ਜਦੋਂ ਇਨ੍ਹਾਂ ਨੇ (ਇੰਦਰ ਦੀ) ਪੂਜਾ ਨਾ ਕੀਤੀ ਤਦੋਂ ਬਜ੍ਰ-ਧਾਰੀ ਇੰਦਰ ਇਨ੍ਹਾਂ ਉਤੇ ਗੁੱਸੇ ਹੋ ਗਿਆ।
ਇਹ ਗੱਲ ਵੇਦਾਂ (ਪੁਰਾਤਨ ਗ੍ਰੰਥਾਂ) ਵਿਚ ਕਹੀ ਹੋਈ ਹੈ ਕਿ ਇਸ (ਸ੍ਰੀ ਕ੍ਰਿਸ਼ਨ ਨੇ) ਸੰਕੇਤ ਕਰ ਕੇ ਛਲ ਨਾਲ ਭੀਮ ਤੋਂ ਜਰਾਸੰਧ ਨੂੰ ਮਰਵਾ ਦਿੱਤਾ ਸੀ ॥੩੫੦॥
ਜਿਸ ਨੇ ਭੂਮਾਸੁਰ ਨਾਲ ਲੜਾਈ ਕਰ ਕੇ (ਉਸ ਤੋਂ) ਸੋਲ੍ਹਾਂ ਹਜ਼ਾਰ ਇਸਤਰੀਆਂ ਛੁੜਵਾ ਲਿਆਂਦੀਆਂ ਸਨ;
ਜਿਸਨੇ ਆਦਿ ਸੱਤ-ਯੁਗ ਵਿਚ ਮੁਰ ਦੈਂਤ ਦੇ ਸਾਰੇ ਗੜ੍ਹ ਕਚ ਦੀਆਂ ਵੰਗਾਂ ਵਾਂਗ ਤੋੜ ਦਿੱਤੇ ਸਨ;
ਜੋ ਸਾਰੇ ਜਗ ਦਾ ਕਰਤਾ ਅਤੇ ਸਾਰਿਆਂ ਯੁਗਾਂ ਵਿਚ ਦੇਣ ਵਾਲਾ ਹੈ; (ਜੋ) ਲੋਕਾਂ ਦਾ ਸੁਆਮੀ ਹੈ,
(ਉਸ ਨਾਲ) ਭ੍ਰਸ਼ਟ ਬੁੱਧੀ ਵਾਲਾ ਅਤੇ ਹੰਕਾਰ ਵਿਚ (ਅੰਨ੍ਹਾ ਹੋਇਆ) ਇੰਦਰ ਵਿਵਾਦ ਖੜਾ ਕਰਨ ਲਗਾ ਹੈ ॥੩੫੧॥
ਗਵਾਲਿਆਂ ਪ੍ਰਤਿ ਖਿਝ ਕੇ, ਇੰਦਰ ਮਨ ਦੀ ਸ਼ਾਂਤੀ ਨੂੰ ਤਿਆਗ ਕੇ ਕ੍ਰੋਧ ਨਾਲ ਭਰ ਗਿਆ
ਅਤੇ ਬਦਲਾਂ ਦੇ ਸਮੂਹ ਨੂੰ ਜਾ ਕੇ (ਇਹ ਗੱਲ) ਕਹੀ ਕਿ ਵੀਰ ਰਸ ਵਿਚ ਗੜੁਚ ਹੋ ਕੇ ਬ੍ਰਜ-ਭੂਮੀ ਉਤੇ ਬਰਖਾ ਕਰੋ।
ਉਨ੍ਹਾਂ (ਗਵਾਲਿਆਂ) ਉਤੇ ਇਤਨੀ ਬਰਖਾ ਕਰੋ ਜਿਸ ਕਰ ਕੇ ਫਿਰ ਇਕ ਗਵਾਲਾ ਵੀ ਨਾ ਬਚ ਸਕੇ।
ਸਭ ਨੂੰ ਭੈਣਾਂ, ਭਰਾਵਾਂ, ਪੁੱਤਰਾਂ, ਪੋਤਰਿਆਂ, ਤਾਇਆਂ ਅਤੇ ਚਾਚਿਆਂ ਸਮੇਤ ਮਾਰ ਦਿਓ ॥੩੫੨॥
ਇੰਦਰ ਦੀ ਆਗਿਆ ਮੰਨ ਕੇ ਸਾਰਿਆਂ ਬਦਲਾਂ ਨੇ ਆਪਣੇ ਲਕ ਬੰਨ੍ਹ ਲਏ।
ਬ੍ਰਜਭੂਮੀ ਨੂੰ ਮਾਰਨ ਲਈ (ਸਾਰਿਆਂ ਬਦਲਾਂ ਨੇ) ਧਾਵਾ ਬੋਲ ਦਿੱਤਾ ਅਤੇ ਦਸਾਂ ਦਿਸ਼ਾਵਾਂ ਤੋਂ ਚੰਗੀ ਤਰ੍ਹਾਂ ਘੇਰਾ ਪਾ ਲਿਆ।
ਕ੍ਰੋਧ ਅਤੇ ਜਲ ('ਬਾਰਿ') ਨਾਲ ਭਰੇ ਹੋਏ ਵੱਛਿਆਂ ਨੂੰ ਚਰਾਉਣ ਵਾਲੇ (ਗਵਾਲਿਆਂ) ਨੂੰ ਮਾਰਨ ਲਈ ਚਲ ਪਏ।
ਰਾਜੇ ਇੰਦਰ ਦਾ ਕੰਮ ਕਰਨ ਲਈ ਪੁੱਤਰਾਂ ਅਤੇ ਇਸਤਰੀਆਂ ਨੂੰ ਪਿਛੇ ਛਡ ਕੇ, ਤੁਰਤ ਚਲ ਪਏ ॥੩੫੩॥
(ਜਿਸ ਨੇ) ਸੰਖਾਸੁਰ ਨੂੰ ਮਾਰਨ ਲਈ ਜਲ ਵਿਚ ਮੱਛ ਰੂਪ ਧਾਰਨ ਕੀਤਾ ਸੀ;
(ਜਿਸ ਨੇ) ਦੇਵਤਿਆਂ ਅਤੇ ਦੈਂਤਾਂ ਦੁਆਰਾ ਸਮੁੰਦਰ ਰਿੜਕਣ ਵੇਲੇ ਮੇਰੁ ਪਰਬਤ ਰੂਪ ਮਧਾਣੇ ਹੇਠਾਂ ਕੱਛੂ ਬਣ ਕੇ ਚੰਗੀ ਤਰ੍ਹਾਂ (ਕਾਰਜ ਕੀਤਾ ਸੀ);
ਓਹੀ ਹੁਣ ਇਥੇ ਕਾਨ੍ਹ ਬਣਿਆ ਹੋਇਆ ਹੈ ਅਤੇ ਬ੍ਰਜ ਦੇ ਸਾਰੇ ਵੱਛਿਆਂ ਨੂੰ ਚਰਾਉਂਦਾ ਹੈ।
(ਜੋ ਇਸ ਤਰ੍ਹਾਂ ਦੀਆਂ) ਖੇਡਾਂ ਵਿਖਾ ਰਿਹਾ ਹੈ, ਇਹੋ ਸਾਰੇ ਜੀਵਾਂ ਦੀ ਰਖਿਆ ਕਰਨ ਵਾਲਾ ਹੈ ॥੩੫੪॥
ਇੰਦਰ ਦੀ ਆਗਿਆ ਮੰਨ ਕੇ ਸਾਰਿਆਂ ਬਦਲਾਂ ਨੇ ਬ੍ਰਜ-ਭੂਮੀ ਨੂੰ ਘੇਰਾ ਪਾ ਲਿਆ
ਅਤੇ ਘੇਰ ਕੇ (ਸਾਰੇ) ਬਦਲ ਜ਼ੋਰ ਨਾਲ ਗੱਜਣ ਲਗੇ। ਬਿਜਲੀ ਇਸ ਤਰ੍ਹਾਂ ਕੜਕ ਰਹੀ ਸੀ, ਮਾਨੋ ਰਾਮ ਦੇ ਸਾਹਮਣੇ ਰਾਵਣ ਦੇ ਧੌਂਸੇ ਗੂੰਜ ਰਹੇ ਹੋਣ।
ਉਸ ਧੁਨ ਨੂੰ ਕੰਨਾਂ ਨਾਲ ਸੁਣ ਕੇ ਡਰਦੇ ਮਾਰੇ (ਸਾਰੇ) ਗਵਾਲੇ ਦਸਾਂ ਦਿਸ਼ਾਵਾਂ ਵਲ ਉਠ ਭਜੇ ਸਨ।
ਸਾਰੇ ਕ੍ਰਿਸ਼ਨ ਦੇ ਪੈਰੀਂ ਆ ਪਏ ਅਤੇ ਆਪਣੀ ਜੀਵਨ (ਦੀ ਰਖਿਆ) ਲਈ ਸਹਾਇਤਾ ਵਾਸਤੇ (ਪ੍ਰਾਰਥਨਾ ਕਰਨ ਲਗੇ) ॥੩੫੫॥
ਬਦਲਾਂ ਦੇ ਡਰ ਕਰ ਕੇ ਦੁਖਾਂ ਵਿਚ ਗ੍ਰਸੇ ਹੋਏ ਗਵਾਲੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਸਹਾਇਤਾ ਲਈ) ਪੁਕਾਰ ਕਰਦੇ ਹਨ,
ਹੇ ਕਰੁਣਾ ਨਿਧੀ! ਸਾਡੀ ਰਖਿਆ ਕਰੋ; ਸੱਤ ਦਿਨਾਂ ਅਤੇ ਰਾਤਾਂ ਤੋਂ ਬਰਖਾ ਹੋ ਰਹੀ ਹੈ।