ਸ਼੍ਰੀ ਦਸਮ ਗ੍ਰੰਥ

ਅੰਗ - 696


ਮੋਰ ਬਰਣ ਰਥ ਬਾਜ ਮੋਰ ਹੀ ਬਰਣ ਪਰਮ ਜਿਹ ॥

ਮੋਰ ਦੇ ਰੰਗ ਵਾਲਾ ਰਥ ਅਤੇ ਬਿਲਕੁਲ ਮੋਰ ਦੇ ਰੰਗ ਵਾਲੇ ਘੋੜੇ ਹਨ।

ਅਮਿਤ ਤੇਜ ਦੁਰ ਧਰਖ ਸਤ੍ਰੁ ਲਖ ਕਰ ਕੰਪਤ ਤਿਹ ॥

ਅਮਿਤ ਤੇਜ ਵਾਲਾ ਅਤੇ ਭਿਆਨਕ ਯੋਧਾ ਹੈ, ਜਿਸ ਨੂੰ ਵੇਖ ਕੇ ਵੈਰੀ ਕੰਬਦੇ ਹਨ।

ਅਮਿਟ ਬੀਰ ਆਜਾਨ ਬਾਹੁ ਆਲੋਕ ਰੂਪ ਗਨ ॥

ਅਮਿਟ ਯੋਧਾ ਹੈ, ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ ਅਤੇ ਅਲੌਕਿਕ ਰੂਪ ਦਾ ਪੁੰਜ ਹੈ।

ਮਤਸ ਕੇਤੁ ਲਖਿ ਜਾਹਿ ਹ੍ਰਿਦੈ ਲਾਜਤ ਹੈ ਦੁਤਿ ਮਨਿ ॥

ਜਿਸ ਦੀ ਚਮਕ ਨੂੰ ਵੇਖ ਕੇ ਕਾਮ ਦੇਵ ('ਮਤਸ ਕੇਤੁ') ਵੀ ਹਿਰਦੇ ਵਿਚ ਲਜਾ ਮੰਨਦਾ ਹੈ।

ਅਸ ਝੂਠ ਰੂਠਿ ਜਿਦਿਨ ਨ੍ਰਿਪਤਿ ਰਣਹਿ ਤੁਰੰਗ ਉਥਕਿ ਹੈ ॥

ਇਸ ਤਰ੍ਹਾਂ ਝੂਠ ਅਤੇ ਰੂਠ (ਨਾਂ ਦੇ) ਰਾਜੇ ਜਿਸ ਦਿਨ ਰਣ ਵਿਚ ਘੋੜੇ ਨਚਾਉਣਗੇ,

ਬਿਨੁ ਇਕ ਸਤਿ ਸੁਣ ਸਤਿ ਨ੍ਰਿਪ ਸੁ ਅਉਰ ਨ ਆਨਿ ਹਟਕਿ ਹੈ ॥੧੯੯॥

ਹੇ ਰਾਜਨ! ਸੁਣੋ, ਸਚ ਕਹਿੰਦਾ ਹਾਂ ਬਿਨਾ ਇਕ 'ਸਚ' ਦੇ ਹੋਰ ਕੋਈ ਵੀ ਆ ਕੇ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ ॥੧੯੯॥

ਰਥ ਤੁਰੰਗ ਸਿਤ ਅਸਿਤ ਅਸਿਤ ਸਿਤ ਧੁਜਾ ਬਿਰਾਜਤ ॥

(ਜਿਸ ਦਾ) ਕਾਲਾ-ਚਿੱਟਾ ਰਥ ਹੈ ਅਤੇ ਕਾਲੇ-ਚਿੱਟੇ ਰੰਗ ਦੀ ਧੁਜਾ ਸ਼ੋਭਾਇਮਾਨ ਹੈ।

ਅਸਿਤ ਸੇਤਹਿ ਬਸਤ੍ਰ ਨਿਰਖਿ ਸੁਰ ਨਰ ਮੁਨਿ ਲਾਜਤ ॥

ਕਾਲੇ ਚਿੱਟੇ ਰੰਗ ਦੇ ਜਿਸ ਦੇ ਬਸਤ੍ਰ ਹਨ, (ਜਿਨ੍ਹਾਂ ਨੂੰ) ਵੇਖ ਕੇ ਦੇਵਤੇ, ਮਨੁੱਖ ਅਤੇ ਮੁਨੀ ਲਜਾਵਾਨ ਹੁੰਦੇ ਹਨ।

