ਸ਼੍ਰੀ ਦਸਮ ਗ੍ਰੰਥ

ਅੰਗ - 677


ਪਾਰਥ ਬਾਨ ਕਿ ਜੁਬਨ ਖਾਨ ਕਿ ਕਾਲ ਕ੍ਰਿਪਾਨ ਕਿ ਕਾਮ ਕਟਾਰੇ ॥੧੬॥

(ਉਸ ਦੇ ਨੇਤਰ) ਅਰਜਨ ('ਪਾਰਥ') ਦੇ ਬਾਣ ਹਨ, ਜਾਂ ਜੋਬਨ ਦੀ ਖਾਣ ਹਨ, ਜਾਂ ਕਾਲ ਦੀ ਕ੍ਰਿਪਾਨ ਹਨ ਜਾਂ ਕਾਮ ਦੀਆਂ ਕਟਾਰਾਂ ਹਨ ॥੧੬॥

ਤੰਤ੍ਰ ਭਰੇ ਕਿਧੌ ਜੰਤ੍ਰ ਜਰੇ ਅਰ ਮੰਤ੍ਰ ਹਰੇ ਚਖ ਚੀਨਤ ਯਾ ਤੇ ॥

(ਉਸ ਦੇ) ਨੇਤਰ ('ਚਖ') ਇਸ ਤਰ੍ਹਾਂ ਜਾਣੇ ਜਾਂਦੇ ਹਨ ਕਿ ਉਹ ਤੰਤ੍ਰ ਨਾਲ ਭਰੇ ਹੋਏ ਹਨ, ਜਾਂ ਜੰਤ੍ਰ ਦੇ ਜੜ੍ਹੇ ਹੋਏ ਹਨ, ਜਾਂ ਮੰਤ੍ਰ ਨਾਲ ਚੁਰਾਏ ਹੋਏ ਹਨ।

ਜੋਬਨ ਜੋਤਿ ਜਗੇ ਅਤਿ ਸੁੰਦਰ ਰੰਗ ਰੰਗੇ ਮਦ ਸੇ ਮਦੂਆ ਤੇ ॥

ਜਾਂ ਤਾਂ ਜੋਬਨ ਦੀ ਅਤਿ ਸੁੰਦਰ ਜੋਤਿ ਜਗ ਰਹੀ ਹੈ ਜਾਂ ਪ੍ਰੇਮ ਦੀ ਸ਼ਰਾਬ ਦੇ ਰੰਗ ਵਿਚ ਰੰਗੇ ਹੋਏ ਸ਼ਰਾਬੀ ਹਨ,

ਰੰਗ ਸਹਾਬ ਫੂਲ ਗੁਲਾਬ ਸੇ ਸੀਖੇ ਹੈ ਜੋਰਿ ਕਰੋਰਕ ਘਾਤੇ ॥

ਜਾਂ ਕਸੁੰਭੇ ('ਸਹਾਬ') ਦੇ ਰੰਗ ਵਾਲੇ ਹਨ, ਜਾਂ ਗੁਲਾਬ ਦੇ ਫੁਲ ਵਰਗੇ ਹਨ, ਜਾਂ ਕਰੋੜਾਂ ਦਾਉ-ਪੇਚ ਸਿਖੇ ਹੋਏ ਹਨ।

ਮਾਧੁਰੀ ਮੂਰਤਿ ਸੁੰਦਰ ਸੂਰਤਿ ਹੇਰਤਿ ਹੀ ਹਰ ਲੇਤ ਹੀਯਾ ਤੇ ॥੧੭॥

ਬੜੀ ਪਿਆਰ ਭਰੀ ਮੂਰਤ ਹੈ ਅਤੇ ਸੁੰਦਰ ਸੂਰਤ ਹੈ, (ਜੋ) ਵੇਖਦਿਆਂ ਹੀ ਹਿਰਦੇ ਨੂੰ ਚੁਰਾ ਲੈਂਦੀ ਹੈ ॥੧੭॥

ਪਾਨ ਚਬਾਇ ਸੀਗਾਰ ਬਨਾਇ ਸੁਗੰਧ ਲਗਾਇ ਸਭਾ ਜਬ ਆਵੈ ॥

(ਪਾਰਸ ਨਾਥ) ਜਦੋਂ ਪਾਨ ਨੂੰ ਚਬਾ ਕੇ, ਸ਼ਿੰਗਾਰ ਨੂੰ ਬਣਾ ਕੇ ਅਤੇ ਸੁਗੰਧੀ ਲਗਾ ਕੇ ਸਭਾ ਵਿਚ ਆਉਂਦਾ ਹੈ

