ਸ਼੍ਰੀ ਦਸਮ ਗ੍ਰੰਥ

ਅੰਗ - 444


ਸਤ੍ਰ ਅਨੇਕ ਮਾਰ ਹੀ ਡਾਰੈ ॥੧੪੭੦॥

ਅਨੇਕਾਂ ਵੈਰੀਆਂ ਨੂੰ ਮਾਰ ਸੁਟਿਆ ॥੧੪੭੦॥

ਕ੍ਰੂਰ ਕਰਮ ਇਕ ਰਾਛਸ ਨਾਮਾ ॥

'ਕ੍ਰੂਰ ਕਰਮ' ਨਾਂ ਦਾ ਇਕ ਰਾਖਸ਼ ਸੀ

ਜਿਨ ਜੀਤੇ ਆਗੇ ਸੰਗ੍ਰਾਮਾ ॥

ਜਿਸ ਨੇ ਅਗੇ (ਕਈ) ਯੁੱਧ ਜਿਤੇ ਹੋਏ ਸਨ।

ਸੋ ਤਬ ਹੀ ਨ੍ਰਿਪ ਸਾਮੁਹੇ ਗਯੋ ॥

ਉਹ ਉਦੋਂ ਹੀ ਰਾਜੇ ਦੇ ਸਾਹਮਣੇ ਚਲਾ ਗਿਆ

ਅਤਿ ਹੀ ਜੂਝ ਦੁਹੁਨ ਕੋ ਭਯੋ ॥੧੪੭੧॥

ਅਤੇ ਦੋਹਾਂ ਦਾ ਬਹੁਤ ਭਿਆਨਕ ਯੁੱਧ ਹੋਇਆ ॥੧੪੭੧॥

ਸਵੈਯਾ ॥

ਸਵੈਯਾ:

ਆਯੁਧ ਲੈ ਸਬ ਹੀ ਆਪਣੇ ਜਬ ਹੀ ਵਹ ਭੂਪਤਿ ਸੰਗ ਅਰਿਓ ਹੈ ॥

ਆਪਣੇ ਸਾਰੇ ਸ਼ਸਤ੍ਰ ਲੈ ਕੇ ਤਦੋਂ ਹੀ ਉਹ ਰਾਜੇ ਨਾਲ ਅੜ ਖੜੋਤਾ।

ਜੁਧ ਅਨੇਕ ਪ੍ਰਕਾਰ ਕੀਯੋ ਰਨ ਕੀ ਛਿਤ ਤੇ ਕੋਊ ਨਹਿ ਟਰਿਓ ਹੈ ॥

(ਉਨ੍ਹਾਂ ਦੋਹਾਂ ਨੇ) ਅਨੇਕ ਪ੍ਰਕਾਰ ਦਾ ਯੁੱਧ ਕੀਤਾ ਅਤੇ ਰਣ-ਭੂਮੀ ਤੋਂ ਕੋਈ ਵੀ ਪਿਛੇ ਨਾ ਹਟਿਆ।

ਤੌ ਨ੍ਰਿਪ ਲੈ ਕਰ ਮੈ ਅਸਿ ਕੋ ਰਿਪੁ ਮੂੰਡ ਕਟਿਓ ਗਿਰ ਭੂਮਿ ਪਰਿਓ ਹੈ ॥

ਤਦ ਰਾਜੇ ਨੇ ਹੱਥ ਵਿਚ ਤਲਵਾਰ ਲੈ ਕੇ ਵੈਰੀ ਦਾ ਸਿਰ ਕਟ ਕੇ ਧਰਤੀ ਉਤੇ ਸੁਟ ਦਿੱਤਾ।

ਦੇਹ ਛੁਟਿਯੋ ਨਹੀ ਕੋਪ ਹਟਿਓ ਨਿਜ ਓਠ ਕੇ ਦਾਤਨ ਸੋ ਪਕਰਿਓ ਹੈ ॥੧੪੭੨॥

ਉਸ ਦੀ ਦੇਹ ਛੁਟ ਗਈ ਹੈ, ਪਰ ਗੁੱਸਾ ਨਹੀਂ ਹਟਿਆ ਹੈ। (ਉਸ ਨੇ) ਆਪਣੇ ਹੋਠਾਂ ਨੂੰ ਦੰਦਾਂ ਨਾਲ ਪਕੜਿਆ ਹੋਇਆ ਹੈ ॥੧੪੭੨॥

ਦੋਹਰਾ ॥

ਦੋਹਰਾ:

ਕ੍ਰੂਰ ਕਰਮ ਕੋ ਖੜਗ ਸਿੰਘ ਜਬ ਮਾਰਿਓ ਰਨ ਠੌਰ ॥

ਜਦ ਕ੍ਰੂਰ ਕਰਮ ਨੂੰ ਖੜਗ ਸਿੰਘ ਨੇ ਯੁੱਧ-ਸਥਲ ਵਿਚ ਮਾਰ ਦਿੱਤਾ

ਅਸੁਰਨ ਕੀ ਸੈਨਾ ਹੁਤੀ ਦਾਨਵ ਨਿਕਸਿਓ ਔਰ ॥੧੪੭੩॥

(ਤਦ) ਦੈਂਤਾਂ ਦੀ ਸੈਨਾਂ ਵਿਚੋਂ ਇਕ ਹੋਰ ਦੈਂਤ ਨਿਕਲ ਆਇਆ ॥੧੪੭੩॥

ਸੋਰਠਾ ॥

ਸੋਰਠਾ:

ਕ੍ਰੂਰ ਦੈਤ ਜਿਹ ਨਾਮ ਵਡੋ ਦੈਤ ਬਲਵੰਡ ਅਤਿ ॥

ਜਿਸ ਦਾ ਨਾਂ 'ਕ੍ਰੂਰ ਦੈਂਤ' ਸੀ, (ਉਹ) ਬਹੁਤ ਵੱਡਾ ਅਤੇ ਬਲਵਾਨ ਦੈਂਤ ਸੀ।

ਆਗੇ ਬਹੁ ਸੰਗ੍ਰਾਮ ਲਰਿਓ ਅਰਿਓ ਨਾਹਿਨ ਡਰਿਓ ॥੧੪੭੪॥

(ਉਹ) ਅਗੇ ਬਹੁਤ ਯੁੱਧ ਲੜ ਚੁਕਿਆ ਸੀ ਅਤੇ ਵੈਰੀਆਂ ਤੋਂ (ਕਦੇ) ਡਰਿਆ ਨਹੀਂ ਸੀ ॥੧੪੭੪॥

ਚੌਪਈ ॥

ਚੌਪਈ:

ਕ੍ਰੂਰ ਕਰਮ ਬਧ ਨੈਨ ਨਿਹਾਰਿਓ ॥

(ਜਦੋਂ) 'ਕ੍ਰੂਰ ਕਰਮ' ਨਾਂ ਦੇ ਦੈਂਤ ਨੂੰ ਅੱਖਾਂ ਨਾਲ ਮਰਦਾ ਵੇਖਿਆ

ਤਬ ਹੀ ਅਪਨੋ ਖੜਗ ਸੰਭਾਰਿਓ ॥

ਤਦੋਂ ਹੀ (ਕ੍ਰੂਰ ਦੈਂਤ ਨੇ) ਆਪਣੀ ਤਲਵਾਰ ਸੰਭਾਲ ਲਈ

ਕ੍ਰੂਰ ਦੈਤ ਰਿਸਿ ਨ੍ਰਿਪ ਪਰ ਧਾਯੋ ॥

ਅਤੇ ਉਸ ਨੇ ਕ੍ਰੋਧਿਤ ਹੋ ਕੇ ਰਾਜੇ ਉਤੇ ਧਾਵਾ ਕਰ ਦਿੱਤਾ,

ਮਾਨੋ ਕਾਲ ਮੇਘ ਉਮਡਾਯੋ ॥੧੪੭੫॥

(ਜੋ ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਲ ਰੂਪ ਬਦਲ ਉਮਡ ਕੇ ਆ ਗਿਆ ਹੋਵੇ ॥੧੪੭੫॥

