ਸ਼੍ਰੀ ਦਸਮ ਗ੍ਰੰਥ

ਅੰਗ - 902


ਬਨਿਕ ਏਕ ਬਾਨਾਰਸੀ ਬਿਸਨ ਦਤ ਤਿਹ ਨਾਮ ॥

ਬਨਾਰਸ ਦਾ ਬਿਸ਼ਨ ਦੱਤ ਨਾਂ ਦਾ ਇਕ ਬਨੀਆ ਸੀ।

ਬਿਸ੍ਵ ਮਤੀ ਤਾ ਕੀ ਤ੍ਰਿਯਾ ਧਨ ਜਾ ਕੋ ਬਹੁ ਧਾਮ ॥੧॥

ਉਸ ਦੇ ਘਰ ਬਹੁਤ ਧਨ ਸੀ ਅਤੇ ਬਿਸ੍ਵ ਮਤੀ ਉਸ ਦੀ ਇਸਤਰੀ ਸੀ ॥੧॥

ਚੌਪਈ ॥

ਚੌਪਈ:

ਬਨਿਯੋ ਹੇਤ ਬਨਿਜ ਕੋ ਗਯੋ ॥

ਬਨੀਆ ਵਪਾਰ ਲਈ (ਕਿਤੇ ਬਾਹਰ) ਗਿਆ

ਮੈਨ ਦੁਖ੍ਯ ਤ੍ਰਿਯ ਕੋ ਅਤਿ ਦਯੋ ॥

ਅਤੇ (ਪਿਛੋਂ ਉਸ ਦੀ) ਇਸਤਰੀ ਨੂੰ ਕਾਮ ਨੇ ਬਹੁਤ ਦੁਖੀ ਕੀਤਾ।

ਤਿਹ ਤ੍ਰਿਯ ਪੈ ਤੇ ਰਹਿਯੋ ਨ ਜਾਈ ॥

ਉਸ ਇਸਤਰੀ ਕੋਲੋਂ ਰਿਹਾ ਨਾ ਗਿਆ

ਕੇਲ ਕਿਯੋ ਇਕ ਪੁਰਖ ਬੁਲਾਈ ॥੨॥

ਅਤੇ ਕੇਲ-ਕ੍ਰੀੜਾ ਕਰਨ ਲਈ ਇਕ ਪੁਰਸ਼ ਨੂੰ ਬੁਲਾਇਆ ॥੨॥

ਕੇਲ ਕਮਾਤ ਗਰਭ ਰਹਿ ਗਯੋ ॥

ਸਹਿਵਾਸ ਕਰਨ ਨਾਲ ਉਸ ਨੂੰ ਗਰਭ ਹੋ ਗਿਆ।

ਕੀਨੇ ਜਤਨ ਦੂਰਿ ਨਹਿ ਭਯੋ ॥

ਅਨੇਕ ਯਤਨ ਕਰਨ ਤੇ ਵੀ ਉਹ ਡਿਗ ਨਾ ਸਕਿਆ।

ਨਵ ਮਾਸਨ ਪਾਛੇ ਸੁਤ ਜਾਯੋ ॥

ਨੌ ਮਹੀਨਿਆਂ ਬਾਦ (ਉਸ ਇਸਤਰੀ ਨੇ) ਪੁੱਤਰ ਨੂੰ ਜਨਮ ਦਿੱਤਾ।

ਤਵਨਹਿ ਦਿਵਸ ਬਨਿਕ ਘਰ ਆਯੋ ॥੩॥

ਉਸੇ ਦਿਨ ਉਹ ਬਨੀਆ ਵੀ ਘਰ ਪਰਤ ਆਇਆ ॥੩॥

ਬਨਿਕ ਕੋਪ ਕਰਿ ਬਚਨ ਸੁਨਾਯੋ ॥

ਬਨੀਏ ਨੇ ਕ੍ਰੋਧਵਾਨ ਹੋ ਕੇ ਕਿਹਾ,

ਕਛੁ ਤ੍ਰਿਯ ਤੈ ਬਿਭਚਾਰ ਕਮਾਯੋ ॥

ਹੇ ਇਸਤਰੀ! (ਤੂੰ) ਕੁਝ ਵਿਭਚਾਰ ਕੀਤਾ ਹੈ।

ਭੋਗ ਕਰੇ ਬਿਨੁ ਪੂਤ ਨ ਹੋਈ ॥

(ਕਿਉਂਕਿ) ਭੋਗ ਕੀਤੇ ਬਿਨਾ ਪੁੱਤਰ ਨਹੀਂ ਹੋ ਸਕਦਾ।

