ਸ਼੍ਰੀ ਦਸਮ ਗ੍ਰੰਥ

ਅੰਗ - 424


ਜਰਾਸੰਧਿ ਇਹ ਮੰਤ੍ਰ ਕਰਿ ਦਈ ਜੁ ਸਭਾ ਉਠਾਇ ॥

ਜਰਾਸੰਧ ਨੇ ਇਹ ਸਲਾਹ ਕਰ ਕੇ ਸਭਾ ਨੂੰ ਉਠਾ ਦਿੱਤਾ।

ਅਪੁਨੇ ਅਪੁਨੇ ਗ੍ਰਿਹ ਗਏ ਰਾਜਾ ਅਤਿ ਸੁਖੁ ਪਾਇ ॥੧੨੬੫॥

(ਸਾਰੇ ਯੋਧੇ) ਆਪਣੇ ਆਪਣੇ ਘਰ ਚਲੇ ਗਏ ਅਤੇ ਰਾਜਾ (ਜਰਾਸੰਧ) ਨੇ ਬਹੁਤ ਸੁਖ ਪਾਇਆ ॥੧੨੬੫॥

ਗ੍ਰਿਹ ਆਏ ਉਠਿ ਪਾਚ ਨ੍ਰਿਪ ਜਾਮ ਏਕ ਗਈ ਰਾਤਿ ॥

ਇਕ ਪਹਿਰ ਰਾਤ ਬੀਤ ਗਈ, (ਤਾਂ) ਪੰਜ ਰਾਜੇ (ਸਭਾ ਤੋਂ) ਉਠ ਕੇ ਘਰ ਆ ਗਏ।

ਤੀਨ ਪਹਰ ਸੋਏ ਨਹੀ ਝਾਕਤ ਹ੍ਵੈ ਗਯੋ ਪ੍ਰਾਤਿ ॥੧੨੬੬॥

(ਬਾਕੀ ਦੇ) ਤਿੰਨ ਪਹਿਰ ਵੀ ਸੁਤੇ ਨਹੀਂ, ਝਾਕਦਿਆਂ ਝਾਕਦਿਆਂ ਹੀ ਸਵੇਰ ਹੋ ਗਈ ॥੧੨੬੬॥

ਕਬਿਤੁ ॥

ਕਬਿੱਤ:

ਪ੍ਰਾਤ ਕਾਲ ਭਯੋ ਅੰਧਕਾਰ ਮਿਟਿ ਗਯੋ ਕ੍ਰੋਧ ਸੂਰਨ ਕੋ ਭਯੋ ਰਥ ਸਾਜ ਕੈ ਸਬੈ ਚਲੇ ॥

(ਜਦ) ਸਵੇਰ ਹੋਈ, ਹਨੇਰਾ ਖਤਮ ਹੋ ਗਿਆ, ਸੂਰਮਿਆਂ ਨੂੰ ਗੁੱਸਾ ਆਇਆ ਅਤੇ ਉਹ ਸਾਰੇ ਰਥ ਸਜਾ ਕੇ ਚਲ ਪਏ।

ਇਤੈ ਬ੍ਰਿਜਰਾਇ ਬਲਿਦੇਵ ਜੂ ਬੁਲਾਇ ਮਨਿ ਮਹਾ ਸੁਖੁ ਪਾਇ ਜਦੁਬੀਰ ਸੰਗਿ ਲੈ ਭਲੇ ॥

ਇਧਰ ਸ੍ਰੀ ਕ੍ਰਿਸ਼ਨ ਨੇ ਬਲਦੇਵ ਨੂੰ ਬੁਲਾ ਲਿਆ, ਮਨ ਵਿਚ ਬਹੁਤ ਸੁਖ ਪਾਇਆ ਅਤੇ ਚੰਗੇ ਚੰਗੇ ਯਾਦਵ ਸੂਰਬੀਰਾਂ ਨੂੰ ਨਾਲ ਲੈ ਲਿਆ।

ਉਤੈ ਡਰੁ ਡਾਰ ਕੈ ਹਥਿਆਰਨ ਸੰਭਾਰ ਕੈ ਸੁ ਆਏ ਹੈ ਹਕਾਰ ਕੈ ਅਟਲ ਭਟ ਨ ਟਲੇ ॥

ਉਧਰ ਡਰ ਨੂੰ ਤਿਆਗ ਕੇ, ਹਥਿਆਰਾਂ ਨੂੰ ਸੰਭਾਲ ਕੇ ਅਤੇ ਕਦੇ ਨਾ ਟਲਣ ਵਾਲੇ ਸੂਰਮੇ ਲਲਕਾਰਦੇ ਹੋਏ ਆ ਗਏ।

