ਸ਼੍ਰੀ ਦਸਮ ਗ੍ਰੰਥ

ਅੰਗ - 874


ਦਾਨਵ ਗੀਧ ਕੇਤੁ ਕੋ ਭ੍ਰਾਤਾ ॥

ਗੀਧ ਕੇਤੁ ਦਾਨਵ ਦਾ ਭਰਾ

ਕਾਕ ਕੇਤੁ ਤਿਹੂੰ ਲੋਕ ਬਿਖ੍ਯਾਤਾ ॥

ਕਾਕ ਕੇਤੁ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ।

ਕ੍ਰੂਰ ਕੇਤੁ ਦਾਨਵ ਇਕ ਧਾਯੋ ॥

ਇਕ ਕ੍ਰੂਰ ਕੇਤੁ ਨਾਂ ਦਾ ਦਾਨਵ ਆਪਣੇ ਨਾਲ

ਲੀਨੇ ਅਮਿਤ ਦੈਤ ਦਲ ਆਯੋ ॥੬੫॥

ਬੇਹਿਸਾਬ ਦਲ ਲੈ ਕੇ ਆਗਿਆ ॥੬੫॥

ਸਵੈਯਾ ॥

ਸਵੈਯਾ:

ਕਾਕ ਧੁਜਾ ਕਰਿ ਕੋਪ ਤਹੀ ਛਿਨ ਆਨਿ ਪਰਿਯੋ ਕਰਵਾਰ ਨਿਕਾਰੇ ॥

ਕਾਕ ਧੁਜ ਕ੍ਰੋਧ ਕਰ ਕੇ ਉਸੇ ਵੇਲੇ ਤਲਵਾਰ ਖਿਚ ਕੇ ਆ ਗਿਆ।

ਸਿੰਘ ਸਲਾ ਸਰਦੂਲ ਸਿਲੀਮੁਖ ਸਾਲ ਤਮਾਲ ਹਨੇ ਅਹਿ ਕਾਰੇ ॥

(ਉਸ ਨੇ) ਸ਼ੇਰ, ਸ਼ਿਲਾ, ਸ਼ਾਰਦੂਲ, ਤੀਰ ਵਰਗੇ ਮੂੰਹ ਵਾਲਾ, ਸਾਲ ਅਤੇ ਤਮਾਲ ਵਰਗੇ ਅਤੇ ਕਾਲੇ ਸੱਪ ਵਰਗੇ ਮਾਰ ਦਿੱਤੇ।

ਸ੍ਵਾਨ ਸ੍ਰਿੰਗਾਲ ਸੁਰਾਤਕ ਸੀਸ ਧੁਜਾ ਰਥ ਨਾਗ ਧਰਾਧਰ ਭਾਰੇ ॥

ਕੁੱਤੇ, ਗਿਦੜ, ਦੈਂਤ ('ਸੁਰਾਂਤਕ') ਸਿਰ, ਧੁਜਾ, ਰਥ, ਨਾਗ ਅਤੇ ਵੱਡੇ ਭਾਰੇ ਪਹਾੜ।

ਯੌ ਬਰਖੇ ਨਭ ਤੇ ਹਰਖੇ ਰਿਪੁ ਆਨਿ ਦਸੋ ਦਿਸਿ ਤੇ ਭਭਕਾਰੇ ॥੬੬॥

ਆਕਾਸ਼ ਤੋਂ ਵਰ੍ਹ ਰਹੇ ਸਨ ਅਤੇ ਵੈਰੀ ਖੁਸ਼ ਹੋ ਕੇ ਕਿਲਕਾਰੀਆਂ ਮਾਰਦੇ ਹੋਏ ਚੌਹਾਂ ਦਿਸ਼ਾਵਾਂ ਤੋਂ ਆ ਗਏ ਸਨ ॥੬੬॥

ਦੋਹਰਾ ॥

ਦੋਹਰਾ:

ਮਾਯਾ ਦੈਤ ਪਸਾਰਿ ਕੈ ਪੁਨਿ ਬੋਲਾ ਇਮਿ ਬੈਨ ॥

ਦੈਂਤ ਮਾਯਾਵੀ ਸ਼ਕਤੀ ਦਾ ਪ੍ਰਸਾਰ ਕਰ ਕੇ ਫਿਰ ਇਸ ਤਰ੍ਹਾਂ ਬੋਲਿਆ

ਜੁਧੁ ਸੁਯੰਬਰ ਜੀਤਿ ਤੁਹਿ ਲੈ ਜੈਹੌ ਨਿਜੁ ਐਨ ॥੬੭॥

ਕਿ ਯੁੱਧ ਦੇ ਸੁਅੰਬਰ ਵਿਚ ਜਿੱਤ ਕੇ (ਮੈਂ) ਤੈਨੂੰ ਆਪਣੇ ਘਰ ਲੈ ਜਾਵਾਂਗਾ ॥੬੭॥

ਸਵੈਯਾ ॥

ਸਵੈਯਾ:

ਰਾਜ ਸੁਤਾ ਕਰਿ ਕੋਪ ਤਿਹੀ ਛਿਨ ਸਾਮੁਹਿ ਹ੍ਵੈ ਹਥਿਯਾਰ ਗਹੇ ॥

ਰਾਜ ਕੁਮਾਰੀ ਹੱਥ ਵਿਚ ਹਥਿਆਰ ਪਕੜ ਕੇ ਉਸੇ ਵੇਲੇ ਸਾਹਮਣੇ ਹੋ ਗਈ।

ਬਲਵਾਨ ਕਮਾਨ ਕੋ ਤਾਨਿ ਹਨੇ ਕਬਿ ਰਾਮ ਭਨੈ ਚਿਤ ਮੈ ਜੁ ਚਹੇ ॥

ਕਵੀ ਰਾਮ ਕਹਿੰਦੇ ਹਨ ਕਿ (ਰਾਜ ਕੁਮਾਰੀ ਨੇ) ਮਜ਼ਬੂਤ ਕਮਾਨ ਖਿਚ ਕੇ ਜਿਸ ਨੂੰ ਚਾਹਿਆ ਮਾਰ ਦਿੱਤਾ।

ਸਰ ਸੂਰ ਦਇੰਤਨ ਕੇ ਤਨ ਮੈ ਇਹ ਭਾਤਿ ਲਗੇ ਨਹਿ ਜਾਤ ਕਹੇ ॥

ਸੂਰਮਿਆਂ ਅਤੇ ਦੈਂਤਾਂ ਦੇ ਤਨ ਵਿਚ ਤੀਰ ਇਸ ਤਰ੍ਹਾਂ ਲਗੇ, ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਮਨੋ ਇੰਦ੍ਰ ਕੇ ਬਾਗ ਅਸੋਕ ਬਿਖੈ ਫੁਲਵਾਰਿਨ ਕੇ ਫਲ ਫੂਲ ਰਹੇ ॥੬੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਅਸ਼ੋਕ ਬਾਗ਼ ਦੀਆਂ ਫੁਲਵਾੜੀਆਂ ਵਿਚ ਫੁਲ ਅਤੇ ਫਲ ਲਗੇ ਹੋਣ ॥੬੮॥

ਕਾਢਿ ਕ੍ਰਿਪਾਨ ਮਹਾ ਕੁਪਿ ਕੈ ਭਟ ਕੂਦਿ ਪਰੇ ਸਰਦਾਰ ਕਰੋਰੇ ॥

ਕ੍ਰਿਪਾਨਾਂ ਕਢ ਕੇ ਅਤੇ ਕ੍ਰੋਧਿਤ ਹੋ ਕੇ ਕ੍ਰੋੜਾਂ ਸੈਨਿਕਾਂ ਦੇ ਸਰਦਾਰ ਯੁੱਧ ਵਿਚ ਕੁਦ ਪਏ।

ਬਾਲ ਹਨੇ ਬਲਵਾਨ ਘਨੇ ਇਕ ਫਾਸਿਨ ਸੌ ਗਹਿ ਕੈ ਝਕਝੋਰੇ ॥

(ਉਸ) ਰਾਜ ਕੁਮਾਰੀ ਨੇ ਇਕ ਫਾਂਸ ਨਾਲ ਬਹੁਤ ਸਾਰੇ ਬਲਵਾਨ ਸੂਰਮੇ ਪਕੜ ਕੇ ਝੰਝੋੜ ਦਿੱਤੇ।

ਸਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਛਿਤ ਪੈ ਸਿਰ ਤੋਰੇ ॥

ਕਿਤੇ ਸਾਜ ਪਏ ਹਨ, ਕਿਤੇ ਤਾਜ ਡਿਗੇ ਪਏ ਹਨ, ਕਿਤੇ ਹਾਥੀ ਧਰਤੀ ਉਤੇ ਡਿਗੇ ਹੋਏ ਸਿਰ ਛਟਪਟਾ ਰਹੇ ਹਨ।

