ਸ਼੍ਰੀ ਦਸਮ ਗ੍ਰੰਥ

ਅੰਗ - 112


ਭਈ ਬਾਣ ਬਰਖਾ ॥

ਬਾਣਾਂ ਦੀ ਬਰਖਾ ਹੋ ਰਹੀ ਸੀ,

ਗਏ ਜੀਤਿ ਕਰਖਾ ॥

ਜਿਤ ਦੇ ਛੰਦ ਗਾਏ ਜਾ ਰਹੇ ਸਨ,

ਸਬੈ ਦੁਸਟ ਮਾਰੇ ॥

ਸਾਰੇ ਦੁਸ਼ਟ ਮਾਰ ਦਿੱਤੇ ਗਏ ਸਨ

ਮਈਯਾ ਸੰਤ ਉਬਾਰੇ ॥੩੨॥੧੫੪॥

ਅਤੇ ਮਾਤਾ ਦੁਰਗਾ ਨੇ ਸੰਤਾਂ ਦਾ ਉੱਧਾਰ ਕਰ ਦਿੱਤਾ ਸੀ ॥੩੨॥੧੫੪॥

ਨਿਸੁੰਭੰ ਸੰਘਾਰਿਯੋ ॥

ਨਿਸੁੰਭ ਨੂੰ ਸੰਘਾਰ ਦਿੱਤਾ ਗਿਆ ਸੀ,

ਦਲੰ ਦੈਤ ਮਾਰਿਯੋ ॥

ਦੈਂਤਾਂ ਦੇ (ਸਾਰੇ) ਦਲ ਮਾਰੇ ਜਾ ਚੁਕੇ ਸਨ,

ਸਬੈ ਦੁਸਟ ਭਾਜੇ ॥

ਸਾਰੇ ਦੁਸ਼ਟ ਭਜ ਗਏ ਸਨ

ਇਤੈ ਸਿੰਘ ਗਾਜੇ ॥੩੩॥੧੫੫॥

ਅਤੇ ਇਧਰ ਸ਼ੇਰ ਗਜ ਰਿਹਾ ਸੀ ॥੩੩॥੧੫੫॥

ਭਈ ਪੁਹਪ ਬਰਖਾ ॥

ਫੁਲਾਂ ਦੀ ਬਰਖਾ ਹੋਣ ਲਗ ਗਈ,

ਗਾਏ ਜੀਤ ਕਰਖਾ ॥

ਜਿਤ ਦੇ ਛੰਦ ਗਾਏ ਜਾਣ ਲਗੇ।

ਜਯੰ ਸੰਤ ਜੰਪੇ ॥

ਸੰਤ ਲੋਕ (ਦੁਰਗਾ ਦੀ) ਜੈ-ਜੈ-ਕਾਰ ਕਰ ਰਹੇ ਸਨ

ਤ੍ਰਸੇ ਦੈਤ ਕੰਪੇ ॥੩੪॥੧੫੬॥

ਅਤੇ ਦੈਂਤ ਡਰ ਨਾਲ ਕੰਬ ਰਹੇ ਸਨ ॥੩੪॥੧੫੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਨਿਸੁੰਭ ਬਧਹ ਪੰਚਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੫॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ-ਚਰਿਤ੍ਰ ਦੇ ਪ੍ਰਸੰਗ ਦਾ 'ਨਿਸੁੰਭ-ਬਧ' ਨਾਂ ਵਾਲਾ ਪੰਜਵਾਂ ਅਧਿਆਇ ਸਮਾਪਤੀ ॥੫॥

ਅਥ ਸੁੰਭ ਜੁਧ ਕਥਨੰ ॥

ਹੁਣ ਸੁੰਭ ਦੇ ਯੁੱਧ ਦਾ ਕਥਨ

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਲਘੁੰ ਭ੍ਰਾਤ ਜੁਝਿਯੋ ਸੁਨਿਯੋ ਸੁੰਭ ਰਾਯੰ ॥

ਰਾਜਾ ਸੁੰਭ ਨੇ ਜਦੋਂ ਭਰਾ ਦੇ ਮਾਰੇ ਜਾਣ ਦੀ ਖਬਰ ਸੁਣੀ

ਸਜੈ ਸਸਤ੍ਰ ਅਸਤ੍ਰੰ ਚੜਿਯੋ ਚਉਪ ਚਾਯੰ ॥

(ਤਦੋਂ) ਉਸ ਨੇ ਅਸਤ੍ਰ ਅਤੇ ਸ਼ਸਤ੍ਰ ਸਜਾਏ ਅਤੇ ਬੜੇ ਚਾਉ ਨਾਲ (ਯੁੱਧ ਲਈ) ਚੜ੍ਹ ਚਲਿਆ।

ਭਯੋ ਨਾਦ ਉਚੰ ਰਹਿਯੋ ਪੂਰ ਗੈਣੰ ॥

ਬਹੁਤ ਜ਼ੋਰ ਦਾ ਨਾਦ ਹੋਇਆ (ਜਿਸ ਨਾਲ) ਸਾਰਾ ਅਕਾਸ਼ ਗੂੰਜ ਉਠਿਆ।

ਤ੍ਰਸੰ ਦੇਵਤਾ ਦੈਤ ਕੰਪਿਯੋ ਤ੍ਰਿਨੈਣੰ ॥੧॥੧੫੭॥

(ਉਸ) ਦੈਂਤ ਕੋਲੋਂ ਦੇਵਤੇ ਡਰ ਗਏ ਅਤੇ (ਤ੍ਰਿਨੈਣੰ) ਸ਼ਿਵ ਡਰ ਗਿਆ ॥੧॥੧੫੭॥

ਡਰਿਯੋ ਚਾਰ ਬਕਤ੍ਰੰ ਟਰਿਯੋ ਦੇਵ ਰਾਜੰ ॥

ਬ੍ਰਹਮਾ ('ਚਾਰ ਬਕਤ੍ਰੰ') ਡਰ ਗਿਆ ਅਤੇ ਦੇਵਰਾਜ ਇੰਦਰ ਵੀ ਡੋਲ ਗਿਆ।

ਡਿਗੇ ਪਬ ਸਰਬੰ ਸ੍ਰਜੇ ਸੁਭ ਸਾਜੰ ॥

ਸਾਰੇ ਪਰਬਤ ਡਿਗ ਪਏ ਸਨ। (ਉਸ ਦੈਂਤ ਨੇ) ਚੰਗੀ ਤਰ੍ਹਾਂ ਸੈਨਿਕ ਸਾਜ ਸਜਾਇਆ ਹੋਇਆ ਸੀ।

ਪਰੇ ਹੂਹ ਦੈ ਕੈ ਭਰੇ ਲੋਹ ਕ੍ਰੋਹੰ ॥

(ਉਹ) ਕ੍ਰੋਧ ਨਾਲ ਲਾਲ ਹੋਏ ਹੂ-ਹਾ ਕਰਦੇ (ਇੰਜ ਲਗ ਰਹੇ ਸਨ)

ਮਨੋ ਮੇਰ ਕੋ ਸਾਤਵੋ ਸ੍ਰਿੰਗ ਸੋਹੰ ॥੨॥੧੫੮॥

ਮਾਨੋ ਸੁਮੇਰ ਪਰਬਤ ਦੀ ਸੱਤਵੀਂ ਚੋਟੀ ਹੋਵੇ ॥੨॥੧੫੮॥

ਸਜਿਯੋ ਸੈਨ ਸੁਭੰ ਕੀਯੋ ਨਾਦ ਉਚੰ ॥

ਸੁੰਭ ਨੇ ਸੈਨਾ ਸਜਾਈ ਅਤੇ ਉੱਚਾ ਨਾਦ ਕੀਤਾ

ਸੁਣੈ ਗਰਭਣੀਆਨ ਕੇ ਗਰਭ ਮੁਚੰ ॥

(ਜਿਸ ਨੂੰ) ਸੁਣ ਕੇ ਗਰਭਿਤ ਇਸਤਰੀਆਂ ਦੇ ਗਰਭ-ਪਾਤ ਹੋ ਗਏ।

ਪਰਿਯੋ ਲੋਹ ਕ੍ਰੋਹੰ ਉਠੀ ਸਸਤ੍ਰ ਝਾਰੰ ॥

ਕ੍ਰੋਧਵਾਨ (ਸ਼ੂਰਵੀਰਾਂ ਦਾ) ਲੋਹਾ ਖੜਕਣ ਲਗਿਆ ਅਤੇ ਸ਼ਸਤ੍ਰ (ਦੇ ਵਜਣ ਨਾਲ) ਚਿੰਗਾਰੀਆਂ ਉਠਣ ਲਗੀਆਂ।

ਚਵੀ ਚਾਵਡੀ ਡਾਕਣੀਯੰ ਡਕਾਰੰ ॥੩॥੧੫੯॥

ਚੁੜੇਲਾਂ ਬੋਲ ਰਹੀਆਂ ਸਨ ਅਤੇ ਡਾਕਣੀਆਂ ਡਕਾਰ ਰਹੀਆਂ ਸਨ ॥੩॥੧੫੯॥

ਬਹੇ ਸਸਤ੍ਰ ਅਸਤ੍ਰੰ ਕਟੇ ਚਰਮ ਬਰਮੰ ॥

ਅਸਤ੍ਰ ਅਤੇ ਸ਼ਸਤ੍ਰ ਚਲ ਰਹੇ ਸਨ ਅਤੇ ਢਾਲਾਂ ਤੇ ਕਵਚ ('ਬਰਮੰ') ਕਟੇ ਜਾ ਰਹੇ ਸਨ।

ਭਲੇ ਕੈ ਨਿਬਾਹਿਯੋ ਭਟੰ ਸੁਆਮਿ ਧਰਮੰ ॥

ਸੂਰਮੇ ਸੁਆਮੀ-ਧਰਮ ਨੂੰ ਚੰਗੀ ਤਰ੍ਹਾਂ ਨਿਭਾ ਰਹੇ ਸਨ।

ਉਠੀ ਕੂਹ ਜੂਹੰ ਗਿਰੇ ਚਉਰ ਚੀਰੰ ॥

ਰਣ-ਭੂਮੀ ਵਿਚ ਸ਼ੋਰ ਮਚ ਗਿਆ ਸੀ ਅਤੇ ਚੌਰ ਅਤੇ ਬਸਤ੍ਰ ਡਿਗ ਰਹੇ ਸਨ।

ਰੁਲੇ ਤਛ ਮੁਛੰ ਪਰੀ ਗਛ ਤੀਰੰ ॥੪॥੧੬੦॥

ਵੱਢੇ ਟੁੱਕੇ (ਸ਼ਰੀਰ) ਰੁਲ ਰਹੇ ਸਨ ਅਤੇ ਤੀਰਾਂ ਦੀ ਬੌਛਾੜ ਹੋ ਰਹੀ ਸੀ ॥੪॥੧੬੦॥

ਗਿਰੇ ਅੰਕੁਸੰ ਬਾਰੁਣੰ ਬੀਰ ਖੇਤੰ ॥

ਰਣ-ਭੂਮੀ ਵਿਚ ਅੰਕੁਸ਼, ਹਾਥੀ ('ਬਾਰਣੰ') ਅਤੇ ਸੂਰਵੀਰ ਡਿਗ ਰਹੇ ਸਨ,

ਨਚੇ ਕੰਧ ਹੀਣੰ ਕਬੰਧੰ ਅਚੇਤੰ ॥

ਮੋਢਿਆਂ ਤੋਂ ਬਿਨਾ ਧੜ ਅਚੇਤ ਨਚ ਰਹੇ ਸਨ,

ਉਡੈ ਗ੍ਰਿਧ ਬ੍ਰਿਧੰ ਰੜੈ ਕੰਕ ਬੰਕੰ ॥

ਵੱਡੀਆਂ ਗਿੱਧਾਂ ਉਡ ਰਹੀਆਂ ਸਨ ਅਤੇ ਭਿਆਨਕ ਕਾਂ ਸ਼ੋਰ ਪਾ ਰਹੇ ਸਨ।

ਭਕਾ ਭੁੰਕ ਭੇਰੀ ਡਾਹ ਡੂਹ ਡੰਕੰ ॥੫॥੧੬੧॥

ਭੇਰੀਆਂ ਤੋਂ ਭਕ-ਭਕ ਅਤੇ ਡਗਿਆਂ ਤੋਂ ਡਹਿ-ਡਹਿ ਆਵਾਜ਼ ਨਿਕਲ ਰਹੀ ਸੀ ॥੫॥੧੬੧॥

ਟਕਾ ਟੁਕ ਟੋਪੰ ਢਕਾ ਢੁਕ ਢਾਲੰ ॥

ਟਕ-ਟਕ ਟੋਪਾਂ ਦੀ, ਢਕ-ਢਕ ਢਾਲਾਂ ਦੀ (ਆਵਾਜ਼ ਆ ਰਹੀ ਸੀ)

ਤਛਾ ਮੁਛ ਤੇਗੰ ਬਕੇ ਬਿਕਰਾਲੰ ॥

ਤਲਵਾਰਾਂ ਭਿਆਨਕ ਸ਼ਬਦ ਕਰਦੀਆਂ ਹੋਈਆਂ ਵਢਾ-ਟੁਕੀ ਕਰ ਰਹੀਆਂ ਸਨ।

ਹਲਾ ਚਾਲ ਬੀਰੰ ਧਮਾ ਧੰਮਿ ਸਾਗੰ ॥

ਵੀਰ ਯੋਧਿਆ ਵਿਚ ਹਿਲ ਜੁਲ ਹੋ ਰਹੀ ਸੀ ਅਤੇ ਬਰਛਿਆਂ (ਦੇ ਲਗਣ ਨਾਲ) ਧੰਮ ਧੰਮ (ਦੀ ਆਵਾਜ਼ ਨਿਕਲ ਰਹੀ ਸੀ)।

ਪਰੀ ਹਾਲ ਹੂਲੰ ਸੁਣਿਯੋ ਲੋਗ ਨਾਗੰ ॥੬॥੧੬੨॥

ਇਤਨਾ ਹਲਾ-ਗੁਲਾ ਹੋ ਰਿਹਾ ਸੀ ਕਿ ਪਾਤਾਲ (ਨਾਗ ਲੋਕ) ਵਿਚ ਸੁਣਾਈ ਪੈ ਰਿਹਾ ਸੀ ॥੬॥੧੬੨॥

ਡਕੀ ਡਾਗਣੀ ਜੋਗਣੀਯੰ ਬਿਤਾਲੰ ॥

ਡਾਕਣੀਆਂ, ਜੋਗਣਾਂ ਅਤੇ ਬੈਤਾਲ ਬੋਲਦੇ ਸਨ,

ਨਚੇ ਕੰਧ ਹੀਣੰ ਕਬੰਧੰ ਕਪਾਲੰ ॥

ਬਿਨਾ ਸਿਰ ਅਤੇ ਮੋਢਿਆਂ ਦੇ ਧੜ ਨਚ ਰਹੇ ਸਨ।

ਹਸੇ ਦੇਵ ਸਰਬੰ ਰਿਸ੍ਰਯੋ ਦਾਨਵੇਸੰ ॥

ਸਾਰੇ ਦੇਵਤੇ ਹਸ ਰਹੇ ਸਨ ਅਤੇ ਦੈਂਤ ਰਾਜਾ ਕ੍ਰੋਧਵਾਨ ਹੋ ਰਿਹਾ ਸੀ,

ਕਿਧੋ ਅਗਨਿ ਜੁਆਲੰ ਭਯੋ ਆਪ ਭੇਸੰ ॥੭॥੧੬੩॥

ਮਾਨੋ ਉਸ ਦਾ ਸਰੂਪ ਅਗਨੀ ਦੀ ਲਾਟ ਵਰਗਾ ਹੋਵੇ ॥੭॥੧੬੩॥

ਦੋਹਰਾ ॥

ਦੋਹਰਾ:

ਸੁੰਭਾਸੁਰ ਜੇਤਿਕੁ ਅਸੁਰ ਪਠਏ ਕੋਪੁ ਬਢਾਇ ॥

ਸੁੰਭ ਦੈਂਤ ਨੇ ਕ੍ਰੋਧ ਵਧਾ ਕੇ ਜਿਤਨੇ ਵੀ ਦੈਂਤ (ਯੁੱਧ-ਭੂਮੀ) ਵਿਚ ਭੇਜੇ ਸਨ,

ਤੇ ਦੇਬੀ ਸੋਖਤ ਕਰੇ ਬੂੰਦ ਤਵਾ ਕੀ ਨਿਆਇ ॥੮॥੧੬੪॥

ਉਨ੍ਹਾਂ ਨੂੰ ਦੇਵੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ ਜਿਵੇਂ ਤੱਤੇ ਤਵੇ ਉਤੇ ਪੈਂਦਿਆਂ (ਪਾਣੀ ਦੀ) ਬੂੰਦ ਸੁਕ ਜਾਂਦੀ ਹੈ ॥੮॥੧੬੪॥

ਨਰਾਜ ਛੰਦ ॥

ਨਰਾਜ ਛੰਦ:

ਸੁ ਬੀਰ ਸੈਣ ਸਜਿ ਕੈ ॥

ਚੰਗਿਆਂ ਸੂਰਵੀਰਾਂ ਦੀ ਫ਼ੌਜ ਸਜਾ ਕੇ,


Flag Counter