ਸ੍ਯੰਦਨ ਧਵਾਇ ਸੰਖ ਦੁੰਦਭਿ ਬਜਾਇ ਦ੍ਵੈ ਤਰੰਗਨੀ ਕੇ ਭਾਇ ਦਲ ਆਪਸ ਬਿਖੈ ਰਲੇ ॥੧੨੬੭॥

ਰਥਾਂ ਨੂੰ ਭਜਾ ਕੇ, ਧੌਂਸਿਆਂ ਨੂੰ ਵਜਾ ਕੇ ਅਤੇ (ਦੋ) ਨਦੀਆਂ ਵਾਂਗ ਸੈਨਾ-ਦਲ ਆਪਸ ਵਿਚ ਮਿਲ ਗਏ ॥੧੨੬੭॥

ਦੋਹਰਾ ॥

ਦੋਹਰਾ:

ਸ੍ਯੰਦਨ ਪੈ ਹਰਿ ਸੋਭਿਯੈ ਅਮਿਤ ਤੇਜ ਕੀ ਖਾਨ ॥

ਅਮਿਤ ਤੇਜ ਦੀ ਖਾਣ ਸ੍ਰੀ ਕ੍ਰਿਸ਼ਨ ਰਥ ਉਤੇ ਸ਼ੁਭਾਇਮਾਨ ਹਨ।

ਕੁਮਦਿਨ ਜਾਨਿਓ ਚੰਦ੍ਰਮਾ ਕੰਜਨ ਮਾਨਿਓ ਭਾਨ ॥੧੨੬੮॥

(ਜਿਸ ਨੂੰ) ਕੰਮੀਆਂ (ਕਮਲਨੀਆਂ) ਨੇ ਚੰਦ੍ਰਮਾ ਜਾਣਿਆ ਅਤੇ ਕਮਲਾਂ ਨੇ ਸੂਰਜ ਸਮਝਿਆ ॥੧੨੬੮॥

ਸਵੈਯਾ ॥

ਸਵੈਯਾ:

ਘਨ ਜਾਨ ਕੈ ਮੋਰ ਨਚਿਓ ਬਨ ਮਾਝ ਚਕੋਰ ਲਖਿਯੋ ਸਸਿ ਕੇ ਸਮ ਹੈ ॥

(ਸ੍ਰੀ ਕ੍ਰਿਸ਼ਨ ਦੇ ਕਾਲੇ ਰੰਗ ਰੂਪ ਨੂੰ ਵੇਖ ਕੇ) ਮੋਰਾਂ ਨੇ ਬਦਲ ਸਮਝ ਕੇ ਬਨ ਵਿਚ ਨਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਚਕੋਰਾਂ ਨੇ ਚੰਦ੍ਰਮਾ ਦੇ ਸਮਾਨ ਜਾਣਿਆ ਹੈ,