ਬਾਲ ਬ੍ਰਿਧ ਜਾਨਤ ਸਭ ਕੋਈ ॥੪॥

(ਇਹ ਗੱਲ) ਸਾਰੇ ਵੱਡੇ ਅਤੇ ਛੋਟੇ ਜਾਣਦੇ ਹਨ ॥੪॥

ਸੁਨਹੁ ਸਾਹੁ ਮੈ ਕਥਾ ਸੁਨਾਊ ॥

(ਇਸਤਰੀ ਨੇ ਉੱਤਰ ਦਿੱਤਾ-) ਹੇ ਸ਼ਾਹ ਜੀ! ਮੈਂ ਤੁਹਾਨੂੰ ਗੱਲ ਦਸਦੀ ਹਾਂ

ਤੁਮਰੇ ਚਿਤ ਕੋ ਭਰਮੁ ਮਿਟਾਊ ॥

ਅਤੇ ਤੁਹਾਡੇ ਚਿਤ ਦਾ ਭਰਮ ਦੂਰ ਕਰਦੀ ਹਾਂ।

ਇਕ ਜੋਗੀ ਤੁਮਰੇ ਗ੍ਰਿਹ ਆਯੋ ॥

ਤੁਹਾਡੇ ਘਰ ਇੱਕ ਜੋਗੀ ਆਇਆ

ਤਿਹ ਪ੍ਰਸਾਦਿ ਤੇ ਗ੍ਰਿਹ ਸੁਤ ਪਾਯੋ ॥੫॥

ਜਿਸ ਦੀ ਕ੍ਰਿਪਾ ਨਾਲ ਘਰ ਵਿੱਚ ਪੁਤ੍ਰ ਪੈਦਾ ਹੋਇਆ ॥੫॥

ਦੋਹਰਾ ॥

ਦੋਹਰਾ:

ਮੁਰਜ ਨਾਥ ਜੋਗੀ ਹੁਤੋ ਸੋ ਆਯੋ ਇਹ ਧਾਮ ॥

ਮੁਰਜ ਨਾਥ (ਨਾਂ ਦਾ ਇਕ) ਜੋਗੀ ਸੀ ਜੋ ਇਸ ਘਰ ਵਿਚ ਆਇਆ।

ਦ੍ਰਿਸਟਿ ਭੋਗ ਮੋ ਸੌ ਕਿਯੌ ਸੁਤ ਦੀਨੋ ਗ੍ਰਿਹ ਰਾਮ ॥੬॥

ਉਸ ਨੇ ਮੇਰੇ ਨਾਲ ਦ੍ਰਿਸ਼ਟੀ ਭੋਗ ਕੀਤਾ ਅਤੇ ਪਰਮਾਤਮਾ ਨੇ (ਮੈਨੂੰ) ਪੁੱਤਰ ਪ੍ਰਦਾਨ ਕੀਤਾ ॥੬॥

ਬਨਿਕ ਬਚਨ ਸੁਨਿ ਚੁਪ ਰਹਿਯੋ ਮਨ ਮੈ ਭਯੋ ਪ੍ਰਸੰਨ੍ਯ ॥

ਬਾਨੀਆ ਗੱਲ ਸੁਣ ਕੇ ਚੁਪ ਰਿਹਾ ਅਤੇ ਮਨ ਵਿਚ ਪ੍ਰਸੰਨ ਹੋਇਆ।

ਦ੍ਰਿਸਟਿ ਭੋਗ ਜਿਨਿ ਸੁਤ ਦਿਯੌ ਧਰਨੀ ਤਲ ਸੋ ਧੰਨ੍ਯ ॥੭॥

ਉਹ (ਜੋਗੀ) ਧਰਤੀ ਉਤੇ ਧੰਨ ਹੈ ਜਿਸ ਨੇ ਦ੍ਰਿਸ਼ਟੀ-ਭੋਗ ਨਾਲ ਪੁੱਤਰ ਬਖ਼ਸ਼ਿਆ ਹੈ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੯॥੧੩੩੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੯॥੧੩੩੭॥ ਚਲਦਾ॥