ਆਵਤ ਹੀ ਤਿਹ ਭੂਪ ਪਚਾਰਿਓ ॥

ਉਸ ਨੇ ਆਉਂਦਿਆਂ ਹੀ ਰਾਜੇ ਨੂੰ ਲਲਕਾਰਿਆ

ਜਾਹੁ ਕਹਾ ਮੁਝ ਬੰਧੁ ਪਛਾਰਿਓ ॥

ਕਿ (ਹੁਣ) ਜਾਂਦਾ ਕਿਥੇ ਹੈਂ? ਮੇਰੇ ਭਰਾ ਨੂੰ (ਤੂੰ) ਮਾਰ ਸੁਟਿਆ ਹੈ।

ਹਉ ਤੁਮ ਸੋ ਅਬ ਜੁਧ ਮਚੈ ਹੋ ॥

ਮੈਂ ਹੁਣ ਤੇਰੇ ਨਾਲ ਯੁੱਧ ਮਚਾਵਾਂਗਾ

ਭ੍ਰਾਤ ਗਯੋ ਜਹਿ ਤੋਹਿ ਪਠੈ ਹੋ ॥੧੪੭੬॥

ਅਤੇ ਜਿਥੇ (ਮੇਰਾ) ਭਰਾ ਗਿਆ ਹੈ, (ਉਥੇ ਹੀ) ਤੈਨੂੰ ਭੇਜਾਂਗਾ ॥੧੪੭੬॥

ਯੌ ਕਹਿ ਕੈ ਤਬ ਖੜਗ ਸੰਭਾਰਿਓ ॥

ਇਸ ਤਰ੍ਹਾਂ ਕਹਿ ਕੇ (ਉਸ ਨੇ) ਤਦ ਖੜਗ ਸੰਭਾਲ ਲਈ

ਅਤਿ ਪ੍ਰਚੰਡ ਬਲ ਕੋਪਿ ਪ੍ਰਹਾਰਿਓ ॥

ਅਤੇ ਬਹੁਤ ਕ੍ਰੋਧ ਕਰ ਕੇ ਪੂਰੇ ਜ਼ੋਰ ਨਾਲ ਵਾਰ ਕੀਤਾ।

ਭੂਪਤਿ ਲਖਿਓ ਕਾਟਿ ਅਸਿ ਦੀਨੋ ॥

(ਜਦੋਂ) ਰਾਜੇ ਨੇ (ਵਾਰ ਹੁੰਦਾ) ਵੇਖਿਆ (ਤਦੋਂ ਉਸ ਨੇ) ਤਲਵਾਰ ਨਾਲ (ਖੜਗ ਨੂੰ) ਕਟ ਦਿੱਤਾ

ਸੋਊ ਮਾਰਿ ਰਨ ਭੀਤਰਿ ਲੀਨੋ ॥੧੪੭੭॥

ਅਤੇ ਉਸ (ਦੈਂਤ) ਨੂੰ ਵੀ ਰਣ ਵਿਚ ਮਾਰ ਦਿੱਤਾ ॥੧੪੭੭॥

ਦੋਹਰਾ ॥

ਦੋਹਰਾ:

ਕ੍ਰੂਰ ਕਰਮ ਅਰੁ ਕ੍ਰੂਰ ਦੈਤ ਦੋਊ ਗਏ ਜਮ ਧਾਮਿ ॥

(ਜਦੋਂ) 'ਕ੍ਰੂਰ ਕਰਮ' ਅਤੇ 'ਕ੍ਰੂਰ ਦੈਂਤ' ਦੋਵੇਂ ਯਮਲੋਕ ਨੂੰ ਚਲੇ ਗਏ

ਸੈਨਾ ਤਿਨ ਕੀ ਸਸਤ੍ਰ ਲੈ ਘੇਰਿਓ ਨ੍ਰਿਪ ਸੰਗ੍ਰਾਮਿ ॥੧੪੭੮॥

(ਤਦੋਂ) ਉਨ੍ਹਾਂ ਦੀ ਸੈਨਾ ਨੇ ਸ਼ਸਤ੍ਰ ਲੈ ਕੇ ਰਾਜੇ ਨੂੰ ਯੁੱਧ-ਭੂਮੀ ਵਿਚ ਘੇਰ ਲਿਆ ॥੧੪੭੮॥

ਸਵੈਯਾ ॥

ਸਵੈਯਾ:

ਰੋਸ ਕੀਓ ਤਿਨ ਹੂੰ ਮਨ ਮੈ ਜੋਉ ਦੈਤ ਬਚੇ ਨ੍ਰਿਪ ਊਪਰ ਧਾਏ ॥

ਜਿਹੜੇ ਦੈਂਤ ਬਚੇ ਸਨ, ਉਨ੍ਹਾਂ ਨੇ ਮਨ ਵਿਚ ਕ੍ਰੋਧ ਕਰ ਕੇ ਰਾਜੇ ਉਪਰ ਹੱਲਾ ਕਰ ਦਿੱਤਾ।

ਬਾਨ ਕਮਾਨ ਗਦਾ ਬਰਛੀ ਅਗਨਾਯੁਧ ਲੈ ਕਰਿ ਕੋਪ ਬਢਾਏ ॥

ਬਾਣ, ਕਮਾਨ, ਗਦਾ, ਬਰਛੀ ਅਤੇ ਅਗਨੀ-ਸ਼ਸਤ੍ਰ (ਬੰਦੂਕ) ਹੱਥ ਵਿਚ ਲੈ ਕੇ ਅਤੇ ਕ੍ਰੋਧ ਨੂੰ ਵਧਾ ਕੇ (ਚਲਾਉਂਦੇ ਹਨ)।

ਤੌ ਨ੍ਰਿਪ ਤੀਰ ਸਰਾਸਨੁ ਲੈ ਸਭ ਆਵਤ ਬਾਟ ਮੈ ਕਾਟਿ ਗਿਰਾਏ ॥

ਤਦੋਂ ਰਾਜਾ ਤੀਰ-ਕਮਾਨ ਲੈ ਕੇ (ਵੈਰੀਆਂ ਵਲੋਂ) ਆਉਂਦੇ (ਸ਼ਸਤ੍ਰਾਂ-ਅਸਤ੍ਰਾਂ ਨੂੰ) ਉਸੇ ਵੇਲੇ ਰਸਤੇ ਵਿਚ ਹੀ ਕਟ ਕੇ ਸੁਟ ਦਿੰਦਾ ਹੈ।

ਆਪਨੇ ਕਾਢਿ ਨਿਖੰਗਹੁ ਤੇ ਸਰ ਸਤ੍ਰਨ ਕੇ ਉਰ ਬੀਚ ਲਗਾਏ ॥੧੪੭੯॥

ਆਪਣੇ ਭੱਥੇ ਵਿਚੋ ਤੀਰ ਕਢ ਕੇ ਵੈਰੀਆਂ ਦੇ ਸੀਨੇ ਵਿਚ ਮਾਰੀ ਜਾਂਦਾ ਹੈ ॥੧੪੭੯॥

ਚੌਪਈ ॥

ਚੌਪਈ:

ਤਬ ਸਭ ਸਤ੍ਰ ਭਾਜ ਕੈ ਗਏ ॥

ਤਦ ਸਾਰੇ ਵੈਰੀ ਭਜ ਕੇ ਚਲੇ ਗਏ

ਕੋਊ ਸਨਮੁਖ ਹੋਤ ਨ ਪਏ ॥

ਅਤੇ ਕੋਈ ਵੀ ਸਾਹਮਣੇ ਨਹੀਂ ਆਇਆ।

ਅਧਿਕ ਦੈਤ ਜਮਲੋਕਿ ਪਠਾਏ ॥

ਬਹੁਤੇ ਦੈਂਤ ਮਾਰ ਕੇ ਯਮਲੋਕ ਭੇਜ ਦਿੱਤੇ

ਜੀਅਤਿ ਰਹੇ ਰਨ ਤ੍ਯਾਗਿ ਪਰਾਏ ॥੧੪੮੦॥

ਅਤੇ ਜੋ ਜੀਉਂਦੇ ਰਹੇ, ਉਹ ਰਣ-ਭੂਮੀ ਤਿਆਗ ਕੇ ਚਲੇ ਗਏ ॥੧੪੮੦॥

ਸਵੈਯਾ ॥

ਸਵੈਯਾ:

ਭਾਜ ਗਏ ਸਬ ਦੈਤ ਜਬੈ ਤਬ ਭੂਪ ਰਿਸਿਓ ਹਰਿ ਕੋ ਸਰ ਮਾਰੇ ॥

ਜਦੋਂ ਸਾਰੇ ਦੈਂਤ ਭਜ ਗਏ ਤਦੋਂ ਰਾਜੇ ਨੇ ਕ੍ਰੋਧਵਾਨ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰੇ। ਕਵੀ ਰਾਮ ਕਹਿੰਦੇ ਹਨ,

ਲਾਗਤ ਹੀ ਕਵਿ ਸ੍ਯਾਮ ਕਹੈ ਤਨ ਸ੍ਰੀ ਜਦੁਬੀਰ ਕੋ ਚੀਰ ਪਧਾਰੇ ॥

(ਬਾਣ) ਲਗਦਿਆਂ ਹੀ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਚੀਰ ਕੇ ਨਿਕਲਦੇ ਜਾ ਰਹੇ ਹਨ।

ਬੇਧਿ ਕੈ ਔਰਨ ਕੇ ਤਨ ਕੋ ਪੁਨਿ ਔਰਨ ਜਾਇ ਲਗੇ ਸੁ ਸੰਘਾਰੇ ॥

ਹੋਰਨਾਂ ਕਈਆਂ ਦੇ ਸ਼ਰੀਰ ਨੂੰ ਵਿੰਨ੍ਹ ਕੇ, ਫਿਰ ਹੋਰਨਾਂ ਨੂੰ ਜਾ ਜਾ ਕੇ ਲਗਦੇ ਹਨ ਅਤੇ (ਉਨ੍ਹਾਂ ਨੂੰ) ਮਾਰ ਦਿੰਦੇ ਹਨ।

ਦੇਖਹੁ ਪਉਰਖ ਭੂਪਤਿ ਕੋ ਅਬ ਆਪ ਹੈ ਏਕ ਅਨੇਕ ਬਿਦਾਰੇ ॥੧੪੮੧॥

ਰਾਜੇ ਦੀ ਬਹਾਦਰੀ ਵੇਖੋ ਜੋ ਹੁਣ ਇਕੋ ਹੀ ਅਨੇਕਾਂ ਨੂੰ ਮਾਰ ਰਿਹਾ ਹੈ ॥੧੪੮੧॥

ਚੌਪਈ ॥

ਚੌਪਈ:


Flag Counter