ਸ਼੍ਰੀ ਦਸਮ ਗ੍ਰੰਥ

ਅੰਗ - 159


ਏਕਹਿ ਆਪ ਸਭਨ ਮੋ ਬਿਆਪਾ ॥

ਇਕੋ ਆਪ ਹੀ ਸਾਰਿਆਂ ਵਿਚ ਵਿਆਪਤ ਹੋ ਰਿਹਾ ਹੈ,

ਸਭ ਕੋਈ ਭਿੰਨ ਭਿੰਨ ਕਰ ਥਾਪਾ ॥੩੫॥

(ਪਰ ਉਸੇ ਨੂੰ) ਸਭ ਲੋਕ ਭਿੰਨ ਭਿੰਨ ਰੂਪ ਵਿਚ ਸਥਾਪਿਤ ਕਰਦੇ ਹਨ ॥੩੫॥

ਸਭ ਹੀ ਮਹਿ ਰਮ ਰਹਿਯੋ ਅਲੇਖਾ ॥

ਸਭ ਵਿਚ ਅਲੇਖ (ਜੋ ਲੇਖ ਵਿਚ ਨਾ ਆ ਸਕੇ) ਹੀ ਰਮਣ ਕਰ ਰਿਹਾ ਹੈ,

ਮਾਗਤ ਭਿੰਨ ਭਿੰਨ ਤੇ ਲੇਖਾ ॥

(ਪਰ ਉਹ ਸਭ ਤੋਂ) ਵਖਰਾ ਵਖਰਾ ਲੇਖਾ ਮੰਗਦਾ ਹੈ।

ਜਿਨ ਨਰ ਏਕ ਵਹੈ ਠਹਰਾਯੋ ॥

ਜਿੰਨ੍ਹਾਂ ਪੁਰਸ਼ਾਂ ਨੇ ਉਸ ਇਕ ਨੂੰ (ਸਾਰਿਆਂ ਰੂਪਾਂ) ਵਿਚ ਠਹਿਰਾਇਆ ਹੈ,

ਤਿਨ ਹੀ ਪਰਮ ਤਤੁ ਕਹੁ ਪਾਯੋ ॥੩੬॥

ਉਨ੍ਹਾਂ ਨੇ ਹੀ ਪਰਮ-ਤੱਤ੍ਵ ਨੂੰ ਪਾਇਆ ਹੈ ॥੩੬॥

ਏਕਹ ਰੂਪ ਅਨੂਪ ਸਰੂਪਾ ॥

(ਉਹ) ਇਕ ਰੂਪ ਵਾਲਾ ਹੀ ਅਨੇਕ ਸਰੂਪਾਂ ਵਾਲਾ ਹੈ,

ਰੰਕ ਭਯੋ ਰਾਵ ਕਹੂੰ ਭੂਪਾ ॥

(ਕਿਤੇ) ਉਹ ਰੰਕ ਹੈ, (ਕਿਤੇ) ਰਾਓ ਹੈ (ਅਤੇ ਕਿਤੇ) ਰਾਜਾ ਬਣਿਆ ਹੋਇਆ ਹੈ।

ਭਿੰਨ ਭਿੰਨ ਸਭਹਨ ਉਰਝਾਯੋ ॥

ਸਭ ਨੂੰ ਵਖਰੇ ਵਖਰੇ (ਕੰਮਾਂਧੰ ਧਿਆਂ ਵਿਚ) ਉਲਝਾਇਆ ਹੋਇਆ ਹੈ।

ਸਭ ਤੇ ਜੁਦੋ ਨ ਕਿਨਹੁੰ ਪਾਯੋ ॥੩੭॥

(ਉਹ) ਸਭ ਤੋਂ ਵਖਰਾ ਹੈ, ਉਸ (ਦੇ ਭੇਦ) ਨੂੰ ਕਿਸੇ ਨਹੀਂ ਜਾਣਿਆ ॥੩੭॥

ਭਿੰਨ ਭਿੰਨ ਸਭਹੂੰ ਉਪਜਾਯੋ ॥

(ਉਸ ਨੇ) ਭਿੰਨ ਭਿੰਨ ਰੂਪ ਵਿਚ ਸਭ ਨੂੰ ਪੈਦਾ ਕੀਤਾ ਹੈ

ਭਿੰਨ ਭਿੰਨ ਕਰਿ ਤਿਨੋ ਖਪਾਯੋ ॥

ਅਤੇ ਭਿੰਨ ਭਿੰਨ ਕਰ ਕੇ ਉਨ੍ਹਾਂ ਨੂੰ ਨਸ਼ਟ ਕਰਦਾ ਹੈ।

ਆਪ ਕਿਸੂ ਕੋ ਦੋਸ ਨ ਲੀਨਾ ॥

(ਉਹ) ਆਪ ਕਿਸੇ ਦਾ ਦੋਸ਼ ਆਪਣੇ ਸਿਰ ਉਤੇ ਨਹੀਂ ਲੈਂਦਾ

ਅਉਰਨ ਸਿਰ ਬੁਰਿਆਈ ਦੀਨਾ ॥੩੮॥

ਅਤੇ ਹੋਰਨਾਂ ਦੇ ਸਿਰ ਉਤੇ ਬੁਰਿਆਈ (ਦੀ ਜ਼ਿਮੇਵਾਰੀ) ਪਾਉਂਦਾ ਹੈ ॥੩੮॥

ਅਥ ਪ੍ਰਥਮ ਮਛ ਅਵਤਾਰ ਕਥਨੰ ॥

ਹੁਣ ਪ੍ਰਥਮ ਮੱਛ ਅਵਤਾਰ ਦਾ ਕਥਨ

ਚੌਪਈ ॥

ਚੌਪਈ:

ਸੰਖਾਸੁਰ ਦਾਨਵ ਪੁਨਿ ਭਯੋ ॥

ਫਿਰ ਸੰਖਾਸੁਰ (ਨਾਂ ਦਾ ਇਕ) ਦੈਂਤ ਹੋਇਆ।

ਬਹੁ ਬਿਧਿ ਕੈ ਜਗ ਕੋ ਦੁਖ ਦਯੋ ॥

(ਉਸ ਨੇ) ਬਹੁਤ ਤਰ੍ਹਾਂ ਨਾਲ ਜਗਤ ਨੂੰ ਦੁਖ ਦਿੱਤਾ।

ਮਛ ਅਵਤਾਰ ਆਪਿ ਪੁਨਿ ਧਰਾ ॥

(ਕਾਲ ਨੇ) ਤਦੋਂ ਆਪ ਮੱਛ ਅਵਤਾਰ ਧਾਰਨ ਕੀਤਾ

ਆਪਨ ਜਾਪੁ ਆਪ ਮੋ ਕਰਾ ॥੩੯॥

ਅਤੇ ਆਪਣਾ ਜਾਪ ਆਪ ਹੀ ਜਪਿਆ (ਅਰਥਾਤ ਆਪ ਹੀ ਆਪਣੇ ਰੂਪ ਨੂੰ ਪਛਾਣਿਆ) ॥੩੯॥

ਪ੍ਰਿਥਮੈ ਤੁਛ ਮੀਨ ਬਪੁ ਧਰਾ ॥

ਪਹਿਲਾਂ (ਇਸ ਅਵਤਾਰ ਨੇ) ਛੋਟੀ ਜਿਹੀ ਮੱਛਲੀ ਦਾ ਸ਼ਰੀਰ ਧਾਰਨ ਕੀਤਾ

ਪੈਠਿ ਸਮੁੰਦ੍ਰ ਝਕਝੋਰਨ ਕਰਾ ॥

ਅਤੇ ਸਮੁੰਦਰ ਵਿਚ ਵੜ ਕੇ (ਚੰਗੀ ਤਰ੍ਹਾਂ ਨਾਲ) ਝਕਝੋਰਿਆ।

ਪੁਨਿ ਪੁਨਿ ਕਰਤ ਭਯੋ ਬਿਸਥਾਰਾ ॥

ਫਿਰ ਹੌਲੀ ਹੌਲੀ (ਆਪਣਾ) ਵਿਸਤਾਰ ਕਰਦਾ ਗਿਆ,

ਸੰਖਾਸੁਰਿ ਤਬ ਕੋਪ ਬਿਚਾਰਾ ॥੪੦॥

(ਫਲਸਰੂਪ ਸਮੁੰਦਰ ਵਿਚ ਰਹਿਣ ਵਾਲੇ) ਸੰਖਾਸੁਰ ਨੇ ਤਦ ਬਹੁਤ ਕ੍ਰੋਧ ਕੀਤਾ ॥੪੦॥


Flag Counter