ਸ਼੍ਰੀ ਦਸਮ ਗ੍ਰੰਥ

ਅੰਗ - 1110


ਨਾਤਰ ਮਾਰਿ ਕਟਾਰੀ ਮਰਿਹੌਂ ॥੮॥

ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੮॥

ਅੜਿਲ ॥

ਅੜਿਲ:

ਅਧਿਕ ਭੋਗ ਪ੍ਰੀਤਮ ਕਰ ਦਿਯੋ ਉਠਾਇ ਕੈ ॥

(ਉਸ ਨੇ) ਪ੍ਰੀਤਮ ਨਾਲ ਅਧਿਕ ਭੋਗ ਕਰ ਕੇ ਉਠਾ ਦਿੱਤਾ

ਆਪੁ ਸੋਇ ਆਂਗਨ ਰਹੀ ਖਾਟ ਡਸਾਇ ਕੈ ॥

ਅਤੇ ਆਪ ਆਂਗਨ ਵਿਚ ਮੰਜੀ ਡਾਹ ਕੇ ਸੌਂ ਰਹੀ।

ਚਮਕਿ ਠਾਢਿ ਉਠ ਭੀ ਪਿਤੁ ਆਯੋ ਜਾਨਿ ਕਰਿ ॥

ਪਿਤਾ ਨੂੰ ਆਇਆ ਜਾਣ ਕੇ ਅਬੜਵਾਹੇ ਉਠ ਖੜੋਤੀ

ਹੋ ਅਧਿਕ ਰੋਇ ਗਿਰਿ ਪਰੀ ਤੌਨ ਹੀ ਖਾਟ ਤਰਿ ॥੯॥

ਅਤੇ ਬਹੁਤ ਰੋ ਕੇ ਉਸੇ ਮੰਜੀ ਤੋਂ ਹੇਠਾਂ ਡਿਗ ਪਈ ॥੯॥

ਰਾਜਾ ਬਾਚ ॥

ਰਾਜੇ ਨੇ ਕਿਹਾ:

ਚੌਪਈ ॥

ਚੌਪਈ:

ਤਾਹਿ ਤਬੈ ਪੂਛਿਯੋ ਨ੍ਰਿਪ ਆਈ ॥

ਤਦ ਰਾਜੇ ਨੇ ਆ ਕੇ ਪੁਛਿਆ,

ਕ੍ਯੋ ਰੋਵਤ ਦੁਹਿਤਾ ਸੁਖਦਾਈ ॥

ਹੇ ਸੁਖ ਦੇਣ ਵਾਲੀ ਬੇਟੀ! ਕਿਉਂ ਰੋਂਦੀ ਹੈਂ।

ਜੋ ਆਗ੍ਯਾ ਮੁਹਿ ਦੇਹੁ ਸੁ ਕਰਿਹੌਂ ॥

ਜੋ ਤੂੰ ਮੈਨੂੰ ਕਹੇਂਗੀ, ਉਹੀ ਕਰਾਂਗਾ।

ਤੈ ਕੋਪੀ ਜਿਹ ਪਰ ਤਿਹ ਹਰਿਹੌਂ ॥੧੦॥

ਜਿਸ ਉਤੇ ਤੂੰ ਗੁੱਸੇ ਹੈਂ, ਉਸ ਨੂੰ ਮਾਰ ਦਿਆਂਗਾ ॥੧੦॥

ਸੁਤਾ ਬਾਚ ॥

ਬੇਟੀ ਨੇ ਕਿਹਾ:

ਸੋਵਤ ਹੁਤੀ ਸੁਪਨ ਮੁਹਿ ਭਯੋ ॥

ਮੈਨੂੰ ਸੁਤੀ ਹੋਈ ਨੂੰ ਸੁਪਨਾ ਆਇਆ,

ਜਾਨਕ ਰਾਵ ਰਾਕ ਕੌ ਦਯੋ ॥

ਮਾਨੋ ਰਾਜੇ ਨੇ (ਮੈਨੂੰ ਕਿਸੇ) ਕੰਗਾਲ ਦੇ ਹਵਾਲੇ ਕਰ ਦਿੱਤਾ ਹੈ।

ਹੌ ਨਹਿ ਜੋਗ੍ਰਯ ਹੁਤੀ ਪਿਤੁ ਤਾ ਕੇ ॥

ਕੀ ਪਿਤਾ ਜੀ! ਕੀਹ (ਮੈਂ) ਉਸ ਦੇ ਯੋਗ ਨਹੀਂ ਸਾਂ

ਤੈ ਗ੍ਰਿਹ ਦਯੋ ਸੁਪਨ ਮੈ ਜਾ ਕੇ ॥੧੧॥

ਜਿਸ ਦੇ ਘਰ ਸੁਪਨੇ ਵਿਚ ਤੁਸੀਂ ਦੇ ਦਿੱਤਾ ਸੀ ॥੧੧॥

ਦੋਹਰਾ ॥

ਦੋਹਰਾ:

ਜਾਨੁਕ ਆਗਿ ਜਰਾਇ ਕੈ ਲਈ ਭਾਵਰੈ ਸਾਤ ॥

ਮਾਨੋ ਅੱਗ ਬਾਲ ਕੇ ਸੱਤ ਫੇਰੇ ਲਏ

ਬਾਹ ਪਕਰਿ ਪਿਤੁ ਤਿਹੁ ਦਈ ਸੁਤਾ ਦਾਨ ਕਰਿ ਮਾਤ ॥੧੨॥

ਅਤੇ ਮਾਤਾ ਪਿਤਾ ਨੇ ਬਾਹੋਂ ਪਕੜ ਕੇ ਕੰਨਿਆ ਦਾਨ ਕਰ ਦਿੱਤਾ ॥੧੨॥

ਸੋਰਠਾ ॥

ਸੋਰਠਾ:

ਮੈ ਤਿਹ ਹੁਤੀ ਨ ਜੋਗ ਜਾ ਕੌ ਮੁਹਿ ਰਾਜੈ ਦਿਯੋ ॥

ਮੈਂ ਉਸ ਦੇ ਯੋਗ ਨਹੀਂ ਸਾਂ ਜਿਸ ਦੇ ਹਵਾਲੇ ਮੈਨੂੰ ਰਾਜੇ ਨੇ ਕਰ ਦਿੱਤਾ।

ਤਾ ਤੇ ਭਈ ਸੁ ਸੋਗ ਰੋਵਤ ਹੌ ਭਰਿ ਜਲ ਚਖਨ ॥੧੩॥

ਇਸ ਲਈ ਮੈਂ ਸੋਗੀ ਹੋ ਕੇ ਅੱਖਾਂ ਵਿਚ ਹੰਝੂ ਭਰ ਕੇ ਰੋ ਰਹੀ ਹਾਂ ॥੧੩॥

ਚੌਪਈ ॥

ਚੌਪਈ:

ਅਬ ਮੋਰੇ ਪਰਮੇਸਰ ਓਹੂ ॥

ਹੁਣ ਓਹੀ ਮੇਰਾ ਪਰਮੇਸ਼੍ਵਰ ਹੈ।

ਭਲਾ ਬੁਰਾ ਭਾਖੌ ਜਨ ਕੋਊ ॥

ਉਸ ਨੂੰ ਮਤਾਂ ਕੋਈ ਚੰਗਾ ਮਾੜਾ ਕਹੇ।

ਪ੍ਰਾਨਨ ਲਗਤ ਤਵਨ ਕੌ ਬਰਿ ਹੌ ॥

(ਮੈਂ ਤਾਂ) ਪ੍ਰਾਣਾਂ ਦੇ ਅੰਤ ਹੋਣ ਤਕ ਉਸੇ ਨੂੰ ਵਰਾਂਗੀ।

ਨਾਤਰਿ ਮਾਰਿ ਕਟਾਰੀ ਮਰਿ ਹੌ ॥੧੪॥

ਨਹੀਂ ਤਾਂ ਕਟਾਰੀ ਮਾਰ ਕੇ ਮਰ ਜਾਵਾਂਗੀ ॥੧੪॥

ਦੋਹਰਾ ॥

ਦੋਹਰਾ:

ਸੁਪਨ ਬਿਖੈ ਮਾਤਾ ਪਿਤਾ ਜਿਹ ਮੁਹਿ ਦਿਯੋ ਸੁਧਾਰਿ ॥

ਸੁਪਨੇ ਵਿਚ ਮਾਤਾ ਪਿਤਾ ਨੇ ਮੈਨੂੰ ਜਿਸ ਨਾਲ ਭਲੀ ਭਾਂਤ (ਵਿਆਹ) ਦਿੱਤਾ ਹੈ,

ਮਨ ਬਚ ਕ੍ਰਮ ਕਰਿ ਕੈ ਭਈ ਮੈ ਤਾਹੀ ਕੀ ਨਾਰਿ ॥੧੫॥

ਮੈਂ ਹੁਣ ਮਨ ਬਚ ਕਰਮ ਕਰ ਕੇ ਉਸ ਦੀ ਹੀ ਪਤਨੀ ਹੋ ਗਈ ਹਾਂ ॥੧੫॥

ਅੜਿਲ ॥

ਅੜਿਲ:

ਕੈ ਮਰਿ ਹੌ ਬਿਖ ਖਾਇ ਕਿ ਵਾਹੀ ਕੌ ਬਰੌ ॥

ਜਾਂ ਤਾਂ (ਮੈਂ) ਉਸ ਨੂੰ ਵਰਾਂਗੀ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ।

ਬਿਨੁ ਦੇਖੇ ਮੁਖ ਨਾਥ ਕਟਾਰੀ ਹਨਿ ਮਰੌ ॥

ਮੈਂ ਆਪਣੇ ਸੁਆਮੀ ਦਾ ਮੂੰਹ ਵੇਖੇ ਬਿਨਾ ਕਟਾਰੀ ਮਾਰ ਕੇ ਮਰ ਜਾਵਾਂਗੀ।

ਕੈ ਮੋ ਕਉ ਵਹ ਦੀਜੈ ਅਬੈ ਬੁਲਾਇ ਕੈ ॥

ਜਾਂ ਤਾਂ ਹੁਣੇ ਉਸ ਨੂੰ ਬੁਲਾ ਕੇ ਮੈਨੂੰ ਦੇ ਦਿਓ,

ਹੋ ਨਾਤਰ ਹਮਰੀ ਆਸਾ ਤਜਹੁ ਬਨਾਇ ਕੈ ॥੧੬॥

ਨਹੀਂ ਤਾਂ ਮੇਰੀ ਆਸ ਬਿਲਕੁਲ ਛਡ ਦਿਓ ॥੧੬॥

ਕਹਿ ਕਹਿ ਐਸੇ ਬਚਨ ਮੂਰਛਨਾ ਹ੍ਵੈ ਗਿਰੀ ॥

ਇਸ ਤਰ੍ਹਾਂ ਦੇ ਬਚਨ ਕਹਿ ਕਹਿ ਕੇ ਬੇਹੋਸ਼ ਹੋ ਕੇ ਡਿਗ ਪਈ।

ਜਨੁ ਪ੍ਰਹਾਰ ਜਮਧਰ ਕੇ ਕੀਏ ਬਿਨਾ ਮਰੀ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਮਧਾੜ ਦੇ ਵਾਰ ਕੀਤੇ ਬਿਨਾ ਹੀ ਮਰ ਗਈ ਹੋਵੇ।

ਆਨਿ ਪਿਤਾ ਤਿਹ ਲਿਯੋ ਗਰੇ ਸੌ ਲਾਇ ਕੈ ॥

ਪਿਤਾ ਨੇ ਆ ਕੇ ਉਸ ਨੂੰ ਗਲੇ ਨਾਲ ਲਗਾ ਲਿਆ।

ਹੋ ਕੁਅਰਿ ਕੁਅਰਿ ਕਹਿ ਧਾਇ ਪਈ ਦੁਖ ਪਾਇ ਕੈ ॥੧੭॥

(ਅਤੇ ਮਾਤਾ ਵੀ) ਦੁਖ ਪੂਰਵਕ 'ਕੁਅਰਿ ਕੁਅਰਿ' ਕਹਿੰਦੀ ਭਜ ਕੇ ਆ ਗਈ ॥੧੭॥

ਜੋ ਸੁਪਨੇ ਤੈ ਬਰਿਯੋ ਸੁ ਹਮੈ ਬਤਾਇਯੈ ॥

(ਪਿਤਾ ਨੇ ਕਿਹਾ) ਜੋ ਤੂੰ ਸੁਪਨੇ ਵਿਚ ਵਰਿਆ ਹੈ, ਉਹ ਸਾਨੂੰ ਦਸ ਦੇ।

ਕਰਿਯੈ ਵਹੈ ਉਪਾਇ ਮਨੈ ਸੁਖੁ ਪਾਇਯੈ ॥

(ਅਸੀਂ) ਮਨ ਵਿਚ ਸੁਖ ਪ੍ਰਾਪਤ ਕਰ ਕੇ ਉਹੀ ਉਪਾ ਕਰਾਂਗੇ।

ਬਹੁ ਚਿਰ ਦ੍ਰਿਗਨ ਪਸਾਰਿ ਪਿਤਾ ਕੀ ਓਰਿ ਚਹਿ ॥

ਬਹੁਤ ਦੇਰ ਤਕ ਅੱਖਾਂ ਪਸਾਰ ਕੇ ਪਿਤਾ ਵਲ ਚਾਹ ਨਾਲ ਦੇਖਦੀ ਰਹੀ।

ਕਛੁ ਕਹਬੇ ਕੌ ਭਈ ਗਈ ਨ ਤਾਹਿ ਕਹਿ ॥੧੮॥

ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਕਹਿ ਨਾ ਸਕੀ ॥੧੮॥

ਕਰਤ ਕਰਤ ਬਹੁ ਚਿਰ ਲੌ ਬਚਨ ਸੁਨਾਇਯੋ ॥

ਬਹੁਤ ਦੇਰ ਕਰ ਕੇ (ਆਖਰ) ਉਸ ਨੇ ਬੋਲ ਕਹੇ

ਛੈਲੁ ਕੁਅਰ ਕੋ ਸਭਹਿਨ ਨਾਮ ਸੁਨਾਇਯੋ ॥

ਅਤੇ ਸਭ ਨੂੰ (ਉਸ ਦਾ) ਛੈਲ ਕੁਅਰ ਨਾਂ ਸੁਣਾ ਦਿੱਤਾ।

ਸੁਪਨ ਬਿਖੈ ਪਿਤੁ ਮਾਤ ਸੁ ਮੁਹਿ ਜਾ ਕੌ ਦਿਯੋ ॥

ਸੁਪਨੇ ਵਿਚ ਜਿਸ ਨੂੰ (ਮੇਰੇ) ਮਾਤਾ ਪਿਤਾ ਨੇ ਮੈਨੂੰ ਦਿੱਤਾ ਹੈ,

ਹੋ ਵਹੈ ਆਪਨੋ ਨਾਥ ਮਾਨਿ ਕੈ ਮੈ ਲਿਯੋ ॥੧੯॥

ਉਸੇ ਨੂੰ ਮੈਂ ਆਪਣਾ ਨਾਥ ਮੰਨ ਲਿਆ ਹੈ ॥੧੯॥


Flag Counter