ਅਸਿਤ ਸੇਤ ਸਾਰਥੀ ਅਸਿਤ ਸੇਤ ਛਕਿਓ ਰਥਾਬਰ ॥

ਕਾਲਾ-ਚਿੱਟਾ ਹੀ ਰਥਵਾਨ ਹੈ ਅਤੇ ਕਾਲੇ ਚਿੱਟੇ ਰੰਗ ਵਾਲੇ ਬਸਤ੍ਰ ਨਾਲ ਸਜਿਆ ਹੋਇਆ ਹੈ।

ਸੁਵਰਣ ਕਿੰਕਨੀ ਕੇਸ ਜਨੁਕ ਦੂਸਰੇ ਦੇਵੇਸੁਰ ॥

ਸੋਨੇ ਦੀ ਕਿੰਕਣੀ ਕੇਸਾਂ (ਨਾਲ ਬੰਨੀ ਹੈ) ਮਾਨੋ ਦੂਜਾ ਇੰਦਰ ਹੋਵੇ।

ਇਹ ਛਬਿ ਪ੍ਰਭਾਵ ਮਿਥਿਆ ਸੁਭਟ ਅਤਿ ਬਲਿਸਟ ਤਿਹ ਕਹ ਕਹ੍ਯੋ ॥

ਇਸ ਤਰ੍ਹਾਂ ਦੀ ਛਬੀ ਅਤੇ ਪ੍ਰਭਾਵ ਵਾਲਾ 'ਮਿਥਿਆ' ਨਾਂ ਦਾ ਸੂਰਮਾ ਹੈ ਅਤੇ ਉਸ ਨੂੰ ਅਤਿ ਬਲਵਾਨ ਕਿਹਾ ਜਾਂਦਾ ਹੈ।

ਜਿਹ ਜਗਤ ਜੀਵ ਜੀਤੇ ਸਬੈ ਨਹਿ ਅਜੀਤ ਨਰ ਕੋ ਰਹ੍ਯੋ ॥੨੦੦॥

ਜਿਸ ਨੇ ਜਗਤ ਦੇ ਸਾਰੇ ਜੀਵ ਜਿਤ ਲਏ ਹਨ ਅਤੇ ਬਿਨਾ ਜਿਤੇ ਕੋਈ ਵੀ ਮਨੁੱਖ ਨਹੀਂ ਰਿਹਾ ॥੨੦੦॥

ਚਕ੍ਰ ਬਕ੍ਰ ਕਰ ਧਰੇ ਚਾਰੁ ਬਾਗਾ ਤਨਿ ਧਾਰੇ ॥

(ਜਿਸ ਨੇ) ਭਿਆਨਕ ਚਕ੍ਰ ਹੱਥ ਵਿਚ ਪਕੜਿਆ ਹੋਇਆ ਹੈ ਅਤੇ ਤਨ ਉਤੇ ਸੁੰਦਰ ਪੋਸ਼ਾਕ ('ਬਾਗਾ') ਧਾਰਨ ਕੀਤੀ ਹੋਈ ਹੈ।