ਕਿੰਨਰ ਜਛ ਭੁਜੰਗ ਚਰਾਚਰ ਦੇਵ ਅਦੇਵ ਦੋਊ ਬਿਸਮਾਵੈ ॥

(ਤਦ) ਕਿੰਨਰ, ਯਕਸ਼, ਨਾਗ, ਜੜ-ਚੇਤਨ, ਦੇਵਤੇ ਅਤੇ ਦੈਂਤ ਦੋਵੇਂ ਹੀ ਹੈਰਾਨ ਹੋ ਜਾਂਦੇ ਹਨ।

ਮੋਹਿਤ ਜੇ ਮਹਿ ਲੋਗਨ ਮਾਨਨਿ ਮੋਹਤ ਤਉਨ ਮਹਾ ਸੁਖ ਪਾਵੈ ॥

ਧਰਤੀ ਉਤੇ ਜਿਨ੍ਹਾਂ ਅਭਿਮਾਨੀ ਲੋਕਾਂ ਨੂੰ ਇਹ ਮੋਹਿਤ ਕਰ ਰਹੇ ਹਨ, ਉਹ ਮੋਹਿਤ ਹੋ ਕੇ ਬਹੁਤ ਸੁਖ ਪ੍ਰਾਪਤ ਕਰ ਰਹੇ ਹਨ।

ਵਾਰਹਿ ਹੀਰ ਅਮੋਲਕ ਚੀਰ ਤ੍ਰੀਯਾ ਬਿਨ ਧੀਰ ਸਬੈ ਬਲ ਜਾਵੈ ॥੧੮॥

ਅਮੋਲਕ ਹੀਰੇ ਅਤੇ ਬਸਤ੍ਰ ਇਸ ਉਪਰੋਂ ਵਾਰਦੇ ਹਨ, ਅਤੇ ਸਾਰੀਆਂ ਇਸਤਰੀਆਂ ਧੀਰਜ ਤੋਂ ਬਿਨਾ (ਇਸ ਤੋਂ) ਕੁਰਬਾਨ ਜਾਂਦੀਆਂ ਹਨ ॥੧੮॥

ਰੂਪ ਅਪਾਰ ਪੜੇ ਦਸ ਚਾਰ ਮਨੋ ਅਸੁਰਾਰਿ ਚਤੁਰ ਚਕ ਜਾਨ੍ਯੋ ॥

(ਪਾਰਸ ਨਾਥ ਦਾ) ਅਪਾਰ ਰੂਪ ਹੈ, ਚੌਦਾਂ ਵਿਦਿਆ ਪੜ੍ਹਿਆ ਹੋਇਆ ਹੈ, ਮਾਨੋ ਅਸੁਰਾਂ ਦਾ ਵੈਰੀ (ਭਾਵ ਦੇਵਤਾ) ਹੈ,

ਆਹਵ ਜੁਕਤਿ ਜਿਤੀਕ ਹੁਤੀ ਜਗ ਸਰਬਨ ਮੈ ਸਬ ਹੀ ਅਨੁਮਾਨ੍ਰਯੋ ॥

(ਇਸ ਤਰ੍ਹਾਂ ਦਾ) ਚੌਹਾਂ ਚਕਾਂ ਵਿਚ ਜਾਣਿਆ ਜਾਂਦਾ ਹੈ। ਜਗਤ ਵਿਚ ਜਿਤਨੀਆਂ ਵੀ ਯੁੱਧ ਦੀਆਂ ਜੁਗਤਾਂ ਹਨ, ਉਨ੍ਹਾਂ ਸਭ ਦਾ (ਉਸ ਨੇ) ਅਨੁਮਾਨ ਕਰ ਲਿਆ ਹੈ।

ਦੇਸਿ ਬਿਦੇਸਨ ਜੀਤ ਜੁਧਾਬਰ ਕ੍ਰਿਤ ਚੰਦੋਵ ਦਸੋ ਦਿਸ ਤਾਨ੍ਰਯੋ ॥

ਦੇਸਾਂ ਵਿਦੇਸਾਂ ਨੂੰ ਜਿਤ ਕੇ ਸ੍ਰੇਸ਼ਠ ਯੋਧੇ ('ਜੁਧਾਂਬਰ') ਨੇ ਆਪਣੀ ਕੀਰਤੀ ਦਾ ਚੰਦੋਆ ਦਸ ਦਿਸ਼ਾਵਾਂ ਵਿਚ ਤਣ ਦਿੱਤਾ ਹੈ।

