ਮਾਨੋ ਉੱਚੇ ਪਰਬਤ ਉਤੋਂ ਭਿਆਨਕ ਸੱਪ ਦਾ ਖਾਧਾ ਹੋਇਆ ਕਾਂ (ਧਰਤੀ ਉਤੇ) ਡਿਗ ਪਿਆ ਹੋਵੇ ॥੧੯੭॥
ਵੀਰ (ਨਾਇਕ) ਨਿਸ਼ੁੰਭ ਦਾ ਇਕ ਬਲਵਾਨ ਦੈਂਤ, ਘੋੜਾ ਭਜਾ ਕੇ ਰਣਭੂਮੀ ਵਿਚ (ਦੇਵੀ ਦੇ) ਸਾਹਮਣੇ ਆ ਗਿਆ।
(ਜਿਸ ਨੂੰ) ਵੇਖਦਿਆਂ ਧੀਰਜ ਨਹੀਂ ਰਹਿੰਦਾ, ਹੁਣ ਕਿਹੜਾ ਸਮਰਥ ਹੈ ਜਾਂ ਕਿਸ ਵਿਚ ਤਾਕਤ ਹੈ (ਜੋ ਉਸ ਦੈਂਤ ਨਾਲ ਯੁੱਧ ਕਰੇ)।
ਚੰਡੀ ਨੇ ਹੱਥ ਵਿਚ ਕ੍ਰਿਪਾਨ ਲੈ ਕੇ (ਬਹੁਤ ਸਾਰੇ) ਵੈਰੀ ਮਾਰ ਦਿੱਤੇ ਅਤੇ ਫਿਰ (ਉਹ ਕ੍ਰਿਪਾਨ) ਉਸ ਦੈਂਤ ਦੇ ਸਿਰ (ਵਲ) ਚਲਾ ਦਿੱਤੀ।
(ਉਹ ਕ੍ਰਿਪਾਨ ਦੈਂਤ ਦੇ) ਸਿਰ ਨੂੰ, ਮੂੰਹ ਨੂੰ, ਧੜ ਨੂੰ, (ਘੋੜੇ ਦੇ) ਪਲਾਣੇ ਨੂੰ, ਘੋੜੇ (ਕਿਕਾਨ) ਨੂੰ ਚੀਰ ਕੇ ਧਰਤੀ ਵਿਚ ਜਾ ਕੇ ਧਸ ਗਈ ਹੈ ॥੧੯੮॥
ਇਸ ਤਰ੍ਹਾਂ ਜਦੋਂ ਬਲਵਾਨ ਚੰਡੀ ਨੇ ਦੈਂਤ ਨੂੰ ਮਾਰ ਦਿੱਤਾ, (ਤਾਂ ਇਕ) ਹੋਰ (ਦੈਂਤ) ਲਲਕਾਰਦਾ ਹੋਇਆ ਰਣ ਵਲ ਚਲਿਆ।
ਸ਼ੇਰ ਦੇ ਸਾਹਮਣੇ ਜਾ ਕੇ ਕ੍ਰੋਧਿਤ ਹੋ ਕੇ, ਭਜ ਕੇ ਦੋ ਤਿੰਨ ਜ਼ਖ਼ਮ ਲਗਾ ਦਿੱਤੇ।
ਚੰਡੀ ਨੇ ਤਲਵਾਰ ਸੰਭਾਲ ਲਈ ਅਤੇ ਪੂਰੇ ਜ਼ੋਰ ਨਾਲ ਲਲਕਾਰ ਕੇ (ਉਸ ਦੇ) ਸਿਰ ਵਲ ਚਲਾ ਦਿੱਤੀ।
(ਉਸ ਦਾ) ਸਿਰ (ਕਟ ਕੇ) ਦੂਰ ਜਾ ਪਿਆ, ਜਿਵੇਂ ਹਵਾ ਦੇ ਝੋਕੇ ਨਾਲ ਅੰਬ ਟੁਟ ਕੇ (ਜਾ ਪੈਂਦਾ ਹੈ) ॥੧੯੯॥
ਅੰਤ ਦਾ ਯੁੱਧ ਮਚਿਆ ਜਾਣ ਕੇ ਦੈਂਤਾਂ ਦੇ ਸਾਰੇ ਦਲ ਉਠ ਕੇ ਰਣ ਵਲ ਭਜ ਪਏ ਹਨ।
ਲੋਹੇ ਨਾਲ ਲੋਹਾ ਵਜਦਾ ਹੈ, ਉਦੋਂ ਕਾਇਰ ਲੋਕ ਯੁੱਧ-ਭੂਮੀ ਛਡ ਕੇ ਭਜ ਜਾਂਦੇ ਹਨ।
ਚੰਡੀ ਦੀ ਖੜਗ ਅਤੇ ਗਦਾ ਵਜਣ ਨਾਲ ਦੈਂਤਾਂ ਦੇ ਸ਼ਰੀਰ ਪੁਰਜ਼ਾ ਪੁਰਜ਼ਾ ਹੋ ਗਏ ਹਨ। (ਇੰਜ ਪ੍ਰਤੀਤ ਹੁੰਦਾ ਹੈ)
