ਸ਼੍ਰੀ ਦਸਮ ਗ੍ਰੰਥ

ਅੰਗ - 1154


ਸਾਝ ਪਰੇ ਰਾਜਾ ਘਰ ਐਹੈ ॥

ਸ਼ਾਮ ਪੈਣ ਤੇ ਰਾਜਾ ਘਰ ਆਵੇਗਾ।

ਤੁਮਹੂੰ ਤਬੈ ਬੁਲਾਇ ਪਠੈਹੈ ॥੩੬॥

ਤਦ ਹੀ ਤੁਹਾਨੂੰ (ਭਾਵ ਮੰਤ੍ਰੀਆਂ ਅਤੇ ਸਾਊਆਂ ਨੂੰ) ਬੁਲਾ ਲਏਗਾ ॥੩੬॥

ਭੁਜੰਗ ਛੰਦ ॥

ਭੁਜੰਗ ਛੰਦ:

ਮਿਲਿਯੋ ਜਾਨ ਪ੍ਯਾਰਾ ਲਗੇ ਨੈਨ ਐਸੇ ॥

(ਇਸਤਰੀ ਨੂੰ) ਪ੍ਰਾਣ ਪਿਆਰਾ ਮਿਲ ਗਿਆ ਅਤੇ ਨੈਣ ਇਸ ਤਰ੍ਹਾਂ ਲਗ ਗਏ,

ਮਨੋ ਫਾਧਿ ਫਾਧੈ ਮ੍ਰਿਗੀ ਰਾਟ ਜੈਸੇ ॥

ਮਾਨੋ ਕਾਲਾ ਹਿਰਨ ਫੰਧੇ ਵਿਚ ਫਸ ਗਿਆ ਹੋਵੇ।

ਲਯੋ ਮੋਹਿ ਰਾਜਾ ਮਨੋ ਮੋਲ ਲੀਨੋ ॥

ਉਸ ਨੇ ਰਾਜੇ ਨੂੰ ਇਸ ਤਰ੍ਹਾਂ ਮੋਹ ਲਿਆ, ਮਾਨੋ ਮੁੱਲ ਖ਼ਰੀਦ ਲਿਆ ਹੋਵੇ।

ਤਹੀ ਭਾਵਤੋ ਭਾਮਨੀ ਭੋਗ ਕੀਨੋ ॥੩੭॥

ਉਸ ਨਾਲ ਇਸਤਰੀ ਨੇ ਮਨ ਇਛਿਤ ਭੋਗ ਕੀਤਾ ॥੩੭॥

ਰਹਿਯੋ ਸਾਹੁ ਡਾਰਿਯੋ ਕਛੂ ਨ ਬਿਚਾਰਿਯੋ ॥

ਸ਼ਾਹ ਬੇਹੋਸ਼ ਪਿਆ ਰਿਹਾ ਅਤੇ ਕੁਝ ਵੀ ਸੋਚ ਨਾ ਸਕਿਆ।

ਮਨੋ ਲਾਤ ਕੇ ਸਾਥ ਸੈਤਾਨ ਮਾਰਿਯੋ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ੈਤਾਨ ਨੇ ਲੱਤਾਂ ਨਾਲ ਮਾਰਿਆ ਹੋਵੇ।

ਪਸੂਹਾ ਨ ਭਾਖੈ ਉਠੈ ਨ ਉਘਾਵੈ ॥

(ਉਹ) ਮੂਰਖ ਨਾ ਬੋਲ ਰਿਹਾ ਸੀ, ਨਾ ਉਠਦਾ ਸੀ ਅਤੇ ਨਾ ਹੀ ਊਂਘਦਾ ਸੀ।

ਇਤੈ ਨਾਰਿ ਕੌ ਰਾਜ ਬਾਕੋ ਬਜਾਵੈ ॥੩੮॥

ਇਧਰ ਬਾਂਕਾ ਰਾਜਾ ਇਸਤਰੀ ਨਾਲ ਸੰਯੋਗ ਕਰ ਰਿਹਾ ਸੀ ॥੩੮॥

ਦੋਹਰਾ ॥

ਦੋਹਰਾ:

ਸਾਹੁ ਪਾਲਕੀ ਕੈ ਤਰੇ ਬਾਧਿ ਡਾਰਿ ਕਰ ਦੀਨ ॥

ਸ਼ਾਹ ਨੂੰ ਪਾਲਕੀ ਦੇ ਹੇਠਾਂ ਕਰ ਕੇ ਬੰਨ੍ਹ ਦਿੱਤਾ

ਜੁ ਕਛੁ ਧਾਮ ਮਹਿ ਧਨ ਹੁਤੋ ਘਾਲਿ ਤਿਸੀ ਮਹਿ ਲੀਨ ॥੩੯॥

ਅਤੇ ਘਰ ਵਿਚ ਜੋ ਕੁਝ ਧਨ ਸੀ, ਉਸ ਨੂੰ ਪਾਲਕੀ ਵਿਚ ਪਾ ਲਿਆ ॥੩੯॥

ਅੜਿਲ ॥

ਅੜਿਲ:

ਆਪੁ ਦੌਰਿ ਤਾਹੀ ਪਰ ਚੜੀ ਬਨਾਇ ਕੈ ॥

ਆਪ ਦੌੜ ਕੇ ਉਸ ਪਾਲਕੀ ਵਿਚ ਜਾ ਚੜ੍ਹੀ।

ਰਮੀ ਨ੍ਰਿਪਤਿ ਕੇ ਸਾਥ ਅਧਿਕ ਸੁਖ ਪਾਇ ਕੈ ॥

ਰਾਜੇ ਨਾਲ ਬਹੁਤ ਸੁਖ ਪ੍ਰਾਪਤ ਕਰ ਕੇ ਰਮਣ ਕੀਤਾ।

ਲੈ ਨਾਰੀ ਕਹ ਰਾਇ ਅਪਨੇ ਘਰ ਗਯੋ ॥

ਇਸਤਰੀ ਨੂੰ ਲੈ ਕੇ ਰਾਜਾ ਆਪਣੇ ਘਰ ਗਿਆ

ਹੋ ਸੂਮ ਸੋਫਿਯਹਿ ਬਾਧਿ ਪਾਲਕੀ ਤਰ ਲਯੋ ॥੪੦॥

ਅਤੇ ਸ਼ੂਮ ਸੋਫ਼ੀ ਨੂੰ ਪਾਲਕੀ ਹੇਠਾਂ ਬੰਨ੍ਹ ਦਿੱਤਾ ॥੪੦॥

ਜਬ ਪਹੁਚੇ ਦੋਊ ਜਾਇ ਸੁਖੀ ਗ੍ਰਿਹ ਨਾਰਿ ਨਰ ॥

ਜਦ ਦੋਵੇਂ ਮਰਦ ਅਤੇ ਇਸਤਰੀ (ਰਾਜਾ ਅਤੇ ਸ਼ਾਹਣੀ) ਸੁਖੀ ਸਾਂਦੀ ਘਰ ਪਹੁੰਚ ਗਏ

ਕਹਿਯੋ ਕਿ ਦੇਹੁ ਪਠਾਇ ਪਾਲਕੀ ਸਾਹੁ ਘਰ ॥

(ਤਾਂ ਉਨ੍ਹਾਂ ਨੇ) ਕਿਹਾ ਕਿ ਪਾਲਕੀ ਨੂੰ ਸ਼ਾਹ ਦੇ ਘਰ ਭੇਜ ਦਿਓ।

ਬਧੇ ਸਾਹੁ ਤਿਹ ਤਰੇ ਤਹੀ ਆਵਤ ਭਏ ॥

(ਪਾਲਕੀ ਦੇ) ਹੇਠਾਂ ਬੰਨ੍ਹਿਆਂ ਹੋਇਆ ਸ਼ਾਹ ਉਥੇ (ਆਪਣੇ ਘਰ) ਆ ਗਿਆ

ਹੋ ਜਹ ਰਾਜਾ ਧਨ ਸਹਿਤ ਬਾਲ ਹਰਿ ਲੈ ਗਏ ॥੪੧॥

ਜਿਥੋਂ ਰਾਜਾ ਧਨ ਸਹਿਤ ਇਸਤਰੀ ਨੂੰ ਹਰ ਕੇ ਲੈ ਗਿਆ ਸੀ ॥੪੧॥

ਚੌਪਈ ॥

ਚੌਪਈ:

ਬੀਤੀ ਰੈਯਨਿ ਭਯੋ ਉਜਿਆਰਾ ॥

(ਜਦ) ਰਾਤ ਬੀਤ ਗਈ ਅਤੇ ਸਵੇਰਾ ਹੋ ਗਿਆ,

ਤਬੈ ਸਾਹੁ ਦੁਹੂੰ ਦ੍ਰਿਗਨ ਉਘਾਰਾ ॥

ਤਦ ਸ਼ਾਹ ਨੇ ਦੋਹਾਂ ਨੇਤਰਾਂ ਨੂੰ ਉਘਾੜਿਆ।

ਮੋਹਿ ਪਾਲਕੀ ਤਰ ਕਿਹ ਰਾਖਾ ॥

ਮੈਨੂੰ ਪਾਲਕੀ ਹੇਠ ਕਿਸ ਬੰਨ੍ਹਿਆ ਹੈ?

ਬਚਨ ਲਜਾਇ ਐਸ ਬਿਧਿ ਭਾਖਾ ॥੪੨॥

ਸ਼ਰਮਸਾਰ ਹੋ ਕੇ ਇਸ ਤਰ੍ਹਾਂ ਕਹਿਣ ਲਗਾ ॥੪੨॥

ਮੈ ਜੁ ਕੁਬੋਲ ਨਾਰਿ ਕਹ ਕਹੇ ॥

ਮੈਂ ਜੋ ਕੁਬੋਲ ਇਸਤਰੀ ਨੂੰ ਕਹੇ ਸਨ,

ਤੇ ਬਚ ਬਸਿ ਵਾ ਕੇ ਜਿਯ ਰਹੇ ॥

ਉਹੀ ਉਸ ਦੇ ਮਨ ਵਿਚ ਖੁਭ ਗਏ ਸਨ।

ਲਛਮੀ ਸਕਲ ਨਾਰਿ ਜੁਤ ਹਰੀ ॥

ਮੇਰਾ ਸਾਰਾ ਧਨ ਇਸਤਰੀ ਸਮੇਤ ਹਰਿਆ ਗਿਆ ਹੈ।

ਮੋਰੀ ਬਿਧਿ ਐਸੀ ਗਤਿ ਕਰੀ ॥੪੩॥

ਵਿਧਾਤਾ ਨੇ ਮੇਰੀ ਅਜਿਹੀ ਸਥਿਤੀ ਬਣਾ ਦਿੱਤੀ ਹੈ ॥੪੩॥

ਕਬਿਯੋ ਬਾਚ ॥

ਕਵੀ ਕਹਿੰਦਾ ਹੈ:

ਦੋਹਰਾ ॥

ਦੋਹਰਾ:

ਫਲਤ ਭਾਗ ਹੀ ਸਰਬਦਾ ਕਰੋ ਕੈਸਿਯੈ ਕੋਇ ॥

ਸਦਾ ਭਾਗ ਹੀ ਫਲਦੇ ਹਨ, ਭਾਵੇਂ ਕੋਈ ਕੁਝ ਕਰ ਲਵੇ।

ਜੋ ਬਿਧਨਾ ਮਸਤਕ ਲਿਖਾ ਅੰਤ ਤੈਸਿਯੈ ਹੋਇ ॥੪੪॥

ਜੋ ਵਿਧਾਤਾ ਨੇ ਮਸਤਕ ਉਥੇ ਲਿਖ ਦਿੱਤਾ ਹੈ, ਅੰਤ ਵਿਚ ਉਸੇ ਤਰ੍ਹਾਂ ਹੀ ਹੁੰਦਾ ਹੈ ॥੪੪॥

ਅੜਿਲ ॥

ਅੜਿਲ:

ਸੁਧਿ ਪਾਈ ਜਬ ਸਾਹੁ ਨ੍ਯਾਇ ਮਸਤਕ ਰਹਿਯੋ ॥

ਜਦ ਸ਼ਾਹ ਨੂੰ ਹੋਸ਼ ਪਰਤੀ ਤਾਂ ਸਿਰ ਨੀਵਾਂ ਕਰ ਕੇ ਰਹਿ ਗਿਆ

ਦੂਜੇ ਮਨੁਖਨ ਪਾਸ ਨ ਭੇਦ ਮੁਖ ਤੈ ਕਹਿਯੋ ॥

ਅਤੇ ਹੋਰਾਂ ਬੰਦਿਆਂ ਕੋਲ ਭੇਦ ਦੀ ਗੱਲ ਨਾ ਕੀਤੀ।

ਭੇਦ ਅਭੇਦ ਕੀ ਬਾਤ ਚੀਨਿ ਪਸੁ ਨਾ ਲਈ ॥

ਉਸ ਮੂਰਖ ਨੇ ਭੇਦ ਅਭੇਦ ਦੀ ਗੱਲ ਨਾ ਸਮਝੀ।

ਹੋ ਲਖਿਯੋ ਦਰਬੁ ਲੈ ਨ੍ਰਹਾਨ ਤੀਰਥਨ ਕੌ ਗਈ ॥੪੫॥

ਇਹ ਸਮਝਿਆ ਕਿ (ਘਰ ਦਾ) ਧਨ ਲੈ ਕੇ ਤੀਰਥਾਂ ਦਾ ਇਸ਼ਨਾਨ ਕਰਨ ਗਈ ਹੈ ॥੪੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੫॥੪੬੦੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੫॥੪੬੦੯॥ ਚਲਦਾ॥

ਚੌਪਈ ॥

ਚੌਪਈ:

ਪੂਰਬ ਦਿਸਿ ਇਕ ਤਿਲਕ ਨ੍ਰਿਪਤ ਬਰ ॥

ਪੂਰਬ ਦਿਸ਼ਾ ਵਿਚ ਇਕ ਤਿਲਕ ਨਾਂ ਦਾ ਸ੍ਰੇਸ਼ਠ ਰਾਜਾ (ਰਹਿੰਦਾ ਸੀ)।

ਭਾਨ ਮੰਜਰੀ ਨਾਰਿ ਤਵਨ ਘਰ ॥

ਉਸ ਦੇ ਘਰ ਭਾਨ ਮੰਜਰੀ ਇਸਤਰੀ ਸੀ।

ਚਿਤ੍ਰ ਬਰਨ ਇਕ ਸੁਤ ਗ੍ਰਿਹ ਵਾ ਕੇ ॥

ਚਿਤ੍ਰ ਬਰਨ ਨਾਂ ਦਾ ਇਕ ਪੁੱਤਰ ਉਸ ਦੇ ਘਰ ਸੀ

ਇੰਦ੍ਰ ਚੰਦ੍ਰ ਛਬਿ ਤੁਲ ਨ ਤਾ ਕੇ ॥੧॥

ਜਿਸ ਦੀ ਸੁੰਦਰਤਾ ਦੇ ਬਰਾਬਰ ਇੰਦਰ ਅਤੇ ਚੰਦ੍ਰਮਾ ਵੀ ਨਹੀਂ ਸੀ ॥੧॥

ਅੜਿਲ ॥

ਅੜਿਲ:


Flag Counter