ਮਨਿ ਕਾਮਿਨ ਕਾਮ ਸਰੂਪ ਭਯੋ ਪ੍ਰਭ ਦਾਸਨ ਜਾਨਿਯੋ ਨਰੋਤਮ ਹੈ ॥

ਇਸਤਰੀਆਂ ਨੇ ਮਨ ਵਿਚ ਕਾਮ ਰੂਪ ਸੋਚਿਆ ਹੈ ਅਤੇ ਪ੍ਰਭੂ ਦੇ ਦਾਸਾਂ ਨੇ ਉਸ ਨੂੰ ਨਰੋਤਮ ਜਾਣਿਆ ਹੈ।

ਬਰ ਜੋਗਨ ਜਾਨਿ ਜੁਗੀਸੁਰ ਈਸੁਰ ਰੋਗਨ ਮਾਨਿਯੋ ਸਦਾ ਛਮ ਹੈ ॥

ਸ੍ਰੇਸ਼ਠ ਜੋਗੀਆਂ ਅਤੇ ਜੁਗੀਸਰਾਂ ਨੇ ਸ਼ਿਵ ਮੰਨਿਆ ਅਤੇ ਰੋਗੀਆਂ ਨੇ ਉਤਮ ਵੈਦ ਸਮਝਿਆ ਹੈ।

ਹਰਿ ਬਾਲਨ ਬਾਲਕ ਰੂਪ ਲਖਿਯੋ ਜੀਯ ਦੁਜਨ ਜਾਨਿਯੋ ਮਹਾ ਜਮ ਹੈ ॥੧੨੬੯॥

ਬਾਲਕਾਂ ਨੇ ਕ੍ਰਿਸ਼ਨ ਨੂੰ ਬਾਲਕ ਰੂਪ ਸਮਝਿਆ ਹੈ ਅਤੇ ਦੁਸ਼ਟਾਂ ਨੇ ਮਹਾਨ ਯਮਰਾਜ ਜਾਣਿਆ ਹੈ ॥੧੨੬੯॥

ਚਕਵਾਨ ਦਿਨੇਸ ਗਜਾਨ ਗਨੇਸ ਗਨਾਨ ਮਹੇਸ ਮਹਾਤਮ ਹੈ ॥

ਚਕਵਿਆਂ ਨੇ ਸੂਰਜ, ਦਿਗਜਾਂ ਨੇ ਗਣੇਸ਼, ਗਣਾਂ ਨੇ ਮਹੇਸ ਵਰਗਾ ਮਹਾਤਮ ਸਮਝਿਆ ਹੈ।

ਮਘਵਾ ਧਰਨੀ ਹਰਿ ਜਿਉ ਹਰਿਨੀ ਉਪਮਾ ਬਰਨੀ ਨ ਕਛੂ ਸ੍ਰਮ ਹੈ ॥

ਧਰਤੀ ਨੇ ਇੰਦਰ ਅਤੇ ਲੱਛਮੀ ਨੇ ਵਿਸ਼ਣੂ (ਅਰਥਾਂਤਰ ਹਿਰਨੀਆਂ ਨੇ ਹਿਰਨ) ਵਰਗਾ ਜਾਣਿਆ ਹੈ ਜਿਸ ਦੀ ਉਪਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ।

ਮ੍ਰਿਗ ਜੂਥਨ ਨਾਦ ਸਰੂਪ ਭਯੋ ਜਿਨ ਕੇ ਨ ਬਿਬਾਦ ਤਿਨੈ ਦਮ ਹੈ ॥

ਹਿਰਨਾਂ ਦੀ ਡਾਰ ਨੇ ਘੰਡਾਹੇੜੇ ਦਾ ਸ਼ਬਦ (ਮਹਿਸੂਸ) ਕੀਤਾ ਹੈ ਜਿਨ੍ਹਾਂ ਦੇ ਮਨ ਵਿਚ ਕੋਈ ਦੁਬਿਧਾ ਨਹੀਂ ਹੈ ਉਨ੍ਹਾਂ ਨੂੰ 'ਦਮ' (ਪ੍ਰਾਣ) ਦੇ ਰੂਪ ਵਿਚ ਅਨੁਭਵ ਹੋਇਆ ਹੈ।

ਨਿਜ ਮੀਤਨ ਮੀਤ ਹ੍ਵੈ ਚੀਤਿ ਬਸਿਓ ਹਰਿ ਸਤ੍ਰਨਿ ਜਾਨਿਯੋ ਮਹਾ ਜਮ ਹੈ ॥੧੨੭੦॥

ਆਪਣੇ ਮਿਤਰਾਂ ਦੇ ਚਿੱਤ ਵਿਚ ਮਿਤਰ ਹੋ ਕੇ ਵਸਿਆ ਹੈ ਅਤੇ ਵੈਰੀਆਂ ਨੇ ਸ੍ਰੀ ਕ੍ਰਿਸ਼ਨ ਨੂੰ ਯਮ ਦਾ ਰੂਪ ਸਮਝਿਆ ਹੈ ॥੧੨੭੦॥

ਦੋਹਰਾ ॥

ਦੋਹਰਾ:

ਦ੍ਵੈ ਸੈਨਾ ਇਕਠੀ ਭਈ ਅਤਿ ਮਨਿ ਕੋਪ ਬਢਾਇ ॥

ਮਨ ਵਿਚ ਬਹੁਤ ਕ੍ਰੋਧ ਵਧਾ ਕੇ ਦੋਵੇਂ ਸੈਨਾਵਾਂ ਇਕੱਠੀਆਂ ਹੋ ਗਈਆਂ ਹਨ।

ਜੁਧੁ ਕਰਤ ਹੈ ਬੀਰ ਬਰ ਰਨ ਦੁੰਦਭੀ ਬਜਾਇ ॥੧੨੭੧॥

ਬਹਾਦੁਰ ਯੋਧੇ ਰਣ-ਭੂਮੀ ਵਿਚ ਨਗਾਰੇ ਵਜਾ ਕੇ ਯੁੱਧ ਕਰਦੇ ਹਨ ॥੧੨੭੧॥

ਸਵੈਯਾ ॥

ਸਵੈਯਾ:

ਧੂਮ ਧੁਜ ਮਨ ਧਉਰ ਧਰਾ ਧਰ ਸਿੰਘ ਸਬੈ ਰਨਿ ਕੋਪ ਕੈ ਆਏ ॥

ਧੂਮ (ਸਿੰਘ) ਧੁਜਾ (ਸਿੰਘ) ਮਨ (ਸਿੰਘ) ਧਉਰ (ਸਿੰਘ) ਧਰਾਧਰ ਸਿੰਘ (ਆਦਿ) ਸਾਰੇ ਕ੍ਰੋਧਵਾਨ ਹੋ ਕੇ ਯੁੱਧ-ਭੂਮੀ ਵਿਚ ਆਏ ਹਨ।

ਲੈ ਕਰਵਾਰਨ ਢਾਲ ਕਰਾਲ ਹ੍ਵੈ ਸੰਕ ਤਜੀ ਹਰਿ ਸਾਮੁਹੇ ਧਾਏ ॥

ਹੱਥਾਂ ਵਿਚ ਭਿਆਨਕ ਤਲਵਾਰਾਂ ਅਤੇ ਢਾਲਾਂ ਲੈ ਕੇ ਅਤੇ ਸੰਗ ਸੰਕੋਚ ਛਡ ਕੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਭਜ ਕੇ ਆਏ ਹਨ।

ਦੇਖਿ ਤਿਨੈ ਤਬ ਹੀ ਬ੍ਰਿਜ ਰਾਜ ਹਲੀ ਸੋ ਕਹਿਯੋ ਸੁ ਕਰੋ ਮਨਿ ਭਾਏ ॥

ਉਨ੍ਹਾਂ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਬਲਰਾਮ ਨੂੰ ਕਿਹਾ ਕਿ ਜੋ ਮਨ ਨੂੰ ਭਾਉਂਦਾ ਹੈ, ਓਹੀ ਕਰੋ।

ਧਾਇ ਬਲੀ ਬਲਿ ਲੈ ਕਰ ਮੈ ਹਲਿ ਪਾਚਨ ਕੇ ਸਿਰ ਕਾਟਿ ਗਿਰਾਏ ॥੧੨੭੨॥

ਬਲੀ ਬਲਰਾਮ ਨੇ ਹੱਥ ਵਿਚ ਹਲ ਲੈ ਕੇ ਪੰਜਾਂ ਦੇ ਸਿਰ ਕਟ ਕੇ ਸੁਟ ਦਿੱਤੇ ਹਨ ॥੧੨੭੨॥

ਦੋਹਰਾ ॥

ਦੋਹਰਾ:

ਦ੍ਵੈ ਅਛੂਹਨੀ ਦਲ ਨ੍ਰਿਪਤਿ ਪਾਚੋ ਹਨੇ ਰਿਸਾਇ ॥

ਗੁੱਸੇ ਵਿਚ ਆ ਕੇ ਦੋ ਅਛੋਹਣੀ ਸੈਨਾ ਸਮੇਤ ਪੰਜੇ ਮਾਰ ਦਿੱਤੇ।

ਏਕ ਦੋਇ ਜੀਵਤ ਬਚੇ ਰਨ ਤਜਿ ਗਏ ਪਰਾਇ ॥੧੨੭੩॥

ਇਕ ਦੋ (ਯੋਧੇ ਜੋ) ਜੀਵਿਤ ਬਚੇ, ਉਹ ਰਣ-ਭੂਮੀ ਨੂੰ ਤਿਆਗ ਕੇ ਚਲੇ ਗਏ ਹਨ ॥੧੨੭੩॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਪਾਚ ਭੂਪ ਦੋ ਅਛੂਹਨੀ ਦਲ ਸਹਿਤ ਬਧਹ ਧਯਾਹਿ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਯੁੱਧ ਪ੍ਰਬੰਧ ਦੇ ਪੰਜ ਭੂਪ ਦੋ ਅਛੋਹਣੀ ਦਲ ਸਹਿਤ ਮਾਰੇ ਜਾਣ ਵਾਲਾ ਅਧਿਆਇ ਸਮਾਪਤ।

