ਸ਼੍ਰੀ ਦਸਮ ਗ੍ਰੰਥ

ਅੰਗ - 683


ਨ੍ਰਿਪ ਕੋ ਰੂਪ ਬਿਲੋਕਿ ਸੁਭਟ ਸਭ ਚਕ੍ਰਿਤ ਚਿਤ ਬਿਸਮਾਏ ॥

ਸਾਰੇ ਯੋਧੇ ਰਾਜੇ ਦਾ ਰੂਪ ਵੇਖ ਕੇ ਹੈਰਾਨ ਹੋ ਗਏ ਅਤੇ ਚਿਤ ਵਿਚ ਵਿਸਮਾਦ ਪਸਰ ਗਿਆ।

ਐਸੇ ਕਬਹੀ ਲਖੇ ਨਹੀ ਰਾਜਾ ਜੈਸੇ ਆਜ ਲਖਾਏ ॥

(ਕਹਿਣ ਲਗੇ) ਕਿ ਇਸ ਤਰ੍ਹਾਂ ਰਾਜਾ (ਪਹਿਲਾਂ) ਕਦੇ ਵੀ ਨਹੀਂ ਵੇਖਿਆ ਹੈ, ਜਿਸ ਤਰ੍ਹਾਂ ਅਜ ਦਿਸ ਰਿਹਾ ਹੈ।

ਚਕ੍ਰਿਤ ਭਈ ਗਗਨਿ ਕੀ ਬਾਲਾ ਗਨ ਉਡਗਨ ਬਿਰਮਾਏ ॥

ਆਕਾਸ਼ ਦੀਆਂ ਇਸਤਰੀਆਂ (ਅਪੱਛਰਾਵਾਂ) ਹੈਰਾਨ ਹੋ ਰਹੀਆਂ ਹਨ ਅਤੇ ਗਣ ਅਤੇ ਉਡਗਣ ਵੀ ਅਸਚਰਜ ਵਿਚ ਪੈ ਗਏ ਹਨ।

ਝਿਮਝਿਮ ਮੇਘ ਬੂੰਦ ਜ੍ਯੋਂ ਦੇਵਨ ਅਮਰ ਪੁਹਪ ਬਰਖਾਏ ॥

ਦੇਵਤਿਆਂ ਨੇ ਸਦਾ ਤਾਜ਼ਾ ਰਹਿਣ ਵਾਲੇ ਫੁਲਾਂ ('ਅਮਰ ਪੁਹਪ') ਦੀ ਮੀਂਹ ਦੀਆਂ ਕਣੀਆਂ ਵਾਂਗ ਝਿਮ ਝਿਮ ਕਰਦੀ ਬਰਖਾ ਕੀਤੀ ਹੈ।

ਜਾਨੁਕ ਜੁਬਨ ਖਾਨ ਹੁਐ ਨਿਕਸੇ ਰੂਪ ਸਿੰਧੁ ਅਨੁਵਾਏ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਪਾਰਸ ਨਾਥ) ਰੂਪ ਦੇ ਸਮੁੰਦਰ ਵਿਚੋਂ ਇਸ਼ਨਾਨ ਕਰ ਕੇ ਜੋਬਨ ਦੀ ਖਾਣ ਹੋ ਕੇ ਨਿਕਲਿਆ ਹੋਵੇ।

ਜਾਨੁਕ ਧਾਰਿ ਨਿਡਰ ਬਸੁਧਾ ਪਰ ਕਾਮ ਕਲੇਵਰ ਆਏ ॥੯੦॥

(ਜਾਂ ਇੰਜ ਕਹੋ) ਮਾਨੋ ਕਾਮਦੇਵ ਨਿਡਰ ਹੋ ਕੇ ਧਰਤੀ ਉਤੇ ਸ਼ਰੀਰ ਧਾਰਨ ਕਰ ਕੇ ਆਇਆ ਹੋਵੇ ॥੯੦॥

ਬਿਸਨਪਦਿ ॥ ਸਾਰੰਗ ॥ ਤ੍ਵਪ੍ਰਸਾਦਿ ॥

ਬਿਸਨਪਦ: ਸਾਰੰਗ: ਤੇਰੀ ਕ੍ਰਿਪਾ ਨਾਲ:

