ਚੌਪਈ:
ਬਿਕ੍ਰਮਾਜੀਤ ਨੇ ਮਾਧਵਾਨਲ ਨੂੰ ਬੁਲਾ ਭੇਜਿਆ।
ਆਦਰ ਪੂਰਵਕ ਆਸਣ ਉਤੇ ਬਿਠਾਇਆ
ਅਤੇ ਕਿਹਾ ਹੇ ਬ੍ਰਾਹਮਣ! ਜੋ ਆਗਿਆ ਦਿਓ, ਉਹੀ ਕਰਾਂਗਾ।
ਜੇ ਪ੍ਰਾਣ ਵੀ ਲਗ ਜਾਣ ਤਾਂ ਵੀ ਤੇਰੇ ਲਈ ਲੜਾਂਗਾ ॥੩੯॥
ਜਦ ਮਾਧਵਾਨਲ ਨੇ ਭੇਦ ਦਸਿਆ,
ਤਾਂ ਬਿਕ੍ਰਮਜੀਤ ਨੇ ਸਾਰੀ ਸੈਨਾ ਬੁਲਾ ਲਈ।
ਸ਼ਸਤ੍ਰ ਧਾਰ ਲਏ ਅਤੇ (ਸ਼ਰੀਰ ਉਤੇ) ਕਵਚ ਪਾ ਲਏ
ਅਤੇ ਕਾਮਵਤੀ ਨਗਰੀ ਵਲ ਤੁਰ ਪਏ ॥੪੦॥
ਸੋਰਠਾ:
(ਉਸ ਨੇ) ਇਕ ਦੂਤ ਭੇਜਿਆ ਕਿ ਕਾਮਸੈਨ ਰਾਜੇ ਨੂੰ ਕਹੇ
ਕਿ ਇਕ ਕਾਮਕੰਦਲਾ ਦੇ ਕੇ ਆਪਣੇ ਦੇਸ਼ ਨੂੰ ਬਚਾ ਲਏ ॥੪੧॥
ਚੌਪਈ:
ਕਾਮਵਤੀ ਨਗਰੀ ਵਿਚ ਦੂਤ ਆਇਆ।
(ਉਸ ਨੇ ਆ ਕੇ) ਕਾਮਸੈਨ ਨੂੰ ਸਿਰ ਨਿਵਾਇਆ।
(ਜੋ) ਬਿਕ੍ਰਮ ਨੇ ਕਿਹਾ ਸੀ, ਉਹ ਉਸ ਨੂੰ ਸੁਣਾ ਦਿੱਤਾ।
(ਇਸ ਤਰ੍ਹਾਂ) ਰਾਜੇ ਨੂੰ ਬਹੁਤ ਦੁਖ ਹੋਇਆ ॥੪੨॥
ਦੋਹਰਾ:
(ਰਾਜੇ ਨੇ ਮਨ ਵਿਚ ਵਿਚਾਰਿਆ) ਦਿਨ ਦੇ ਹੁੰਦਿਆਂ ਚੰਨ ਭਾਵੇ ਚੜ੍ਹੇ ਅਤੇ ਰਾਤ ਨੂੰ ਸੂਰਜ ਚੜ੍ਹ ਪਏ,
ਤਾਂ ਵੀ ਕਾਮਕੰਦਲਾ ਨੂੰ ਦੇਣਾ ਮੇਰੇ ਪਾਸੋਂ (ਸੰਭਵ) ਨਹੀਂ ਹੋਣਾ ॥੪੩॥
ਦੂਤ ਨੇ ਕਿਹਾ:
ਭੁਜੰਗ ਛੰਦ:
ਹੇ ਰਾਜਨ! ਸੁਣੋ, ਇਹ ਕਾਮਕੰਦਲਾ ਨਾਰੀ ਵਿਚਾਰੀ ਕੀ ਹੈ।
(ਇਸ ਨੂੰ) ਤੁਸੀਂ ਕਿਉਂ ਗੰਢ ਬੰਨ੍ਹ ਕੇ ਜਾਨ ਤੋਂ ਪਿਆਰੀ ਕਰ ਕੇ ਰਖਿਆ ਹੈ।
ਮੇਰਾ ਕਿਹਾ ਮੰਨੋ, (ਜੋ ਮੈਨੂੰ) ਰਾਜੇ ਨੇ ਕਿਹਾ ਹੈ, ਉਹੀ ਕਹਿ ਰਿਹਾ ਹਾਂ।
ਇਸ ਨੂੰ ਦੇ ਕੇ (ਰਾਜੇ ਨੂੰ ਮਿਲੋ) ਅਤੇ ਉਸ ਦਾ ਮਾਣ ਰਖ ਲਵੋ ॥੪੪॥
ਸਾਡੀ ਸੈਨਾ ਹਠੀ ਹੈ, ਤੁਸੀਂ ਉਸ ਨੂੰ ਪਛਾਣੋ।
ਜਿਸ ਦਾ ਲੋਹਾ ਚਾਰੇ ਦਿਸ਼ਾਵਾਂ ਮੰਨਦੀਆਂ ਹਨ।
ਜਿਸ ਨੂੰ ਦੇਵਤੇ ਅਤੇ ਦੈਂਤ ਬਲਵਾਨ ਕਹਿੰਦੇ ਹਨ।
ਤੁਸੀਂ (ਉਸ ਨੂੰ) ਕਿਉਂ ਰੋਕ ਕੇ ਉਸ ਨਾਲ ਯੁੱਧ ਕਰਨਾ ਚਾਹੁੰਦੇ ਹੋ ॥੪੫॥
ਜਦੋਂ ਦੂਤ ਨੇ ਇਸ ਤਰ੍ਹਾਂ ਦੇ ਚੋਭ ਵਾਲੇ ਬੋਲ ਕਹੇ
ਤਾਂ ਦਰਬਾਰ ਵਿਚ ਵੱਡੇ ਭਿਆਨਕ ਨਗਾਰੇ ਵਜੇ। (ਕਾਮਸੈਨ ਰਾਜੇ ਨੇ) ਕਿਹਾ,
ਹੇ ਹਠੀ ਬੀਰੋ! ਯੁੱਧ ਕਰੋ।
ਬਿਕ੍ਰਮਾਜੀਤ ਕੌਣ ਵਿਚਾਰਾ ਹੈ, ਕਾਲ ਦੇ ਵੀ ਟੋਟੇ ਟੋਟੇ ਕਰ ਦਿਓ ॥੪੬॥
ਉਹ ਬਹੁਤ ਤਕੜੇ ਸੂਰਮਿਆਂ ਵਾਲੀ ਸੈਨਾ ਨੂੰ ਲੈ ਕੇ ਚੜ੍ਹ ਪਿਆ,
(ਜਿਸ ਵਿਚ) ਖੰਡੇਲ, ਬਘੇਲ, ਪੰਧੇਰ, ਪਵਾਰ,
ਗਹਰਵਾਰ, ਚੌਹਾਨ, ਗਹਲੌਤ ਆਦਿ ਮਹਾਨ ਯੋਧੇ (ਸ਼ਾਮਲ ਸਨ)
ਜੋ ਹੋਰਨਾਂ ਤੋਂ ਜਿਤੇ ਨਹੀਂ ਜਾ ਸਕਦੇ ਸਨ ॥੪੭॥
(ਜਦੋਂ) ਬਿਕ੍ਰਮਾਜੀਤ ਨੇ ਸੁਣਿਆ ਤਾਂ ਉਸ ਨੇ ਸਾਰੇ ਯੋਧੇ ਬੁਲਾ ਲਏ।
ਉਹ ਸਾਰੇ ਰਣ-ਭੂਮੀ ਵਿਚ ਆ ਕੇ ਦ੍ਰਿੜ੍ਹਤਾ ਨਾਲ ਡਟ ਗਏ।
ਦੋਹਾਂ ਪਾਸਿਆਂ ਦੇ ਸੂਰਮਿਆਂ ਵਿਚ ਬਹੁਤ ਉਮੰਗਾਂ ਸਨ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਜਮਨਾ ਭਜ ਕੇ ਗੰਗਾ ਨੂੰ ਮਿਲਦੀ ਹੋਵੇ ॥੪੮॥
ਕਿਤੇ ਯੋਧੇ ਤਲਵਾਰਾਂ ਕਢ ਕੇ ਚਲਾ ਰਹੇ ਹਨ।
ਕਿਤੇ ਢਾਲਾਂ ਉਤੇ ਉਨ੍ਹਾਂ ਦੇ ਵਾਰ ਬਚਾਉਂਦੇ ਹਨ।
ਕਿਤੇ ਕਵਚਾਂ ਅਤੇ ਢਾਲਾਂ ਉਤੇ ਵਜ ਕੇ ਤਪਸ਼ ਪੈਦਾ ਕਰਦੀਆਂ ਹਨ।
(ਉਨ੍ਹਾਂ ਤੋਂ) ਭਾਰੀ ਨਾਦ ਉਠਦੇ ਹਨ ਅਤੇ ਚਿੰਗਾਰੀਆਂ ਨਿਕਲ ਰਹੀਆਂ ਹਨ ॥੪੯॥
ਕਿਤੇ ਘੁਮਾਣੀਆਂ, ਗ਼ਰਜ ਅਤੇ ਗੋਲੇ ਚਲਾਉਂਦੇ ਹਨ
ਅਤੇ ਕਿਤੇ ਅਰਧ ਚੰਦ੍ਰਮਾ ਦੇ ਰੂਪ ਵਾਲੇ ਬਾਣ ਛੁਟ ਰਹੇ ਹਨ।