ਸ਼੍ਰੀ ਦਸਮ ਗ੍ਰੰਥ

ਅੰਗ - 1355


ਪੋਸਤ ਭਾਗ ਅਫੀਮ ਸਰਾਬ ਖਵਾਇ ਤੁਮੈ ਤਬ ਆਪੁ ਚੜੈਹੌ ॥

ਪੋਸਤ, ਭੰਗ, ਅਫ਼ੀਮ ਅਤੇ ਸ਼ਰਾਬ ਤੁਹਾਨੂੰ ਖਵਾ ਕੇ, ਤਦ ਆਪ ਚੜ੍ਹਾਵਾਂਗੀ।

ਕੋਟ ਉਪਾਵ ਕਰੌ ਕ੍ਯੋ ਨ ਮੀਤ ਪੈ ਕੇਲ ਕਰੇ ਬਿਨੁ ਜਾਨ ਨ ਦੈਹੌ ॥੧੩॥

ਹੇ ਮਿਤਰ! ਭਾਵੇਂ ਕਰੋੜਾਂ ਉਪਾ ਕਿਉਂ ਨਾ ਕਰੋ, ਪਰ (ਤੁਹਾਨੂੰ) ਕਾਮ-ਕ੍ਰੀੜਾ ਕੀਤੇ ਬਿਨਾ ਜਾਣ ਨਹੀਂ ਦਿਆਂਗੀ ॥੧੩॥

