਾਦਰ ਸੂਰਮੇ ਹਨ।

ਕਬਿ ਰਾਮ ਕਹੈ ਅਤਿ ਆਹਵ ਮੈ ਅਘ ਖੰਡਨਿ ਤੇ ਨਹੀ ਨੈਕ ਡਰੇ ॥

ਕਵੀ ਰਾਮ ਕਹਿੰਦੇ ਹਨ, ਬਹੁਤ ਵੱਡੀ ਯੁੱਧ-ਭੂਮੀ ਵਿਚ (ਖੜੋਤੇ ਹਨ) ਅਤੇ ਪਾਪਾਂ ਦਾ ਵਿਨਾਸ਼ ਕਰਨ ਵਾਲੇ (ਕ੍ਰਿਸ਼ਨ) ਤੋਂ ਬਿਲਕੁਲ ਨਹੀਂ ਡਰਦੇ।

ਮਨੋ ਗਾਜਿ ਪ੍ਰਲੈ ਘਨ ਧਾਇ ਚਲਿਯੋ ਤਿਮ ਦਉਰੇ ਸੁ ਮਾਰ ਹੀ ਮਾਰ ਕਰੇ ॥੧੧੮੫॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਰਲੋ ਦੇ ਬਦਲਾਂ ਵਾਂਗ ਭਜੇ ਚਲੇ ਆਉਂਦੇ ਹੋਣ ਅਤੇ ਮਾਰੋ ਮਾਰ ਕਰਦੇ ਆਉਂਦੇ ਹੋਣ ॥੧੧੮੫॥

ਧਨ ਸਿੰਘ ਅਛੂਹਨਿ ਦੁਇ ਸੰਗਿ ਲੈ ਅਨਗੇਸ ਅਛੂਹਨਿ ਤੀਨ ਸੁ ਲ੍ਯਾਏ ॥

ਧਨ ਸਿੰਘ ਦੋ ਅਛੋਹਣੀਆਂ ਅਤੇ ਅਨਗ ਸਿੰਘ ਤਿੰਨ ਅਛੋਹਣੀਆਂ ਸੈਨਾ ਨਾਲ ਲੈ ਕੇ ਆਏ ਸਨ।

ਸੋ ਤੁਮ ਸ੍ਯਾਮ ਸੁਨੋ ਛਲ ਸੋ ਰਨ ਮੈ ਦਸ ਹੂੰ ਨ੍ਰਿਪ ਮਾਰਿ ਗਿਰਾਏ ॥

(ਰਾਜਿਆਂ ਨੇ ਕਿਹਾ) ਹੇ ਕ੍ਰਿਸ਼ਨ! ਸੁਣ, ਤੂੰ ਛਲ ਕਰ ਕੇ ਦਸਾਂ ਰਾਜਿਆਂ ਨੂੰ ਰਣ ਵਿਚ ਮਾਰ ਗਿਰਾਇਆ ਹੈ।


Flag Counter