ਭੂਪਤਿ ਪਰਮ ਗ੍ਯਾਨ ਜਬ ਪਾਯੋ ॥

ਜਦ ਰਾਜਾ (ਪਾਰਸ ਨਾਥ) ਨੇ ਪਰਮ ਗਿਆਨ ਪ੍ਰਾਪਤ ਕਰ ਲਿਆ।

ਮਨ ਬਚ ਕਰਮ ਕਠਨ ਕਰ ਤਾ ਕੋ ਜੌ ਕਰਿ ਧ੍ਯਾਨ ਲਗਾਯੋ ॥

ਮਨ, ਬਾਣੀ ਅਤੇ ਕਰਮ ਕਰ ਕੇ (ਜਿਸ ਨੂੰ ਪ੍ਰਾਪਤ ਕਰਨਾ) ਕਠਿਨ ਸੀ, ਜਦ ਉਸ ਦਾ ਧਿਆਨ ਲਗਾਇਆ

ਕਰਿ ਬਹੁ ਨ੍ਯਾਸ ਕਠਨ ਜਪੁ ਸਾਧ੍ਰਯੋ ਦਰਸਨਿ ਦੀਯੋ ਭਵਾਨੀ ॥

ਅਤੇ ਬਹੁਤ ਤਰ੍ਹਾਂ ਨਾਲ ਯੋਗ ਅਭਿਆਸ ਅਤੇ ਜਪ ਸਾਧਨਾ ਕੀਤੀ (ਤਦ) ਭਵਾਨੀ ਨੇ ਦਰਸ਼ਨ ਦਿੱਤਾ

ਤਤਛਿਨ ਪਰਮ ਗ੍ਯਾਨ ਉਪਦੇਸ੍ਯੋ ਲੋਕ ਚਤੁਰਦਸ ਰਾਨੀ ॥

ਅਤੇ ਤੁਰਤ ਚੌਦਾਂ ਲੋਕਾਂ ਦੀ ਰਾਣੀ (ਭਵਾਨੀ) ਨੇ ਪਰਮ ਗਿਆਨ ਦਾ ਉਪਦੇਸ਼ ਦਿੱਤਾ।

ਤਿਹ ਛਿਨ ਸਰਬ ਸਾਸਤ੍ਰ ਮੁਖ ਉਚਰੇ ਤਤ ਅਤਤ ਪਛਾਨਾ ॥

ਉਸੇ ਵੇਲੇ (ਰਾਜੇ ਨੇ) ਸਾਰੇ ਸ਼ਾਸਤ੍ਰਾਂ ਨੂੰ ਮੁਖ ਤੋਂ ਉਚਾਰਿਆ ਅਤੇ ਤੱਤ ਅਤੇ ਅਤੱਤ ਦੀ ਪਛਾਣ ਕੀਤੀ।

ਅਵਰ ਅਤਤ ਸਬੈ ਕਰ ਜਾਨੇ ਏਕ ਤਤ ਠਹਰਾਨਾ ॥

ਹੋਰ ਸਭ ਕੁਝ ਨੂੰ ਅਤੱਤ ਕਰ ਕੇ ਜਾਣਿਆ ਅਤੇ ਇਕੋ (ਪਰਮ ਸੱਤਾ) ਨੂੰ ਤੱਤ ਕਰ ਕੇ ਨਿਸਚੈ ਕੀਤਾ।

ਅਨਭਵ ਜੋਤਿ ਅਨੂਪ ਪ੍ਰਕਾਸੀ ਅਨਹਦ ਨਾਦ ਬਜਾਯੋ ॥

(ਉਸ) ਸੁਤਹ ਗਿਆਨ ਵਾਲੀ ਅਨੂਪਮ ਜੋਤਿ ਦਾ (ਹਰ ਪਾਸੇ) ਪ੍ਰਕਾਸ਼ (ਪਸਰਿਆ ਹੋਇਆ ਹੈ ਅਤੇ ਉਸੇ ਨੇ) ਅਨਹਦ ਸ਼ਬਦ ਵਜਾਇਆ ਹੈ।