ਕੇਤਿਯੈ ਬਾਤ ਬਨਾਇ ਕਹੌ ਕਿਨ ਕੇਲ ਕਰੇ ਬਿਨੁ ਮੈ ਨ ਟਰੌਗੀ ॥

ਤੁਸੀਂ ਕਿਤਨੀਆਂ ਹੀ ਗੱਲਾਂ ਬਣਾ ਕੇ ਕਿਉਂ ਨਾ ਕਹੋ, ਮੈਂ ਰਤੀ-ਕ੍ਰੀੜਾ ਕੀਤੇ ਬਿਨਾ ਨਹੀਂ ਟਲਾਂਗੀ।

ਆਜੁ ਮਿਲੇ ਤੁਮਰੇ ਬਿਨੁ ਮੈ ਤਵ ਰੂਪ ਚਿਤਾਰਿ ਚਿਤਾਰਿ ਜਰੌਗੀ ॥

ਅਜ ਤੁਹਾਡੇ ਮਿਲੇ ਬਿਨਾ, ਮੈਂ ਤੁਹਾਡੇ ਰੂਪ ਦਾ ਧਿਆਨ ਕਰ ਕਰ ਕੇ ਸੜਦੀ ਰਹਾਂਗੀ।

ਹਾਰ ਸਿੰਗਾਰ ਸਭੈ ਘਰ ਬਾਰ ਸੁ ਏਕਹਿ ਬਾਰ ਬਿਸਾਰਿ ਧਰੌਗੀ ॥

ਸਾਰੇ ਹਾਰ ਸ਼ਿੰਗਾਰ ਅਤੇ ਘਰ ਬਾਰ ਇਕੋ ਹੀ ਵਾਰ ਭੁਲਾ ਦਿਆਂਗੀ।

ਕੈ ਕਰਿ ਪ੍ਯਾਰ ਮਿਲੋ ਇਕ ਬਾਰ ਕਿ ਯਾਰ ਬਿਨਾ ਉਰ ਫਾਰਿ ਮਰੌਗੀ ॥੧੪॥

ਜਾਂ ਤਾਂ ਪਿਆਰ ਨਾਲ ਇਕ ਵਾਰ ਮਿਲੋ, ਨਹੀਂ ਤਾਂ ਯਾਰ ਤੋਂ ਬਿਨਾ ਮੈਂ ਛਾਤੀ ਪਾੜ ਦਿਆਂਗੀ ॥੧੪॥

ਸੁੰਦਰ ਕੇਲ ਕਰੋ ਹਮਰੇ ਸੰਗ ਮੈ ਤੁਮਰੌ ਲਖਿ ਰੂਪ ਬਿਕਾਨੀ ॥

(ਹੇ ਰਾਜਨ!) ਮੇਰੇ ਨਾਲ ਕਾਮ-ਕ੍ਰੀੜਾ ਕਰੋ, ਮੈਂ ਤੇਰਾ ਰੂਪ ਵੇਖ ਕੇ ਵਿਕ ਗਈ ਹਾਂ।

ਠਾਵ ਨਹੀ ਜਹਾ ਜਾਉ ਕ੍ਰਿਪਾਨਿਧਿ ਆਜੁ ਭਈ ਦੁਤਿ ਦੇਖ ਦਿਵਾਨੀ ॥

ਹੇ ਕ੍ਰਿਪਾ ਨਿਧਾਨ! ਕੋਈ ਥਾਂ ਨਹੀਂ, ਜਿਥੇ ਜਾਵਾਂ। (ਮੈਂ) ਅਜ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਦੀਵਾਨੀ ਹੋ ਗਈ ਹਾਂ।

ਹੌ ਅਟਕੀ ਤਵ ਹੇਰਿ ਪ੍ਰਭਾ ਤੁਮ ਬਾਧਿ ਰਹੈ ਕਸਿ ਮੌਨ ਗੁਮਾਨੀ ॥

ਮੈਂ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਹੇ ਗੁਮਾਨੀ! ਤੁਸੀਂ ਕਿਸ ਲਈ ਮੌਨ ਧਾਰਨ ਕੀਤਾ ਹੋਇਆ ਹੈ।

ਜਾਨਤ ਘਾਤ ਨ ਮਾਨਤ ਬਾਤ ਸੁ ਜਾਤ ਬਿਹਾਤ ਦੁਹੂੰਨ ਕੀ ਜ੍ਵਾਨੀ ॥੧੫॥

(ਤੁਸੀਂ) ਨਾ ਮੌਕਾ ਸਮਝ ਰਹੇ ਹੋ ਤੇ ਨਾ ਗੱਲ ਮੰਨ ਰਹੇ ਹੋ, ਦੋਹਾਂ ਦੀ ਜਵਾਨੀ ਵਿਅਰਥ ਵਿਚ ਬੀਤ ਰਹੀ ਹੈ ॥੧੫॥

ਜੇਤਿਕ ਪ੍ਰੀਤਿ ਕੀ ਰੀਤਿ ਕੀ ਬਾਤ ਸੁ ਸਾਹ ਸੁਤਾ ਨ੍ਰਿਪ ਤੀਰ ਬਖਾਨੀ ॥

ਪ੍ਰੀਤ ਦੀ ਰੀਤ ਦੀ ਜਿਤਨੀ ਕੁ ਗੱਲ ਸੀ, ਸ਼ਾਹ ਦੀ ਪੁੱਤਰੀ ਨੇ ਰਾਜੇ ਪ੍ਰਤਿ ਕਹਿ ਦਿੱਤੀ।

ਚੌਕ ਰਹਾ ਚਹੂੰ ਓਰ ਚਿਤੈ ਕਰਿ ਬਾਧਿ ਰਹਾ ਮੁਖ ਮੌਨ ਗੁਮਾਨੀ ॥

(ਰਾਜਾ) ਹੈਰਾਨ ਹੋ ਕੇ ਚੌਹਾਂ ਪਾਸੇ ਵੇਖ ਰਿਹਾ ਸੀ ਅਤੇ ਗੁਮਾਨੀ ਨੇ ਮੁਖ ਉਤੇ ਚੁਪ ਸਾਧੀ ਹੋਈ ਸੀ।

ਹਾਹਿ ਰਹੀ ਕਹਿ ਪਾਇ ਰਹੀ ਗਹਿ ਗਾਇ ਥਕੀ ਗੁਨ ਏਕ ਨ ਜਾਨੀ ॥

(ਉਹ) 'ਹਾਇ ਹਾਇ' ਕਹਿੰਦੀ ਹੋਈ ਪੈਰਾਂ ਨੂੰ ਪਕੜਦੀ ਰਹੀ ਅਤੇ ਗੁਣ ਗਾ ਗਾ ਕੇ ਥਕ ਗਈ, (ਪਰ ਉਸ ਨੇ) ਇਕ ਨਾ ਸੁਣੀ।

ਬਾਧਿ ਰਹਾ ਜੜ ਮੋਨਿ ਮਹਾ ਓਹਿ ਕੋਟਿ ਕਹੀ ਇਹ ਏਕ ਨ ਮਾਨੀ ॥੧੬॥

ਉਸ ਮੂਰਖ ਨੇ ਮੌਨ ਧਾਰਨ ਕਰੀ ਰਖਿਆ। ਉਸ ਨੇ ਅਨੇਕ ਗੱਲਾਂ ਕਹੀਆਂ, ਪਰ ਇਸ ਨੇ ਇਕ ਵੀ ਨਾ ਮੰਨੀ ॥੧੬॥