ਦੋਹਰਾ ॥

ਦੋਹਰਾ:

ਬਿੰਦ੍ਰਾਬਨ ਗ੍ਰਿਹ ਨੰਦ ਕੇ ਕਾਨ੍ਰਹ ਲਯੋ ਅਵਤਾਰ ॥

ਬਿੰਦਰਾਬਨ ਵਿਚ ਨੰਦ ਦੇ ਘਰ ਕਾਨ੍ਹ ਨੇ ਅਵਤਾਰ ਧਾਰਨ ਕੀਤਾ।

ਤੀਨਿ ਲੋਕ ਜਾ ਕੋ ਸਦਾ ਨਿਤਿ ਉਠਿ ਕਰਤ ਜੁਹਾਰ ॥੧॥

ਉਸ ਨੂੰ ਤਿੰਨੋ ਲੋਕ ਉਠ ਕੇ ਨਿੱਤ ਨਮਸਕਾਰ ਕਰਦੇ ਸਨ ॥੧॥

ਚੌਪਈ ॥

ਚੌਪਈ:

ਸਭ ਗੋਪੀ ਤਾ ਕੇ ਗੁਨ ਗਾਵਹਿ ॥

ਸਾਰੀਆਂ ਗੋਪੀਆਂ ਉਸ ਦੇ ਗੁਣ ਗਾਉਂਦੀਆਂ ਸਨ

ਨਿਤਿਯ ਕਿਸਨ ਕਹ ਸੀਸ ਝੁਕਾਵਹਿ ॥

ਅਤੇ ਨਿੱਤ ਕ੍ਰਿਸ਼ਨ ਨੂੰ ਸਿਰ ਨਿਵਾਉਂਦੀਆਂ ਸਨ।

ਮਨ ਮਹਿ ਬਸ੍ਯੋ ਪ੍ਰੇਮ ਅਤਿ ਭਾਰੀ ॥

(ਉਸ ਲਈ ਉਨ੍ਹਾਂ ਦੇ) ਮਨ ਵਿਚ ਬਹੁਤ ਪ੍ਰੇਮ ਸਮਾ ਗਿਆ ਸੀ

ਤਨ ਮਨ ਦੇਤ ਅਪਨੋ ਵਾਰੀ ॥੨॥

ਅਤੇ ਆਪਣਾ ਤਨ ਮਨ (ਉਸ ਉਤੇ) ਨਿਛਾਵਰ ਕਰਦੀਆਂ ਸਨ ॥੨॥

ਰਾਧਾ ਨਾਮ ਗੋਪਿ ਇਕ ਰਹੈ ॥

(ਉਥੇ) ਰਾਧਾ ਨਾਮ ਦੀ ਇਕ ਗੋਪੀ ਰਹਿੰਦੀ ਸੀ।

ਕ੍ਰਿਸਨ ਕ੍ਰਿਸਨ ਮੁਖ ਤੇ ਨਿਤਿ ਕਹੈ ॥

(ਉਹ) ਮੁਖ ਤੋਂ ਸਦਾ ਕ੍ਰਿਸ਼ਨ ਕ੍ਰਿਸ਼ਨ ਕਹਿੰਦੀ ਸੀ।

ਜਗਨਾਯਕ ਸੌ ਪ੍ਰੇਮ ਲਗਾਯੋ ॥

(ਉਸ ਨੇ) ਜਗਤ ਦੇ ਸੁਆਮੀ ਨਾਲ ਪ੍ਰੇਮ ਲਗਾ ਲਿਆ ਸੀ

ਸੂਤ ਸਿਧਨ ਕੀ ਭਾਤਿ ਬਢਾਯੋ ॥੩॥

ਅਤੇ ਸਿੱਧਾਂ (ਦੀ ਸਾਧਨਾ) ਵਾਂਗ ਪ੍ਰੇਮ ਦੀ ਡੋਰ ਨੂੰ ਵਧਾ ਲਿਆ ਸੀ ॥੩॥

ਦੋਹਰਾ ॥

ਦੋਹਰਾ:

ਕ੍ਰਿਸਨ ਕ੍ਰਿਸਨ ਮੁਖ ਤੇ ਕਹੈ ਛੋਰਿ ਧਾਮ ਕੋ ਕਾਮ ॥

ਘਰ ਦੇ ਕੰਮ ਕਾਰ ਛਡ ਕੇ (ਉਹ ਸਦਾ) ਮੁਖ ਤੋਂ 'ਕ੍ਰਿਸ਼ਨ ਕ੍ਰਿਸ਼ਨ' ਕਹਿੰਦੀ ਰਹਿੰਦੀ

ਨਿਸਦਿਨ ਰਟਤ ਬਿਹੰਗ ਜ੍ਯੋ ਜਗਨਾਯਕ ਕੋ ਨਾਮ ॥੪॥

ਅਤੇ ਪੰਛੀ (ਪਪੀਹੇ) ਵਾਂਗ ਜਗਤ ਦੇ ਮਾਲਕ (ਸ੍ਰੀ ਕ੍ਰਿਸ਼ਨ) ਦਾ ਨਾਮ ਰਟਦੀ ਰਹਿੰਦੀ ॥੪॥

ਚੌਪਈ ॥

ਚੌਪਈ:

ਤ੍ਰਾਸ ਨ ਪਿਤੁ ਮਾਤਾ ਕੋ ਕਰੈ ॥

ਉਹ ਮਾਤਾ ਪਿਤਾ ਤੋਂ ਵੀ ਨਹੀਂ ਡਰਦੀ

ਕ੍ਰਿਸਨ ਕ੍ਰਿਸਨ ਮੁਖ ਤੇ ਉਚਰੈ ॥

ਅਤੇ ਮੁਖ ਤੇਂ 'ਕ੍ਰਿਸ਼ਨ ਕ੍ਰਿਸ਼ਨ' ਉਚਰਦੀ ਰਹਿੰਦੀ।

ਹੇਰਨਿ ਤਾਹਿ ਨਿਤ ਉਠਿ ਆਵੈ ॥

ਉਸ ਨੂੰ ਵੇਖਣ ਲਈ ਨਿੱਤ ਉਠ ਕੇ ਆਉਂਦੀ

ਨੰਦ ਜਸੋਮਤਿ ਦੇਖਿ ਲਜਾਵੈ ॥੫॥

ਪਰ ਨੰਦ ਅਤੇ ਜਸੋਧਾ ਨੂੰ ਵੇਖ ਕੇ ਲਜਾ ਜਾਂਦੀ ॥੫॥

ਸਵੈਯਾ ॥

ਸਵੈਯਾ:

ਜੋਬਨ ਜੇਬ ਜਗੇ ਅਤਿ ਸੁੰਦਰ ਜਾਤ ਜਰਾਵ ਜੁਰੀ ਕਹ ਨਾਤੈ ॥

(ਉਸ ਰਾਧਾ ਦੇ) ਜੋਬਨ ਦੀ ਛਬੀ ਬਹੁਤ ਸ਼ੋਭਾਸ਼ਾਲੀ ਸੀ। (ਉਹ) ਸਜ-ਧਜ ਕੇ ਕਿਸੇ ਕਾਰਨ ('ਨਾਤੇ') (ਸ੍ਰੀ ਕ੍ਰਿਸ਼ਨ ਦੇ ਘਰ) ਗਈ।

ਅੰਗ ਹੁਤੇ ਬ੍ਰਿਜ ਲੋਗ ਸਭੇ ਹਰਿ ਰਾਇ ਬਨਾਇ ਕਹੀ ਇਕ ਬਾਤੈ ॥

ਸ੍ਰੀ ਕ੍ਰਿਸ਼ਨ ਕੋਲ ਬ੍ਰਜ ਦੇ ਲੋਕ ਅਤੇ ਸੰਗ ਸਾਕ ਮੌਜੂਦ ਸਨ। (ਰਾਧਾ ਨੂੰ ਉਥੇ ਆਇਆ ਵੇਖ ਕੇ) ਸ੍ਰੀ ਕ੍ਰਿਸ਼ਨ ਨੇ ਬਣਾ ਕੇ ਇਕ ਗੱਲ ਕਹੀ।


Flag Counter