ਦੇਵਨ ਇੰਦ੍ਰ ਗੋਪੀਨ ਗੋਬਿੰਦ ਨਿਸਾ ਕਰਿ ਚੰਦ ਸਮਾਨ ਪਛਾਨ੍ਯੋ ॥੧੯॥

ਦੇਵਤਿਆਂ ਨੇ ਇੰਦਰ ਸਮਾਨ, ਗੋਪੀਆਂ ਨੇ ਕ੍ਰਿਸ਼ਨ ਵਰਗਾ ਅਤੇ ਰਾਤ ਨੇ ਚੰਦ੍ਰਮਾ ਜਿਹਾ (ਪਾਰਸ ਨਾਥ ਨੂੰ) ਪਛਾਣਿਆ ਹੈ ॥੧੯॥

ਚਉਧਿਤ ਚਾਰ ਦਿਸਾ ਭਈ ਚਕ੍ਰਤ ਭੂਮਿ ਅਕਾਸ ਦੁਹੂੰ ਪਹਿਚਾਨਾ ॥

ਚੌਹਾਂ ਦਿਸ਼ਾਵਾਂ ਰੂਪ ਅੱਖਾਂ (ਵੇਖ ਕੇ) ਚੁੰਧਿਆ ਗਈਆਂ ਹਨ ਅਤੇ ਹੈਰਾਨ ਹੋ ਰਹੀਆਂ ਹਨ ਅਤੇ (ਉਹ) ਭੂਮੀ ਤੇ ਆਕਾਸ਼ ਵਿਚ ਪਛਾਣਿਆ ਗਿਆ ਹੈ।

ਜੁਧ ਸਮਾਨ ਲਖ੍ਯੋ ਜਗ ਜੋਧਨ ਬੋਧਨ ਬੋਧ ਮਹਾ ਅਨੁਮਾਨਾ ॥

ਯੋਧਿਆਂ ਨੇ (ਉਸ ਨੂੰ) ਜਗਤ ਵਿਚ ਯੋਧਿਆਂ ਵਰਗਾ ਜਾਣਿਆ ਹੈ ਅਤੇ ਗਿਆਨਵਾਨ ਨੇ ਮਹਾਨ ਗਿਆਨੀ ਕਰ ਕੇ ਅਨੁਮਾਨ ਕੀਤਾ ਹੈ।

ਸੂਰ ਸਮਾਨ ਲਖਾ ਦਿਨ ਕੈ ਤਿਹ ਚੰਦ ਸਰੂਪ ਨਿਸਾ ਪਹਿਚਾਨਾ ॥

ਦਿਨ ਨੇ ਸੂਰਜ ਦੇ ਸਮਾਨ ਵੇਖਿਆ ਹੈ ਅਤੇ ਰਾਤ ਨੇ ਚੰਦ੍ਰਮਾ ਸਮਾਨ ਪਛਾਣਿਆ ਹੈ।

ਰਾਨਨਿ ਰਾਵਿ ਸਵਾਨਿਨ ਸਾਵ ਭਵਾਨਿਨ ਭਾਵ ਭਲੋ ਮਨਿ ਮਾਨਾ ॥੨੦॥

ਰਾਣੀਆਂ ਨੇ ਰਾਜਾ ਕਰ ਕੇ ਅਤੇ ਸਵਾਣੀਆਂ ਨੇ ਸੁਆਮੀ ਕਰ ਕੇ ਅਤੇ ਭਾਮਨੀਆਂ (ਇਸਤਰੀਆਂ) ਨੇ ਪ੍ਰੀਤਮ ('ਭਾਵ') ਕਰ ਕੇ ਆਪਣੇ ਮਨ ਵਿਚ ਚੰਗੀ ਤਰ੍ਹਾਂ ਮੰਨਿਆ ਹੈ ॥੨੦॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਬਿਤੈ ਬਰਖ ਦ੍ਵੈ ਅਸਟ ਮਾਸੰ ਪ੍ਰਮਾਨੰ ॥

