ਸ਼੍ਰੀ ਦਸਮ ਗ੍ਰੰਥ

ਅੰਗ - 1145


ਹੋ ਨਾਹਕ ਜਗ ਕੇ ਮਾਝ ਨ ਜਿਯਰਾ ਦੀਜਿਯੈ ॥੯॥

ਜਗਤ ਵਿਚ ਵਿਅਰਥ ਹੀ ਆਪਣੀ ਜਾਨ ਨਸ਼ਟ ਨਾ ਕਰੋ ॥੯॥

ਨੇਹ ਬਿਨਾ ਨ੍ਰਿਪ ਹ੍ਵੈ ਹੈ ਗਏ ਬਖਾਨਿਯੈ ॥

ਪ੍ਰੇਮ ਤੋਂ ਬਿਨਾ ਜਗਤ ਵਿਚ ਕਿਤਨੇ ਹੀ ਰਾਜੇ ਹੋ ਗਏ ਦਸੇ ਜਾਂਦੇ ਹਨ।

ਖੜਗ ਦਾਨ ਬਿਨ ਕੀਏ ਨ ਜਗ ਮੈ ਜਾਨਿਯੈ ॥

ਖੜਗ ਦਾ ਦਾਨ ਕੀਤੇ ਬਿਨਾ ਕੋਈ ਵੀ ਜਗਤ ਵਿਚ ਜਾਣਿਆ ਨਹੀਂ ਜਾਂਦਾ।

ਨੇਹ ਕ੍ਰਿਸਨ ਜੂ ਕਿਯੋ ਆਜੁ ਲੌ ਗਾਇਯੈ ॥

ਕ੍ਰਿਸ਼ਨ ਜੀ ਨੇ ਪ੍ਰੇਮ ਕੀਤਾ ਸੀ ਜੋ ਹੁਣ ਤਕ ਜਾਣਿਆ ਜਾਂਦਾ ਹੈ

ਹੋ ਨਿਰਖਿ ਜਗਤ ਕੇ ਨਾਥ ਨਾਰਿ ਨਿਹੁਰਾਇਯੈ ॥੧੦॥

ਅਤੇ ਉਸ ਨੂੰ ਜਗਤ ਦਾ ਸੁਆਮੀ ਸਮਝ ਕੇ ਗਰਦਨ ('ਨਾਰਿ') ਝੁਕਾਈ ਜਾਂਦੀ ਹੈ ॥੧੦॥

ਦੋਹਰਾ ॥

ਦੋਹਰਾ:

ਮਧੁਰੀ ਮੂਰਤਿ ਮਿਤ ਕੀ ਬਸੀ ਚਿਤ ਮੈ ਚੀਨ ॥

ਮਿਤਰ ਦਾ ਮਧੁਰ ਸਰੂਪ ਚਿਤ ਵਿਚ ਵਸਿਆ ਜਾਣ ਕੇ

ਬਹੁਰਿ ਨਿਕਾਸੇ ਜਾਇ ਨਹਿ ਨੈਨਾ ਭਏ ਰੰਗੀਨ ॥੧੧॥

ਫਿਰ ਕਢਿਆ ਨਹੀਂ ਜਾ ਸਕਦਾ। (ਇਸ ਲਈ) ਨੇਤਰ ਰੰਗੀਨ (ਭਾਵ ਲਾਲ) ਹੋ ਗਏ ਹਨ ॥੧੧॥

ਮਨ ਭਾਵਨ ਕੇ ਨੈਨ ਦੋਊ ਚੁਭੇ ਚਿਤ ਕੇ ਮਾਹਿ ॥

ਮਨ ਨੂੰ ਚੰਗੇ ਲਗਣ ਵਾਲੇ (ਮਿਤਰ) ਦੇ ਦੋਵੇਂ ਨੈਣ ਮਨ ਵਿਚ ਆ ਚੁਭੇ ਹਨ।

ਸੇਲਨ ਜ੍ਯੋਂ ਸਰਕੈ ਪਰੇ ਨਾਹਿ ਨਿਕਾਰੇ ਜਾਹਿ ॥੧੨॥

ਬਰਛਿਆਂ ਵਾਂਗ ਅੰਦਰ ਦਾਖਲ ਹੋ ਗਏ ਹਨ, ਕੱਢੇ ਨਹੀਂ ਜਾ ਸਕਦੇ ॥੧੨॥

ਨੈਨ ਪਿਯਾ ਕੇ ਪਾਰਧੀ ਮਨ ਮੈ ਕਿਯਾ ਨਿਵਾਸ ॥

ਪ੍ਰੀਤਮ ਦੇ ਨੈਣ ਸ਼ਿਕਾਰੀ ਹਨ ਅਤੇ ਮਨ ਵਿਚ ਆ ਕੇ ਵਸ ਗਏ ਹਨ,

ਕਾਢਿ ਕਰੇਜਾ ਲੇਹਿ ਜਨੁ ਯਾ ਤੇ ਅਧਿਕ ਬਿਸ੍ਵਾਸ ॥੧੩॥

ਮਾਨੋ ਕਲੇਜਾ ਕਢ ਲਿਆ ਹੋਵੇ, ਇਸ ਦਾ (ਮੇਨੂੰ) ਬਹੁਤ ਭਰੋਸਾ ਹੈ ॥੧੩॥

ਨੈਨ ਪਿਯਾ ਕੇ ਪਾਲਨੇ ਕਰਿ ਰਾਖੇ ਕਰਤਾਰ ॥

ਪ੍ਰੀਤਮ ਦੇ ਨੈਣ ਕਰਤਾਰ ਨੇ ਪੰਘੂੜੇ ਵਜੋਂ ਬਣਾ ਰਖੇ ਹਨ

ਜਿਨ ਮਹਿ ਜਨੁ ਝੂਲਹਿ ਘਨੇ ਹਮ ਸੇ ਬੈਠਿ ਹਜਾਰ ॥੧੪॥

ਜਿਸ ਵਿਚ ਸਾਡੇ ਵਰਗੇ ਹਜ਼ਾਰਾਂ ਲੋਕ ਬੈਠ ਕੇ ਝੂਲਦੇ ਰਹਿੰਦੇ ਹਨ ॥੧੪॥

ਨੈਨ ਰਸੀਲੇ ਰਸ ਭਰੇ ਝਲਕ ਰਸਨ ਕੀ ਦੇਹਿ ॥

(ਪ੍ਰੀਤਮ ਦੇ) ਨੈਣ ਬੜੇ ਰਸੀਲੇ ਅਤੇ ਰਸ ਨਾਲ ਭਰੇ ਹੋਏ ਹਨ ਅਤੇ (ਹਰ ਪ੍ਰਕਾਰ ਦੇ) ਰਸਾਂ ਦੀ ਝਲਕ ਦਿੰਦੇ ਹਨ।

ਚੰਚਲਾਨ ਕੇ ਚਿਤ ਕੌ ਚਮਕਿ ਚੁਰਾਇ ਲੇਹਿ ॥੧੫॥

ਇਸਤਰੀਆਂ ਦੇ ਚਿਤ ਨੂੰ ਚਮਕ ਕੇ ਚੁਰਾ ਲੈਂਦੇ ਹਨ ॥੧੫॥

ਸੋਰਠਾ ॥

ਸੋਰਠਾ:

ਭਯੋ ਸਕਲ ਤਨ ਪੀਰ ਰਹੀ ਸੰਭਾਰਿ ਨ ਚੀਰ ਕੀ ॥

ਸਾਰੇ ਸ਼ਰੀਰ ਵਿਚ ਪੀੜ ਵਿਆਪਤ ਹੋ ਗਈ ਹੈ ਅਤੇ ਬਸਤ੍ਰਾਂ ਦੀ ਵੀ ਸੰਭਾਲ ਨਹੀਂ ਰਹੀ ਹੈ।

ਬਹਿਯੋ ਰਕਤ ਹ੍ਵੈ ਨੀਰ ਪ੍ਰੇਮ ਪਿਯਾ ਕੀ ਪੀਰ ਤੇ ॥੧੬॥

ਪਿਆਰੇ ਦੇ ਪ੍ਰੇਮ ਦੀ ਪੀੜ ਕਰ ਕੇ ਜਲ ਦੀ ਥਾਂ (ਅੱਖਾਂ ਵਿਚੋਂ) ਲਹੂ ਚੋ ਰਿਹਾ ਹੈ ॥੧੬॥

ਅੜਿਲ ॥

ਅੜਿਲ:

ਪਰਦੇਸਿਨ ਸੌ ਪ੍ਰੀਤਿ ਕਹੀ ਕਾਹੂੰ ਨਹਿ ਕਰਨੀ ॥

(ਕੁਮਾਰ ਨੇ ਇਸਤਰੀ ਨੂੰ ਕਿਹਾ) ਪਰਦੇਸੀਆਂ ਨਾਲ ਕਦੇ ਕਿਸੇ ਨੂੰ ਪ੍ਰੀਤ ਨਹੀਂ ਕਰਨੀ ਚਾਹੀਦੀ।

ਪਰਦੇਸਿਨ ਕੇ ਸਾਥ ਕਹੀ ਨਹਿ ਬਾਤ ਉਚਰਨੀ ॥

ਪਰਦੇਸੀਆਂ ਨਾਲ ਕਦੇ ਗੱਲ ਵੀ ਨਹੀਂ ਕਰਨੀ ਚਾਹੀਦੀ।

ਪਰਦੇਸਿਨ ਤ੍ਰਿਯ ਸਾਥ ਕਹੋ ਕ੍ਯਾ ਨੇਹ ਲਗੈਯੈ ॥

ਪਰਦੇਸੀ ਇਸਤਰੀ ਨਾਲ ਦਸੋ, ਭਲਾ ਕੀ ਪ੍ਰੇਮ ਕੀਤਾ ਜਾਏ।

ਹੋ ਟੂਟਿ ਤਰਕ ਦੈ ਜਾਤ ਬਹੁਰਿ ਆਪਨ ਪਛੁਤੈਯੈ ॥੧੭॥

(ਕਿਉਂਕਿ ਉਹ) ਤੜਾਕ ਕਰ ਕੇ ਟੁੱਟ ਜਾਂਦਾ ਹੈ ਅਤੇ ਫਿਰ ਆਪ ਹੀ ਪਛਤਾਣਾ ਪੈਂਦਾ ਹੈ ॥੧੭॥

ਪਰਦੇਸੀ ਸੌ ਪ੍ਰੀਤਿ ਕਰੀ ਏਕੈ ਪਲ ਨੀਕੀ ॥

(ਅਗੋਂ ਇਸਤਰੀ ਉੱਤਰ ਦਿੰਦੀ ਹੈ) ਪਰਦੇਸੀ ਨਾਲ ਇਕ ਪਲ ਲਈ ਕੀਤੀ ਪ੍ਰੀਤ ਵੀ ਚੰਗੀ ਹੈ।

ਪਰਦੇਸੀ ਸੌ ਬੈਨ ਭਲੀ ਭਾਖੀ ਹਸਿ ਹੀ ਕੀ ॥

ਪਰਦੇਸੀ ਨਾਲ ਚੰਗੀ ਤਰ੍ਹਾਂ ਹਸ ਕੇ ਗੱਲ ਕਰਨੀ ਉਤਮ ਹੈ।

ਪਰਦੇਸੀ ਕੇ ਸਾਥ ਭਲੋ ਪਿਯ ਨੇਹ ਲਗਾਯੋ ॥

ਹੇ ਪ੍ਰਿਯ! ਪਰਦੇਸੀ ਨਾਲ ਕੀਤਾ ਪ੍ਰੇਮ ਚੰਗਾ ਹੈ।

ਹੋ ਪਰਮ ਪ੍ਰੀਤਿ ਉਪਜਾਇ ਬ੍ਰਿਥਾ ਜੋਬਨ ਨ ਬਿਤਾਯੋ ॥੧੮॥

(ਇਸ ਲਈ ਪਰਦੇਸਣ ਨਾਲ) ਬਹੁਤ ਪ੍ਰੇਮ ਪੈਦਾ ਕਰੋ ਅਤੇ ਜੋਬਨ ਬਿਰਥਾ ਨਾ ਗੁਜ਼ਾਰੋ ॥੧੮॥

ਹਮ ਸਾਹੁਨ ਕੇ ਪੂਤ ਦੇਸ ਪਰਦੇਸ ਬਿਹਾਰੈ ॥

(ਅਗੋਂ ਉਸ ਵਿਅਕਤੀ ਨੇ ਉੱਤਰ ਦਿੱਤਾ) ਅਸੀਂ ਸ਼ਾਹਾਂ ਦੇ ਪੁੱਤਰ ਹਾਂ ਅਤੇ ਦੇਸ਼ ਵਿਦੇਸ਼ ਵਿਚ ਵਿਚਰਦੇ ਹਾਂ।

ਊਚ ਨੀਚ ਕੋਊ ਹੋਇ ਸਕਲ ਅਖਿਯਨਨ ਨਿਹਾਰੈ ॥

ਉੱਚਾ ਜਾਂ ਨੀਵਾਂ ਕੋਈ ਹੋਏ, ਸਭ ਨੂੰ ਅੱਖੀਆਂ ਨਾਲ ਵੇਖਦੇ ਹਾਂ।

ਕਹੋ ਕੁਅਰਿ ਹਮ ਸਾਥ ਨੇਹ ਕਰਿ ਕੈ ਕਸ ਕਰਿ ਹੌ ॥

ਹੇ ਕੁੰਵਰੀ! ਦਸ, ਮੇਰੇ ਨਾਲ ਪ੍ਰੇਮ ਕਰ ਕੇ ਕੀ ਕਰੇਂਗੀ।

ਹੋ ਹਮ ਜੈਹੈਂ ਉਠਿ ਕਹੀ ਬਿਰਹ ਬਾਧੀ ਤੁਮ ਜਰਿ ਹੌ ॥੧੯॥

ਅਸੀਂ ਉਠ ਕੇ ਕਿਤੇ ਚਲੇ ਜਾਵਾਂਗੇ ਅਤੇ (ਤੂੰ) ਬਿਰਹੋਂ ਵਿਚ ਬੰਨ੍ਹੀ ਹੋਈ ਸੜਦੀ ਰਹੇਂਗੀ ॥੧੯॥

ਰਾਨੀ ਬਾਚ ॥

ਰਾਣੀ ਨੇ ਕਿਹਾ:

ਹਮ ਨ ਤਜੈਂ ਪਿਯ ਤੁਮੈ ਕੋਟਿ ਜਤਨਨ ਜੌ ਕਰਿ ਹੌ ॥

ਹੇ ਪਿਆਰੇ! ਮੈਂ ਤੈਨੂੰ ਨਹੀਂ ਛਡਾਂਗੀ, ਭਾਵੇਂ ਕਰੋੜਾਂ ਯਤਨ ਕਰ ਲਵੋ।

ਹਸਿ ਹਸਿ ਬਾਤ ਅਨੇਕ ਕਛੂ ਕੀ ਕਛੂ ਉਚਰਿ ਹੌ ॥

ਹੱਸ ਹੱਸ ਕੇ ਭਾਵੇਂ ਕੁਝ ਦੀਆਂ ਕੁਝ ਅਨੇਕ ਗੱਲਾਂ ਕਰੋ।

ਹਮ ਰਾਚੀ ਤਵ ਰੂਪ ਰੀਝਿ ਮਨ ਮੈ ਰਹੀ ॥

ਮੈਂ ਤੇਰੇ ਰੂਪ ਵਿਚ ਮਗਨ ਹੋ ਕੇ ਮਨ ਵਿਚ ਪ੍ਰਸੰਨ ਹੋ ਗਈ ਹਾਂ।

ਹੋ ਇਸਕ ਤਿਹਾਰੇ ਜਰੀ ਜੁਗਿਨਿ ਹ੍ਵੈ ਹੈ ਕਹੀ ॥੨੦॥

ਤੇਰੇ ਇਸ਼ਕ ਵਿਚ ਸੜ ਕੇ ਕਿਤੇ ਜੋਗਣ ਹੋ ਗਈ ਹਾਂ ॥੨੦॥

ਕਸਿ ਕਰਿ ਰਹੇ ਗੁਮਾਨ ਬੇਗਿ ਉਠਿ ਕੈ ਚਲੋ ॥

ਕਿਸ ਲਈ ਇਤਨਾ ਗੁਮਾਨ ਕਰ ਰਹੇ ਹੋ, ਜਲਦੀ ਉਠ ਕੇ ਚਲੋ।

ਹਾਰ ਸਿੰਗਾਰ ਬਨਾਇ ਭੇਖ ਸਜਿ ਹੈ ਭਲੋ ॥

ਹਾਰ ਸ਼ਿੰਗਾਰ ਬਣਾ ਕੇ ਅਤੇ ਚੰਗੇ ਬਸਤ੍ਰ ਪਾ ਲਵੋ।

ਜਾਨਤ ਹੈ ਸਖੀ ਆਜੁ ਜੁ ਪਿਯਹਿ ਨ ਪਾਇ ਹੈ ॥

ਜਾਣਦੇ ਹੋ ਜੇ ਅਜ ਸਖੀ ਪ੍ਰੀਤਮ ਨੂੰ ਪ੍ਰਾਪਤ ਨਹੀਂ ਕਰ ਸਕੇਗੀ,

ਹੋ ਬੀਸ ਬਿਸ੍ਵੈ ਵਹੁ ਤਰੁਨਿ ਤਰਫਿ ਮਰਿ ਜਾਇ ਹੈ ॥੨੧॥

(ਤਾਂ) ਜ਼ਰੂਰ ਹੀ ਉਹ ਇਸਤਰੀ ਤੜਪ ਕੇ ਮਰ ਜਾਵੇਗੀ ॥੨੧॥

ਸੁਨਤ ਤਰੁਨਿ ਕੋ ਬਚਨ ਕੁਅਰ ਮੋਹਿਤ ਭਯੋ ॥

ਇਸਤਰੀ ਦੇ ਬਚਨ ਸੁਣ ਕੇ ਕੁੰਵਰ ਮੋਹਿਤ ਹੋ ਗਿਆ।

ਸਖੀ ਜਿਤੈ ਲੈ ਗਈ ਚਲ੍ਯੋ ਤਿਤ ਕੌ ਗਯੋ ॥

ਜਿਧਰ ਨੂੰ ਸਖੀ ਲੈ ਗਈ, ਉਧਰ ਨੂੰ ਹੀ ਚਲਾ ਗਿਆ।

ਬਿਰਹ ਮੰਜਰੀ ਜਹ ਥੀ ਸਾਜ ਸੁਧਾਰਿ ਕੈ ॥

ਜਿਥੇ ਆਪਣੇ ਹੱਥਾਂ ਨਾਲ ਸੇਜ ਨੂੰ ਫੁੱਲਾਂ ਨਾਲ ਸਜਾ ਕੇ

ਹੋ ਨਿਜੁ ਹਾਥਨ ਸੇਜਿਯਾ ਫੂਲਨ ਕਹ ਡਾਰਿ ਕੈ ॥੨੨॥

ਬਿਰਹ ਮੰਜਰੀ ਸਜ ਸੰਵਰ ਕੇ (ਬੈਠੀ ਹੋਈ) ਸੀ ॥੨੨॥

ਲਏ ਗੁਰਜ ਕਹ ਹਾਥ ਕੁਅਰ ਆਵਤ ਭਯੋ ॥

ਹੱਥ ਵਿਚ ਗੁਰਜ (ਗਦਾ) ਲੈ ਕੇ ਕੁੰਵਰ ਉਥੇ ਆਇਆ

ਭਾਤਿ ਭਾਤਿ ਰਾਨੀ ਸੌ ਭੋਗ ਕਮਾਤ ਭਯੋ ॥

ਅਤੇ ਤਰ੍ਹਾਂ ਤਰ੍ਹਾਂ ਨਾਲ ਰਾਣੀ ਨਾਲ ਭੋਗ ਕੀਤਾ।

ਚੌਰਾਸੀ ਆਸਨ ਦ੍ਰਿੜ ਕਰੇ ਬਨਾਇ ਕਰਿ ॥

ਚੌਰਾਸੀ ਆਸਣ ਚੰਗੀ ਤਰ੍ਹਾਂ ਨਾਲ ਕੀਤੇ

ਹੋ ਕਾਮ ਕਲਾ ਕੀ ਰੀਤ ਸੁ ਪ੍ਰੀਤ ਰਚਾਇ ਕਰ ॥੨੩॥

ਅਤੇ ਕਾਮ-ਕਲਾ ਦੀ ਰੀਤ ਨੂੰ ਪ੍ਰੀਤ ਨਾਲ ਨਿਭਾਇਆ ॥੨੩॥

ਤਬ ਲਗ ਤਾ ਕੌ ਨ੍ਰਿਪਤ ਨਿਕਸਿਯੋ ਆਇ ਕਰ ॥

ਤਦ ਤਕ ਉਸ ਦਾ ਰਾਜਾ ਆ ਪਹੁੰਚਿਆ।

ਕਰਿਯੋ ਗਦਾ ਕੋ ਘਾਇ ਸੁ ਕੁਅਰ ਰਿਸਾਇ ਕਰਿ ॥

ਕੁੰਵਰ ਨੇ ਗੁੱਸੇ ਨਾਲ ਗਦਾ ਦਾ ਵਾਰ ਕਰ ਕੇ (ਉਸ ਨੂੰ ਮਾਰ ਦਿੱਤਾ)।

ਏਕ ਚੋਟ ਭੇ ਮਾਰਿ ਜਬੈ ਰਾਜਾ ਲਿਯੋ ॥

(ਉਸ ਨੇ) ਜਦ ਇਕ ਸਟ ਨਾਲ ਰਾਜਾ ਮਾਰ ਦਿੱਤਾ

ਹੋ ਤਬ ਅਬਲਾ ਤਿਨ ਚਰਿਤ ਕਹੌ ਜਿਹ ਬਿਧ ਕਿਯੋ ॥੨੪॥

ਤਾਂ ਉਸ ਇਸਤਰੀ ਨੇ ਕੀ ਚਰਿਤ੍ਰ ਕੀਤਾ, ਉਹ ਦਸਦਾ ਹਾਂ ॥੨੪॥

ਗਿਰੇ ਮਹਲ ਕੇ ਤਰੇ ਨ੍ਰਿਪਤ ਕਹ ਡਾਰਿ ਕੈ ॥

ਰਾਜੇ ਨੂੰ (ਇਕ) ਢਠੇ ਹੋਏ ਮੱਹਲ ਦੇ ਹੇਠਾਂ ਸੁਟ ਕੇ

ਉਠੀ ਊਚ ਸੁਰ ਭਏ ਕੂਕ ਕਹ ਮਾਰਿ ਕੈ ॥

ਰਾਣੀ ਉੱਚੀ ਸੁਰ ਵਿਚ ਚੀਖਾਂ ਮਾਰਦੀ ਉਠ ਖੜੋਤੀ।

ਕਰ ਕਰ ਰੋਦਨ ਅਧਿਕ ਧਰਨ ਗਿਰ ਗਿਰ ਪਰੀ ॥

ਬਹੁਤ ਰੋਣਾ ਧੋਣਾ ਕਰ ਕੇ ਧਰਤੀ ਉਤੇ ਡਿਗ ਡਿਗ ਪਈ

ਹੋ ਮਰਿਯੋ ਹਮਾਰੋ ਰਾਜ ਦੈਵ ਗਤਿ ਕਾ ਕਰੀ ॥੨੫॥

(ਅਤੇ ਕਹਿਣ ਲਗੀ) ਮੇਰਾ ਰਾਜਾ ਮਰ ਗਿਆ ਹੈ, ਹੇ ਦੈਵ! ਤੂੰ ਕੀ ਹਾਲ ਕੀਤਾ ਹੈ ॥੨੫॥

ਮਰਿਯੋ ਨ੍ਰਿਪਤਿ ਸੁਨਿ ਲੋਗ ਪਹੂਚ੍ਯੋ ਆਇ ਕੈ ॥

ਰਾਜੇ ਨੂੰ ਮਰਿਆ ਸੁਣ ਕੇ ਲੋਕੀਂ ਆ ਪਹੁੰਚੇ।

ਖੋਦਿ ਮਹਲ ਤੇ ਦੇਖੈ ਕਹਾ ਉਚਾਇ ਕੈ ॥

ਮਹੱਲ ਨੂੰ ਪੁਟ ਕੇ (ਰਾਜੇ ਨੂੰ) ਵੇਖਿਆ ਅਤੇ ਬਾਹਰ ਕਢਿਆ।

ਟੂਟ ਟਾਟ ਸਿਰ ਗਯੋ ਨ ਇਕ ਅਸਤੁ ਉਬਰਿਯੋ ॥

(ਉਸ ਦਾ) ਸਿਰ ਟੁਟ ਫੁਟ ਗਿਆ ਸੀ ਅਤੇ ਇਕ ਹੱਡੀ ਵੀ ਸਾਬਤ ਨਾ ਬਚੀ ਸੀ।

ਦੇਖਹੁ ਨਾਰਿ ਚਰਿਤ੍ਰ ਕਹਾ ਇਹ ਠਾ ਕਰਿਯੋ ॥੨੬॥

ਇਸਤਰੀ ਦਾ ਚਰਿਤ੍ਰ ਵੇਖੋ (ਉਸ ਨੇ) ਇਥੇ ਕੀ ਕੀਤਾ ਹੈ ॥੨੬॥

ਧਾਮ ਤਰੇ ਦਬਿ ਮਰਿਯੋ ਸਭਨ ਨ੍ਰਿਪ ਜਾਨਿਯੋ ॥

ਸਭ ਨੇ ਸਮਝ ਲਿਆ ਕਿ ਰਾਜਾ ਮਹੱਲ ਹੇਠਾਂ ਦਬ ਕੇ ਮਰ ਗਿਆ ਹੈ।

ਭੇਦ ਅਭੇਦ ਨ ਕਿਨਹੂੰ ਮੂੜ ਪਛਾਨਿਯੋ ॥

ਕਿਸੇ ਵੀ ਮੂਰਖ ਨੇ ਭੇਦ ਅਭੇਦ ਨੂੰ ਨਾ ਪਛਾਣਿਆ।

ਪਰਜਾ ਪਟੁਕਨ ਬਾਧਿ ਸਿਰਨ ਪਰ ਆਇ ਕੈ ॥

ਪ੍ਰਜਾ (ਅਫਸੋਸ ਪ੍ਰਗਟ ਕਰਨ ਲਈ) ਸਿਰ ਉਤੇ ਪਟਕੇ ਬੰਨ੍ਹ ਕੇ ਆ ਗਈ।

ਹੋ ਰਾਨੀ ਨਿਤਪ੍ਰਤਿ ਭਜ੍ਯੋ ਮਿਤ੍ਰ ਸੁਖ ਪਾਇ ਕੈ ॥੨੭॥

ਰਾਣੀ ਨੇ ਹਰ ਰੋਜ਼ ਮਿਤਰ ਨਾਲ ਸੁਖ ਪੂਰਵਕ ਰਤੀ-ਕ੍ਰੀੜਾ ਕੀਤੀ ॥੨੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੧॥੪੫੦੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੧॥੪੫੦੦॥ ਚਲਦਾ॥

ਚੌਪਈ ॥

ਚੌਪਈ:

ਸੁਭਟਾਵਤੀ ਨਗਰ ਇਕ ਦਛਿਨ ॥

ਦੱਖਣ ਵਿਚ ਇਕ ਸੁਭਟਾਵਤੀ ਨਾਂ ਦਾ ਨਗਰ ਸੀ।

ਛਤ੍ਰ ਕੇਤੁ ਨ੍ਰਿਪ ਰਾਜ ਬਿਚਛਨ ॥

(ਉਥੋਂ ਦਾ) ਰਾਜਾ ਛਤ੍ਰ ਕੇਤੁ ਬਹੁਤ ਸੂਝਵਾਨ ਰਾਜਾ ਸੀ।

ਰੂਪ ਮੰਜਰੀ ਤਾ ਕੀ ਰਾਨੀ ॥

ਉਸ ਦੀ ਰੂਪ ਮੰਜਰੀ ਨਾਂ ਦੀ ਰਾਣੀ ਸੀ

ਸੁੰਦਰਿ ਸਕਲ ਭਵਨ ਮੈ ਜਾਨੀ ॥੧॥

ਜੋ ਸਾਰਿਆਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ ॥੧॥

ਅੜਿਲ ॥

ਅੜਿਲ: