ਸ਼੍ਰੀ ਦਸਮ ਗ੍ਰੰਥ

ਅੰਗ - 719


ਸਿਸਟਿ ਨਾਮ ਪਹਲੇ ਕਹੋ ਬਹੁਰਿ ਉਚਾਰੋ ਨਾਥ ॥

ਪਹਿਲਾਂ 'ਸਿਸਟਿ' (ਸ੍ਰਿਸਟੀ) ਨਾਮ ਆਖੋ, ਫਿਰ 'ਨਾਥ' (ਸ਼ਬਦ) ਉਚਾਰੋ।

ਸਕਲ ਨਾਮੁ ਮਮ ਈਸ ਕੇ ਸਦਾ ਬਸੋ ਜੀਅ ਸਾਥ ॥੩੧॥

ਇਹ ਸਾਰੇ ਨਾਂ 'ਮਮ ਈਸ' (ਖੜਗ) ਦੇ ਹਨ। ਇਨ੍ਹਾਂ ਨੂੰ ਸਦਾ ਦਿਲ ਵਿਚ ਵਸਾਈ ਰਖੋ ॥੩੧॥

ਸਿੰਘ ਸਬਦ ਭਾਖੋ ਪ੍ਰਥਮ ਬਾਹਨ ਬਹੁਰਿ ਉਚਾਰਿ ॥

ਪਹਿਲਾਂ ਸਿੰਘ ਸ਼ਬਦ ਕਹੋ, ਫਿਰ 'ਬਾਹਨ' (ਸ਼ਬਦ) ਉਚਾਰੋ।

ਸਭੈ ਨਾਮ ਜਗ ਮਾਤ ਕੇ ਲੀਜਹੁ ਸੁਕਬਿ ਸੁਧਾਰਿ ॥੩੨॥

ਇਹ ਸਾਰੇ ਨਾਂ 'ਜਗਮਾਤ' (ਤਲਵਾਰ) ਦੇ ਹਨ। ਹੇ ਕਵੀਓ! ਇਨ੍ਹਾਂ ਨੂੰ (ਮਨ ਵਿਚ) ਧਾਰਨ ਕਰ ਲਵੋ ॥੩੨॥

ਰਿਪੁ ਖੰਡਨ ਮੰਡਨ ਜਗਤ ਖਲ ਖੰਡਨ ਜਗ ਮਾਹਿ ॥

(ਜੋ) ਵੈਰੀ ਦਾ ਖੰਡਨ ਕਰਨ ਵਾਲੀ, ਜਗਤ ਨੂੰ ਸਾਜਣ ਵਾਲੀ ਅਤੇ ਜਗ ਵਿਚ ਮੂਰਖਾਂ ਨੂੰ ਟੋਟੇ ਟੋਟੇ ਕਰਨ ਵਾਲੀ ਹੈ,

