ਸ਼੍ਰੀ ਦਸਮ ਗ੍ਰੰਥ

ਅੰਗ - 834


ਕਹੈ ਤੁਮੈ ਸੋ ਕੀਜਿਯਹੁ ਜੁ ਕਛੁ ਤੁਹਾਰੇ ਸਾਥ ॥੯॥

ਜੋ ਮੈਂ ਤੁਹਾਨੂੰ ਕਰਨ ਲਈ ਕਹਾਂ, ਉਹੋ ਤੁਸੀਂ ਕਰੋ ॥੯॥

ਭੁਜੰਗ ਛੰਦ ॥

ਭੁਜੰਗ ਛੰਦ:

ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ॥

ਉਹ ਰਾਜਾ ਸਾਧ ਦਾ ਭੇਸ ਧਾਰ ਕੇ

ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥

ਅਤੇ ਆਪਣੇ ਮਨ ਵਿਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ।

ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ ॥

(ਉਹ) ਸੌਣ ਵੇਲੇ ਉਸ ਵਲ ਚਲ ਪਿਆ ਅਤੇ ਫਿਰ ਵਾਪਸ ਨਾ ਮੁੜਿਆ;

ਧਸ੍ਰਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ ॥੧੦॥

ਸਿਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ ॥੧੦॥

ਚੌਪਈ ॥

ਚੌਪਈ:

ਲਖਿ ਤ੍ਰਿਯ ਤਾਹਿ ਸੁ ਭੇਖ ਬਨਾਯੋ ॥

ਇਸਤਰੀ ਨੇ ਉਸ ਨੂੰ ਵੇਖ ਕੇ (ਆਪਣਾ) ਸਰੂਪ ਸੰਵਾਰਿਆ।

ਫੂਲ ਪਾਨ ਅਰੁ ਕੈਫ ਮੰਗਾਯੋ ॥

ਫੁਲ, ਪਾਨ ਅਤੇ ਸ਼ਰਾਬ ਮੰਗਾਈ।

ਆਗੇ ਟਰਿ ਤਾ ਕੋ ਤਿਨ ਲੀਨਾ ॥

ਉਸ ਨੇ ਰਾਜੇ ਨੂੰ ਅਗੋਂ ਲਿਆ

ਚਿਤ ਕਾ ਸੋਕ ਦੂਰਿ ਕਰਿ ਦੀਨਾ ॥੧੧॥

ਅਤੇ ਆਪਣੇ ਚਿਤ ਦਾ ਦੁਖ ਦੂਰ ਕਰ ਦਿੱਤਾ ॥੧੧॥

ਦੋਹਰਾ ॥

ਦੋਹਰਾ:

ਬਸਤ੍ਰ ਪਹਿਰਿ ਬਹੁ ਮੋਲ ਕੇ ਅਤਿਥ ਭੇਸ ਕੋ ਡਾਰਿ ॥

(ਰਾਜੇ ਨੇ) ਸਾਧ ਦੇ ਭੇਸ ਨੂੰ ਉਤਾਰ ਕੇ ਵੱਡ ਮੁਲੇ ਬਸਤ੍ਰ ਪਾ ਲਏ।

ਤਵਨ ਸੇਜ ਸੋਭਿਤ ਕਰੀ ਉਤਮ ਭੇਖ ਸੁਧਾਰਿ ॥੧੨॥

ਚੰਗੀ ਤਰ੍ਹਾਂ ਸੁਸਜਿਤ ਹੋ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ ॥੧੨॥

ਤਬ ਤਾ ਸੋ ਤ੍ਰਿਯ ਯੌ ਕਹੀ ਭੋਗ ਕਰਹੁ ਮੁਹਿ ਸਾਥ ॥

ਤਦ ਉਸ ਨੂੰ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਨਾਲ ਰਤੀ-ਕ੍ਰੀੜਾ ਕਰੋ

ਪਸੁ ਪਤਾਰਿ ਦੁਖ ਦੈ ਘਨੋ ਮੈ ਬੇਚੀ ਤਵ ਹਾਥ ॥੧੩॥

ਕਿਉਂਕਿ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਮੈਨੂੰ ਬਹੁਤ ਦੁਖ ਦਿੱਤਾ ਹੈ, (ਇਸ ਲਈ) ਮੈਂ ਤੁਹਾਡੇ ਹੱਥ ਵਿਚ ਵਿਕ ਚੁਕੀ ਹਾਂ ॥੧੩॥

ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ ॥

ਰਾਜੇ ਨੇ ਉਸ ਥਾਂ ਤੇ ਬੈਠ ਕੇ ਮਨ ਵਿਚ ਵਿਚਾਰ ਕੀਤਾ

ਮੰਤ੍ਰ ਲੈਨ ਆਯੋ ਹੁਤੋ ਭਈ ਔਰ ਕੀ ਔਰ ॥੧੪॥

ਕਿ (ਮੈਂ ਤਾਂ) ਮੰਤਰ ਲੈਣ ਆਇਆ ਸਾਂ, (ਪਰ ਇਥੇ ਤਾਂ) ਹੋਰ ਦੀ ਹੋਰ ਹੀ (ਗੱਲ) ਬਣ ਗਈ ਹੈ ॥੧੪॥

ਅੜਿਲ ॥

ਅੜਿਲ:

ਭਏ ਪੂਜ ਤੋ ਕਹਾ ਗੁਮਾਨ ਨ ਕੀਜਿਯੈ ॥

(ਇਸਤਰੀ ਨੇ ਕਿਹਾ) ਜੇ ਪੂਜਣ ਯੋਗ ਹੋ ਗਏ ਤਾਂ ਕੀ ਹੋ ਗਿਆ, (ਫਿਰ ਵੀ) ਹੰਕਾਰ ਨਹੀਂ ਕਰਨਾ ਚਾਹੀਦਾ।

ਧਨੀ ਭਏ ਤੋ ਦੁਖ੍ਯਨ ਨਿਧਨ ਨ ਦੀਜਿਯੈ ॥

ਜੇ ਧਨਵਾਨ ਹੋ ਗਏ ਤਾਂ ਨਿਰਧਨਾਂ ਨੂੰ ਦੁਖ ਨਹੀਂ ਦੇਣਾ ਚਾਹੀਦਾ।

ਰੂਪ ਭਯੋ ਤੋ ਕਹਾ ਐਂਠ ਨਹਿ ਠਾਨਿਯੈ ॥

ਜੇ ਰੂਪਵਾਨ ਹੋ ਗਏ ਤਾਂ ਕੀ ਹੋਇਆ, ਆਕੜਨਾ ਨਹੀਂ ਚਾਹੀਦਾ।

ਹੋ ਧਨ ਜੋਬਨ ਦਿਨ ਚਾਰਿ ਪਾਹੁਨੋ ਜਾਨਿਯੈ ॥੧੫॥

ਧਨ ਅਤੇ ਜੋਬਨ ਨੂੰ ਚਾਰ ਦਿਨਾਂ ਦਾ ਪ੍ਰਾਹੁਣਾ ਹੀ ਸਮਝਣਾ ਚਾਹੀਦਾ ਹੈ ॥੧੫॥

ਛੰਦ ॥

ਛੰਦ:

ਧਰਮ ਕਰੇ ਸੁਭ ਜਨਮ ਧਰਮ ਤੇ ਰੂਪਹਿ ਪੈਯੈ ॥

(ਰਾਜੇ ਨੇ ਕਿਹਾ) ਧਰਮ (ਕਰਮ) ਕਰਨ ਨਾਲ ਸ਼ੁਭ ਜਨਮ (ਪ੍ਰਾਪਤ ਹੁੰਦਾ ਹੈ) ਅਤੇ ਧਰਮ ਤੋਂ ਹੀ ਰੂਪ ਦੀ ਪ੍ਰਾਪਤੀ ਹੁੰਦੀ ਹੈ।

ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸੁਹੈਯੈ ॥

ਧਰਮ (ਕਰਮ) ਕਰਨ ਨਾਲ ਧਨ ਅਤੇ ਧਾਮ (ਮਿਲਦੇ ਹਨ) ਅਤੇ ਧਰਮ (ਕਰਮ) ਨਾਲ ਹੀ ਰਾਜ ਸ਼ੋਭਾਸ਼ਾਲੀ ਹੁੰਦਾ ਹੈ।

ਕਹਿਯੋ ਤੁਹਾਰੋ ਮਾਨਿ ਧਰਮ ਕੈਸੇ ਕੈ ਛੋਰੋ ॥

ਤੇਰਾ ਕਿਹਾ ਮੰਨ ਕੇ (ਮੈਂ) ਧਰਮ ਨੂੰ ਕਿਸ ਤਰ੍ਹਾਂ ਛਡ ਦਿਆਂ

ਮਹਾ ਨਰਕ ਕੇ ਬੀਚ ਦੇਹ ਅਪਨੀ ਕ੍ਯੋ ਬੋਰੋ ॥੧੬॥

ਅਤੇ ਆਪਣੀ ਦੇਹ ਨੂੰ ਮਹਾ ਨਰਕ ਵਿਚ ਕਿਉਂ ਡੋਬਾਂ ॥੧੬॥

ਕਹਿਯੋ ਤੁਮਾਰੋ ਮਾਨਿ ਭੋਗ ਤੋਸੋ ਨਹਿ ਕਰਿਹੋ ॥

ਤੇਰਾ ਕਿਹਾ ਮਨ ਕੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਨਹੀਂ ਕਰਾਂਗਾ।

ਕੁਲਿ ਕਲੰਕ ਕੇ ਹੇਤ ਅਧਿਕ ਮਨ ਭੀਤਰ ਡਰਿਹੋ ॥

ਕੁਲ ਨੂੰ ਕਲੰਕ ਲਗ ਜਾਣ ਕਰ ਕੇ (ਮੈਂ) ਮਨ ਵਿਚ ਬਹੁਤ ਡਰਦਾ ਹਾਂ।

ਛੋਰਿ ਬ੍ਰਯਾਹਿਤਾ ਨਾਰਿ ਕੇਲ ਤੋ ਸੋ ਨ ਕਮਾਊ ॥

(ਮੈਂ ਆਪਣੀ) ਵਿਆਹੀ ਹੋਈ ਇਸਤਰੀ ਨੂੰ ਛਡ ਕੇ ਤੇਰੇ ਨਾਲ ਕਾਮ-ਕੇਲ ਨਹੀਂ ਕਰਾਂਗਾ।

ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊ ॥੧੭॥

(ਅਜਿਹਾ ਕਰਨ ਨਾਲ ਮੈਂ) ਧਰਮਰਾਜ ਦੀ ਸਭਾ ਵਿਚ ਸਥਾਨ ਕਿਸ ਤਰ੍ਹਾਂ ਪ੍ਰਾਪਤ ਕਰਾਂਗਾ ॥੧੭॥

ਦੋਹਰਾ ॥

ਦੋਹਰਾ:

ਕਾਮਾਤੁਰ ਹ੍ਵੈ ਜੋ ਤ੍ਰਿਯਾ ਆਵਤ ਨਰ ਕੇ ਪਾਸ ॥

(ਇਸਤਰੀ ਨੇ ਉੱਤਰ ਦਿੱਤਾ) ਕਾਮ ਤੋਂ ਦੁਖੀ ਹੋ ਕੇ ਜੇ (ਕੋਈ) ਇਸਤਰੀ ਮਰਦ ਕੋਲ ਆਉਂਦੀ ਹੈ,

ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ ॥੧੮॥

ਜੋ (ਮਰਦ ਉਸ ਨੂੰ) ਨਿਰਾਸ ਜਾਣ ਦਿੰਦਾ ਹੈ, (ਉਸ ਨੂੰ) ਮਹਾਨ ਨਰਕ ਵਿਚ ਸੁਟਣਾ ਚਾਹੀਦਾ ਹੈ ॥੧੮॥

ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ ॥

(ਰਾਜੇ ਨੇ ਕਿਹਾ) (ਤੂੰ) ਸਦਾ ਮੇਰੇ ਪੈਰੀਂ ਪੈਂਦੀ ਹੈਂ ਅਤੇ ਮੇਰੀ ਪੂਜਾ ਕਰਦੀ ਹੈਂ।

ਤਾ ਸੋ ਰੀਝ ਰਮ੍ਯੋ ਚਹਤ ਲਾਜ ਨ ਆਵਤ ਤੋਹਿ ॥੧੯॥

ਉਸ (ਵਿਅਕਤੀ) ਨਾਲ ਰੀਝ ਕੇ ਤੂੰ ਕਾਮ-ਕੇਲ ਕਰਨਾ ਚਾਹੁੰਦੀ ਹੈਂ, ਕੀ ਤੈਨੂੰ ਲੱਜਾ ਨਹੀਂ ਆਉਂਦੀ ॥੧੯॥

ਭੁਜੰਗ ਛੰਦ ॥

ਭੁਜੰਗ ਛੰਦ:

ਕ੍ਰਿਸਨ ਪੂਜ ਜਗ ਕੇ ਭਏ ਕੀਨੀ ਰਾਸਿ ਬਨਾਇ ॥

(ਇਸਤਰੀ ਨੇ ਉੱਤਰ ਵਿਚ ਕਿਹਾ) ਕ੍ਰਿਸ਼ਨ ਜਗਤ ਵਿਚ ਪੂਜੇ ਜਾਂਦੇ ਸਨ, ਉਨ੍ਹਾਂ ਨੇ ਵੀ ਰਾਸ-ਲੀਲਾ ਰਚੀ ਸੀ।

ਭੋਗ ਰਾਧਿਕਾ ਸੋ ਕਰੇ ਪਰੇ ਨਰਕ ਨਹਿ ਜਾਇ ॥੨੦॥

(ਉਹ) ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ (ਪਰ ਉਹ) ਨਰਕ ਵਿਚ ਨਹੀਂ ਪਏ ॥੨੦॥

ਪੰਚ ਤਤ ਲੈ ਬ੍ਰਹਮ ਕਰ ਕੀਨੀ ਨਰ ਕੀ ਦੇਹ ॥

ਬ੍ਰਹਮ (ਜਾਂ ਬ੍ਰਹਮਾ) ਨੇ ਪੰਜ ਤੱਤਾਂ ਤੋਂ ਮਰਦ ਦੀ ਦੇਹ ਬਣਾਈ ਹੈ

ਕੀਯਾ ਆਪ ਹੀ ਤਿਨ ਬਿਖੈ ਇਸਤ੍ਰੀ ਪੁਰਖ ਸਨੇਹ ॥੨੧॥

ਅਤੇ ਆਪ ਹੀ ਉਸ ਵਿਚ ਇਸਤਰੀ-ਪੁਰਸ਼ ਦੇ ਪਿਆਰ ਦੀ ਵਿਵਸਥਾ ਕੀਤੀ ਹੈ ॥੨੧॥

ਚੌਪਈ ॥

ਚੌਪਈ:

ਤਾ ਤੇ ਆਨ ਰਮੋ ਮੋਹਿ ਸੰਗਾ ॥

ਇਸ ਲਈ ਮੇਰੇ ਨਾਲ ਕਾਮ-ਕੇਲ ਕਰੋ,

ਬ੍ਯਾਪਤ ਮੁਰ ਤਨ ਅਧਿਕ ਅਨੰਗਾ ॥

(ਕਿਉਂਕਿ) ਮੇਰੇ ਸ਼ਰੀਰ ਵਿਚ ਕਾਮ ਭਾਵ ਬਹੁਤ ਪਸਰ ਗਿਆ ਹੈ।

ਆਜ ਮਿਲੇ ਤੁਮਰੇ ਬਿਨੁ ਮਰਿਹੋ ॥

ਅਜ ਤੁਹਾਡੇ ਨਾਲ ਸੰਯੋਗ ਪ੍ਰਾਪਤ ਕੀਤੇ ਬਿਨਾ ਮਰ ਜਾਵਾਂਗੀ

ਬਿਰਹਾਨਲ ਕੇ ਭੀਤਰਿ ਜਰਿਹੋ ॥੨੨॥

ਅਤੇ ਵਿਯੋਗ ਦੀ ਅੱਗ ਵਿਚ ਸੜ ਜਾਵਾਂਗੀ ॥੨੨॥

ਦੋਹਰਾ ॥

ਦੋਹਰਾ:

ਅੰਗ ਤੇ ਭਯੋ ਅਨੰਗ ਤੌ ਦੇਤ ਮੋਹਿ ਦੁਖ ਆਇ ॥

(ਮੇਰੇ) ਸ਼ਰੀਰ ਵਿਚ ਕਾਮ ਪਸਰ ਗਿਆ ਹੈ ਅਤੇ ਮੈਨੂੰ ਆ ਕੇ ਬਹੁਤ ਦੁਖ ਦਿੰਦਾ ਹੈ।

ਮਹਾ ਰੁਦ੍ਰ ਜੂ ਕੋ ਪਕਰਿ ਤਾਹਿ ਨ ਦਯੋ ਜਰਾਇ ॥੨੩॥

ਉਸ ਨੂੰ ਸ਼ਿਵ ਜੀ ਨੇ ਪਕੜ ਕੇ ਸਾੜ ਹੀ ਕਿਉਂ ਨਾ ਦਿੱਤਾ (ਤਾਂ ਜੋ ਮੇਰੀ ਅਜਿਹੀ ਦਸ਼ਾ ਨਾ ਕਰ ਸਕਦਾ) ॥੨੩॥

ਛੰਦ ॥

ਛੰਦ:

ਧਰਹੁ ਧੀਰਜ ਮਨ ਬਾਲ ਮਦਨ ਤੁਮਰੋ ਕਸ ਕਰਿ ਹੈ ॥

(ਰਾਜੇ ਨੇ ਕਿਹਾ) ਹੇ ਬਾਲਾ! ਮਨ ਵਿਚ ਧੀਰਜ ਧਰ, ਕਾਮ ਦੇਵ ਤੇਰਾ ਕੀ ਕਰੇਗਾ?

ਮਹਾ ਰੁਦ੍ਰ ਕੋ ਧ੍ਯਾਨ ਧਰੋ ਮਨ ਬੀਚ ਸੁ ਡਰਿ ਹੈ ॥

(ਤੂੰ) ਮਨ ਵਿਚ ਮਹਾ ਰੁਦ੍ਰ ਦਾ ਧਿਆਨ ਧਰ, ਉਹ ਡਰ ਜਾਵੇਗਾ।

ਹਮ ਨ ਤੁਮਾਰੇ ਸੰਗ ਭੋਗ ਰੁਚਿ ਮਾਨਿ ਕਰੈਗੇ ॥

ਮੈਂ ਤੇਰੇ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਨਹੀਂ ਕਰਾਂਗਾ।

ਤ੍ਯਾਗਿ ਧਰਮ ਕੀ ਨਾਰਿ ਤੋਹਿ ਕਬਹੂੰ ਨ ਬਰੈਗੇ ॥੨੪॥

(ਮੈਂ ਆਪਣੀ) ਧਰਮ ਪਤਨੀ ਨੂੰ ਛਡ ਕੇ ਤੈਨੂੰ ਕਦੇ ਵੀ ਨਹੀਂ ਵਰਾਂਗਾ ॥੨੪॥

ਅੜਿਲ ॥

ਅੜਿਲ:

ਕਹਿਯੋ ਤਿਹਾਰੋ ਮਾਨਿ ਭੋਗ ਤੋਸੋ ਕ੍ਯੋਨ ਕਰਿਯੈ ॥

ਤੇਰਾ ਕਿਹਾ ਮਨ ਕੇ (ਮੈਂ) ਤੇਰੇ ਨਾਲ ਕਾਮ-ਕ੍ਰੀੜਾ ਕਿਉਂ ਕਰਾਂ?

ਘੋਰ ਨਰਕ ਕੇ ਬੀਚ ਜਾਇ ਪਰਬੇ ਤੇ ਡਰਿਯੈ ॥

(ਮੈਂ) ਭਿਆਨਕ ਨਰਕ ਵਿਚ ਜਾ ਪੈਣ ਤੋਂ ਡਰਦਾ ਹਾਂ।

ਤਬ ਆਲਿੰਗਨ ਕਰੇ ਧਰਮ ਅਰਿ ਕੈ ਮੁਹਿ ਗਹਿ ਹੈ ॥

ਤੇਰੇ ਨਾਲ ਸੰਯੋਗ ਕਰਨ ਨਾਲ ਮੈਂ ਧਰਮ ਦੇ ਵੈਰੀ ਨੂੰ ਗ੍ਰਹਿਣ ਕਰਾਂਗਾ (ਅਰਥਾਤ ਧਰਮ ਦੇ ਉਲਟ ਕੰਮ ਕਰਾਂਗਾ)।

ਹੋ ਅਤਿ ਅਪਜਸ ਕੀ ਕਥਾ ਜਗਤ ਮੋ ਕੌ ਨਿਤਿ ਕਹਿ ਹੈ ॥੨੫॥

(ਇਸ ਨਾਲ) ਜਗਤ ਵਿਚ ਨਿੱਤ ਮੇਰੇ ਅਪਜਸ ਦੀ ਕਥਾ ਚਲ ਪਏਗੀ ॥੨੫॥

ਚਲੈ ਨਿੰਦ ਕੀ ਕਥਾ ਬਕਤ੍ਰ ਕਸ ਤਿਸੈ ਦਿਖੈਹੋ ॥

ਨਿੰਦਿਆ ਦੀ ਕਥਾ ਚਲ ਪੈਣ ਨਾਲ (ਮੈਂ ਆਪਣਾ) ਮੂੰਹ (ਜਗਤ ਨੂੰ) ਕਿਵੇਂ ਦਿਖਾਵਾਂਗਾ।

ਧਰਮ ਰਾਜ ਕੀ ਸਭਾ ਜ੍ਵਾਬ ਕੈਸੇ ਕਰਿ ਦੈਹੌ ॥

ਧਰਮਰਾਜ ਦੀ ਸਭਾ ਵਿਚ (ਸੁਆਲਾਂ ਦਾ) ਉੱਤਰ ਕਿਸ ਤਰ੍ਹਾਂ ਦਿਆਂਗਾ।

ਛਾਡਿ ਯਰਾਨਾ ਬਾਲ ਖ੍ਯਾਲ ਹਮਰੇ ਨਹਿ ਪਰਿਯੈ ॥

ਹੇ ਬਾਲਾ! ਮੇਰੇ ਨਾਲ ਯਾਰਾਨਾ ਛਡ ਦੇ ਅਤੇ ਮੇਰੇ ਖਿਆਲ ਨਾ ਪੈ।

ਕਹੀ ਸੁ ਹਮ ਸੋ ਕਹੀ ਬਹੁਰਿ ਯਹ ਕਹਿਯੋ ਨ ਕਰਿਯੈ ॥੨੬॥

(ਜੋ) ਮੈਨੂੰ ਕਹਿ ਦਿੱਤਾ, ਸੋ ਕਹਿ ਦਿੱਤਾ, ਫਿਰ (ਅਜਿਹਾ) ਕਹਿਣ ਦਾ (ਉਦਮ) ਨਾ ਕਰਨਾ ॥੨੬॥

ਨੂਪ ਕੁਅਰਿ ਯੌ ਕਹੀ ਭੋਗ ਮੋ ਸੌ ਪਿਯ ਕਰਿਯੈ ॥

ਨੂਪ ਕੁਅਰਿ (ਕੌਰ) ਨੇ ਇਸ ਤਰ੍ਹਾਂ ਕਿਹਾ ਕਿ ਹੇ ਪ੍ਰਿਯ! (ਜੇ ਤੁਸੀਂ) ਮੇਰੇ ਨਾਲ ਭੋਗ ਕਰੋਗੇ

ਪਰੇ ਨ ਨਰਕ ਕੇ ਬੀਚ ਅਧਿਕ ਚਿਤ ਮਾਹਿ ਨ ਡਰਿਯੈ ॥

ਤਾਂ ਨਰਕ ਵਿਚ ਨਹੀਂ ਪਵੋਗੇ, (ਇਸ ਲਈ) ਚਿਤ ਵਿਚ ਬਹੁਤ ਨਾ ਡਰੋ।

ਨਿੰਦ ਤਿਹਾਰੀ ਲੋਗ ਕਹਾ ਕਰਿ ਕੈ ਮੁਖ ਕਰਿ ਹੈ ॥

ਤੁਹਾਡੀ ਨਿੰਦਿਆ ਲੋਕੀ ਕਿਵੇਂ ਮੂੰਹ ਨਾਲ ਕਰਨਗੇ

ਤ੍ਰਾਸ ਤਿਹਾਰੇ ਸੌ ਸੁ ਅਧਿਕ ਚਿਤ ਭੀਤਰ ਡਰਿ ਹੈ ॥੨੭॥

(ਕਿਉਂਕਿ) ਉਹ ਤੁਹਾਡੇ ਡਰ ਤੋਂ ਮਨ ਵਿਚ ਬਹੁਤ ਭੈ ਭੀਤ ਹੁੰਦੇ ਹਨ ॥੨੭॥

ਤੌ ਕਰਿ ਹੈ ਕੋਊ ਨਿੰਦ ਕਛੂ ਜਬ ਭੇਦ ਲਹੈਂਗੇ ॥

ਤਦ ਹੀ ਕੋਈ ਤੁਹਾਡੀ ਨਿੰਦਿਆ ਕਰੇਗਾ, ਜਦ (ਉਸ ਨੂੰ) ਭੇਦ ਪਤਾ ਲਗੇਗਾ।

ਜੌ ਲਖਿ ਹੈ ਕੋਊ ਬਾਤ ਤ੍ਰਾਸ ਤੋ ਮੋਨਿ ਰਹੈਂਗੇ ॥

ਜੇ ਕੋਈ ਗੱਲ ਜਾਣ ਵੀ ਲਏਗਾ ਤਾਂ ਤੁਹਾਡੇ ਡਰ ਦੇ ਮਾਰੇ ਚੁਪ ਹੀ ਰਹੇਗਾ।

ਆਜੁ ਹਮਾਰੇ ਸਾਥ ਮਿਤ੍ਰ ਰੁਚਿ ਸੌ ਰਤਿ ਕਰਿਯੈ ॥

ਹੇ ਮਿਤਰ! ਅਜ (ਤੁਸੀਂ) ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ,

ਹੋ ਨਾਤਰ ਛਾਡੌ ਟਾਗ ਤਰੇ ਅਬਿ ਹੋਇ ਨਿਕਰਿਯੈ ॥੨੮॥

ਨਹੀਂ ਤਾਂ ਹੁਣ ਮੇਰੀ ਟੰਗ ਹੇਠੋਂ ਨਿਕਲ ਕੇ ਚਲੇ ਜਾਓ ॥੨੮॥


Flag Counter