ਅਥ ਦ੍ਵਾਦਸ ਭੂਪ ਜੁਧ ਕਥਨ ॥

ਹੁਣ ਦੁਆਦਸ ਰਾਜਿਆਂ ਦੇ ਯੁੱਧ ਦਾ ਕਥਨ:

ਸਵੈਯਾ ॥

ਸਵੈਯਾ:

ਦ੍ਵਾਦਸ ਭੂਪ ਨਿਹਾਰਿ ਦਸਾ ਤਿਹ ਦਾਤਨ ਪੀਸ ਕੈ ਕੋਪ ਕੀਯੋ ॥

ਬਾਰ੍ਹਾਂ ਰਾਜਿਆਂ ਨੇ ਪੰਜਾਂ ਰਾਜਿਆਂ ਦੀ ਹਾਲਤ ਵੇਖ ਕੇ, ਦੰਦ ਪੀਹ ਕੇ ਬਹੁਤ ਕ੍ਰੋਧ ਕੀਤਾ।

ਧਰੀਆ ਸਬ ਹੀ ਬਰ ਅਤ੍ਰਨ ਕੇ ਬਹੁ ਸਸਤ੍ਰਨ ਕੈ ਦਲ ਬਾਟਿ ਦੀਯੋ ॥

ਸਾਰੇ ਹੀ ਬਹੁਤ ਅਸਤ੍ਰਾਂ ਨੂੰ ਧਾਰਨ ਕਰਨ ਵਾਲੇ ਸਨ, (ਫਿਰ) ਦਲ ਵਿਚ ਬਹੁਤ ਸਾਰੇ ਸ਼ਸਤ੍ਰ ਵੰਡ ਦਿੱਤੇ।

ਮਿਲਿ ਆਪ ਬਿਖੈ ਤਿਨ ਮੰਤ੍ਰ ਕੀਯੋ ਕਰਿ ਕੈ ਅਤਿ ਛੋਭ ਸੋ ਤਾਤੋ ਹੀਯੋ ॥

ਉਨ੍ਹਾਂ ਨੇ ਆਪਸ ਵਿਚ ਮਿਲ ਕੇ ਸਲਾਹ ਕੀਤੀ ਅਤੇ ਕ੍ਰੋਧ ਨਾਲ ਉਨ੍ਹਾਂ ਦੀਆਂ ਛਾਤੀਆਂ ਸੜਨ ਲਗ ਗਈਆਂ।

ਲਰਿ ਹੈ ਮਰਿ ਹੈ ਭਵ ਕੋ ਤਰਿ ਹੈ ਜਸ ਸਾਥ ਭਲੋ ਪਲ ਏਕ ਜੀਯੋ ॥੧੨੭੪॥

(ਕਹਿਣ ਲਗੇ) ਜੋ ਲੜਦਾ ਹੋਇਆ ਮਰਦਾ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਯਸ਼ ਸਹਿਤ ਇਕ ਪਲ ਭਰ ਜੀਉਣਾ ਵੀ ਸ੍ਰੇਸ਼ਠ ਹੈ ॥੧੨੭੪॥

ਯੌ ਮਨ ਮੈ ਧਰਿ ਆਇ ਅਰੇ ਸੁ ਘਨੋ ਦਲੁ ਲੈ ਹਰਿ ਪੇਖਿ ਹਕਾਰੋ ॥

ਇਸ ਤਰ੍ਹਾਂ ਦੀ ਮਨ ਵਿਚ ਧਾਰਨਾ ਬਣਾ ਕੇ ਡਟ ਗਏ ਅਤੇ ਬਹੁਤ ਸਾਰੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਨੂੰ ਲਲਕਾਰਾ ਮਾਰਿਆ।