(ਜਦੋਂ) ਦੋ ਵਰ੍ਹੇ ਅਤੇ ਅੱਠ ਮਹੀਨੇ ਤਕ ਗੁਜ਼ਰ ਗਏ

ਭਯੋ ਸੁਪ੍ਰਭੰ ਸਰਬ ਬਿਦ੍ਯਾ ਨਿਧਾਨੰ ॥

(ਤਦ) ਉਹ ਸਾਰੀਆਂ ਵਿਦਿਆਵਾਂ ਦਾ ਖਜ਼ਾਨਾ ਪ੍ਰਭਾਮਾਨ ਹੋ ਨਿਬੜਿਆ।

ਜਪੈ ਹਿੰਗੁਲਾ ਠਿੰਗੁਲਾ ਪਾਣ ਦੇਵੀ ॥

(ਉਹ) ਹਿੰਗਲਾ, ਠਿੰਗਲਾ,

ਅਨਾਸਾ ਛੁਧਾ ਅਤ੍ਰਧਾਰੀ ਅਭੇਵੀ ॥੨੧॥

ਅਨਾਸਾ, ਛੁਧਾ, ਅਤ੍ਰਧਾਰੀ, ਅਭੇਵੀ (ਨਾਂਵਾਂ ਵਾਲੀ) ਦੇਵੀ ਨੂੰ ਜਪਦਾ ਅਤੇ ਪੈਰਾਂ (ਨੂੰ ਪੂਜਦਾ ਹੈ) ॥੨੧॥

ਜਪੈ ਤੋਤਲਾ ਸੀਤਲਾ ਖਗ ਤਾਣੀ ॥

ਤੋਤਲਾ, ਸੀਤਲਾ, ਖਗਤ੍ਰਾਣੀ,

ਭ੍ਰਮਾ ਭੈਹਰੀ ਭੀਮ ਰੂਪਾ ਭਵਾਣੀ ॥

ਭ੍ਰਮਾ, ਭੈਹਰੀ, ਭੀਮ ਰੂਪਾ, ਭਵਾਣੀ (ਨਾਂਵਾਂ ਵਾਲੀ ਦੁਰਗਾ ਜਿਸ ਦਾ ਵਾਹਨ) ਸਿੰਘ ਕ੍ਰਿਆਸ਼ੀਲ ਹੈ

ਚਲਾਚਲ ਸਿੰਘ ਝਮਾਝੰਮ ਅਤ੍ਰੰ ॥

ਅਤੇ ਅਸਤ੍ਰ ਝੰਮਝੰਮਾ ਰਹੇ ਹਨ, ਦਾ ਜਾਪ ਕਰਦਾ ਹੈ।

ਹਹਾ ਹੂਹਿ ਹਾਸੰ ਝਲਾ ਝਲ ਛਤ੍ਰੰ ॥੨੨॥

(ਉਹ ਦੇਵੀ) ਹਾਹੂ ਹਾਹੂ ਕਰ ਕੇ ਹਸਦੀ ਹੈ ਅਤੇ (ਉਸ ਦੇ) ਛਤ੍ਰ ਸਿਰ ਉਤੇ ਝੁਲਦਾ ਹੈ ॥੨੨॥

ਅਟਾ ਅਟ ਹਾਸੰ ਛਟਾ ਛੁਟ ਕੇਸੰ ॥

ਖਿੜ ਖਿੜ ਕੇ ਹਸ ਰਹੀ ਹੈ, ਕੇਸਾਂ ਦੀਆਂ ਲਿਟਾਂ ਖੁਲ੍ਹੀਆਂ ਹੋਈਆਂ ਹਨ,

ਅਸੰ ਓਧ ਪਾਣੰ ਨਮੋ ਕ੍ਰੂਰ ਭੇਸੰ ॥

ਹੱਥ ਵਿਚ ਨੰਗੀ ਤਲਵਾਰ ਉੱਚੀ ਕਰ ਕੇ ਪਕੜੀ ਹੋਈ ਹੈ, (ਉਸ) ਡਰਾਵਣੇ ਭੇਸ ਵਾਲੀ ਨੂੰ ਨਮਸਕਾਰ ਹੈ।

ਸਿਰੰਮਾਲ ਸ੍ਵਛੰ ਲਸੈ ਦੰਤ ਪੰਤੰ ॥

(ਜਿਸ ਦੇ ਗਲੇ ਵਿਚ) ਸਿਰਾਂ ਦੀ ਸਵੱਛ ਮਾਲਾ ਹੈ ਅਤੇ ਦੰਦਾਂ ਦੀ ਪੰਕਤੀ ਚਮਕਦੀ ਹੈ।

ਭਜੈ ਸਤ੍ਰੁ ਗੂੜੰ ਪ੍ਰਫੁਲੰਤ ਸੰਤੰ ॥੨੩॥

(ਅਜਿਹੀ ਸ਼ਕਲ ਨੂੰ ਵੇਖ ਕੇ) ਤਕੜੇ ਵੈਰੀ ਵੀ ਭਜ ਜਾਂਦੇ ਹਨ, ਪਰ ਸੰਤ ਲੋਗ ਪ੍ਰਸੰਨ ਹੁੰਦੇ ਹਨ ॥੨੩॥

ਅਲਿੰਪਾਤਿ ਅਰਧੀ ਮਹਾ ਰੂਪ ਰਾਜੈ ॥

ਭੌਰਿਆਂ ਦੀ ਲੜੀ ਵਾਂਗ (ਦੇਵੀ ਦੇ) ਭਰਵਟੇ ('ਅਰਧੀ') ਬਹੁਤ ਅਧਿਕ ਸ਼ੋਭਦੇ ਹਨ।

ਮਹਾ ਜੋਤ ਜ੍ਵਾਲੰ ਕਰਾਲੰ ਬਿਰਾਜੈ ॥

ਮਹਾਨ ਭਿਆਨਕ ਪ੍ਰਕਾਸ਼ ਵਾਲੀ, ਜਵਾਲਾ ਸਰੂਪ ਤਲਵਾਰ (ਹੱਥ ਵਿਚ) ਬਿਰਾਜ ਰਹੀ ਹੈ।

ਤ੍ਰਸੈ ਦੁਸਟ ਪੁਸਟੰ ਹਸੈ ਸੁਧ ਸਾਧੰ ॥

(ਜਿਸ ਨੂੰ ਵੇਖ ਕੇ) ਬਹੁਤ ਤਕੜੇ ਦੁਸ਼ਟ ਡਰ ਜਾਂਦੇ ਹਨ ਅਤੇ ਸ਼ੁੱਧ (ਹਿਰਦੇ ਵਾਲੇ) ਸਾਧ ਖੁਸ਼ੀ ਨਾਲ ਹਸਦੇ ਹਨ।

ਭਜੈ ਪਾਨ ਦੁਰਗਾ ਅਰੂਪੀ ਅਗਾਧੰ ॥੨੪॥

ਅਗਾਧ ਰੂਪ ਵਾਲੀ ਦੁਰਗਾ ਦੇ ਚਰਨਾਂ ਦੀ ਪੂਜਾ ਕਰਦੇ ਹਨ ॥੨੪॥

ਸੁਨੇ ਉਸਤਤੀ ਭੀ ਭਵਾਨੀ ਕ੍ਰਿਪਾਲੰ ॥

(ਇਸ) ਉਸਤਤ ਨੂੰ ਸੁਣ ਕੇ ਭਵਾਨੀ ਕ੍ਰਿਪਾਲ ਹੋਈ,

ਅਧੰ ਉਰਧਵੀ ਆਪ ਰੂਪੀ ਰਸਾਲੰ ॥

ਜੋ ਹੇਠਾਂ ਉਪਰ ਆਪ ਹੀ ਰਸ ਰੂਪ ਹੋ ਰਹੀ ਹੈ।

ਦਏ ਇਖ੍ਵਧੀ ਦ੍ਵੈ ਅਭੰਗੰ ਖਤੰਗੰ ॥

(ਉਸ ਨੇ ਪ੍ਰਸੰਨ ਹੋ ਕੇ) ਨਾ ਭੰਗ ਹੋਣ ਵਾਲੇ ਤੀਰਾਂ ਦੇ ਦੋ ਭੱਥੇ ਅਤੇ ਧਨੁਸ਼ (ਇਖ੍ਵਧੀ) ਦਿੱਤਾ।

ਪਰਸ੍ਰਯੰ ਧਰੰ ਜਾਨ ਲੋਹੰ ਸੁਰੰਗੰ ॥੨੫॥

ਸੁੰਦਰ ਕਹਾੜਾ ਧਾਰਨ ਕਰਨ ਲਈ ਦਿੱਤਾ ਜੋ ਲੋਹੇ ਦਾ ਬਣਿਆ ਦਸਿਆ ਜਾਂਦਾ ਹੈ ॥੨੫॥

ਜਬੈ ਸਸਤ੍ਰ ਸਾਧੀ ਸਬੈ ਸਸਤ੍ਰ ਪਾਏ ॥

ਜਦੋਂ ਸ਼ਸਤ੍ਰਾਂ ਨੂੰ ਸਾਧਣ ਵਾਲੀ ਦੇ ਦਿੱਤੇ ਸਾਰੇ ਸ਼ਸਤ੍ਰ ਪਾ ਲਏ,

ਉਘਾਰੇ ਚੂਮੇ ਕੰਠ ਸੀਸੰ ਛੁਹਾਏ ॥

(ਤਾਂ) ਉਨ੍ਹਾਂ ਨੂੰ ਨੰਗਿਆਂ ਕੀਤਾ, ਚੁੰਮਿਆ ਅਤੇ ਗਲੇ ਤੇ ਸਿਰ ਨਾਲ ਛੋਹਾਇਆ।

ਲਖ੍ਯੋ ਸਰਬ ਰਾਵੰ ਪ੍ਰਭਾਵੰ ਅਪਾਰੰ ॥

ਸਾਰਿਆਂ ਰਾਜਿਆਂ ਨੇ ਇਸ ਅਪਾਰ ਪ੍ਰਭਾਵ ਨੂੰ ਜਾਣ ਲਿਆ

ਅਜੋਨੀ ਅਜੈ ਬੇਦ ਬਿਦਿਆ ਬਿਚਾਰੰ ॥੨੬॥

ਜੋ ਅਜੋਨੀ, ਅਜੈ ਅਤੇ ਵੇਦ ਵਿਦਿਆ ਦੇ ਵਿਚਾਰ ਵਾਲਾ ਹੈ ॥੨੬॥

ਗ੍ਰਿਹੀਤੁਆ ਜਬੈ ਸਸਤ੍ਰ ਅਸਤ੍ਰੰ ਅਪਾਰੰ ॥

ਜਦੋਂ ਅਪਾਰ ਸ਼ਸਤ੍ਰਾਂ ਅਸਤ੍ਰਾਂ ਨੂੰ ਗ੍ਰਹਿਣ ਕਰ ਲਿਆ,

ਪੜੇ ਅਨੁਭਵੰ ਬੇਦ ਬਿਦਿਆ ਬਿਚਾਰੰ ॥

ਫਿਰ ਵੇਦ ਵਿਦਿਆ ਦੇ ਵਾਸਤਵਿਕ ਗਿਆਨ ਪੜ੍ਹ ਕੇ ਵਿਚਾਰ ਕੀਤਾ।

ਪੜੇ ਸਰਬ ਬਿਦਿਆ ਹੁਤੀ ਸਰਬ ਦੇਸੰ ॥

(ਉਸ ਨੇ) ਸਾਰੇ ਦੇਸਾਂ ਦੀ ਵਿਦਿਆ ਨੂੰ ਪੜ੍ਹ ਲਿਆ।

ਜਿਤੇ ਸਰਬ ਦੇਸੀ ਸੁ ਅਸਤ੍ਰੰ ਨਰੇਸੰ ॥੨੭॥

ਸਾਰੇ ਦੇਸਾਂ ਦੇ ਮਿਤਰ ਭਾਵ ਵਾਲੇ ਰਾਜੇ ਵੀ ਜਿਤ ਲਏ ॥੨੭॥

ਪਠੇ ਕਾਗਦੰ ਦੇਸ ਦੇਸੰ ਅਪਾਰੀ ॥

ਅਪਾਰ ਦੇਸਾਂ ਵਿਦੇਸਾਂ ਵਿਚ ਕਾਗਜ਼ (ਪਰਵਾਨੇ) ਭੇਜ ਦਿੱਤੇ

ਕਰੋ ਆਨਿ ਕੈ ਬੇਦ ਬਿਦ੍ਯਾ ਬਿਚਾਰੀ ॥

ਕਿ ਸਾਰੇ ਆ ਕੇ ਵੇਦ ਵਿਦਿਆ ਦਾ ਵਿਚਾਰ ਕਰੋ।


Flag Counter