ਦੇਸ ਬਿਦੇਸ ਜੀਤਿ ਰਾਜਨ ਕਹੁ ਸੁਭਟ ਅਭੈ ਪਦ ਪਾਯੋ ॥੯੧॥

ਬਲਵਾਨ (ਰਾਜੇ ਨੇ) ਦੇਸ ਵਿਦੇਸ਼ ਦੇ ਰਾਜਿਆਂ ਨੂੰ ਜਿਤ ਕੇ 'ਅਭੈ-ਪਦ' ਪ੍ਰਾਪਤ ਕੀਤਾ ਹੈ ॥੯੧॥

ਬਿਸਨਪਦ ॥ ਪਰਜ ॥

ਬਿਸਨਪਦ: ਪਰਜ:

ਐਸੇ ਅਮਰਪਦ ਕਹੁ ਪਾਇ ॥

ਇਸ ਤਰ੍ਹਾਂ ਅਮਰ-ਪਦ ਨੂੰ ਪ੍ਰਾਪਤ ਕਰ ਲਿਆ ਹੈ।

ਦੇਸ ਅਉਰ ਬਿਦੇਸ ਭੂਪਤਿ ਜੀਤਿ ਲੀਨ ਬੁਲਾਇ ॥

ਦੇਸਾਂ ਅਤੇ ਵਿਦੇਸਾਂ ਦੇ ਰਾਜਿਆਂ ਨੂੰ ਜਿਤ ਕੇ (ਆਪਣੇ ਪਾਸ) ਬੁਲਾ ਲਿਆ ਹੈ।

ਭਾਤਿ ਭਾਤਿ ਭਰੇ ਗੁਮਾਨ ਨਿਸਾਨ ਸਰਬ ਬਜਾਇ ॥

(ਉਹ ਸਾਰੇ ਰਾਜੇ) ਭਾਂਤ ਭਾਂਤ ਦੇ ਗੁਮਾਨ ਦੇ ਭਰੇ ਹੋਏ ਹਨ ਅਤੇ ਸਾਰੇ ਧੌਂਸੇ ਵਜਾਉਂਦੇ ਹਨ।

ਚਉਪ ਚਉਪ ਚਲੇ ਚਮੂੰਪਤਿ ਚਿਤ ਚਉਪ ਬਢਾਇ ॥

ਚਿਤ ਵਿਚ ਉਤਸਾਹ ਵਧਾ ਕੇ ਸੈਨਾਪਤੀ ਚਾਉ ਨਾਲ ਭਰੇ ਹੋਏ ਚਲੇ ਹਨ।

ਆਨਿ ਆਨਿ ਸਬੈ ਲਗੇ ਪਗ ਭੂਪ ਕੇ ਜੁਹਰਾਇ ॥

ਸਾਰੇ ਆ ਆ ਕੇ ਰਾਜੇ ਨੂੰ ਨਮਸਕਾਰ ਕਰ ਕੇ (ਉਸ ਦੇ) ਚਰਨੀ ਲਗੇ ਹਨ।

ਆਵ ਆਵ ਸੁਭਾਵ ਸੋ ਕਹਿ ਲੀਨ ਕੰਠ ਲਗਾਇ ॥

(ਸਭ ਨੂੰ ਰਾਜੇ ਨੇ) ਸਹਿਜ ਸੁਭਾਵਿਕ ਆਉ ਆਉ ਕਹਿ ਕੇ ਗਲ ਨਾਲ ਲਗਾ ਲਿਆ ਹੈ।

ਹੀਰ ਚੀਰ ਸੁ ਬਾਜ ਦੈ ਗਜ ਰਾਜ ਦੈ ਪਹਿਰਾਇ ॥

(ਸਭ ਨੂੰ) ਹੀਰੇ, ਬਸਤ੍ਰ, ਘੋੜੇ ਅਤੇ ਹਾਥੀ ਦਿੱਤੇ ਅਤੇ (ਸਿਰੋਪਾਓ) ਪਹਿਨਾਏ।

ਸਾਧ ਦੈ ਸਨਮਾਨ ਕੈ ਕਰ ਲੀਨ ਚਿਤ ਚੁਰਾਇ ॥੯੨॥

ਸਾਧੂ ਪੁਰਸ਼ਾਂ ਨੂੰ ਦਾਨ ਦੇ ਕੇ ਅਤੇ ਸਨਮਾਨ ਕਰ ਕੇ ਉਨ੍ਹਾਂ ਦਾ ਚਿਤ ਚੁਰਾ ਲਿਆ ॥੯੨॥

ਬਿਸਨਪਦ ॥ ਕਾਫੀ ॥ ਤ੍ਵਪ੍ਰਸਾਦਿ ॥

ਬਿਸਨਪਦ: ਕਾਫੀ: ਤੇਰੀ ਕ੍ਰਿਪਾ ਨਾਲ:

ਇਮ ਕਰ ਦਾਨ ਦੈ ਸਨਮਾਨ ॥

ਇਸ ਤਰ੍ਹਾਂ ਦਾਨ ਦੇ ਕੇ ਅਤੇ ਸਨਮਾਨ ਕਰ ਕੇ

ਭਾਤਿ ਭਾਤਿ ਬਿਮੋਹਿ ਭੂਪਤਿ ਭੂਪ ਬੁਧ ਨਿਧਾਨ ॥

ਬੁੱਧੀ ਦੇ ਖ਼ਜ਼ਾਨੇ ਰਾਜਾ (ਪਾਰਸ ਨਾਥ) ਨੇ (ਸਾਰਿਆਂ) ਰਾਜਿਆਂ ਨੂੰ ਤਰ੍ਹਾਂ ਤਰ੍ਹਾਂ ਨਾਲ ਮੋਹ ਲਿਆ ਹੈ।