ਲੁਟੇ ਰਥੀ ਰਥ ਫੂਟੇ ਕਹੂੰ ਬਿਨੁ ਸ੍ਵਾਰ ਫਿਰੈ ਹਿਨਨਾਵਤ ਘੋਰੇ ॥੬੯॥

ਕਿਤੇ ਰਥਾਂ ਵਾਲੇ ਲੁੜ੍ਹਕੇ ਪਏ ਹਨ, ਕਿਤੇ ਰਥ ਟੁੱਟੇ ਪਏ ਹਨ ਅਤੇ ਕਿਤੇ ਬਿਨਾ ਸਵਾਰਾਂ ਦੇ ਘੋੜੇ ਹਿਣਕਦੇ ਫਿਰਦੇ ਹਨ ॥੬੯॥

ਚੌਪਈ ॥

ਚੌਪਈ:

ਜੇ ਭਟ ਅਮਿਤ ਕੋਪ ਕਰਿ ਧਾਏ ॥

ਜਿਤਨੇ ਵੀ ਸੂਰਮੇ ਬਹੁਤ ਅਧਿਕ ਕ੍ਰੋਧ ਕਰ ਕੇ ਆਏ ਸਨ,

ਤੇ ਬਿਨੁ ਤਨ ਹ੍ਵੈ ਸੁਰਗ ਸਿਧਾਏ ॥

ਉਹ ਸਾਰੇ ਤਨ-ਹੀਨ ਹੋ ਕੇ ਸਵਰਗ ਨੂੰ ਸਿਧਾਰ ਗਏ।

ਚਟਪਟ ਬਿਕਟ ਪਲਟਿ ਜੇ ਲਰੇ ॥

ਜੋ ਕੜੀਅਲ ਯੋਧੇ ਜਲਦੀ ਨਾਲ ਪਲਟ ਕੇ ਲੜੇ,

ਕਟਿ ਕਟਿ ਮਰੇ ਬਰੰਗਨਿਨ ਬਰੇ ॥੭੦॥

ਉਹ ਕਟ ਕਟ ਕੇ ਮਾਰੇ ਗਏ ਅਤੇ ਅਪੱਛਰਾਵਾਂ ਨੇ ਵਰ ਲਏ ॥੭੦॥

ਜੇ ਭਟ ਬਿਮੁਖਾਹਵ ਹ੍ਵੈ ਮੂਏ ॥

ਜੋ ਯੋਧੇ ਯੁੱਧ-ਭੂਮੀ ਵਿਚ ਬੇਮੁਖ ਹੋ ਕੇ ਮਰ ਗਏ,

ਇਤ ਕੇ ਭਏ ਨ ਉਤ ਕੇ ਹੂਏ ॥

ਉਹ ਨਾ ਇਥੋਂ ਦੇ ਰਹੇ ਅਤੇ ਨਾ ਹੀ ਉਥੋਂ (ਪਰਲੋਕ) ਦੇ।

ਗਰਜਿ ਪ੍ਰਾਨ ਬੀਰਨ ਜਿਨ ਦਏ ॥

ਜਿਨ੍ਹਾਂ ਨੇ ਗਜ ਵਜ ਕੇ ਸੂਰਮਿਆਂ ਵਾਂਗ ਪ੍ਰਾਣ ਦੇ ਦਿੱਤੇ,

ਦੈ ਦੁੰਦਭੀ ਸ੍ਵਰਗ ਜਨੁ ਗਏ ॥੭੧॥

ਉਹ ਮਾਨੋ ਧੌਂਸੇ ਵਜਾ ਕੇ ਸਵਰਗ ਨੂੰ ਚਲੇ ਗਏ ॥੭੧॥

ਦੋਹਰਾ ॥

ਦੋਹਰਾ:

ਜਿਨ ਇਸਤ੍ਰਿਨ ਜਰਿ ਅਗਨਿ ਮੈ ਪ੍ਰਾਨ ਆਪਨੇ ਦੀਨ ॥

ਜਿਨ੍ਹਾਂ ਇਸਤਰੀਆਂ ਨੇ ਅੱਗ ਵਿਚ ਸੜ ਕੇ (ਅਰਥਾਤ ਸਤੀ ਹੋ ਕੇ) ਆਪਣੇ ਪ੍ਰਾਣ ਦਿੱਤੇ ਹਨ,

ਝਗਰਿ ਬਰੰਗਨਿਨ ਤੇ ਤਹਾ ਛੀਨਿ ਪਤਿਨ ਕਹ ਲੀਨ ॥੭੨॥

ਉਨ੍ਹਾਂ ਨੇ ਉਥੇ ਅਪੱਛਰਾਵਾਂ ਨਾਲ ਝਗੜ ਕੇ ਆਪਣੇ ਪਤੀ ਖੋਹ ਲਏ ਹਨ ॥੭੨॥

ਚੌਪਈ ॥

ਚੌਪਈ:

ਐਸੇ ਬਾਲ ਬੀਰ ਬਹੁ ਮਾਰੇ ॥

ਇਸ ਤਰ੍ਹਾਂ (ਉਸ) ਰਾਜ ਕੁਮਾਰੀ ਨੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ

ਸੁਮਤਿ ਸਿੰਘ ਆਦਿਕ ਹਨਿ ਡਾਰੇ ॥

ਅਤੇ ਸੁਮਤਿ ਸਿੰਘ ਆਦਿਕ ਵੀ ਮਾਰ ਦਿੱਤੇ।

ਸਮਰ ਸੈਨ ਰਾਜਾ ਪੁਨਿ ਹਯੋ ॥

ਫਿਰ ਸਮਰ ਸੈਨ ਰਾਜੇ ਨੂੰ ਮਾਰਿਆ

ਤਾਲ ਕੇਤੁ ਮ੍ਰਿਤ ਲੋਕ ਪਠਯੋ ॥੭੩॥

ਅਤੇ ਤਾਲ ਕੇਤੁ ਨੂੰ ਮ੍ਰਿਤੂ-ਲੋਕ ਵਿਚ ਭੇਜਿਆ ॥੭੩॥

ਬ੍ਰਹਮ ਕੇਤੁ ਕਹ ਪੁਨਿ ਹਨਿ ਦੀਨੋ ॥

ਫਿਰ (ਉਸ ਨੇ) ਬ੍ਰਹਮ ਕੇਤੁ ਦੇ ਪ੍ਰਾਣ ਹਰ ਲਏ

ਕਾਰਤਿਕੇਯ ਧੁਜ ਕੋ ਬਧ ਕੀਨੋ ॥

ਅਤੇ ਕਾਰਤਿਕੇਯ ਧੁਜ ਦਾ ਬਧ ਕਰ ਦਿੱਤਾ।

ਕ੍ਰੂਰ ਕੇਤੁ ਦਾਨਵ ਤਬ ਧਾਯੋ ॥

ਤਦ ਕ੍ਰੂਰ ਕੇਤੁ ਦੈਂਤ ਆ ਪਹੁੰਚਿਆ

ਤੁਮਲ ਜੁਧ ਤਿਹ ਠੌਰ ਮਚਾਯੋ ॥੭੪॥

ਅਤੇ ਉਸ ਥਾਂ ਤੇ ਘਮਸਾਨ ਯੁੱਧ ਮਚਾ ਦਿੱਤਾ ॥੭੪॥

ਕੌਲ ਕੇਤੁ ਦਾਨਵ ਉਠਿ ਧਾਯੋ ॥

(ਫਿਰ) ਕੌਲ ਕੇਤੁ ਦੈਂਤ ਉਠ ਕੇ ਆ ਗਿਆ

ਕਮਠ ਕੇਤੁ ਚਿਤ ਅਧਿਕ ਰਿਸਾਯੋ ॥

ਅਤੇ ਕਮਠ ਕੇਤੁ (ਆਪਣੇ) ਮਨ ਵਿਚ ਬਹੁਤ ਕ੍ਰੋਧਵਾਨ ਹੋਇਆ।

ਕੇਤੁ ਉਲੂਕ ਚਲਾ ਦਲ ਲੈ ਕੈ ॥

(ਫਿਰ) ਉਲੂਕ ਕੇਤੁ ਦਲ ਲੈ ਕੇ ਚਲਿਆ

ਕੁਤਿਸਿਤ ਕੇਤੁ ਕ੍ਰੋਧ ਤਨ ਤੈ ਕੈ ॥੭੫॥

ਅਤੇ ਕੁਤਿਸਿਤ ਕੇਤੁ ਕ੍ਰੋਧਿਤ ਹੋ ਕੇ (ਤੁਰਿਆ) ॥੭੫॥

ਕੌਲ ਕੇਤੁ ਤ੍ਰਿਯ ਤਬੈ ਸੰਘਾਰਾ ॥

ਕੌਲ ਕੇਤੁ ਨੂੰ ਇਸਤਰੀ (ਰਾਜ ਕੁਮਾਰੀ) ਨੇ ਤਦੇ ਮਾਰ ਦਿੱਤਾ

ਕੁਤਿਸਿਤ ਕੇਤੁ ਮਾਰ ਹੀ ਡਾਰਾ ॥

ਅਤੇ ਕੁਤਿਸਿਤ ਕੇਤੁ ਨੂੰ ਵੀ ਮਾਰ ਦਿੱਤਾ।