ਆਪਣੇ ਸ਼ਰੀਰ ('ਨਿਜ-ਕਾਇ') ਦੀ ਬਿਜਲੀ ਵਰਗੀ ਚਮਕ ਆ ਕੇ ਵਿਖਾਈ। (ਆ ਕੇ) ਮਾਂ, ਪਿਉ ਜਾਂ ਭਰਾ ਦੀ ਸ਼ਰਮ ਕੀਤੇ ਬਿਨਾ ਪੁਛਦੀਆਂ ਹਨ।
ਹੇ ਬਲਰਾਮ! ਤੇਰੇ ਪੈਰੀਂ ਪੈਂਦੀਆਂ ਹਾਂ, ਹਾਇ ਸਾਨੂੰ ਬਦਲਾਂ ਵਰਗੇ ਕਾਲੇ ਕ੍ਰਿਸ਼ਨ ਬਾਰੇ ਕੂਝ ਤਾ ਦਸ ਦਿਓ ॥੨੨੫੪॥
ਕਵੀ ਨੇ ਕਿਹਾ:
ਸੋਰਠਾ:
ਬਲਰਾਮ ਨੇ ਉਸ ਵੇਲੇ ਸਾਰੀਆਂ ਗੋਪੀਆਂ ਦਾ ਸਨਮਾਨ ਕੀਤਾ।
ਮੈਂ ਉਸ ਕਥਾ ਦਾ ਬਖਾਨ ਕਰਦਾ ਹਾਂ ਜੋ ਅਗੇ ਹੋਈ ਹੈ ॥੨੨੫੫॥
ਸਵੈਯਾ:
ਇਕ ਵਾਰ ਬਲਰਾਮ ਨੇ ਉਨ੍ਹਾਂ ਵਿਚ ਆਨੰਦ ਪੂਰਵਕ ਇਕ ਖੇਡ ਰਚਾਈ।
ਇਸ ਦੇ ਪੀਣ ਲਈ ਸ਼ਿਆਮ ਨੇ ਵਰੁਨ ('ਜਲਾਧਿਪ') ਨੂੰ ਸ਼ਰਾਬ ਦੇ ਕੇ ਭੇਜਿਆ।
ਉਸ ਵੇਲੇ ਬਲਰਾਮ ਨੇ ਸ਼ਰਾਬ ਪੀ ਲਈ ਅਤੇ ਮਸਤ ਹੋ ਗਿਆ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ। (ਉਸ ਨੇ ਨਸ਼ੇ ਦੀ ਹਾਲਤ ਵਿਚ) ਪਾਣੀ ਚਾਹਿਆ,
ਪਰ ਜਮਨਾ ਨੇ ਮਾਣ ਕਰ ਲਿਆ (ਅਤੇ ਬਲਰਾਮ ਕੋਲ ਨਾ ਆਈ)। (ਬਲਰਾਮ ਨੇ ਉਸ ਨੂੰ) ਹਲ ਨਾਲ ਖਿਚ ਲਿਆ। (ਇਸ ਤਰ੍ਹਾਂ) ਕਵੀਆਂ ਨੇ ਵਰਣਨ ਕੀਤਾ ਹੈ ॥੨੨੫੬॥
ਜਮਨਾ ਨੇ ਬਲਰਾਮ ਨੂੰ ਕਿਹਾ:
ਸੋਰਠਾ:
ਹੇ ਬਲਰਾਮ! ਤੁਸੀਂ ਪਾਣੀ ਲੈ ਲਵੋ, (ਪਰ) ਬਿਨਾ ਦੋਸ਼ ਮੈਨੂੰ ਦੁਖ ਨਾ ਦਿਓ।
ਹੇ ਰਣਧੀਰ! (ਮੇਰੀ) ਗੱਲ ਸੁਣੋ, ਮੈਂ ਸ੍ਰੀ ਕ੍ਰਿਸ਼ਨ ਦੀ ਦਾਸੀ ਹਾਂ (ਇਸ ਲਈ ਤੁਹਾਡੀ ਆਗਿਆ ਦਾ ਪਾਲਨ ਨਾ ਕਰ ਸਕੀ) ॥੨੨੫੭॥
ਸਵੈਯਾ:
ਉਥੇ (ਬਲਰਾਮ) ਦੋ ਕੁ ਮਹੀਨੇ ਰਿਹਾ ਅਤੇ ਫਿਰ ਵਿਦਾ ਲੈਣ ਲਈ ਚਲ ਕੇ ਨੰਦ ਪਾਸ ਆ ਗਿਆ।
ਫਿਰ ਜਸੋਧਾ ਦੇ ਘਰ ਵਲ ਚਲਾ ਗਿਆ ਅਤੇ ਉਸ ਦੇ ਪੈਰਾਂ ਉਤੇ ਮੱਥਾ ਰਖ ਦਿੱਤਾ।
ਉਸ ਕੋਲੋਂ ਜਦੋਂ ਹੀ ਵਿਦਾ ਮੰਗਣ ਲਗਿਆ ਤਦ (ਜਸੋਧਾ ਨੇ) ਸ਼ੋਕ ਕੀਤਾ ਅਤੇ (ਉਸ ਦੇ) ਦੋਹਾਂ ਨੈਣਾਂ ਤੋਂ ਹੰਝੂ ਡਿਗ ਪਏ।
ਫਿਰ ਇਸ ਤਰ੍ਹਾਂ ਕਹਿ ਕੇ ਵਿਦਾ ਕੀਤਾ, 'ਤੂੰ ਜਾ ਕੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹੀਂ ਕਿ ਉਹ ਕਿਉਂ ਨਹੀਂ ਆਇਆ' ॥੨੨੫੮॥
ਨੰਦ ਅਤੇ ਜਸੋਧਾ ਪਾਸੋਂ ਵਿਦਾ ਲੈ ਕੇ ਅਤੇ ਰਥ ਉਤੇ ਸਵਾਰ ਹੋ ਕੇ ਬਲਰਾਮ ਚਲ ਪਿਆ।
ਕਈ ਦੇਸ਼ਾਂ, ਪਰਬਤਾਂ, ਨਦੀਆਂ ਆਦਿ ਨੂੰ ਲੰਘਦਿਆਂ ਲੰਘਦਿਆਂ (ਆਪਣੇ) ਨਗਰ ਦੇ ਨੇੜੇ ਆ ਗਿਆ।
(ਬਲਰਾਮ) ਰਾਜਾ (ਉਗ੍ਰਸੈਨ) ਦੇ ਨਗਰ ਕੋਲ ਆ ਪਹੁੰਚਿਆ ਹੈ ਅਤੇ ਸ੍ਰੀ ਕ੍ਰਿਸ਼ਨ ਨੇ ਕਿਸੇ ਵਿਅਕਤੀ ਪਾਸੋਂ ਇਹ ਗੱਲ ਸੁਣ ਲਈ।
(ਸ੍ਰੀ ਕ੍ਰਿਸ਼ਨ) ਖ਼ੁਦ ਰਥ ਉਤੇ ਸਵਾਰ ਹੋ ਕੇ ਅਤਿ ਅਧਿਕ ਹਿਤ ਕਾਰਨ ਭਰਾ ਦੀ ਅਗਵਾਈ ਲਈ ਆਏ ॥੨੨੫੯॥
ਦੋਹਰਾ:
ਦੋਵੇਂ ਭਰਾ ਗਲਵਕੜੀ ਪਾ ਕੇ ਮਿਲੇ ਅਤੇ ਬਹੁਤ ਸੁਖ ਅਤੇ ਚੈਨ ਪ੍ਰਾਪਤ ਕੀਤਾ।
ਸ਼ਰਾਬ ਪੀਂਦੇ ਹੋਏ ਅਤੇ ਹਸਦੇ ਹੋਏ ਆਪਣੇ ਘਰ ਆ ਗਏ ॥੨੨੬੦॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ 'ਬਲਭਦ੍ਰ ਗੋਕਲ ਵਿਚ ਜਾ ਕੇ ਫਿਰ ਪਰਤ ਆਏ' ਪ੍ਰਸੰਗ ਸਮਾਪਤ।
ਹੁਣ ਸ੍ਰਿਗਾਲ ਦਾ ਦੂਤ ਭੇਜਣਾ ਕਿ 'ਮੈਂ ਕ੍ਰਿਸ਼ਨ ਹਾਂ' ਦਾ ਕਥਨ
ਦੋਹਰਾ:
ਦੋਵੇਂ ਭਰਾ ਬਹੁਤ ਸੁਖ ਮੰਨਾਉਂਦੇ ਹੋਏ ਆਪਣੇ ਘਰ ਆ ਪਹੁੰਚੇ।
ਹੁਣ ਪੌਂਡ੍ਰਕ (ਸ੍ਰਿਗਾਲ) ਦੀ ਇਕ ਕਥਾ ਮੈਂ ਕਹਿ ਕੇ ਸੁਣਾਉਂਦਾ ਹਾਂ ॥੨੨੬੧॥
ਸਵੈਯਾ:
(ਰਾਜਾ) ਸ੍ਰਿਗਾਲ ਨੇ ਸ੍ਰੀ ਕ੍ਰਿਸ਼ਨ ਵਲ ਦੂਤ ਭੇਜ ਕੇ ਅਖਵਾਇਆ ਕਿ 'ਮੈਂ ਕ੍ਰਿਸ਼ਨ ਹਾਂ', ਤੂੰ (ਆਪਣੇ ਆਪ ਨੂੰ ਕ੍ਰਿਸ਼ਨ) ਕਿਉਂ ਅਖਵਾਇਆ ਹੈ।
ਕਵੀ ਸ਼ਿਆਮ (ਕਹਿੰਦੇ ਹਨ) (ਰਾਜੇ ਨੇ ਕਿਹਾ ਕਿ) ਉਹ ਸਾਰਾ ਭੇਖ ਹੁਣੇ ਦੂਰ ਕਰ, ਜੋ ਤੂੰ ਭੇਖ ਬਣਾਇਆ ਹੋਇਆ ਹੈ।
ਤੂੰ ਤਾਂ ਗਵਾਲਾ ਹੈਂ ਅਤੇ (ਆਪਣੇ ਆਪ ਨੂੰ) ਗੋਕਲ-ਨਾਥ ਅਖਵਾਉਂਦਾ ਹੈਂ, ਤੈਨੂੰ ਡਰ ਨਹੀਂ ਲਗਦਾ।
ਜਾਂ ਤਾਂ ਇਸ ਦੂਤ ਦਾ ਕਿਹਾ ਮੰਨ ਲੈ, ਨਹੀਂ ਤਾਂ ਵੇਖ ਲੈ, ਮੈਂ ਸਾਰੀ ਸੈਨਾ ਲੈ ਕੇ ਆ ਰਿਹਾ ਹਾਂ ॥੨੨੬੨॥
ਸੋਰਠਾ:
ਸ੍ਰੀ ਕ੍ਰਿਸ਼ਨ ਨੇ ਉਹ ਗੱਲ ਨਾ ਮੰਨੀ ਜੋ ਦੂਤ ਨੇ ਕਹੀ।
ਉਸ (ਦੂਤ) ਨੇ ਜਾ ਕੇ ਆਪਣੇ ਸੁਆਮੀ ਨੂੰ ਗੱਲ ਕਹਿ ਦਿੱਤੀ ਅਤੇ (ਰਾਜਾ ਸ੍ਰੀ ਕ੍ਰਿਸ਼ਨ ਉਤੇ) ਚੜ੍ਹ ਕੇ ਆ ਗਿਆ ॥੨੨੬੩॥
ਸਵੈਯਾ:
ਕਾਸ਼ੀ ਦੇ ਰਾਜੇ ਆਦਿਕ (ਹੋਰ) ਰਾਜਿਆਂ ਦੀ ਸ੍ਰਿਗਾਲ ਨੇ ਸੈਨਾ ਤਿਆਰ ਕੀਤੀ।
ਇਧਰ ਸ੍ਰੀ ਕ੍ਰਿਸ਼ਨ ਨੇ ਵੀ ਬਲਰਾਮ ਆਦਿਕ (ਯੋਧਿਆਂ) ਨੂੰ ਬੁਲਾ ਕੇ ਸੈਨਾ (ਇਕੱਠੀ ਕੀਤੀ)।
ਹੋਰ ਸਾਰੇ ਯਾਦਵਾਂ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ, ਕ੍ਰਿਸ਼ਨ (ਅਰਥਾਤ ਸ੍ਰਿਗਾਲ) ਨਾਲ ਯੁੱਧ ਕਰਨ ਆ ਗਏ।
ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਦੋਹਾਂ ਧਿਰਾਂ ਦੇ ਯੋਧੇ (ਯੁੱਧ-ਭੂਮੀ ਵਿਚ) ਨਿਤਰ ਆਏ ॥੨੨੬੪॥
ਜਦ ਦੋਹਾਂ ਪਾਸਿਆਂ ਦੀ ਸੈਨਾ ਨੇ ਆਪਸ ਵਿਚ ਇਕ ਦੂਜੇ ਨੂੰ ਵਿਖਾਲੀ ਦਿੱਤੀ।
ਉਨ੍ਹਾਂ ਦੀ ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਆਈ, ਮਾਨੋ ਪਰਲੋ ਦੇ ਮੇਘ ਉਮਡ ਕੇ ਆ ਗਏ ਹੋਣ।
ਸ੍ਰੀ ਕ੍ਰਿਸ਼ਨ ਨੇ ਸੈਨਾ ਤੋਂ ਬਾਹਰ ਆ ਕੇ ਦੋਹਾਂ ਸੈਨਾਵਾਂ ਨੂੰ ਇਹ ਗੱਲ ਸੁਣਾਈ