ਭਾਤਿ ਭਾਤਿਨ ਸਾਜ ਦੈ ਬਰ ਬਾਜ ਅਉ ਗਜਰਾਜ ॥

ਭਾਂਤ ਭਾਂਤ ਦੇ ਸਾਜਾਂ ਨਾਲ ਸੱਜੇ ਘੋੜੇ ਅਤੇ ਹਾਥੀ ਦਿੱਤੇ ਹਨ।

ਆਪਨੇ ਕੀਨੋ ਨ੍ਰਿਪੰ ਸਬ ਪਾਰਸੈ ਮਹਾਰਾਜ ॥

ਮਹਾਰਾਜ ਪਾਰਸ ਨਾਥ ਨੇ ਸਾਰਿਆਂ ਰਾਜਿਆਂ ਨੂੰ ਆਪਣਾ (ਸੇਵਕ) ਬਣਾ ਲਿਆ ਹੈ।

ਲਾਲ ਜਾਲ ਪ੍ਰਵਾਲ ਬਿਦ੍ਰਮ ਹੀਰ ਚੀਰ ਅਨੰਤ ॥

ਲਾਲਾਂ ਦੇ ਜਾਲ, ਪ੍ਰਵਾਲ, ਹੀਰੇ, ਮੋਤੀ ਅਤੇ ਬਹੁਤ ਸਾਰੇ ਬਸਤ੍ਰ, ਸੋਨੇ ਦੇ ਸਿੰਗਾਂ ਵਾਲੀਆਂ

ਲਛ ਲਛ ਸ੍ਵਰਣ ਸਿੰਙੀ ਦਿਜ ਏਕ ਏਕ ਮਿਲੰਤ ॥

ਲਖ-ਲਖ ਗਊਆਂ ਇਕ ਇਕ ਬ੍ਰਾਹਮਣ ਨੂੰ ਦਿੱਤੀਆਂ।

ਮੋਹਿ ਭੂਪਿਤ ਭੂਮਿ ਕੈ ਇਕ ਕੀਨ ਜਗ ਬਨਾਇ ॥

ਧਰਤੀ ਦੇ ਰਾਜਿਆਂ ਨੂੰ ਮੋਹਿਤ ਕਰ ਕੇ, ਧੌਂਸਾ ਵਜਾ ਕੇ ਇਕ ਯੱਗ ਕੀਤਾ

ਭਾਤਿ ਭਾਤਿ ਸਭਾ ਬਨਾਇ ਸੁ ਬੈਠਿ ਭੂਪਤਿ ਆਇ ॥੯੩॥

ਜਿਸ ਵਿਚ ਭਾਂਤ ਭਾਂਤ ਦੀਆਂ ਸਭਾਵਾਂ ਬਣਾ ਕੇ ਰਾਜੇ ਆ ਕੇ ਬੈਠੇ ਹਨ ॥੯੩॥

ਬਿਸਨਪਦ ॥ ਕਾਫੀ ॥

ਬਿਸਨਪਦ। ਕਾਫੀ।

ਇਕ ਦਿਨ ਬੈਠੇ ਸਭਾ ਬਨਾਈ ॥

