ਸ਼੍ਰੀ ਦਸਮ ਗ੍ਰੰਥ

ਅੰਗ - 157


ਦੁਖ ਦਾਹਤ ਸੰਤਨ ਕੇ ਆਯੋ ॥

(ਤੂੰ) ਸੰਤਾਂ ਦੇ ਦੁਖ (ਸ਼ੁਰੂ ਤੋਂ ਹੋ ਹੀ) ਸਾੜਦਾ ਆਇਆ ਹੈਂ,

ਦੁਖਦਾਹਨ ਪ੍ਰਭ ਤਦਿਨ ਕਹਾਯੋ ॥੧੧॥

ਉਸ ਦਿਨ ਤੋਂ, ਹੇ ਪ੍ਰਭੂ! (ਤੂੰ) 'ਦੁਖ-ਦਾਹਨ' ਅਖਾਉਂਦਾ ਹੈਂ ॥੧੧॥

ਰਹਾ ਅਨੰਤ ਅੰਤ ਨਹੀ ਪਾਯੋ ॥

(ਤੂੰ) ਅਨੰਤ (ਹੋ ਕੇ ਵਿਚਰ) ਰਿਹਾ ਹੈਂ (ਪਰ ਕਿਸੇ ਨੇ ਤੇਰਾ) ਅੰਤ ਨਹੀਂ ਪਾਇਆ ਹੈ,

ਯਾ ਤੇ ਨਾਮੁ ਬਿਅੰਤ ਕਹਾਯੋ ॥

ਤਾਂ ਤੇ (ਤੇਰਾ) ਨਾਂ 'ਬੇਅੰਤ' ਪ੍ਰਚਲਿਤ ਹੋਇਆ ਹੈ।

ਜਗ ਮੋ ਰੂਪ ਸਭਨ ਕੈ ਧਰਤਾ ॥

ਜਗਤ ਵਿਚ (ਤੂੰ) ਸਾਰਿਆਂ ਦੇ ਰੂਪ ਧਰਦਾ ਹੈਂ,

ਯਾ ਤੇ ਨਾਮੁ ਬਖਨੀਯਤ ਕਰਤਾ ॥੧੨॥

ਇਸ ਲਈ (ਤੇਰਾ) ਨਾਂ 'ਕਰਤਾ' ਕਿਹਾ ਜਾਂਦਾ ਹੈ ॥੧੨॥

ਕਿਨਹੂੰ ਕਹੂੰ ਨ ਤਾਹਿ ਲਖਾਯੋ ॥

(ਉਸ ਨੇ) ਕਦੇ ਵੀ ਕਿਸੇ ਨੂੰ (ਆਪਣਾ ਆਪ) ਨਹੀਂ ਜਣਾਇਆ,

ਇਹ ਕਰਿ ਨਾਮ ਅਲਖ ਕਹਾਯੋ ॥

ਇਸ ਕਰਕੇ (ਉਸ ਦਾ) ਨਾਂ 'ਅਲਖ' ਕਿਹਾ ਜਾਂਦਾ ਹੈ।

ਜੋਨਿ ਜਗਤ ਮੈ ਕਬਹੂੰ ਨ ਆਯਾ ॥

(ਉਹ) ਕੋਈ ਜੂਨ ਧਾਰ ਕੇ ਜਗਤ ਵਿਚ ਕਦੇ ਨਹੀਂ ਆਇਆ,

ਯਾ ਤੇ ਸਭੋ ਅਜੋਨ ਬਤਾਯਾ ॥੧੩॥

ਇਸ ਲਈ ਸਭ ਨੇ (ਉਸ ਨੂੰ) 'ਅਜੋਨ' ਦਸਿਆ ਹੈ ॥੧੩॥

ਬ੍ਰਹਮਾਦਿਕ ਸਬ ਹੀ ਪਚਿ ਹਾਰੇ ॥

ਬ੍ਰਹਮਾ ਆਦਿ ਸਾਰੇ (ਉਸ ਦਾ ਗੁਣ ਗਾਉਂਦੇ) ਥਕ ਗਏ ਹਨ,

ਬਿਸਨ ਮਹੇਸਵਰ ਕਉਨ ਬਿਚਾਰੇ ॥