ਯਾਹੀ ਹਨੇ ਨ੍ਰਿਪ ਪਾਚ ਅਬੈ ਹਮ ਸੰਗ ਲਰੋ ਹਰਿ ਭ੍ਰਾਤਿ ਤੁਮਾਰੋ ॥

ਹੇ ਕ੍ਰਿਸ਼ਨ! ਤੁਹਾਡੇ ਇਸ ਭਰਾ ਨੇ ਪੰਜ ਰਾਜੇ ਮਾਰੇ ਹਨ, ਹੁਣ (ਆ ਕੇ) ਸਾਡੇ ਨਾਲ ਯੁੱਧ ਕਰੋ।

ਨਾਤਰ ਆਇ ਭਿਰੋ ਤੁਮ ਹੂੰ ਨਹਿ ਆਯੁਧ ਛਾਡ ਕੈ ਧਾਮਿ ਸਿਧਾਰੋ ॥

ਨਹੀਂ ਤਾਂ ਤੂੰ ਹੀ ਆ ਕੇ ਯੁੱਧ ਕਰ, ਨਹੀਂ ਤਾਂ ਹਥਿਆਰ ਸੁਟ ਕੇ ਘਰ ਨੂੰ ਜਾ।

ਜੋ ਤੁਮ ਮੈ ਬਲੁ ਹੈ ਘਟਿਕਾ ਲਰਿ ਕੈ ਲਖਿ ਲੈ ਪੁਰਖਤ ਹਮਾਰੋ ॥੧੨੭੫॥

ਜੇ ਤੇਰੇ ਵਿਚ ਬਲ ਹੈ ਤਾਂ ਇਕ ਘੜੀ ਭਰ ਲੜ ਕੇ ਸਾਡੀ ਬਹਾਦਰੀ ਨੂੰ ਵੇਖ ਲੈ ॥੧੨੭੫॥

ਯੌ ਸੁਨਿ ਕੈ ਬਤੀਯਾ ਤਿਨ ਕੀ ਸਬ ਆਯੁਧ ਲੈ ਹਰਿ ਸਾਮੁਹੇ ਆਯੋ ॥

ਉਨ੍ਹਾਂ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ, ਸਾਰੇ ਸ਼ਸਤ੍ਰ ਲੈ ਕੇ ਸ੍ਰੀ ਕ੍ਰਿਸ਼ਨ ਸਾਹਮਣੇ ਆ ਗਏ।

ਸਾਹਿਬ ਸਿੰਘ ਕੋ ਸੀਸ ਕਟਿਯੋ ਸੁ ਸਦਾ ਸਿੰਘ ਮਾਰ ਕੈ ਭੂਮਿ ਗਿਰਾਯੋ ॥

(ਰਣ-ਭੂਮੀ ਵਿਚ ਆਉਂਦਿਆਂ ਹੀ) ਸਾਹਿਬ ਸਿੰਘ ਦਾ ਸਿਰ ਕਟ ਸੁਟਿਆ ਅਤੇ ਸਦਾ ਸਿੰਘ ਨੂੰ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ।

ਸੁੰਦਰ ਸਿੰਘ ਅਧੰਧਰ ਕੈ ਪੁਨਿ ਸਾਜਨ ਸਿੰਘ ਹਨ੍ਯੋ ਰਨ ਪਾਯੋ ॥

ਸੁੰਦਰ ਸਿੰਘ ਅੱਧੋ-ਅੱਧ (ਕਰ ਕੇ) ਧਰਤੀ (ਉਤੇ ਸੁਟ ਦਿੱਤਾ) ਅਤੇ ਫਿਰ ਸਾਜਨ ਸਿੰਘ ਨਾਲ ਯੁੱਧ ਕਰ ਕੇ ਮਾਰ ਦਿੱਤਾ।

ਕੇਸਨ ਤੇ ਗਹਿ ਕੈ ਸਬਲੇਸ ਧਰਾ ਪਟਕਿਯੋ ਇਮ ਜੁਧ ਮਚਾਯੋ ॥੧੨੭੬॥

ਸਬਲ ਸਿੰਘ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਉਤੇ ਪਟਕ ਦਿੱਤਾ; ਇਸ ਤਰ੍ਹਾਂ (ਕ੍ਰਿਸ਼ਨ ਨੇ) ਯੁੱਧ ਮਚਾਇਆ ॥੧੨੭੬॥

ਦੋਹਰਾ ॥

ਦੋਹਰਾ: