ਸ਼੍ਰੀ ਦਸਮ ਗ੍ਰੰਥ

ਅੰਗ - 480


ਧੀਰ ਤਬੈ ਲਖਿ ਹੋ ਤੁਮ ਕੋ ਜਬ ਭੀਰ ਪਰੈ ਇਕ ਤੀਰ ਚਲੈਹੋਂ ॥

ਤੇਰਾ ਧੀਰਜ ਮੈਂ ਉਦੋਂ ਵੇਖਾਂਗਾ, ਜਦੋਂ ਸੰਕਟ ਪਵੇਗਾ ਅਤੇ (ਮੈਂ) ਇਕ ਤੀਰ ਚਲਾਵਾਂਗਾ।

ਮੂਰਛ ਹ੍ਵੈ ਅਬ ਹੀ ਛਿਤ ਮੈ ਗਿਰਹੋਂ ਨਹਿ ਸ੍ਯੰਦਨ ਮੈ ਠਹਰੈਹੋਂ ॥

(ਤੂੰ) ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਏਂਗਾ ਅਤੇ ਰਥ ਵਿਚ ਠਹਿਰਿਆ ਨਹੀਂ ਰਹਿ ਸਕੇਂਗਾ।

ਏਕਹ ਬਾਨ ਲਗੇ ਹਮਰੋ ਨਭ ਮੰਡਲ ਪੈ ਅਬ ਹੀ ਉਡ ਜੈਹੋਂ ॥੧੮੨੯॥

ਮੇਰੇ ਇਕੋ ਹੀ ਬਾਣ ਦੇ ਲਗਣ ਨਾਲ (ਤੂੰ) ਹੁਣੇ ਹੀ ਆਕਾਸ਼ ਮੰਡਲ ਵਿਚ ਉਡ ਜਾਵੇਂਗਾ ॥੧੮੨੯॥

ਇਉ ਜਬ ਬੈਨ ਕਹੇ ਬ੍ਰਿਜਭੂਖਨ ਤਉ ਮਨ ਮੈ ਨ੍ਰਿਪ ਕੋਪ ਬਢਾਯੋ ॥

ਇਸ ਤਰ੍ਹਾਂ ਜਦੋਂ ਸ੍ਰੀ ਕ੍ਰਿਸ਼ਨ ਨੇ ਬੋਲ ਕਹੇ, ਤਾਂ ਰਾਜੇ ਨੇ ਮਨ ਵਿਚ ਕ੍ਰੋਧ ਵਧਾ ਲਿਆ।

ਸਾਰਥੀ ਆਪਨ ਕੋ ਕਹਿ ਕੈ ਰਥ ਤਉ ਜਦੁਰਾਇ ਕੀ ਓਰ ਧਵਾਯੋ ॥

ਆਪਣੇ ਰਥਵਾਨ ਨੂੰ ਕਹਿ ਕੇ ਉਸ ਤੋਂ ਸ੍ਰੀ ਕ੍ਰਿਸ਼ਨ ਵਲ ਰਥ ਭਜਵਾਇਆ।

ਚਾਪ ਚਢਾਇ ਮਹਾ ਰਿਸ ਖਾਇ ਕੈ ਲੋਹਤਿ ਬਾਨ ਸੁ ਖੈਚ ਚਲਾਯੋ ॥

ਧਨੁਸ਼ ਦਾ ਚਿਲਾ ਚੜ੍ਹਾ ਕੇ ਅਤੇ ਬਹੁਤ ਕ੍ਰੋਧਵਾਨ ਹੋ ਕੇ ਲਾਲ ਰੰਗ ਦਾ ਬਾਣ ਕਸ ਕੇ ਚਲਾ ਦਿੱਤਾ।

ਸ੍ਰੀ ਗਰੁੜਾਸਨਿ ਜਾਨ ਕੈ ਸ੍ਯਾਮ ਮਨੋ ਦੁਰਬੇ ਕਹੁ ਤਛਕ ਧਾਯੋ ॥੧੮੩੦॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕ੍ਰਿਸ਼ਨ ਨੂੰ ਗਰੁੜ ਦਾ ਸਵਾਰ (ਵਿਸ਼ਣੂ) ਸਮਝ ਕੇ (ਗਰੁੜ ਪੰਛੀ ਤੋਂ) ਲੁਕਣ ਲਈ ਤੱਛਕ ਨਾਗ ਦੌੜਿਆ ਹੋਵੇ ॥੧੮੩੦॥

ਆਵਤ ਤਾ ਸਰ ਕੋ ਲਖਿ ਕੈ ਬ੍ਰਿਜ ਨਾਇਕ ਆਪਨੇ ਸਸਤ੍ਰ ਸੰਭਾਰੇ ॥

ਉਸ ਬਾਣ ਨੂੰ ਆਉਂਦਿਆਂ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਆਪਣੇ ਸ਼ਸਤ੍ਰ ਸੰਭਾਲ ਲਏ

ਕਾਨ ਪ੍ਰਮਾਨ ਲਉ ਖੈਚ ਕਮਾਨ ਚਲਾਇ ਦਏ ਜਿਨ ਕੇ ਪਰ ਕਾਰੇ ॥

ਅਤੇ ਕੰਨ ਤਕ ਧਨੁਸ਼ ਨੂੰ ਖਿਚ ਕੇ (ਉਹ ਬਾਣ) ਚਲਾ ਦਿੱਤੇ ਜਿਨ੍ਹਾਂ ਦੀਆਂ ਖੰਭੀਆਂ ਕਾਲੀਆਂ ਸਨ।

ਭੂਪ ਸੰਭਾਰ ਕੈ ਢਾਲ ਲਈ ਤਿਹ ਮਧ ਲਗੇ ਨਹਿ ਜਾਤ ਨਿਕਾਰੇ ॥

ਰਾਜਾ (ਜਰਾਸੰਧ) ਨੇ ਢਾਲ ਸੰਭਾਲ ਲਈ ਹੈ (ਅਤੇ ਉਹ ਬਾਣ) ਉਸ ਵਿਚ ਲਗੇ ਹਨ ਜੋ ਖਿਚੇ ਨਹੀਂ ਜਾ ਸਕਦੇ।

ਮਾਨਹੁ ਸੂਰਜ ਕੇ ਗ੍ਰਸਬੇ ਕਹੁ ਰਾਹੁ ਕੇ ਬਾਹਨ ਪੰਖ ਪਸਾਰੇ ॥੧੮੩੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੂਰਜ ਨੂੰ ਗ੍ਰਸਣ ਲਈ ਰਾਹੂ ਦੀ ਸਵਾਰੀ (ਕਾਲੀ ਗਿਰਝ) ਨੇ ਖੰਭ ਪਸਾਰੇ ਹੋਣ ॥੧੮੩੧॥

ਭੂਪਤਿ ਪਾਨਿ ਕਮਾਨ ਲਈ ਬ੍ਰਿਜ ਨਾਇਕ ਕਉ ਲਖਿ ਬਾਨ ਚਲਾਏ ॥

(ਸ੍ਰੀ ਕ੍ਰਿਸ਼ਨ ਨੂੰ ਬਾਣ ਚਲਾਉਂਦਿਆਂ ਵੇਖ ਕੇ) ਰਾਜੇ ਨੇ ਹੱਥ ਵਿਚ ਧਨੁਸ਼ ਧਾਰਨ ਕਰ ਲਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ (ਉਸ ਉਤੇ) ਬਾਣ ਚਲਾਏ ਹਨ।

ਇਉ ਛੁਟਕੇ ਕਰ ਕੇ ਬਰ ਤੇ ਉਪਮਾ ਤਿਹ ਕੀ ਕਬਿ ਸ੍ਯਾਮ ਸੁਨਾਏ ॥

(ਰਾਜੇ ਦੇ) ਹੱਥ ਦੇ ਬਲ ਨਾਲ (ਬਾਣ) ਇਉਂ ਛੁਟਦੇ ਹਨ, ਜਿਸ ਦੀ ਉਪਮਾ ਕਵੀ ਸ਼ਿਆਮ ਸੁਣਾਉਂਦੇ ਹਨ,

ਮੇਘ ਕੀ ਬੂੰਦਨ ਜਿਉ ਬਰਖੇ ਸਰ ਸ੍ਰੀ ਬਿਜ ਨਾਥ ਕੇ ਊਪਰਿ ਆਏ ॥

ਜਿਉਂ ਬਦਲਾਂ ਦੀਆਂ ਬੂੰਦਾਂ ਰੂਪ ਬਾਣ ਸ੍ਰੀ ਕ੍ਰਿਸ਼ਨ ਉਪਰ ਆਉਂਦੇ ਹਨ। (ਇੰਜ ਪ੍ਰਤੀਤ ਹੁੰਦਾ ਹੈ)

ਮਾਨਹੁ ਸੂਰ ਨਹੀ ਸਰ ਸੋ ਤਿਹ ਭਛਨ ਕੋ ਸਲਭਾ ਮਿਲਿ ਧਾਏ ॥੧੮੩੨॥

ਮਾਨੋ (ਕ੍ਰਿਸ਼ਨ) ਸੂਰਮਾ ਨਹੀਂ (ਅਗਨੀ ਹੈ) ਜਿਸ ਨੂੰ ਭੱਛਣ ਲਈ ਬਾਣ ਰੂਪ ਪਤੰਗੇ ਮਿਲ ਕੇ ਦੌੜੇ ਚਲੇ ਆ ਰਹੇ ਹਨ ॥੧੮੩੨॥

ਜੋ ਸਰ ਭੂਪ ਚਲਾਵਤ ਹੈ ਤਿਨ ਕੋ ਬ੍ਰਿਜਨਾਇਕ ਕਾਟਿ ਉਤਾਰੇ ॥

ਰਾਜਾ ਜੋ ਬਾਣ ਚਲਾਉਂਦਾ ਹੈ, ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਕਟ ਕੇ ਹੇਠਾਂ ਸੁਟ ਦਿੰਦੇ ਹਨ।

ਫੋਕਨ ਤੇ ਫਲ ਤੇ ਮਧਿ ਤੇ ਪਲ ਮੈ ਕਰਿ ਖੰਡਨ ਖੰਡ ਕੈ ਡਾਰੇ ॥

ਫੋਕਾਂ ਅਤੇ ਫਲਾਂ ਦੇ ਵਿਚਾਲਿਓਂ ਹੀ (ਬਾਣਾਂ ਨੂੰ) ਛਿਣਾਂ ਵਿਚ ਹੀ ਟੁਕੜੇ ਕਰ ਕੇ ਸੁਟ ਦਿੰਦੇ ਹਨ।

ਐਸੀਯ ਭਾਤਿ ਪਰੇ ਛਿਤ ਮੈ ਮਨੋ ਬੀਜ ਕੋ ਈਖ ਕਿਸਾਨ ਨਿਕਾਰੇ ॥

(ਉਹ ਟੋਟੇ ਹੋਏ ਬਾਣ) ਧਰਤੀ ਉਤੇ ਇਸ ਤਰ੍ਹਾਂ ਪਏ ਹਨ ਮਾਨੋ ਕਿਸਾਨ ਨੇ ਕਮਾਦ ਦੇ ਬੀਜ ਕਢੇ ਹੋਣ।

ਸ੍ਯਾਮ ਕੇ ਬਾਨ ਸਿਚਾਨ ਸਮਾਨ ਮਨੋ ਅਰਿ ਬਾਨ ਬਿਹੰਗ ਸੰਘਾਰੇ ॥੧੮੩੩॥

ਸ੍ਰੀ ਕ੍ਰਿਸ਼ਨ ਦੇ ਬਾਣ ਬਾਜ਼ ਵਾਂਗ ਹਨ (ਜਿਨ੍ਹਾਂ ਨੇ) ਵੈਰੀ ਦੇ ਬਾਣਾਂ ਰੂਪ ਪੰਛੀਆਂ ਨੂੰ ਮਾਰ ਸੁਟਿਆ ਹੋਵੇ ॥੧੮੩੩॥

ਦੋਹਰਾ ॥

ਦੋਹਰਾ:

ਏਕ ਓਰ ਸ੍ਰੀ ਹਰਿ ਲਰੇ ਜਰਾਸੰਧਿ ਕੇ ਸੰਗਿ ॥

ਇਕ ਪਾਸੇ ਸ੍ਰੀ ਕ੍ਰਿਸ਼ਨ ਜਰਾਸੰਧ ਨਾਲ ਲੜ ਰਹੇ ਹਨ

ਦੁਤੀ ਓਰਿ ਬਲਿ ਹਲ ਗਹੇ ਹਨੀ ਸੈਨ ਚਤੁਰੰਗ ॥੧੮੩੪॥

ਅਤੇ ਦੂਜੇ ਪਾਸੇ ਬਲਰਾਮ ਨੇ ਹਲ ਪਕੜ ਕੇ ਚਤੁਰੰਗਨੀ ਸੈਨਾ ਮਾਰ ਦਿੱਤੀ ਹੈ ॥੧੮੩੪॥

ਸਵੈਯਾ ॥

ਸਵੈਯਾ:

ਬਲਿ ਪਾਨਿ ਲਏ ਸੁ ਕ੍ਰਿਪਾਨ ਸੰਘਾਰਤ ਬਾਜ ਕਰੀ ਰਥ ਪੈਦਲ ਆਯੋ ॥

ਬਲਰਾਮ ਹੱਥ ਵਿਚ ਕ੍ਰਿਪਾਨ ਲੈ ਕੇ ਘੋੜੇ, ਹਾਥੀ, ਰਥ ਵਾਲਿਆਂ ਅਤੇ ਪੈਦਲਾਂ ਨੂੰ ਮਾਰਦਾ ਆ ਰਿਹਾ ਹੈ।


Flag Counter