ਤਾ ਕੇ ਨਾਮ ਉਚਾਰੀਐ ਜਿਹੇ ਸੁਨਿ ਦੁਖ ਟਰਿ ਜਾਹਿ ॥੩੩॥

ਉਸ ਦਾ ਨਾਂ ਉਚਾਰਨਾ ਚਾਹੀਦਾ ਹੈ, ਜਿਸ ਨੂੰ ਸੁਣ ਕੇ ਦੁਖ ਟਲ ਜਾਂਦੇ ਹਨ ॥੩੩॥

ਸਭ ਸਸਤ੍ਰਨ ਕੇ ਨਾਮ ਕਹਿ ਪ੍ਰਿਥਮ ਅੰਤ ਪਤਿ ਭਾਖੁ ॥

ਸਾਰਿਆਂ ਸ਼ਸਤ੍ਰਾਂ ਦੇ ਨਾਂ ਪਹਿਲਾਂ ਕਹਿ ਕੇ, ਅੰਤ ਉਤੇ 'ਪਤਿ' (ਸ਼ਬਦ) ਕਹੋ।

ਸਭ ਹੀ ਨਾਮ ਕ੍ਰਿਪਾਨ ਕੇ ਜਾਣ ਹ੍ਰਿਦੈ ਮਹਿ ਰਾਖੁ ॥੩੪॥

(ਇਹ) ਸਾਰੇ ਨਾਂ ਕ੍ਰਿਪਾਨ (ਦੇ ਹੋ ਜਾਣਗੇ) (ਇੰਨ੍ਹਾਂ ਨੂੰ) ਹਿਰਦੇ ਵਿਚ ਰਖੋ ॥੩੪॥

ਖਤ੍ਰਿਯਾਕੈ ਖੇਲਕ ਖੜਗ ਖਗ ਖੰਡੋ ਖਤ੍ਰਿਆਰਿ ॥

ਖਤ੍ਰਿਯਾਂਕੈ ਖੇਲਕ (ਛਤ੍ਰੀਆਂ ਦੇ ਅੰਗ ਨਾਲ ਲਟਕਣ ਵਾਲਾ) ਖੜਗ, ਖਗ, ਖੰਡਾ, ਖਤ੍ਰਿਆਰਿ (ਛਤ੍ਰੀਆਂ ਦਾ ਵੈਰੀ) ਖੇਲਾਂਤਕ (ਯੁੱਧ ਦੀ ਖੇਡ ਦਾ ਅੰਤ ਕਰਨ ਵਾਲਾ)

ਖੇਲਾਤਕ ਖਲਕੇਮਰੀ ਅਸਿ ਕੇ ਨਾਮ ਬਿਚਾਰ ॥੩੫॥

ਖਲਕੇਮਰੀ (ਦੁਸ਼ਟ ਨਾਸ਼ਕ) (ਆਦਿਕ ਨੂੰ) ਤਲਵਾਰ ਦੇ ਨਾਮ ਵਿਚਾਰ ਲਵੋ ॥੩੫॥

ਭੂਤਾਤਕਿ ਸ੍ਰੀ ਭਗਵਤੀ ਭਵਹਾ ਨਾਮ ਬਖਾਨ ॥

ਭੂਤਾਂਤਕਿ (ਜੀਵਾਂ ਦਾ ਅੰਤ ਕਰਨ ਵਾਲਾ-ਖੜਗ) ਭਗਵਤੀ (ਖੜਗ) ਭਵਹਾ (ਜਗਤ ਦੀ ਵਿਨਾਸ਼ਕ)

ਸਿਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲ੍ਯਾਨ ॥੩੬॥

ਸਿਰੀ, ਭਵਾਨੀ, ਭੈ-ਹਰਨ (ਇਹ ਸਾਰੇ ਤਲਵਾਰ ਦੇ) ਨਾਮ ਬਖਾਨ ਕੀਤੇ ਜਾਂਦੇ ਹਨ, (ਜੋ) ਸਭ ਦਾ ਕਲਿਆਣ ਕਰਨ ਵਾਲੇ ਹਨ ॥੩੬॥

ਅੜਿਲ ॥

ਅੜਿਲ:

ਭੂਤ ਸਬਦ ਕੌ ਭਾਖਿ ਬਹੁਰਿ ਅਰਿ ਭਾਖੀਐ ॥

(ਪਹਿਲਾਂ) 'ਭੂਤ' ਸ਼ਬਦ ਕਹਿ ਕੇ, ਫਿਰ 'ਅਰਿ' (ਸ਼ਬਦ) ਬੋਲਿਆ ਜਾਏ।

ਸਭ ਅਸਿ ਜੂ ਕੇ ਨਾਮ ਜਾਨ ਜੀਅ ਰਾਖੀਐ ॥

ਇਹ ਸਾਰੇ ਨਾਂ 'ਅਸਿ ਜੂ' (ਤਲਵਾਰ) ਦੇ ਹੋ ਜਾਣ ਕਰ ਕੇ ਹਿਰਦੇ ਵਿਚ ਰਖੋ।

ਨਾਮ ਮ੍ਰਿਗਨ ਸਭ ਕਹਿ ਧਨੁਸਰ ਉਚਾਰੀਐ ॥

ਸਾਰੇ 'ਮ੍ਰਿਗਨ' (ਹਿਰਨ) ਨਾਂ ਕਹਿ ਕੇ (ਫਿਰ) 'ਧਨੁਸਰ' (ਧ੍ਵਸ੍ਰ-ਵਿਨਾਸ਼ ਕਰਨ ਵਾਲਾ) ਕਿਹਾ ਜਾਏ।

ਹੋ ਸਭ ਖੰਡੇ ਕੇ ਨਾਮ ਸਤਿ ਜੀਅ ਧਾਰੀਐ ॥੩੭॥

(ਤਾਂ ਇਹ) ਸਾਰੇ ਖੰਡੇ ਦੇ ਨਾਮ ਹੋ ਜਾਣਗੇ। (ਇਹ ਗੱਲ) ਮਨ ਵਿਚ ਸਚ ਕਰ ਕੇ ਮੰਨ ਲਵੋ ॥੩੭॥

ਦੋਹਰਾ ॥

ਦੋਹਰਾ:

ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ ਰਦਨ ਉਚਾਰਿ ॥

ਪਹਿਲਾਂ 'ਜਮ' ਦਾ ਨਾਮ ਕਹਿ ਕੇ, ਫਿਰ 'ਰਦਨ' (ਦੰਦ) (ਸ਼ਬਦ) ਉਚਾਰ ਦਿਓ।

ਸਕਲ ਨਾਮ ਜਮਦਾੜ ਕੇ ਲੀਜਹੁ ਸੁਕਬਿ ਸੁਧਾਰਿ ॥੩੮॥

(ਇਹ) ਸਾਰੇ 'ਨਾਮ' 'ਜਮਦਾੜ੍ਹ' (ਦੇ ਹੋ ਜਾਣਗੇ)। ਕਵੀ ਜਨ (ਮਨ ਵਿਚ ਇਹ) ਧਾਰ ਲੈਣ ॥੩੮॥

ਉਦਰ ਸਬਦ ਪ੍ਰਿਥਮੈ ਕਹੋ ਪੁਨਿ ਅਰਿ ਸਬਦ ਉਚਾਰ ॥

ਪਹਿਲਾਂ 'ਉਦਰ' (ਪੇਟ) ਸ਼ਬਦ ਕਹੋ ਅਤੇ ਫਿਰ 'ਅਰਿ' ਸ਼ਬਦ ਉਚਾਰੋ।

ਨਾਮ ਸਭੈ ਜਮਦਾੜ ਕੇ ਲੀਜਹੁ ਸੁਕਬਿ ਬਿਚਾਰ ॥੩੯॥

(ਇਹ) ਸਾਰੇ ਨਾਮ ਜਮਦਾੜ੍ਹ (ਦੇ ਹੋਣਗੇ)। ਕਵੀ (ਇਹ ਗੱਲ) ਵਿਚਾਰ ਲੈਣ ॥੩੯॥

ਮ੍ਰਿਗ ਗ੍ਰੀਵਾ ਸਿਰ ਅਰਿ ਉਚਰਿ ਪੁਨਿ ਅਸਿ ਸਬਦ ਉਚਾਰ ॥

ਮ੍ਰਿਗ (ਹਿਰਨ) ਗ੍ਰੀਵਾ (ਗਰਦਨ) ਸਿਰ ਨਾਲ 'ਅਰਿ' (ਸ਼ਬਦ) ਉਚਾਰ ਕੇ ਫਿਰ 'ਅਸਿ' ਸ਼ਬਦ ਉਚਾਰੋ।

ਸਭੈ ਨਾਮ ਸ੍ਰੀ ਖੜਗ ਕੇ ਲੀਜੋ ਹ੍ਰਿਦੈ ਬਿਚਾਰਿ ॥੪੦॥

(ਇਹ) ਸਾਰੇ ਨਾਮ ਤਲਵਾਰ ('ਖੜਗ') ਦੇ ਹਨ। (ਇਹ ਗੱਲ) ਹਿਰਦੇ ਵਿਚ ਵਿਚਾਰ ਲਵੋ ॥੪੦॥

ਕਰੀ ਕਰਾਤਕ ਕਸਟ ਰਿਪੁ ਕਾਲਾਯੁਧ ਕਰਵਾਰਿ ॥

'ਕਰੀ ਕਰਾਂਤਕ' (ਹਾਥੀ ਦੀ ਸੁੰਡ ਨੂੰ ਖ਼ਤਮ ਕਰਨ ਵਾਲਾ) ਅਤੇ 'ਕਸਟ ਰਿਪੁ' (ਵੈਰੀ ਨੂੰ ਦੁਖ ਦੇਣ ਵਾਲਾ) 'ਕਾਲਾਯੁਧ' (ਕਾਲ ਦਾ ਸ਼ਸਤ੍ਰ) 'ਕਰਵਾਰ'

ਕਰਾਚੋਲ ਕ੍ਰਿਪਾਨ ਕੇ ਲੀਜਹੁ ਨਾਮ ਸੁਧਾਰ ॥੪੧॥

ਅਤੇ 'ਕਰਾਚੋਲ' ਆਦਿ ਨੂੰ ਕ੍ਰਿਪਾਨ ਦੇ ਨਾਮ ਵਿਚਾਰ ਲਿਆ ਜਾਵੇ ॥੪੧॥

ਹਸਤਿ ਕਰੀ ਕਰ ਪ੍ਰਿਥਮ ਕਹਿ ਪੁਨਿ ਅਰਿ ਸਬਦ ਸੁਨਾਇ ॥

ਪਹਿਲਾਂ 'ਹਸਤਿਕਰ' ਜਾਂ 'ਕਰੀਕਰ' ਕਹਿ ਕੇ ਫਿਰ 'ਅਰਿ' (ਵੈਰੀ) ਸ਼ਬਦ ਸੁਣਾ ਦਿਓ।

ਸਸਤ੍ਰ ਰਾਜ ਕੇ ਨਾਮ ਸਬ ਮੋਰੀ ਕਰਹੁ ਸਹਾਇ ॥੪੨॥

(ਇਹ) ਸਾਰੇ ਨਾਮ ਸ਼ਸਤ੍ਰਰਾਜ (ਤਲਵਾਰ) ਦੇ ਹਨ, ਜੋ ਮੇਰੀ ਸਹਾਇਤਾ ਕਰਦੀ ਹੈ ॥੪੨॥

ਸਿਰੀ ਸਰੋਹੀ ਸੇਰਸਮ ਜਾ ਸਮ ਅਉਰ ਨ ਕੋਇ ॥

ਸ੍ਰੀ, ਸਰੋਹੀ, ਸ਼ਮਸ਼ੇਰ ('ਸੇਰਸਮ') (ਇਹ ਸਾਰੇ ਤਲਵਾਰ ਦੇ ਨਾਮ ਹਨ) ਜਿਸ ਵਰਗਾ ਹੋਰ ਕੋਈ ਨਹੀਂ ਹੈ।

ਤੇਗ ਜਾਪੁ ਤੁਮਹੂੰ ਜਪੋ ਭਲੋ ਤੁਹਾਰੋ ਹੋਇ ॥੪੩॥

ਤੁਸੀਂ ਵੀ ਤੇਗ ਦਾ ਜਾਪ ਜਪੋ, ਤੁਹਾਡਾ ਭਲਾ ਹੋਵੇਗਾ ॥੪੩॥

ਖਗ ਮ੍ਰਿਗ ਜਛ ਭੁਜੰਗ ਗਨ ਏ ਪਦ ਪ੍ਰਿਥਮ ਉਚਾਰਿ ॥

ਖਗ (ਪੰਛੀ) ਮ੍ਰਿਗ, ਜਛ (ਯਕਸ਼) ਅਤੇ ਭੁਜੰਗ (ਇਨ੍ਹਾਂ) ਸਾਰਿਆਂ (ਨਾਂਵਾਂ ਵਿਚੋਂ ਕੋਈ ਵੀ) ਸ਼ਬਦ ਪਹਿਲਾਂ ਕਹਿ ਦਿਓ।

ਫੁਨਿ ਅਰਿ ਸਬਦ ਉਚਾਰੀਐ ਜਾਨ ਤਿਸੈ ਤਰਵਾਰਿ ॥੪੪॥

ਫਿਰ 'ਅਰਿ' ਸ਼ਬਦ ਉਚਾਰਿਆ ਜਾਵੇ। (ਤਾਂ) ਉਸ ਨੂੰ ਤਲਵਾਰ ਦਾ (ਦਾ ਨਾਮ) ਸਮਝ ਲਿਆ ਜਾਵੇ ॥੪੪॥

ਹਲਬਿ ਜੁਨਬੀ ਮਗਰਬੀ ਮਿਸਰੀ ਊਨਾ ਨਾਮ ॥

ਹਲਬਿ, ਜੁਨਬੀ, ਮਗਰਬੀ, ਮਿਸਰੀ, ਊਨਾ,

ਸੈਫ ਸਰੋਹੀ ਸਸਤ੍ਰਪਤਿ ਜਿਤ੍ਯੋ ਰੂਮ ਅਰੁ ਸਾਮ ॥੪੫॥

ਸੈਫ਼, ਸਰੋਹੀ ਆਦਿ ਨਾਮ 'ਸਸਤ੍ਰ ਪਤਿ' (ਖੜਗ) ਦੇ ਹਨ। (ਜਿਸ ਕਰ ਕੇ) ਰੂਮ ਅਤੇ ਸ਼ਾਮ (ਦੇਸ਼) ਜਿਤੇ ਗਏ ਹਨ ॥੪੫॥

ਕਤੀ ਯਾਮਾਨੀ ਹਿੰਦਵੀ ਸਭ ਸਸਤ੍ਰ ਕੇ ਨਾਥ ॥

ਯਾਮਾਨੀ ਕਤੀ ਅਤੇ ਹਿੰਦਵੀ ਕਤੀ (ਤਲਵਾਰ) ਇਹ ਸਾਰੇ ਸ਼ਸਤ੍ਰਾਂ ਦੇ ਸੁਆਮੀ (ਖੜਗ ਦੇ ਨਾਮ ਹਨ)।

ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥਿ ॥੪੬॥

(ਇਸ) ਭਗਉਤੀ (ਤਲਵਾਰ) ਨੂੰ ਨਿਹਕਲੰਕੀ (ਅਵਤਾਰ) ਆਪ ਹੱਥ ਵਿਚ ਲੈ ਕੇ ਨਿਕਲੇਗਾ ॥੪੬॥

ਪ੍ਰਿਥਮ ਸਕਤਿ ਪਦ ਉਚਰਿ ਕੈ ਪੁਨਿ ਕਹੁ ਸਕਤਿ ਬਿਸੇਖ ॥

ਪਹਿਲਾਂ 'ਸ਼ਕਤੀ' ਸ਼ਬਦ ਕਹਿ ਕੇ ਫਿਰ 'ਸਕਤਿ ਬਿਸੇਖ' ਕਹਿ ਦਿਓ।

ਨਾਮ ਸੈਹਥੀ ਕੇ ਸਕਲ ਨਿਕਸਤ ਜਾਹਿ ਅਨੇਕ ॥੪੭॥

(ਇਸ ਤਰ੍ਹਾਂ) 'ਸੈਹਥੀ' (ਬਰਛੀ) ਦੇ ਸਾਰੇ ਨਾਮ ਅਨੇਕਾਂ ਹੀ ਨਿਕਲਦੇ ਜਾਣਗੇ ॥੪੭॥

ਪ੍ਰਿਥਮ ਸੁਭਟ ਪਦ ਉਚਰਿ ਕੈ ਬਹੁਰਿ ਸਬਦ ਅਰਿ ਦੇਹੁ ॥

ਪਹਿਲਾਂ 'ਸੁਭਟ' ਸ਼ਬਦ ਉਚਾਰ ਕੇ, ਫਿਰ 'ਅਰਿ' (ਵੈਰੀ) ਸ਼ਬਦ ਲਗਾਓ।

ਨਾਮ ਸੈਹਥੀ ਕੇ ਸਭੈ ਸਮਝਿ ਚਤੁਰ ਚਿਤ ਲੇਹੁ ॥੪੮॥

ਇਹ ਸਾਰੇ ਨਾਮ ਸੈਹਥੀ ਦੇ ਹਨ। ਵਿਦਵਾਨ ਇਸ ਨੂੰ ਚਿਤ ਵਿਚ ਸਮਝ ਲੈਣ ॥੪੮॥

ਪ੍ਰਿਥਮ ਭਾਖ ਸੰਨਾਹ ਪਦੁ ਪੁਨਿ ਰਿਪੁ ਸਬਦ ਉਚਾਰਿ ॥

ਪਹਿਲਾਂ 'ਸੰਨਾਹ' (ਕਵਚ) ਸ਼ਬਦ ਕਹਿ ਕੇ, ਫਿਰ 'ਰਿਪੁ' (ਵੈਰੀ) ਸ਼ਬਦ ਉਚਾਰ ਦਿਓ।

ਨਾਮ ਸੈਹਥੀ ਕੇ ਸਕਲ ਚਤੁਰ ਚਿਤ ਨਿਜ ਧਾਰਿ ॥੪੯॥

(ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ (ਬਣਨਗੇ)। ਹੇ ਚਤੁਰ ਪੁਰਸ਼ੋ! ਚਿਤ ਵਿਚ ਧਾਰ ਲਵੋ ॥੪੯॥

ਉਚਰਿ ਕੁੰਭ ਪ੍ਰਿਥਮੈ ਸਬਦ ਪੁਨਿ ਅਰਿ ਸਬਦ ਕਹੋ ॥

ਪਹਿਲਾਂ 'ਕੁੰਭ' (ਹਾਥੀ) ਸ਼ਬਦ ਦਾ ਉਚਾਰਨ ਕਰੋ, ਫਿਰ 'ਅਰਿ' (ਵੈਰੀ) ਸ਼ਬਦ ਕਹੋ।

ਨਾਮ ਸੈਹਥੀ ਕੇ ਸਭੈ ਚਿਤ ਮਹਿ ਚਤੁਰ ਲਹੋ ॥੫੦॥

(ਇਸ ਤਰ੍ਹਾਂ) ਇਹ ਸਾਰੇ ਨਾਮ ਸੈਹਥੀ ਦੇ ਹਨ। ਬੁੱਧੀਮਾਨ ਚਿਤ ਵਿਚ ਜਾਣ ਲੈਣ ॥੫੦॥

ਤਨੁ ਤ੍ਰਾਨ ਪਦ ਪ੍ਰਿਥਮ ਕਹਿ ਪੁਨਿ ਅਰਿ ਸਬਦ ਬਖਾਨ ॥

ਪਹਿਲਾਂ 'ਤਨੁ ਤ੍ਰਾਨ' (ਕਵਚ) ਸ਼ਬਦ ਕਹਿ ਕੇ ਫਿਰ 'ਅਰਿ' ਸ਼ਬਦ ਬੋਲੋ।

ਨਾਮ ਸੈਹਥੀ ਕੇ ਸਭੈ ਰੁਚਿਰ ਚਤੁਰ ਚਿਤ ਜਾਨ ॥੫੧॥

(ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ ਹਨ। ਸੁੰਦਰ ਚਤੁਰ (ਵਿਅਕਤੀ) ਚਿਤ ਵਿਚ ਜਾਣ ਲੈਣ ॥੫੧॥

ਯਸਟੀਸਰ ਕੋ ਪ੍ਰਿਥਮ ਕਹਿ ਪੁਨਿ ਬਚ ਕਹੁ ਅਰਧੰਗ ॥

'ਯਸਟੀਸਰ' (ਲੰਬੀ ਸੋਟੀ ਵਾਲੀ) (ਸ਼ਬਦ) ਨੂੰ ਪਹਿਲਾਂ ਕਹਿ ਕੇ (ਫਿਰ) 'ਅਰਧੰਗ' ਪਦ ('ਬਚ') ਕਹਿ ਦਿਓ।

ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸੰਗ ॥੫੨॥

(ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ ਹਨ, ਨਿਸੰਗ ਹੋ ਕੇ ਕਹਿੰਦੇ ਜਾਓ ॥੫੨॥


Flag Counter