ਸ਼੍ਰੀ ਦਸਮ ਗ੍ਰੰਥ

ਅੰਗ - 497


ਮਾਨਹੁ ਕ੍ਰੋਧ ਸਭੈ ਤਿਹ ਕੋ ਸੁ ਪ੍ਰਤਛ ਹੈ ਸ੍ਯਾਮ ਕੇ ਊਪਰ ਧਾਯੋ ॥੧੯੯੬॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਦਾ ਸਾਰਾ ਕ੍ਰੋਧ ਪ੍ਰਤੱਖ ਹੋ ਕੇ ਸ੍ਰੀ ਕ੍ਰਿਸ਼ਨ ਉਤੇ ਧਾ ਕੇ ਪੈ ਗਿਆ ਹੋਵੇ ॥੧੯੯੬॥

ਦੋਹਰਾ ॥

ਦੋਹਰਾ:

ਸੋ ਸਰ ਆਵਤ ਦੇਖ ਕੈ ਕ੍ਰੁਧਤ ਹੁਇ ਬ੍ਰਿਜਨਾਥ ॥

ਉਸ ਬਾਣ ਨੂੰ ਆਉਂਦਿਆਂ ਵੇਖ ਕੇ ਅਤੇ ਕ੍ਰੋਧਿਤ ਹੋ ਕੇ

ਕਟਿ ਮਾਰਗ ਭੀਤਰ ਦਯੋ ਏਕ ਬਾਨ ਕੇ ਸਾਥ ॥੧੯੯੭॥

ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਵਿਚਾਲਿਓਂ ਹੀ ਇਕ ਬਾਣ ਨਾਲ ਕਟ ਕੇ ਸੁਟ ਦਿੱਤਾ ॥੧੯੯੭॥

ਸਵੈਯਾ ॥

ਸਵੈਯਾ:

ਸਰ ਕਾਟਿ ਕੈ ਸ੍ਯੰਦਨ ਕਾਟਿ ਦਯੋ ਅਰੁ ਸੂਤ ਕੋ ਸੀਸ ਦਯੋ ਕਟਿ ਕੈ ॥

ਬਾਣ ਨੂੰ ਕਟ ਕੇ (ਫਿਰ) ਰਥ ਨੂੰ ਕਟ ਦਿੱਤਾ ਅਤੇ ਰਥਵਾਨ ਦਾ ਸਿਰ ਵੀ ਕਟ ਦਿੱਤਾ।

ਅਰੁ ਚਾਰੋ ਹੀ ਅਸ੍ਵਨ ਸੀਸ ਕਟੇ ਬਹੁ ਢਾਲਨ ਕੇ ਤਬ ਹੀ ਝਟਿ ਕੈ ॥

ਅਤੇ ਚੌਹਾਂ ਘੋੜਿਆਂ ਦੇ ਸਿਰ ਵੀ ਕਟ ਦਿੱਤੇ ਅਤੇ ਉਸੇ ਵੇਲੇ ਢਾਲਾਂ ਦੇ ਵੀ ਬਹੁਤ ਝਟਕੇ ਦਿੱਤੇ।

ਫਿਰਿ ਦਉਰਿ ਚਪੇਟ ਚਟਾਕ ਹਨਿਓ ਗਿਰ ਗਯੋ ਜਬ ਚੋਟ ਲਗੀ ਭਟਿ ਕੈ ॥

ਫਿਰ ਦੌੜ ਕੇ ਚਟਾਕ ਕਰਕੇ ਚਪੇੜ ਮਾਰੀ। ਜਦ ਸੂਰਮੇ ਦੀ ਚਪੇੜ ਵਜੀ (ਤਾਂ ਉਹ ਧਰਤੀ ਉਤੇ) ਡਿਗ ਪਿਆ।

ਤੁਮ ਹੀ ਨ ਕਹੋ ਭਟ ਕਉਨ ਬੀਯੋ ਜਗ ਮੈ ਜੋਊ ਸ੍ਯਾਮ ਜੂ ਸੋ ਅਟਕੈ ॥੧੯੯੮॥

ਤੁਸੀਂ ਹੀ (ਕਿਉਂ) ਨਹੀਂ ਦਸਦੇ ਕਿ ਜਗਤ ਵਿਚ ਹੋਰ ਕਿਹੜਾ ਯੋਧਾ ਹੈ ਜੋ ਸ੍ਰੀ ਕ੍ਰਿਸ਼ਨ ਨਾਲ ਆ ਕੇ ਲੜੇ ॥੧੯੯੮॥

ਚਿਤ ਮੈ ਜਿਨ ਧਿਆਨ ਧਰਿਯੋ ਹਿਤ ਕੈ ਸੋਊ ਸ੍ਰੀਪਤਿ ਲੋਕਹਿ ਕੋ ਸਟਿਕਿਯੋ ॥

ਜਿਨ੍ਹਾਂ ਨੇ ਹਿਤ ਕਰ ਕੇ ਚਿਤ ਵਿਚ ਧਿਆਨ ਧਰਿਆ ਹੈ, ਉਹ ਸ੍ਰੀ ਕ੍ਰਿਸ਼ਨ ਦੇ ਲੋਕ (ਅਰਥਾਤ ਬੈਕੁੰਠ) ਵਿਚ ਚਲਾ ਗਿਆ ਹੈ।

ਪਗ ਰੋਪ ਜੋਊ ਅਟਕਿਯੋ ਪ੍ਰਭੂ ਸੋ ਕਬਿ ਸ੍ਯਾਮ ਕਹੈ ਪਲ ਸੋ ਨ ਟਿਕਿਯੋ ॥

ਜੋ ਪੈਰ ਗਡ ਕੇ ਸ੍ਰੀ ਕ੍ਰਿਸ਼ਨ ਨਾਲ ਲੜਿਆ ਹੈ, ਕਵੀ ਸ਼ਿਆਮ ਕਹਿੰਦੇ ਹਨ, ਉਹ ਪਲ ਭਰ ਵੀ ਨਹੀਂ ਟਿਕਿਆ ਹੈ।

ਅਟਕਿਯੋ ਜੋਊ ਪ੍ਰੇਮ ਸੋ ਬੇਧ ਕੈ ਲੋਕ ਚਲਿਯੋ ਤਿਹ ਕਉ ਨ ਕਿਨ ਹੀ ਹਟਕਿਯੋ ॥

ਜੋ (ਸ੍ਰੀ ਕ੍ਰਿਸ਼ਨ) ਦੇ ਪ੍ਰੇਮ ਨਾਲ ਜੁੜਿਆ ਹੈ, ਉਹ ਤਿੰਨ ਲੋਕਾਂ ਨੂੰ ਵਿੰਨ੍ਹ ਕੇ (ਨਿਕਲ ਗਿਆ ਹੈ) ਪਰ ਉਸ ਨੂੰ ਕਿਸੇ ਨੇ ਵੀ ਨਹੀਂ ਰੋਕਿਆ।

ਜਿਹ ਨੈਕੁ ਬਿਰੋਧ ਹੀਯੋ ਸਟਕਿਯੋ ਨਰ ਸੋ ਸਭ ਹੀ ਭੂਅ ਮੋ ਪਟਕਿਯੋ ॥੧੯੯੯॥

ਜਿਨ੍ਹਾਂ ਨੇ ਹਿਰਦੇ ਵਿਚ ਜ਼ਰਾ ਜਿੰਨਾ ਵੀ ਵਿਰੋਧ ਕੀਤਾ, ਉਨ੍ਹਾਂ ਸਾਰਿਆਂ ਪੁਰਸ਼ਾਂ ਨੂੰ (ਕ੍ਰਿਸ਼ਨ ਨੇ) ਧਰਤੀ ਉਤੇ ਪਟਕ ਦਿੱਤਾ ਹੈ ॥੧੯੯੯॥

ਫਉਜ ਬਿਦਾਰ ਘਨੀ ਬ੍ਰਿਜਨਾਥ ਬਿਮੁੰਛਤ ਕੈ ਸਿਸੁਪਾਲ ਗਿਰਾਯੋ ॥

ਸ੍ਰੀ ਕ੍ਰਿਸ਼ਨ ਨੇ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ ਅਤੇ ਸ਼ਿਸ਼ੁਪਾਲ ਨੂੰ ਵੀ ਬੇਸੁਧ ਕਰ ਕੇ ਡਿਗਾ ਦਿੱਤਾ।

ਅਉਰ ਜਿਤੋ ਦਲੁ ਠਾਢੋ ਹੁਤੋ ਸੋਊ ਦੇਖਿ ਦਸਾ ਕਰਿ ਤ੍ਰਾਸ ਪਰਾਯੋ ॥

ਹੋਰ ਵੀ ਜਿਤਨੀ ਸੈਨਾ ਖੜੋਤੀ ਸੀ, ਉਹ (ਉਥੋਂ ਦੀ) ਦਸ਼ਾ ਨੂੰ ਵੇਖ ਕੇ ਡਰਦੀ ਹੋਈ ਭਜ ਗਈ।

ਫੇਰਿ ਰਹੇ ਤਿਨ ਕੋ ਬਹੁ ਬਾਰਿ ਕੋਊ ਫਿਰਿ ਜੁਧ ਕੇ ਕਾਜ ਨ ਆਯੋ ॥

ਉਨ੍ਹਾਂ ਨੂੰ (ਸੈਨਾ-ਨਾਇਕ) ਬਹੁਤ ਵਾਰ ਮੋੜ ਹਟੇ, (ਪਰ) ਫਿਰ ਕੋਈ ਵੀ ਯੁੱਧ ਦੇ ਕਾਰਜ ਲਈ ਨਹੀਂ ਆਇਆ।

ਤਉ ਰੁਕਮੀ ਦਲ ਲੈ ਬਹੁਤੋ ਸੰਗਿ ਆਪਨੇ ਆਪ ਹੀ ਜੁਧ ਕੋ ਧਾਯੋ ॥੨੦੦੦॥

ਤਦ (ਰੁਕਮਨੀ ਦਾ ਭਰਾ) ਰੁਕਮੀ ਬਹੁਤ ਸਾਰੀ ਸੈਨਾ ਆਪਣੇ ਨਾਲ ਲੈ ਕੇ ਖ਼ੁਦ ਹੀ ਯੁੱਧ ਲਈ ਤੁਰ ਪਿਆ ॥੨੦੦੦॥

ਬੀਰ ਬਡੇ ਇਹ ਕੀ ਦਿਸ ਕੇ ਰਿਸ ਸੋ ਜਦੁਬੀਰ ਕਉ ਮਾਰਨ ਧਾਏ ॥

ਇਸ ਦੇ ਪਾਸੇ ਦੇ ਬਹੁਤ ਬਲਵਾਨ ਸੂਰਮੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਦੌੜੇ।

ਜਾਤ ਕਹਾ ਫਿਰਿ ਸ੍ਯਾਮ ਲਰੋ ਹਮ ਸੋ ਸਭ ਹੀ ਇਹ ਭਾਤਿ ਬੁਲਾਏ ॥

ਸਾਰੇ ਇਸ ਤਰ੍ਹਾਂ ਕਹਿਣ ਲਗੇ, ਹੇ ਕ੍ਰਿਸ਼ਨ! ਜਾਂਦੇ ਕਿਥੇ ਹੋ, ਸਾਡੇ ਨਾਲ ਲੜਾਈ ਕਰੋ।

ਤੇ ਬ੍ਰਿਜਨਾਥ ਹਨੇ ਸਭ ਹੀ ਕਹਿ ਕੈ ਉਪਮਾ ਕਬਿ ਸ੍ਯਾਮ ਸੁਨਾਏ ॥

ਉਨ੍ਹਾਂ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰ ਦਿੱਤਾ। ਉਸ ਦੀ ਉਪਮਾ ਕਵੀ ਸ਼ਿਆਮ ਕਹਿ ਕੇ ਸੁਣਾਉਂਦੇ ਹਨ।

ਮਾਨਹੁ ਹੇਰਿ ਪਤੰਗ ਦੀਆ ਕਹੁ ਟੂਟਿ ਪਰੇ ਫਿਰਿ ਜੀਤ ਨ ਆਏ ॥੨੦੦੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਤੰਗੇ ਦੀਪਕ ਨੂੰ ਵੇਖ ਕੇ (ਉਸ ਉਪਰ) ਟੁਟ ਕੇ ਪੈ ਗਏ ਹੋਣ ਅਤੇ ਫਿਰ ਜੀਉਂਦੇ ਨਾ ਮੁੜੇ ਹੋਣ ॥੨੦੦੧॥

ਜਬ ਸੈਨ ਹਨਿਯੋ ਘਨ ਸ੍ਯਾਮ ਸਭੈ ਰੁਕਮੀ ਕੁਪ ਕੈ ਤਬ ਐਸੇ ਕਹਿਓ ॥

ਜਦ ਸ੍ਰੀ ਕ੍ਰਿਸ਼ਨ ਨੇ ਸਾਰੀ ਸੈਨਾ ਨੂੰ ਮਾਰ ਸੁਟਿਆ ਤਦ ਰੁਕਮੀ ਨੇ ਕ੍ਰੋਧਵਾਨ ਹੋ ਕੇ ਇਸ ਤਰ੍ਹਾਂ ਕਿਹਾ,

ਜਬ ਗੂਜਰ ਹ੍ਵੈ ਧਨ ਬਾਨ ਗਹਿਯੋ ਛਤ੍ਰਾਪਨ ਛਤ੍ਰਿਨ ਤੇ ਤੋ ਰਹਿਓ ॥

ਜਦ ਗਵਾਲਾ ਹੋ ਕੇ (ਤੂੰ) ਧਨੁਸ਼ ਬਾਣ ਪਕੜ ਲਿਆ (ਤਦ) ਛਤ੍ਰੀਆਂ ਤੋਂ ਛਤ੍ਰੀਪਨ ਜਾਂਦਾ ਰਿਹਾ।

ਜਿਮ ਬੋਲਤ ਥੋ ਬਧ ਕੈ ਸਰ ਸ੍ਯਾਮ ਬਿਮੁੰਛਤ ਕੈ ਸੁ ਸਿਖਾ ਤੇ ਗਹਿਓ ॥

ਜਿਉਂ ਹੀ (ਉਹ) ਬੋਲ ਰਿਹਾ ਸੀ, ਸ੍ਰੀ ਕ੍ਰਿਸ਼ਨ ਨੇ ਬਾਣ ਮਾਰ ਕੇ ਬੇਸੁਧ ਕਰ ਦਿੱਤਾ ਅਤੇ ਉਸ ਨੂੰ ਚੋਟੀ ਤੋਂ ਪਕੜ ਲਿਆ।