ਆਨਨ ਖਾਤ ਤੰਬੋਲ ਗੰਧਿ ਉਤਮ ਬਿਸਥਾਰੇ ॥

ਮੂੰਹ ਨਾਲ ਪਾਨ ਦਾ ਬੀੜਾ ਚਬਾਉਂਦਾ ਹੈ ਅਤੇ ਸੁੰਦਰ ਸੁਗੰਧ ਖਿਲਾਰ ਰਿਹਾ ਹੈ।

ਚਵਰੁ ਚਾਰੁ ਚਹੂੰ ਓਰਿ ਢੁਰਤ ਸੁੰਦਰ ਛਬਿ ਪਾਵਤ ॥

ਚੌਹਾਂ ਪਾਸੇ ਢੁਰਦਾ ਹੋਇਆ ਸੁੰਦਰ ਚੌਰ ਸੁੰਦਰ ਛਬੀ ਪਾ ਰਿਹਾ ਹੈ।

ਨਿਰਖਤ ਨੈਨ ਬਸੰਤ ਪ੍ਰਭਾ ਤਾਕਹ ਸਿਰ ਨ੍ਯਾਵਤ ॥

ਸੁੰਦਰਤਾ ਨੂੰ ਅੱਖਾਂ ਨਾਲ ਵੇਖ ਕੇ ਬਸੰਤ (ਰੁਤ) ਉਸ ਅਗੇ ਸਿਰ ਨਿਵਾਉਂਦਾ ਹੈ।

ਇਹ ਬਿਧਿ ਸੁਬਾਹੁ ਚਿੰਤਾ ਸੁਭਟ ਅਤਿ ਦੁਰ ਧਰਖ ਬਖਾਨੀਐ ॥

ਇਸ ਤਰ੍ਹਾਂ ਲੰਬੀਆਂ ਬਾਂਹਵਾਂ ਵਾਲਾ 'ਚਿੰਤਾ' (ਨਾਂ ਦਾ) ਯੋਧਾ ਅਤਿ ਭਿਆਨਕ ਸੂਰਮਾ ਕਿਹਾ ਜਾਂਦਾ ਹੈ।

ਅਨਭੰਗ ਗਾਤ ਅਨਭੈ ਸੁਭਟ ਅਤਿ ਪ੍ਰਚੰਡ ਤਿਹ ਮਾਨੀਐ ॥੨੦੧॥

ਨਾ ਨਸ਼ਟ ਹੋਣ ਵਾਲੇ ਸ਼ਰੀਰ ਵਾਲਾ, ਡਰ ਤੋਂ ਰਹਿਤ ਅਤੇ ਅਤਿ ਪ੍ਰਚੰਡ ਤੇਜ ਵਾਲਾ (ਉਸ ਨੂੰ) ਮੰਨੀਦਾ ਹੈ ॥੨੦੧॥

ਰੂਆਲ ਛੰਦ ॥

ਰੂਆਲ ਛੰਦ:

ਲਾਲ ਹੀਰਨ ਕੇ ਧਰੇ ਜਿਹ ਸੀਸ ਪੈ ਬਹੁ ਹਾਰ ॥

ਜਿਸ ਨੇ ਸਿਰ ਉਤੇ ਲਾਲਾਂ ਅਤੇ ਹੀਰਿਆਂ ਦੇ ਬਹੁਤ ਹਾਰ ਧਾਰਨ ਕੀਤੇ ਹੋਏ ਹਨ।

ਸ੍ਵਰਣੀ ਕਿੰਕਣਿ ਸੌ ਛਕ ਗਜ ਰਾਜ ਪਬਾਕਾਰ ॥

(ਜਿਸ ਦਾ) ਪਰਬਤ ਦੇ ਆਕਾਰ ਵਾਲਾ ਹਾਥੀ ਸੋਨੇ ਦੀਆਂ ਕਿੰਕਣੀਆਂ ਨਾਲ ਸਜਿਆ ਹੋਇਆ ਹੈ।

ਦੁਰਦ ਰੂੜ ਦਰਿਦ੍ਰ ਨਾਮ ਸੁ ਬੀਰ ਹੈ ਸੁਨਿ ਭੂਪ ॥

ਹੇ ਰਾਜਨ! ਸੁਣੋ, ਹਾਥੀ ਉਤੇ ਚੜ੍ਹੇ ਹੋਏ ਉਸ ਯੋਧੇ ਦਾ ਨਾਂ 'ਦਰਿਦ੍ਰ' ਹੈ।

ਕਉਨ ਤਾ ਤੇ ਜੀਤ ਹੈ ਰਣ ਆਨਿ ਰਾਜ ਸਰੂਪ ॥੨੦੨॥

ਉਸ ਰਾਜੇ ਦੇ ਸਰੂਪ (ਵਾਲੇ ਯੋਧੇ ਨਾਲ) ਰਣ ਵਿਚ ਆ ਕੇ ਕੌਣ ਜਿਤੇਗਾ ॥੨੦੨॥

ਜਰਕਸੀ ਕੇ ਬਸਤ੍ਰ ਹੈ ਅਰੁ ਪਰਮ ਬਾਜਾਰੂੜ ॥

ਜਿਸ ਦੇ ਜ਼ਰੀਦਾਰ ਬਸਤ੍ਰ ਹਨ ਅਤੇ ਬਹੁਤ ਹੀ ਸੁੰਦਰ ਘੋੜੇ ਉਤੇ ਚੜ੍ਹਿਆ ਹੋਇਆ ਹੈ।

ਪਰਮ ਰੂਪ ਪਵਿਤਰ ਗਾਤ ਅਛਿਜ ਰੂਪ ਅਗੂੜ ॥

ਬਹੁਤ ਸੁੰਦਰ ਰੂਪ ਹੈ, ਪਵਿਤ੍ਰ ਸ਼ਰੀਰ ਹੈ ਅਤੇ ਸਪਸ਼ਟ ਤੌਰ ਤੇ ਨਾ ਛਿਜਣ ਵਾਲਾ ਰੂਪ ਹੈ।

ਛਤ੍ਰ ਧਰਮ ਧਰੇ ਮਹਾ ਭਟ ਬੰਸ ਕੀ ਜਿਹ ਲਾਜ ॥

(ਉਸ) ਮਹਾਨ ਯੋਧੇ ਨੇ ਛਤ੍ਰੀ ਧਰਮ ਧਾਰਨ ਕੀਤਾ ਹੋਇਆ ਹੈ ਅਤੇ ਜਿਸ ਨੂੰ ਆਪਣੀ ਕੁਲ ਦੀ ਲਾਜ ਹੈ।

ਸੰਕ ਨਾਮਾ ਸੂਰ ਸੋ ਸਬ ਸੂਰ ਹੈ ਸਿਰਤਾਜ ॥੨੦੩॥

ਉਸ ਸੂਰਮੇ ਦਾ ਨਾਂ 'ਸ਼ੰਕਾ' ਹੈ ਅਤੇ ਸਾਰਿਆਂ ਸੂਰਮਿਆਂ ਦਾ ਸਿਰਤਾਜ ਹੈ ॥੨੦੩॥

ਪਿੰਗ ਬਾਜ ਨਹੇ ਰਥੈ ਸਹਿ ਅਡਿਗ ਬੀਰ ਅਖੰਡ ॥

(ਜਿਸ ਦੇ) ਰਥ ਅਗੇ ਭੂਰੇ ਰੰਗ ਦੇ ਘੋੜੇ ਜੁਤੇ ਹੋਏ ਹਨ, (ਜਿਸ ਦਾ ਸਵਾਰ) ਅਡਿਗ ਅਤੇ ਖੰਡ ਯੋਧਾ ਹੈ।

ਅੰਤ ਰੂਪ ਧਰੇ ਮਨੋ ਅਛਿਜ ਗਾਤ ਪ੍ਰਚੰਡ ॥

ਅਤਿਅੰਤ ਰੂਪ ਨੂੰ ਧਾਰਿਆ ਹੋਇਆ ਹੈ, ਮਾਨੋ ਨਾ ਛਿਜਣ ਵਾਲੇ ਤੇਜ ਵਾਲਾ ਸ਼ਰੀਰ ਹੈ।

ਨਾਮ ਸੂਰ ਅਸੋਭ ਤਾ ਕਹ ਜਾਨਹੀ ਸਭ ਲੋਕ ॥

ਉਸ ਸੂਰਮੇ ਦਾ ਨਾਂ 'ਅਸੋਭ' ਹੈ ਅਤੇ ਉਸ ਨੂੰ ਸਭ ਲੋਗ ਜਾਣਦੇ ਹਨ।

ਕਉਨ ਰਾਵ ਬਿਬੇਕ ਹੈ ਜੁ ਨ ਮਾਨਿ ਹੈ ਇਹ ਸੋਕ ॥੨੦੪॥

ਕੌਣ (ਹੁੰਦਾ ਹੈ) 'ਬਿਬੇਕ' ਰਾਜਾ ਜੋ ਇਸ ਦਾ ਡਰ ਨਹੀਂ ਮੰਨੇਗਾ ॥੨੦੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਸਜੇ ਸ੍ਯਾਮ ਬਾਜੀ ਰਥੰ ਜਾਸੁ ਜਾਨੋ ॥

ਜਿਸ ਦੇ ਰਥ ਅਗੇ ਕਾਲੇ ਰੰਗ ਦੇ ਘੋੜੇ ਜੁਤੇ ਹੋਏ ਜਾਣਦੇ ਹੋ,

ਮਹਾ ਜੰਗ ਜੋਧਾ ਅਜੈ ਤਾਸੁ ਮਾਨੋ ॥

ਉਸ ਨੂੰ ਮਹਾਨ ਜੰਗ ਵਿਚ ਨਾ ਜਿਤੇ ਜਾ ਸਕਣ ਵਾਲਾ ਯੋਧਾ ਮੰਨੋ।

ਅਸੰਤੁਸਟ ਨਾਮ ਮਹਾਬੀਰ ਸੋਹੈ ॥

(ਉਹ) 'ਅਸੰਤੁਸ਼ਟ' ਨਾਂ ਦਾ ਮਹਾਨ ਸੂਰਮਾ ਸੋਭ ਰਿਹਾ ਹੈ।

ਤਿਹੂੰ ਲੋਕ ਜਾ ਕੋ ਬਡੋ ਤ੍ਰਾਸ ਮੋਹੈ ॥੨੦੫॥

ਤਿੰਨਾਂ ਲੋਕਾਂ ਵਿਚ ਜਿਸ ਦਾ ਬਹੁਤ ਡਰ ਮੰਨਿਆ ਜਾਂਦਾ ਹੈ ॥੨੦੫॥

ਚੜ੍ਯੋ ਤਤ ਤਾਜੀ ਸਿਰਾਜੀਤ ਸੋਭੈ ॥

ਜੋ ਤਿਖੇ ਘੋੜੇ ਉਤੇ ਚੜ੍ਹਿਆ ਹੋਇਆ ਹੈ ਅਤੇ ਸਿਰ ਉਤੇ ਅਜਿਤ (ਕਲਗੀ) ਸੋਭ ਰਹੀ ਹੈ।

ਸਿਰੰ ਜੈਤ ਪਤ੍ਰੰ ਲਖੇ ਚੰਦ੍ਰ ਛੋਭੈ ॥

ਸਿਰ ਉਪਰਲੇ ਜੈ-ਪੱਤਰ ਨੂੰ ਵੇਖ ਕੇ ਚੰਦ੍ਰਮਾ ਕ੍ਰੋਧਿਤ ਹੋ ਰਿਹਾ ਹੈ।

ਅਨਾਸ ਊਚ ਨਾਮਾ ਮਹਾ ਸੂਰ ਸੋਹੈ ॥

ਉਸ ਸ਼ੋਭਾਸ਼ਾਲੀ ਸ੍ਰੇਸ਼ਠ ਯੋਧੇ ਦਾ ਨਾਂ 'ਅਨਾਸ' ਹੈ

ਬਡੋ ਛਤ੍ਰਧਾਰੀ ਧਰੈ ਛਤ੍ਰ ਜੋ ਹੈ ॥੨੦੬॥

ਅਤੇ ਉਸ ਨੇ ਬਹੁਤ ਵੱਡਾ ਛਤ੍ਰ ਧਾਰਨ ਕੀਤਾ ਹੋਇਆ ਹੈ ॥੨੦੬॥

ਰਥੰ ਸੇਤ ਬਾਜੀ ਸਿਰਾਜੀਤ ਸੋਹੈ ॥

(ਜਿਸ ਦੇ) ਰਥ ਅਗੇ ਸਫੈਦ ਘੋੜੇ (ਜੁਤੇ ਹੋਏ ਹਨ) ਅਤੇ ਸਿਰ ਉਤੇ 'ਅਜਿਤ' (ਸੂਚਕ ਕਲਗੀ) ਸ਼ੋਭਾ ਪਾ ਰਹੀ ਹੈ।

ਲਖੇ ਇੰਦ੍ਰ ਬਾਜੀ ਤਰੈ ਦ੍ਰਿਸਟ ਕੋ ਹੈ ॥

(ਉਸ ਦੇ ਘੋੜਿਆਂ ਨੂੰ) ਵੇਖ ਕੇ ਇੰਦਰ ਦੇ ਘੋੜੇ ਵੀ ਨਜ਼ਰ ਹੇਠ ਨਹੀਂ ਆਉਂਦੇ ਕਿ ਉਹ ਕੀ ਹਨ।

ਹਠੀ ਬਾਬਰੀ ਕੋ ਹਿੰਸਾ ਨਾਮ ਜਾਨੋ ॥

ਉਸ ਹਠੀ ਅਤੇ ਸਿਰੜੀ ਨੂੰ 'ਹਿੰਸਾ' ਨਾਮ ਵਾਲਾ ਜਾਣੋ।

ਮਹਾ ਜੰਗ ਜੋਧਾ ਅਜੈ ਲੋਕ ਮਾਨੋ ॥੨੦੭॥

ਮਹਾਨ ਜੰਗ ਕਰਨ ਵਾਲਾ ਯੋਧਾ ਅਤੇ ਲੋਕ ਵਿਚ ਅਜਿਤ ਮੰਨੋ ॥੨੦੭॥

ਸੁਭੰ ਸੰਦਲੀ ਬਾਜ ਰਾਜੀ ਸਿਰਾਜੀ ॥

(ਜਿਸ ਦੇ ਰਥ ਅਗੇ) ਸ਼ੀਰਜ਼ ਦੇਸ ਦੇ ਸੰਦਲੀ ਰੰਗ ਦੇ ਸੁੰਦਰ ਘੋੜੇ ਸੋਭ ਰਹੇ ਹਨ।

ਲਖੇ ਰੂਪ ਤਾ ਕੋ ਲਜੈ ਇੰਦ੍ਰ ਬਾਜੀ ॥

ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਇੰਦਰ ਦੇ ਘੋੜੇ ਵੀ ਸ਼ਰਮਾਉਂਦੇ ਹਨ।

ਕੁਮੰਤੰ ਮਹਾ ਜੰਗ ਜੋਧਾ ਜੁਝਾਰੰ ॥

(ਉਹ) ਮਹਾਨ ਸ਼ਕਤੀ ਵਾਲਾ ਯੋਧਾ 'ਕੁਮੰਤ' ਹੈ।

ਜਲੰ ਵਾ ਥਲੰ ਜੇਣ ਜਿਤੇ ਬਰਿਆਰੰ ॥੨੦੮॥

ਜਿਸ ਨੇ ਜਲ ਅਤੇ ਥਲ ਵਿਚ ਬਹੁਤ ਹਠੀਲੇ ਯੋਧੇ ਜਿਤੇ ਹੋਏ ਹਨ ॥੨੦੮॥


Flag Counter