ਇਕ ਦਿਨ (ਰਾਜਾ) ਸਭਾ ਬਣਾ ਕੇ ਬੈਠਾ ਹੋਇਆ ਸੀ।

ਬਡੇ ਬਡੇ ਛਤ੍ਰੀ ਬਸੁਧਾ ਕੇ ਲੀਨੇ ਨਿਕਟਿ ਬੁਲਾਈ ॥

ਧਰਤੀ ਦੇ ਵੱਡੇ ਵੱਡੇ ਰਾਜਿਆਂ ਨੂੰ ਕੋਲ ਬੁਲਾ ਲਿਆ।

ਅਰੁ ਜੇ ਹੁਤੇ ਦੇਸ ਦੇਸਨ ਮਤਿ ਤੇ ਭੀ ਸਰਬ ਬੁਲਾਏ ॥

ਅਤੇ ਦੇਸਾਂ ਦੇਸਾਂ ਦੇ ਜੋ ਮਤਾਂ (ਧਰਮਾਂ) ਵਾਲੇ ਸਨ, ਉਨ੍ਹਾਂ ਨੂੰ ਵੀ ਬੁਲਾ ਲਿਆ।

ਸੁਨਿ ਇਹ ਭਾਤਿ ਸਰਬ ਜਟਧਾਰੀ ਦੇਸ ਦੇਸ ਤੇ ਆਏ ॥

ਇਸ ਤਰ੍ਹਾਂ (ਗੱਲ) ਸੁਣ ਕੇ ਦੇਸਾਂ ਦੇਸਾਂ ਤੋਂ ਸਾਰੇ ਜਟਾਧਾਰੀ ਆ ਗਏ,

ਨਾਨਾ ਭਾਤਿ ਜਟਨ ਕਹ ਧਾਰੇ ਅਰੁ ਮੁਖ ਬਿਭੂਤ ਲਗਾਏ ॥

(ਜਿਨ੍ਹਾਂ ਨੇ) ਕਈ ਪ੍ਰਕਾਰ ਦੀਆਂ ਜਟਾਂ ਧਾਰਨ ਕੀਤੀਆਂ ਹੋਈਆਂ ਸਨ ਅਤੇ ਮੂੰਹ ਉਤੇ ਵਿਭੂਤੀ ਲਗਾਈ ਹੋਈ ਸੀ।

ਬਲਕੁਲ ਅੰਗਿ ਦੀਰਘ ਨਖ ਸੋਭਤ ਮ੍ਰਿਗਪਤਿ ਦੇਖ ਲਜਾਏ ॥

ਬ੍ਰਿਛਾਂ ਦੀਆਂ ਛਿਲਾਂ ਅਤੇ ਪੱਤਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਸਨ ਅਤੇ ਨਾਖੁਨ ਇਤਨੇ ਵਧਾਏ ਹੋਏ ਸਨ ਕਿ (ਉਨ੍ਹਾਂ ਨੂੰ) ਵੇਖ ਕੇ ਸ਼ੇਰ ਵੀ ਲਜਾਉਂਦਾ ਸੀ।