(ਉਸ ਦੇ ਸਾਹਮਣੇ) ਵਿਸ਼ਣੂ ਅਤੇ ਸ਼ਿਵ ਕੌਣ ਵਿਚਾਰੇ ਹਨ।

ਚੰਦ ਸੂਰ ਜਿਨਿ ਕਰੇ ਬਿਚਾਰਾ ॥

ਚੰਦ੍ਰਮਾ ਅਤੇ ਸੂਰਜ ਨੂੰ (ਜਿਸ ਨੇ) ਵਿਚਾਰਪੂਰਵਕ ਸਿਰਜਿਆ ਹੈ,

ਤਾ ਤੇ ਜਨੀਯਤ ਹੈ ਕਰਤਾਰਾ ॥੧੪॥

ਇਸ ਲਈ (ਉਸ ਨੂੰ) 'ਕਰਤਾਰ' ਕਰ ਕੇ ਜਾਣਿਆ ਜਾਂਦਾ ਹੈ ॥੧੪॥

ਸਦਾ ਅਭੇਖ ਅਭੇਖੀ ਰਹਈ ॥

(ਤੂੰ) ਸਦਾ ਭੇਖ ਰਹਿਤ ਹੈਂ ਅਤੇ ਅਭੇਖੀ ਹੀ ਰਹੇਂਗਾ।

ਤਾ ਤੇ ਜਗਤ ਅਭੇਖੀ ਕਹਈ ॥

ਇਸ ਲਈ ਜਗਤ (ਤੈਨੂੰ) 'ਅਭੇਖੀ' ਕਹਿੰਦਾ ਹੈ।

ਅਲਖ ਰੂਪ ਕਿਨਹੂੰ ਨਹਿ ਜਾਨਾ ॥

(ਤੂੰ) ਅਲੱਖ ਰੂਪ ਹੈਂ, (ਅਜੇ ਤਕ) ਤੈਨੂੰ ਕਿਸੇ ਨਹੀਂ ਜਾਣਿਆ,

ਤਿਹ ਕਰ ਜਾਤ ਅਲੇਖ ਬਖਾਨਾ ॥੧੫॥

ਇਸ ਲਈ (ਤੂੰ) 'ਅਲੇਖ' ਕਰ ਕੇ ਜਾਣਿਆ ਜਾਂਦਾ ਹੈ ॥੧੫॥

ਰੂਪ ਅਨੂਪ ਸਰੂਪ ਅਪਾਰਾ ॥

(ਤੇਰਾ) ਰੂਪ ਅਨੂਪਮ ਹੈ ਅਤੇ ਸਰੂਪ ਅਪਾਰ ਹੈ,

ਭੇਖ ਅਭੇਖ ਸਭਨ ਤੇ ਨਿਆਰਾ ॥

ਭੇਖ ਤੋਂ ਰਹਿਤ ਅਤੇ ਸਭ ਤੋਂ ਨਿਆਰਾ ਹੈਂ।

ਦਾਇਕ ਸਭੋ ਅਜਾਚੀ ਸਭ ਤੇ ॥

ਸਭ ਨੂੰ ਦੇਣ ਵਾਲਾ ਹੈਂ, ਅਤੇ ਸਭ ਤੋਂ (ਖ਼ੁਦ) ਅਜਾਚਕ ਹੈਂ,

ਜਾਨ ਲਯੋ ਕਰਤਾ ਹਮ ਤਬ ਤੇ ॥੧੬॥

ਤਦੋਂ ਤੋਂ ਅਸੀਂ (ਤੈਨੂੰ) 'ਕਰਤਾ' ਜਾਣ ਲਿਆ ਹੈ ॥੧੬॥

ਲਗਨ ਸਗਨ ਤੇ ਰਹਤ ਨਿਰਾਲਮ ॥

(ਤੂੰ) ਲਗਨ ਅਤੇ ਸਗਨ ਤੋਂ ਨਿਰਲੇਪ ਰਹਿੰਦਾ ਹੈਂ,

ਹੈ ਯਹ ਕਥਾ ਜਗਤ ਮੈ ਮਾਲਮ ॥

ਇਹ ਗੱਲ ਸਾਰੇ ਜਗਤ ਨੂੰ ਪਤਾ ਹੈ।

ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ ॥

(ਤੂੰ) ਜੰਤਰ ਮੰਤਰ ਤੰਤਰ ਨਾਲ ਖੁਸ਼ ਨਹੀਂ ਹੁੰਦਾ

ਭੇਖ ਕਰਤ ਕਿਨਹੂੰ ਨਹਿ ਪਾਯਾ ॥੧੭॥

ਅਤੇ ਭੇਖ ਕਰਨ ਵਾਲੇ ਕਿਸੇ ਨੇ ਵੀ (ਤੈਨੂੰ) ਪ੍ਰਾਪਤ ਨਹੀਂ ਕੀਤਾ ॥੧੭॥

ਜਗ ਆਪਨ ਆਪਨ ਉਰਝਾਨਾ ॥

ਜਗਤ ਆਪਣੇ ਆਪ ਵਿਚ ਉਲਝਿਆ ਪਿਆ ਹੈ,

ਪਾਰਬ੍ਰਹਮ ਕਾਹੂੰ ਨ ਪਛਾਨਾ ॥

(ਇਸ ਲਈ) ਕਿਸੇ ਨੇ ਵੀ ਪਾਰਬ੍ਰਹਮ ਨੂੰ ਨਹੀਂ ਪਛਾਣਿਆ।

ਇਕ ਮੜੀਅਨ ਕਬਰਨ ਵੇ ਜਾਹੀ ॥

ਇਕ ਮੜ੍ਹੀਆਂ (ਪੂਜਦੇ ਹਨ ਅਤੇ) ਦੂਜੇ ਕਬਰਾਂ ਵਿਚ ਜਾਂਦੇ ਹਨ,

ਦੁਹੂੰਅਨ ਮੈ ਪਰਮੇਸਰ ਨਾਹੀ ॥੧੮॥

ਪਰ ਇਨ੍ਹਾਂ ਦੋਹੀਂ (ਥਾਈਂ) ਪਰਮੇਸ਼ਵਰ ਨਹੀਂ ਹੈ ॥੧੮॥

ਏ ਦੋਊ ਮੋਹ ਬਾਦ ਮੋ ਪਚੇ ॥

ਇਹ (ਹਿੰਦੂ ਅਤੇ ਮੁਸਲਮਾਨ) ਦੋਵੇਂ ਮੋਹ ਅਤੇ ਵਾਦ-ਵਿਵਾਦ ਵਿਚ ਉਲਝੇ ਹੋਏ ਹਨ।

ਤਿਨ ਤੇ ਨਾਥ ਨਿਰਾਲੇ ਬਚੇ ॥

ਇਨ੍ਹਾਂ ਤੋਂ ਪਰਮਸੱਤਾ ਨਿਰਾਲੀ ਹੈ (ਅਰਥਾਤ ਇਨ੍ਹਾਂ ਦੇ ਪ੍ਰਭਾਵ ਤੋਂ ਬਚੀ ਹੋਈ ਹੈ)।

ਜਾ ਤੇ ਛੂਟਿ ਗਯੋ ਭ੍ਰਮ ਉਰ ਕਾ ॥

ਜਿੰਨ੍ਹਾਂ ਦੇ ਮਨ ਤੋਂ ਭਰਮ ਮਿਟ ਗਿਆ ਹੈ,

ਤਿਹ ਆਗੈ ਹਿੰਦੂ ਕਿਆ ਤੁਰਕਾ ॥੧੯॥

ਉਨ੍ਹਾਂ ਲਈ ਨਾ ਕੋਈ ਹਿੰਦੂ ਹੈ ਅਤੇ ਨਾ ਹੀ ਤੁਰਕ ॥੧੯॥

ਇਕ ਤਸਬੀ ਇਕ ਮਾਲਾ ਧਰਹੀ ॥

ਇਕ (ਪਾਸੇ ਮੁਸਲਮਾਨਾਂ ਨੇ) ਤਸਬੀ ਧਾਰਨ ਕੀਤੀ ਹੋਈ ਹੈ ਅਤੇ ਦੂਜੇ (ਪਾਸੇ ਹਿੰਦੂਆਂ ਨੇ) ਮਾਲਾ।

ਏਕ ਕੁਰਾਨ ਪੁਰਾਨ ਉਚਰਹੀ ॥

ਇਕ ਕੁਰਾਨ ਅਤੇ (ਦੂਜੇ) ਪੁਰਾਣ ਪੜ੍ਹਦੇ ਹਨ।

ਕਰਤ ਬਿਰੁਧ ਗਏ ਮਰਿ ਮੂੜਾ ॥

ਆਪਸ ਵਿਚ ਵਿਰੋਧ ਕਰਦੇ ਹੀ ਮੂਰਖ ਮਰ ਰਹੇ ਹਨ।

ਪ੍ਰਭ ਕੋ ਰੰਗੁ ਨ ਲਾਗਾ ਗੂੜਾ ॥੨੦॥

(ਇਨ੍ਹਾਂ ਵਿਚੋਂ ਕਿਸੇ ਨੂੰ ਵੀ) ਪ੍ਰਭੂ ਦੇ (ਪ੍ਰੇਮ ਦਾ) ਗੂੜ੍ਹਾ ਰੰਗ ਨਹੀਂ ਚੜ੍ਹਿਆ ॥੨੦॥

ਜੋ ਜੋ ਰੰਗ ਏਕ ਕੇ ਰਾਚੇ ॥

ਜੋ ਜੋ ਇਕ (ਪਰਮ ਸੱਤਾ) ਦੇ ਪ੍ਰੇਮ ਵਿਚ ਮਗਨ ਹੋ ਗਏ ਹਨ,

ਤੇ ਤੇ ਲੋਕ ਲਾਜ ਤਜਿ ਨਾਚੇ ॥

ਉਹ ਸਾਰੇ ਲੋਕ ਲਾਜ ਤੋਂ ਉੱਚੇ ਉਠ ਕੇ (ਬ੍ਰਹਮ ਆਨੰਦ ਵਿਚ) ਝੂਮ ਰਹੇ ਹਨ।

ਆਦਿ ਪੁਰਖ ਜਿਨਿ ਏਕੁ ਪਛਾਨਾ ॥

ਜਿਨ੍ਹਾਂ ਨੇ ਇਕ ਆਦਿ ਪੁਰਖ ਨੂੰ ਪਛਾਣ ਲਿਆ ਹੈ,

ਦੁਤੀਆ ਭਾਵ ਨ ਮਨ ਮਹਿ ਆਨਾ ॥੨੧॥

(ਉਨ੍ਹਾਂ ਨੇ) ਦ੍ਵੈਤ ਭਾਵ ਨੂੰ ਮਨ ਵਿਚ ਨਹੀਂ ਲਿਆਂਦਾ ॥੨੧॥

ਜੋ ਜੋ ਭਾਵ ਦੁਤਿਯ ਮਹਿ ਰਾਚੇ ॥

ਜਿਹੜੇ ਜਿਹੜੇ ਦ੍ਵੈਤ ਭਾਵ ਵਿਚ ਰੁਝੇ ਹੋਏ ਹਨ,

ਤੇ ਤੇ ਮੀਤ ਮਿਲਨ ਤੇ ਬਾਚੇ ॥

ਉਹ ਸਾਰੇ ਪਰਮ-ਮਿਤਰ ਨੂੰ ਮਿਲਣ ਤੋਂ ਵਾਂਝੇ ਹਨ।

ਏਕ ਪੁਰਖ ਜਿਨਿ ਨੈਕੁ ਪਛਾਨਾ ॥

ਜਿਨ੍ਹਾਂ ਨੇ ਇਕ ਪੁਰਸ਼ ਨੂੰ ਜ਼ਰਾ ਜਿੰਨਾ ਵੀ ਪਛਾਣਿਆ ਹੈ,

ਤਿਨ ਹੀ ਪਰਮ ਤਤ ਕਹ ਜਾਨਾ ॥੨੨॥

ਉਨ੍ਹਾਂ ਨੇ ਹੀ ਪਰਮ-ਤਤ੍ਵ ਨੂੰ ਜਾਣ ਲਿਆ ਹੈ ॥੨੨॥

ਜੋਗੀ ਸੰਨਿਆਸੀ ਹੈ ਜੇਤੇ ॥

ਜਿੰਨੇ ਵੀ ਯੋਗੀਆਂ, ਸੰਨਿਆਸੀਆਂ,

ਮੁੰਡੀਆ ਮੁਸਲਮਾਨ ਗਨ ਕੇਤੇ ॥

ਮੁੰਡੀਆਂ (ਸਰੇਵੜਿਆਂ) ਅਤੇ ਮੁਸਲਮਾਨਾਂ ਦੇ ਦਲ ਹਨ,