ਸ਼੍ਰੀ ਦਸਮ ਗ੍ਰੰਥ

ਅੰਗ - 190


ਪੁਨਰ ਜੁਧ ਸਜਿਯੋ ਹਠੇ ਤੇਜ ਹੀਣੰ ॥

ਫਿਰ ਤੇਜਹੀਨ (ਜਲੰਧਰ ਨੇ) ਹਠ ਪੂਰਵਕ ਯੁੱਧ ਸ਼ੁਰੂ ਕੀਤਾ।

ਭਜੇ ਛਾਡ ਕੈ ਸੰਗ ਸਾਥੀ ਅਧੀਣੰ ॥੨੩॥

ਉਸ ਦੇ ਅਧੀਨ ਰਹਿਣ ਵਾਲੇ ਸਾਥੀ ਵੀ (ਉਸ ਦਾ) ਸਾਥ ਛਡ ਕੇ ਭਜ ਗਏ ॥੨੩॥

ਚੌਪਈ ॥

ਚੌਪਈ:

ਦੁਹੂੰ ਜੁਧੁ ਕੀਨਾ ਰਣ ਮਾਹੀ ॥

ਦੋਹਾਂ ਨੇ ਰਣ-ਭੁਮੀ ਵਿਚ ਯੁੱਧ ਕੀਤਾ।

ਤੀਸਰ ਅਵਰੁ ਤਹਾ ਕੋ ਨਾਹੀ ॥

ਉਥੇ ਤੀਜਾ ਹੋਰ ਕੋਈ ਨਹੀਂ ਸੀ।

ਕੇਤਕ ਮਾਸ ਮਚਿਯੋ ਤਹ ਜੁਧਾ ॥

ਕਈ ਮਹੀਨੇ ਉਥੇ ਯੁੱਧ ਹੁੰਦਾ ਰਿਹਾ,

ਜਾਲੰਧਰ ਹੁਐ ਸਿਵ ਪੁਰ ਕ੍ਰੁਧਾ ॥੨੪॥

(ਅੰਤ ਵਿਚ ਜਦੋਂ) ਜਲੰਧਰ ਨੇ ਸ਼ਿਵ ਉਤੇ ਕ੍ਰੋਧ ਕੀਤਾ ॥੨੪॥

ਤਬ ਸਿਵ ਧਿਆਨ ਸਕਤਿ ਕੌ ਧਰਾ ॥

ਉਦੋਂ ਸ਼ਿਵ ਨੇ (ਦੁਰਗਾ) ਸ਼ਕਤੀ ਦਾ ਧਿਆਨ ਕੀਤਾ।

ਤਾ ਤੇ ਸਕਤਿ ਕ੍ਰਿਪਾ ਕਰ ਕਰਾ ॥

ਉਸ ਕਰ ਕੇ ਸ਼ਕਤੀ ਨੇ (ਉਸ ਉਤੇ) ਕ੍ਰਿਪਾ ਕੀਤੀ

ਤਾ ਤੇ ਭਯੋ ਰੁਦ੍ਰ ਬਲਵਾਨਾ ॥

ਅਤੇ ਸ਼ਿਵ ਬਲਵਾਨ ਹੋ ਗਿਆ

ਮੰਡਿਯੋ ਜੁਧੁ ਬਹੁਰਿ ਬਿਧਿ ਨਾਨਾ ॥੨੫॥

ਅਤੇ ਫਿਰ ਅਨੇਕ ਪ੍ਰਕਾਰ ਨਾਲ ਯੁੱਧ ਮਚਾ ਦਿੱਤਾ ॥੨੫॥

ਉਤ ਹਰਿ ਲਯੋ ਨਾਰਿ ਰਿਪ ਸਤ ਹਰਿ ॥

ਉਧਰ ਵਿਸ਼ਣੂ ਨੇ ਵੈਰੀ ਦੀ ਇਸਤੀ ਬ੍ਰਿੰਦਾ ਦਾ ਸੱਤ ਹਰ ਲਿਆ

ਇਤ ਸਿਵ ਭਯੋ ਤੇਜ ਦੇਬੀ ਕਰਿ ॥

ਅਤੇ ਇਧਰ ਸ਼ਿਵ ਵੀ ਦੇਵੀ (ਦੇ ਵਰ) ਨਾਲ ਤੇਜ ਵਾਲਾ ਹੋ ਗਿਆ।

ਛਿਨ ਮੋ ਕੀਯੋ ਅਸੁਰ ਕੋ ਨਾਸਾ ॥

ਛਿਣ ਵਿਚ ਹੀ ਦੈਂਤ ਨੂੰ ਨਸ਼ਟ ਕਰ ਦਿੱਤਾ ਗਿਆ।

ਨਿਰਖਿ ਰੀਝ ਭਟ ਰਹੇ ਤਮਾਸਾ ॥੨੬॥

ਯੋਧੇ ਇਹ ਤਮਾਸ਼ਾ ਵੇਖ ਕੇ ਪ੍ਰਸੰਨ ਹੋ ਰਹੇ ਸਨ ॥੨੬॥

ਜਲੰਧਰੀ ਤਾ ਦਿਨ ਤੇ ਨਾਮਾ ॥

ਉਸ ਦਿਨ ਤੋਂ (ਦੁਰਗਾ ਦਾ) ਨਾਂ 'ਜਲੰਧਰੀ' ਪੈ ਗਿਆ।

ਜਪਹੁ ਚੰਡਿਕਾ ਕੋ ਸਬ ਜਾਮਾ ॥

ਚੰਡਿਕਾ ਨੂੰ ਸਾਰੇ (ਇਸ ਨਾਮ ਨਾਲੇ) ਅੱਠੇ ਪਹਿਰ ਜਪੋ।

ਤਾ ਤੇ ਹੋਤ ਪਵਿਤ੍ਰ ਸਰੀਰਾ ॥

ਜਿਸ ਕਰ ਕੇ ਸ਼ਰੀਰ (ਇਸ ਤਰ੍ਹਾਂ) ਪਵਿਤਰ ਹੋ ਜਾਏਗਾ,

ਜਿਮ ਨ੍ਰਹਾਏ ਜਲ ਗੰਗ ਗਹੀਰਾ ॥੨੭॥

ਜਿਸ ਤਰ੍ਹਾਂ ਗੰਗਾ ਜਲ ਦੇ ਪ੍ਰਵਾਹ ਵਿਚ ਨ੍ਹਾਤਿਆਂ ਹੋ ਜਾਈਦਾ ਹੈ ॥੨੭॥

ਤਾ ਤੇ ਕਹੀ ਨ ਰੁਦ੍ਰ ਕਹਾਨੀ ॥

ਸ਼ਿਵ ਦੀ ਸਾਰੀ ਕਥਾ ਇਸ ਕਰ ਕੇ ਨਹੀਂ ਕਹੀ,

ਗ੍ਰੰਥ ਬਢਨ ਕੀ ਚਿੰਤ ਪਛਾਨੀ ॥

ਕਿਉਂਕਿ ਗ੍ਰੰਥ ਵੱਧਣ ਦੀ ਚਿੰਤਾ ਲਗੀ ਹੋਈ ਸੀ।

ਤਾ ਤੇ ਕਥਾ ਥੋਰਿ ਹੀ ਭਾਸੀ ॥

ਇਸ ਕਰਕੇ ਥੋੜੀ ਕਥਾ ਕਹੀ ਹੈ।

ਨਿਰਖਿ ਭੂਲਿ ਕਬਿ ਕਰੋ ਨ ਹਾਸੀ ॥੨੮॥

ਹੇ ਕਵੀ ਜਨੋ! ਕਿਧਰੇ ਕਿਸੇ ਭੁਲ ਵੇਖ ਕੇ ਹਾਸੀ ਨਾ ਕਰਨਾ ॥੨੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜਲੰਧਰ ਅਵਤਾਰ ਬਾਰ੍ਰਹਵਾ ਸਮਾਪਤਮ ਸਤੁ ਸੁਭਮ ਸਤੁ ॥੧੨॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਜਲੰਧਰ ਅਵਤਾਰ ਬਾਰ੍ਹਵਾਂ ਦੀ ਸਮਾਪਤੀ, ਸਭ ਸ਼ੁਭ ਹੈ ॥੧੨॥

ਅਥ ਬਿਸਨੁ ਅਵਤਾਰ ਕਥਨੰ ॥

ਹੁਣ ਬਿਸਨੁ ਅਵਤਾਰ ਦਾ ਕਥਨ:

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਚੌਪਈ ॥

ਚੌਪਈ:

ਅਬ ਮੈ ਗਨੋ ਬਿਸਨੁ ਅਵਤਾਰਾ ॥

ਹੁਣ ਮੈਂ 'ਬਿਸਨ ਅਵਤਾਰ' ਦਾ ਵਰਣਨ ਕਰਦਾ ਹਾਂ,

ਜੈਸਿਕ ਧਰਿਯੋ ਸਰੂਪ ਮੁਰਾਰਾ ॥

ਜਿਵੇਂ ਮੁਰਾਰੀ ਨੇ ਰੂਪ ਧਾਰਿਆ ਹੈ।

ਬਿਆਕੁਲ ਹੋਤ ਧਰਨਿ ਜਬ ਭਾਰਾ ॥

ਧਰਤੀ ਜਦੋਂ (ਪਾਪਾਂ ਦੇ) ਭਾਰ ਨਾਲ ਵਿਆਕੁਲ ਹੁੰਦੀ ਹੈ

ਕਾਲ ਪੁਰਖੁ ਪਹਿ ਕਰਤ ਪੁਕਾਰਾ ॥੧॥

(ਉਦੋਂ) ਕਾਲ ਪੁਰਖ ਕੋਲ ਪੁਕਾਰ ਕਰਦੀ ਹੈ ॥੧॥

ਅਸੁਰ ਦੇਵਤਨ ਦੇਤਿ ਭਜਾਈ ॥

ਜਦੋਂ ਦੈਂਤ ਦੇਵਤਿਆਂ ਨੂੰ ਭਜਾ ਦਿੰਦੇ ਹਨ

ਛੀਨ ਲੇਤ ਭੂਅ ਕੀ ਠਕੁਰਾਈ ॥

ਅਤੇ ਧਰਤੀ ਦੀ ਬਾਦਸ਼ਾਹੀ ਦੇਵਤਿਆਂ ਕੋਲੋਂ ਖੋਹ ਲੈਂਦੇ,

ਕਰਤ ਪੁਕਾਰ ਧਰਣਿ ਭਰਿ ਭਾਰਾ ॥

ਉਦੋਂ ਧਰਤੀ ਪਾਪਾਂ ਦੇ ਭਾਰ ਨਾਲ ਭਰ ਕੇ ਪੁਕਾਰ ਕਰਦੀ ਹੈ

ਕਾਲ ਪੁਰਖ ਤਬ ਹੋਤ ਕ੍ਰਿਪਾਰਾ ॥੨॥

ਅਤੇ 'ਕਾਲ ਪੁਰਖ' ਧਰਤੀ ਉਤੇ ਕ੍ਰਿਪਾਲੂ ਹੁੰਦੇ ਹਨ ॥੨॥

ਦੋਹਰਾ ॥

ਦੋਹਰਾ:

ਸਬ ਦੇਵਨ ਕੋ ਅੰਸ ਲੈ ਤਤੁ ਆਪਨ ਠਹਰਾਇ ॥

ਸਾਰੇ ਦੇਵਤਿਆਂ ਦੇ ਅੰਸ਼ ਲੈ ਕੇ, (ਕਾਲ-ਪੁਰਖ ਉਸ ਵਿਚ) ਆਪਣਾ ਤੱਤ੍ਵ ਠਹਿਰਾਉਂਦਾ ਹੈ

ਬਿਸਨੁ ਰੂਪ ਧਾਰ ਤਤ ਦਿਨ ਗ੍ਰਿਹਿ ਅਦਿਤ ਕੈ ਆਇ ॥੩॥

ਅਤੇ ਵਿਸ਼ਣੂ ਦਾ ਰੂਪ ਧਾਰ ਕੇ ਅਦਿਤੀ ਦੇ ਘਰ ਉਸੇ ਦਿਨ ਪ੍ਰਗਟ ਹੁੰਦਾ ਹੈ ॥੩॥

ਚੌਪਈ ॥

ਚੌਪਈ:

ਆਨ ਹਰਤ ਪ੍ਰਿਥਵੀ ਕੋ ਭਾਰਾ ॥

(ਉਹ) ਜਗਤ ਵਿਚ ਆ ਕੇ ਧਰਤੀ ਦਾ ਭਾਰ ਦੂਰ ਕਰਦਾ ਹੇ

ਬਹੁ ਬਿਧਿ ਅਸੁਰਨ ਕਰਤ ਸੰਘਾਰਾ ॥

ਅਤੇ ਬਹੁਤ ਤਰ੍ਹਾਂ ਨਾਲ ਦੈਂਤਾਂ ਦਾ ਸੰਘਾਰ ਕਰਦਾ ਹੈ।

ਭੂਮਿ ਭਾਰ ਹਰਿ ਸੁਰ ਪੁਰਿ ਜਾਈ ॥

ਭੂਮੀ ਦਾ ਭਾਰ ਦੂਰ ਕਰ ਕੇ (ਫਿਰ) ਸੁਰਪੁਰੀ ਚਲਾ ਜਾਂਦਾ ਹੈ

ਕਾਲ ਪੁਰਖ ਮੋ ਰਹਤ ਸਮਾਈ ॥੪॥

ਅਤੇ 'ਕਾਲ-ਪੁਰਖ' ਵਿਚ ਅਭੇਦ ਹੋਇਆ ਰਹਿੰਦਾ ਹੈ ॥੪॥

ਸਕਲ ਕਥਾ ਜਉ ਛੋਰਿ ਸੁਨਾਊ ॥

(ਮੈਂ) ਜੇ ਸਾਰੀ ਕਥਾ ਮੁੱਢ ਤੋਂ ਸੁਣਾਵਾਂ,

ਬਿਸਨ ਪ੍ਰਬੰਧ ਕਹਤ ਸ੍ਰਮ ਪਾਊ ॥

ਤਾਂ ਵਿਸ਼ਣੂ-ਪ੍ਰਬੰਧ (ਗ੍ਰੰਥ) ਕਹਿਣ ਲਈ ਬਹੁਤ ਯਤਨ ਕਰਨਾ ਪਵੇਗਾ।

ਤਾ ਤੇ ਥੋਰੀਐ ਕਥਾ ਪ੍ਰਕਾਸੀ ॥

ਇਸ ਲਈ ਥੋੜੀ ਕਥਾ ਪ੍ਰਗਟ ਕੀਤੀ ਹੈ।

ਰੋਗ ਸੋਗ ਤੇ ਰਾਖੁ ਅਬਿਨਾਸੀ ॥੫॥

ਹੇ ਅਬਿਨਾਸੀ! (ਮੇਰੀ) ਰੋਗਾਂ ਸੋਗਾਂ ਤੋਂ ਰਖਿਆ ਕਰੋ ॥੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਤੇਰ੍ਰਹਵਾ ਬਿਸਨੁ ਅਵਤਾਰ ਸਮਾਪਤਮ ਸਤੁ ਸੁਭਮ ਸਤ ॥੧੩॥

ਇਥੇ ਬਚਿਤ੍ਰ ਨਾਟਕ ਗ੍ਰੰਥ ਤੇਰ੍ਹਵੇਂ ਬਿਸਨ ਅਵਤਾਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩॥


Flag Counter