ਚੌਪਈ ॥

ਚੌਪਈ:

ਜਬ ਭੂਪਤਿ ਇਕ ਬਾਤ ਨ ਮਾਨੀ ॥

ਜਦ ਰਾਜੇ ਨੇ ਇਕ ਗੱਲ ਵੀ ਨਾ ਮੰਨੀ,

ਸਾਹ ਸੁਤਾ ਤਬ ਅਧਿਕ ਰਿਸਾਨੀ ॥

ਤਦ ਸ਼ਾਹ ਦੀ ਪੁੱਤਰੀ ਬਹੁਤ ਕ੍ਰੋਧਵਾਨ ਹੋਈ।

ਸਖਿਯਨ ਨੈਨ ਸੈਨ ਕਰਿ ਦਈ ॥

(ਉਸ ਨੇ) ਸਖੀਆਂ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ

ਰਾਜਾ ਕੀ ਬਹੀਯਾ ਗਹਿ ਲਈ ॥੧੭॥

ਅਤੇ (ਉਨ੍ਹਾਂ ਨੇ) ਰਾਜੇ ਦੀਆਂ ਬਾਂਹਵਾਂ ਪਕੜ ਲਈਆਂ ॥੧੭॥

ਪਕਰਿ ਰਾਵ ਕੀ ਪਾਗ ਉਤਾਰੀ ॥

ਰਾਜੇ ਨੂੰ ਪਕੜ ਕੇ ਪਗ ਉਤਾਰ ਲਈ

ਪਨਹੀ ਮੂੰਡ ਸਾਤ ਸੈ ਝਾਰੀ ॥

ਅਤੇ ਸਿਰ ਵਿਚ ਸੱਤ ਸੌ ਜੁਤੀਆਂ ਮਾਰੀਆਂ।

ਦੁਤਿਯ ਪੁਰਖ ਕੋਈ ਤਿਹ ਨ ਨਿਹਾਰੌ ॥

ਉਥੇ ਕੋਈ ਹੋਰ ਪੁਰਸ਼ ਨਹੀਂ ਦਿਸਦਾ ਸੀ,

ਆਨਿ ਰਾਵ ਕੌ ਕਰੈ ਸਹਾਰੌ ॥੧੮॥

ਜੋ ਆ ਕੇ ਰਾਜੇ ਦੀ ਸਹਾਇਤਾ ਕਰਦਾ ॥੧੮॥

ਭੂਪ ਲਜਤ ਨਹਿ ਹਾਇ ਬਖਾਨੈ ॥

ਲਾਜ ਦਾ ਮਾਰਿਆ ਰਾਜਾ ਹਾਇ ਵੀ ਨਹੀਂ ਕਹਿ ਰਿਹਾ ਸੀ

ਜਿਨਿ ਕੋਈ ਨਰ ਮੁਝੈ ਪਛਾਨੈ ॥

ਕਿ ਕਿਤੇ ਕੋਈ ਬੰਦਾ ਮੈਨੂੰ ਪਛਾਣ ਨਾ ਲਏ।

ਸਾਹ ਸੁਤਾ ਇਤ ਨ੍ਰਿਪਹਿ ਨ ਛੋਰੈ ॥

ਸ਼ਾਹ ਦੀ ਪੁੱਤਰੀ ਇਸ ਤਰ੍ਹਾਂ ਰਾਜੇ ਨੂੰ ਛਡ ਨਹੀਂ ਰਹੀ ਸੀ

ਪਨਹੀ ਵਾਹਿ ਮੂੰਡ ਪਰ ਤੋਰੈ ॥੧੯॥

ਅਤੇ ਜੁਤੀ ਉਸ ਦੇ ਸਿਰ ਉਤੇ ਤੋੜ ਰਹੀ ਸੀ ॥੧੯॥

ਰਾਵ ਲਖਾ ਤ੍ਰਿਯ ਮੁਝੈ ਸੰਘਾਰੋ ॥

ਰਾਜੇ ਨੇ ਸਮਝ ਲਿਆ ਕਿ ਇਸਤਰੀ ਮੈਨੂੰ ਮਾਰ ਦੇਵੇਗੀ

ਕੋਈ ਨ ਪਹੁਚਾ ਸਿਵਕ ਹਮਾਰੋ ॥

ਅਤੇ ਮੇਰਾ ਕੋਈ ਸੇਵਕ ਵੀ ਨਹੀਂ ਪਹੁੰਚਿਆ ਹੈ।

ਅਬ ਯਹ ਮੁਝੈ ਨ ਜਾਨੈ ਦੈ ਹੈ ॥

ਹੁਣ ਇਹ ਮੈਨੂੰ ਜਾਣ ਨਹੀਂ ਦੇਵੇਗੀ

ਪਨੀ ਹਨਤ ਮ੍ਰਿਤ ਲੋਕ ਪਠੈ ਹੈ ॥੨੦॥

ਅਤੇ ਜੁਤੀਆਂ ਮਾਰ ਕੇ ਮ੍ਰਿਤੂ ਦੇ ਲੋਕ ਵਿਚ ਪਹੁੰਚਾ ਦੇਵੇਗੀ ॥੨੦॥

ਪਨਹੀ ਜਬ ਸੋਰਹ ਸੈ ਪਰੀ ॥

ਜਦ ਸੋਲ੍ਹਾਂ ਸੌ ਜੁਤੀਆਂ ਪੈ ਚੁਕੀਆਂ

ਤਬ ਰਾਜਾ ਕੀ ਆਖਿ ਉਘਰੀ ॥

ਤਾਂ ਰਾਜੇ ਦੀ ਅੱਖ ਖੁਲ੍ਹੀ।

ਇਹ ਅਬਲਾ ਗਹਿ ਮੋਹਿ ਸੰਘਰਿ ਹੈ ॥

(ਸੋਚਣ ਲਗਾ ਕਿ) ਇਹ ਅਬਲਾ ਮੈਨੂੰ ਪਕੜ ਕੇ ਮਾਰ ਦੇਵੇਗੀ,

ਕਵਨ ਆਨਿ ਹ੍ਯਾਂ ਮੁਝੈ ਉਬਰਿ ਹੈ ॥੨੧॥

ਕੌਣ ਇਥੇ ਆ ਕੇ ਮੈਨੂੰ ਬਚਾਏਗਾ ॥੨੧॥

ਪੁਨਿ ਰਾਜਾ ਇਹ ਭਾਤਿ ਬਖਾਨੋ ॥

ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ,

ਮੈ ਤ੍ਰਿਯ ਤੋਰ ਚਰਿਤ੍ਰ ਨ ਜਾਨੋ ॥

ਹੇ ਇਸਤਰੀ! ਮੈਂ ਤੇਰੇ ਚਰਿਤ੍ਰ ਨੂੰ ਜਾਣਿਆ ਨਹੀਂ ਸੀ।

ਅਬ ਜੂਤਿਨ ਸੌ ਮੁਝੈ ਨ ਮਾਰੋ ॥

ਹੁਣ ਮੈਨੂੰ ਜੁਤੀਆਂ ਨਾਲ ਨਾ ਮਾਰੋ,

ਜੌ ਚਾਹੌ ਤੌ ਆਨਿ ਬਿਹਾਰੋ ॥੨੨॥

ਜਿਵੇਂ ਚਾਹੋ, (ਮੇਰੇ ਨਾਲ) ਆ ਕੇ ਰਮਣ ਕਰੋ ॥੨੨॥

ਸਾਹ ਸੁਤਾ ਜਬ ਯੌ ਸੁਨਿ ਪਾਈ ॥

ਸ਼ਾਹ ਦੀ ਪੁੱਤਰੀ ਨੇ ਜਦੋਂ ਇਸ ਤਰ੍ਹਾਂ ਸੁਣਿਆ

ਨੈਨ ਸੈਨ ਦੈ ਸਖੀ ਹਟਾਈ ॥

ਤਾਂ ਅੱਖ ਦੇ ਇਸ਼ਾਰੇ ਨਾਲ ਸਖੀਆਂ ਨੂੰ ਹਟਾ ਦਿੱਤਾ।

ਆਪੁ ਗਈ ਰਾਜਾ ਪਹਿ ਧਾਇ ॥

ਆਪ ਰਾਜੇ ਕੋਲ ਭਜ ਕੇ ਗਈ

ਕਾਮ ਭੋਗ ਕੀਨਾ ਲਪਟਾਇ ॥੨੩॥

ਅਤੇ ਲਿਪਟ ਲਿਪਟ ਕੇ ਕਾਮ-ਭੋਗ ਕੀਤਾ ॥੨੩॥

ਪੋਸਤ ਭਾਗ ਅਫੀਮ ਮਿਲਾਇ ॥

ਪੋਸਤ, ਭੰਗ ਅਤੇ ਅਫ਼ੀਮ ਮਿਲਾ ਕੇ (ਸੇਵਨ ਕੀਤਾ)

ਆਸਨ ਤਾ ਤਰ ਦਿਯੋ ਬਨਾਇ ॥

ਅਤੇ ਉਸ ਹੇਠਾਂ ਚੰਗੀ ਤਰ੍ਹਾਂ ਆਸਣ ਜਮਾਏ।

ਚੁੰਬਨ ਰਾਇ ਅਲਿੰਗਨ ਲਏ ॥

ਰਾਜੇ ਨੇ ਚੁੰਬਨ ਅਤੇ ਆਲਿੰਗਨ ਲਏ

ਲਿੰਗ ਦੇਤ ਤਿਹ ਭਗ ਮੋ ਭਏ ॥੨੪॥

ਅਤੇ ਉਸ ਨਾਲ ਮਰਦਾਵਾਂ ਕਰਮ ਕੀਤਾ ॥੨੪॥

ਭਗ ਮੋ ਲਿੰਗ ਦਿਯੋ ਰਾਜਾ ਜਬ ॥

ਜਦ ਰਾਜੇ ਨੇ ਪੁਰਸ਼ ਵਾਲਾ ਆਚਾਰ ਕੀਤਾ,

ਰੁਚਿ ਉਪਜੀ ਤਰਨੀ ਕੇ ਜਿਯ ਤਬ ॥

ਤਦ ਇਸਤਰੀ ਦੇ ਮਨ ਵਿਚ ਬਹੁਤ ਰੁਚੀ ਪੈਦਾ ਹੋਈ।

ਲਪਟਿ ਲਪਟਿ ਆਸਨ ਤਰ ਗਈ ॥

ਉਸ ਨੇ ਲਿਪਟ ਲਿਪਟ ਕੇ ਆਸਣ ਕੀਤੇ

ਚੁੰਬਨ ਕਰਤ ਭੂਪ ਕੇ ਭਈ ॥੨੫॥

ਅਤੇ ਰਾਜੇ ਦੇ ਚੁੰਬਨ ਲੈਣ ਲਗੀ ॥੨੫॥

ਗਹਿ ਗਹਿ ਤਿਹ ਕੋ ਗਰੇ ਲਗਾਵਾ ॥

ਉਸ ਨੂੰ ਪਕੜ ਪਕੜ ਕੇ ਗਲੇ ਨਾਲ ਲਗਾਇਆ

ਆਸਨ ਸੌ ਆਸਨਹਿ ਛੁਹਾਵਾ ॥

ਅਤੇ ਆਸਣ ਨਾਲ ਆਸਣ ਛੋਹਾਇਆ।

ਅਧਰਨ ਸੌ ਦੋਊ ਅਧਰ ਲਗਾਈ ॥

ਦੋਹਾਂ ਬੁਲ੍ਹਾਂ ਨਾਲ ਬੁਲ੍ਹ ਲਗਾਏ

ਦੁਹੂੰ ਕੁਚਨ ਸੌ ਕੁਚਨ ਮਿਲਾਈ ॥੨੬॥

ਅਤੇ ਦੋਹਾਂ ਕੁਚਾਂ ਨਾਲ ਕੁਚ ਮਿਲਾਏ ॥੨੬॥

ਇਹ ਬਿਧਿ ਭੋਗ ਕਿਯਾ ਰਾਜਾ ਤਨ ॥

ਉਸ ਨੇ ਰਾਜੇ ਨਾਲ ਇਸ ਤਰ੍ਹਾਂ ਦਾ ਭੋਗ ਕੀਤਾ

ਜਿਹ ਬਿਧਿ ਰੁਚਾ ਚੰਚਲਾ ਕੇ ਮਨ ॥

ਜਿਹੋ ਜਿਹਾ ਇਸਤਰੀ ਦੇ ਮਨ ਨੂੰ ਚੰਗਾ ਲਗਾ।

ਬਹੁਰੌ ਰਾਵ ਬਿਦਾ ਕਰਿ ਦਿਯੋ ॥

(ਉਸ ਨੇ) ਫਿਰ ਰਾਜੇ ਨੂੰ ਵਿਦਾ ਕਰ ਦਿੱਤਾ

ਅਨਤ ਦੇਸ ਕੋ ਮਾਰਗ ਲਿਯੋ ॥੨੭॥

ਅਤੇ ਕਿਸੇ ਦੂਜੇ ਦੇਸ ਦਾ ਰਾਹ ਫੜਿਆ ॥੨੭॥

ਰਤਿ ਕਰਿ ਰਾਵ ਬਿਦਾ ਕਰਿ ਦਿਯਾ ॥

ਰਤੀ-ਕ੍ਰੀੜਾ ਕਰ ਕੇ ਰਾਜੇ ਨੂੰ ਵਿਦਾ ਕਰ ਦਿੱਤਾ।

ਐਸਾ ਚਰਿਤ ਚੰਚਲਾ ਕਿਯਾ ॥

ਇਸ ਤਰ੍ਹਾਂ ਦਾ ਚੰਚਲਾ ਨੇ ਚਰਿਤ੍ਰ ਕੀਤਾ।

ਅਵਰ ਪੁਰਖ ਸੌ ਰਾਵ ਨ ਭਾਖਾ ॥

ਰਾਜੇ ਨੇ ਕਿਸੇ ਹੋਰ ਆਦਮੀ ਨੂੰ ਨਾ ਦਸਿਆ।

ਜੋ ਤ੍ਰਿਯ ਕਿਯ ਸੋ ਜਿਯ ਮੋ ਰਾਖਾ ॥੨੮॥

ਜੋ ਇਸਤਰੀ ਨੇ ਕੀਤਾ, ਉਸ ਨੂੰ ਮਨ ਵਿਚ ਹੀ ਰਖਿਆ ॥੨੮॥

ਦੋਹਰਾ ॥

ਦੋਹਰਾ:

ਕਿਤਕ ਦਿਨਨ ਨ੍ਰਿਪ ਚੰਚਲਾ ਪੁਨਿ ਵਹੁ ਲਈ ਬੁਲਾਇ ॥

ਕਿਤਨਿਆਂ ਦਿਨਾਂ ਬਾਦ ਰਾਜੇ ਨੇ ਉਸ ਇਸਤਰੀ ਨੂੰ ਫਿਰ ਬੁਲਾ ਲਿਆ

ਰਾਨੀ ਕਰਿ ਰਾਖੀ ਸਦਨ ਸਕਾ ਨ ਕੋ ਛਲ ਪਾਇ ॥੨੯॥

ਅਤੇ ਉਸ ਨੂੰ ਮਹੱਲ ਵਿਚ ਰਾਣੀ ਕਰ ਕੇ ਰਖ ਲਿਆ। (ਉਸ ਦੇ) ਛਲ ਨੂੰ ਕੋਈ ਵੀ ਨਾ ਸਮਝ ਸਕਿਆ ॥੨੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਦੋਇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੨॥੭੧੨੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੨॥੭੧੨੩॥ ਚਲਦਾ॥

ਚੌਪਈ ॥

ਚੌਪਈ:

ਸੁਨ ਨ੍ਰਿਪ ਔਰ ਚਰਿਤ੍ਰ ਬਖਾਨੋ ॥

ਹੇ ਰਾਜਨ! ਸੁਣੋ, ਇਕ ਹੋਰ ਚਰਿਤ੍ਰ ਕਹਿੰਦਾ ਹਾਂ

ਜਿਹ ਬਿਧਿ ਕਿਯਾ ਚੰਚਲਾ ਜਾਨੋ ॥

ਜਿਸ ਤਰ੍ਹਾਂ ਉਸ ਇਸਤਰੀ ਨੇ ਕੀਤਾ ਸੀ, ਸੋ ਜਾਣ ਲਵੋ।

ਅਨਦਾਵਤੀ ਨਗਰ ਇਕ ਸੋਹੈ ॥

ਅਨਦਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।

ਰਾਇ ਸਿੰਘ ਰਾਜਾ ਤਹ ਕੋ ਹੈ ॥੧॥

ਉਥੋਂ ਦਾ ਰਾਜਾ ਰਾਇ ਸਿੰਘ ਸੀ ॥੧॥


Flag Counter