ਮਾਨੋ ਸੋਟਾ ਮਾਰ ਕੇ ਅਤੇ ਬ੍ਰਿਛ ਨੂੰ ਝੂਣ ਕੇ ਮਾਲੀ ਨੇ ਬ੍ਰਿਛ ਤੋਂ ਤੂਤ ਡਿਗਾਏ ਹੋਣ ॥੨੦੦॥
ਦੈਂਤਾਂ ਦੀ ਬਹੁਤੀ ਸੈਨਾ ਵੇਖ ਕੇ ਚੰਡੀ ਨੇ ਫਿਰ ਆਪਣੇ ਸ਼ਸਤ੍ਰ ਸੰਭਾਲੇ ਹਨ।
ਸੂਰਮਿਆਂ ਦੇ ਸ਼ਰੀਰ ਚੰਦਨ ਦੀਆਂ ਗੇਲੀਆਂ ਵਾਂਗ ਚੀਰ (ਦਿੱਤੇ ਹਨ) ਅਤੇ ਦੈਂਤਾਂ ਨੂੰ ਵੰਗਾਰ ਕੇ ਪਟਕਾ ਮਾਰਿਆ ਹੈ।
ਉਨ੍ਹਾਂ ਨੂੰ ਰਣ-ਭੂਮੀ ਵਿਚ ਘਾਓ ਲਗੇ ਹਨ (ਅਤੇ ਉਨ੍ਹਾਂ ਦੇ) ਸਿਰ ਧੜ ਨਾਲੋਂ ਅਲਗ ਹੋ ਕੇ ਡਿਗੇ ਪਏ ਹਨ। (ਇੰਜ ਪ੍ਰਤੀਤ ਹੁੰਦਾ ਹੈ)
ਮਾਨੋ ਯੁੱਧ ਦੇ ਸਮੇਂ (ਸੂਰਜ ਦੇ ਪੁੱਤਰ) ਛਨਿਛਰ ਨੇ ਚੰਦ੍ਰਮਾ ਦੇ ਸਾਰੇ ਟੁਕੜੇ ਵਖਰੇ ਵਖਰੇ ਕਰ ਕੇ ਸੁਟ ਦਿੱਤੇ ਹੋਣ ॥੨੦੧॥
ਉਸ ਵੇਲੇ ਪ੍ਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰਿੜ੍ਹਤਾ (ਕਰੀ) ਪੂਰਵਕ ਤਲਵਾਰ ਸੰਭਾਲ ਲਈ
ਅਤੇ ਕ੍ਰੋਧ ਕਰ ਕੇ ਨਿਸ਼ੁੰਭ ਦੇ ਸਿਰ (ਉਤੇ ਚਲਾ ਦਿੱਤੀ) ਜੋ ਪੈਰਾਂ ਦੇ ਤਲਵਿਆਂ ਤਕ ਜਾ ਪਹੁੰਚੀ।
ਕੌਣ ਕਹਿ ਕੇ ਸ਼ਲਾਘਾ ਕਰ ਸਕਦਾ ਹੈ ਉਸ ਛਿਣ (ਦੇ ਵਾਰ) ਦੀ (ਕਿ ਉਹ ਦੈਂਤ) ਦੋ ਫਾੜ ਹੋ ਕੇ ਧਰਤੀ ਉਤੇ ਡਿਗ ਪਿਆ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਾਬਣ ਬਣਾਉਣ ਵਾਲੇ ਨੇ ਹੱਥ ਵਿਚ ਲੋਹੇ ਦੀ ਤਾਰ ਲੈ ਕੇ ਸਾਬਨ ਉਤੇ ਚਲਾਈ ਹੈ (ਅਤੇ ਉਸ ਦੇ ਦੋ ਟੁਕੜੇ ਹੋ ਗਏ ਹਨ) ॥੨੦੨॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਚੰਡੀ-ਚਰਿਤ੍ਰ ਉਕਤਿ ਬਿਲਾਸ ਪ੍ਰਸੰਗ ਦੇ 'ਨਿਸ਼ੁੰਭ-ਬਧ' ਨਾਮਕ ਛੇਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ ॥੬॥
ਦੋਹਰਾ:
ਜਦੋਂ ਇਸ ਤਰ੍ਹਾਂ ਦੇਵੀ ਨੇ ਨਿਸ਼ੁੰਭ (ਦੈਂਤ) ਨੂੰ ਮਾਰ ਦਿੱਤਾ,