ਮੁੰਦ੍ਰਤ ਨੇਤ੍ਰ ਊਰਧ ਕਰ ਓਪਤ ਪਰਮ ਕਾਛਨੀ ਕਾਛੇ ॥

ਅੱਖਾਂ ਮੀਟੀਆਂ ਹੋਈਆਂ ਸਨ, ਹੱਥ ਉੱਚੇ ਕਰ ਕੇ ਖੜੋਤੇ ਸਨ ਅਤੇ ਸੁੰਦਰ ਲੰਗੋਟ ਧਾਰੇ ਹੋਏ ਸਨ।

ਨਿਸ ਦਿਨ ਜਪ੍ਯੋ ਕਰਤ ਦਤਾਤ੍ਰੈ ਮਹਾ ਮੁਨੀਸਰ ਆਛੇ ॥੯੪॥

(ਉਹ) ਮਹਾ ਮੁਨੀਸਰ ਸ੍ਰੇਸ਼ਠ ਦੱਤਾਤ੍ਰੇ ਨੂੰ ਰਾਤ ਦਿਨ ਜਪਿਆ ਕਰਦੇ ਸਨ ॥੯੪॥

ਪਾਰਸਨਾਥ ਬਾਚ ॥ ਧਨਾਸਰੀ ॥ ਤ੍ਵਪ੍ਰਸਾਦਿ ॥

ਪਾਰਸ ਨਾਥ ਨੇ ਕਿਹਾ: ਧਨਾਸਰੀ: ਤੇਰੀ ਕ੍ਰਿਪਾ ਨਾਲ:

ਕੈ ਤੁਮ ਹਮ ਕੋ ਪਰਚੌ ਦਿਖਾਓ ॥

ਜਾਂ ਤਾਂ ਤੁਸੀਂ ਮੈਨੂੰ ਕੋਈ ਪਰਿਚਯਾਤਮਕ ਕੌਤਕ (ਕਰਾਮਾਤ) ਵਿਖਾਓ।

ਨਾਤਰ ਜਿਤੇ ਤੁਮ ਹੋ ਜਟਧਾਰੀ ਸਬਹੀ ਜਟਾ ਮੁੰਡਾਓ ॥

ਨਹੀਂ ਤਾਂ ਤੁਸੀਂ ਜਿਤਨੇ ਜਟਾਧਾਰੀ ਹੋ, ਸਾਰੇ ਹੀ ਜਟਾਂ ਮੁੰਨਵਾ ਦਿਓ।

ਜੋਗੀ ਜੋਗੁ ਜਟਨ ਕੇ ਭੀਤਰ ਜੇ ਕਰ ਕਛੂਅਕ ਹੋਈ ॥

ਹੇ ਜੋਗੀਓ! ਜੇ ਜਟਾਂ ਵਿਚ ਕੁਝ ਕੁ ਵੀ ਜੋਗ ਹੋਵੇ

ਤਉ ਹਰਿ ਧ੍ਯਾਨ ਛੋਰਿ ਦਰ ਦਰ ਤੇ ਭੀਖ ਨ ਮਾਗੈ ਕੋਈ ॥

ਤਾਂ ਹਰਿ ਦਾ ਧਿਆਨ ਛਡ ਕੇ ਕੋਈ ਵੀ ਦਰ ਦਰ ਉਤੇ ਭਿਖਿਆ ਨਾ ਮੰਗਦਾ।

ਜੇ ਕਰ ਮਹਾ ਤਤ ਕਹੁ ਚੀਨੈ ਪਰਮ ਤਤ ਕਹੁ ਪਾਵੈ ॥

ਜੇ ਕਰ ਕੋਈ ਮਹਾ ਤੱਤ ਨੂੰ ਪਛਾਣ ਲਵੇ, ਤਾਂ ਉਹ ਪਰਮ ਤੱਤ ਨੂੰ ਪ੍ਰਾਪਤ ਕਰ ਲਵੇਗਾ।