ਉਸ (ਰਾਧਾ) ਨੇ ਸ੍ਰੀ ਕ੍ਰਿਸ਼ਨ ਦਾ ਚਿਤ ਚੁਰਾ ਲਿਆ ਤਾਂ ਕਵੀ ਦੇ ਮਨ ਵਿਚ ਇਸ ਤਰ੍ਹਾਂ ਦਾ (ਭਾਵ) ਉਪਜਿਆ ਹੈ
(ਕਿ) ਰਾਧਾ ਠਗਣੀ ਨੇ ਨੈਣਾਂ ਦੇ (ਪ੍ਰੇਮ) ਰਸ ਦਾ ਭੁਲਾਵਾ ਦੇ ਕੇ (ਅਰਥਾਂਤਰ ਨਸ਼ਾ ਪਿਲਾ ਕੇ) ਸ੍ਰੀ ਕ੍ਰਿਸ਼ਨ ਨੂੰ ਠਗ ਲਿਆ ਹੈ ॥੫੫੮॥
ਜਿਸ ਦੇ ਮੁਖ ਨੂੰ ਵੇਖ ਕੇ ਕਾਮਦੇਵ ਲਜਾਉਂਦਾ ਹੈ ਅਤੇ ਜਿਸ ਦੇ ਮੂੰਹ ਨੂੰ ਵੇਖ ਕੇ ਚੰਦ੍ਰਮਾ ਸ਼ਰਮਾਉਂਦਾ ਹੈ।
ਕਵੀ ਸ਼ਿਆਮ ਕਹਿੰਦੇ ਹਨ, ਉਹੀ (ਰਾਧਾ) ਸੁੰਦਰ ਸ਼ਿੰਗਾਰ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਖੇਡ ਰਹੀ ਹੈ।
ਉਸ (ਰਾਧਾ) ਨੂੰ ਬ੍ਰਹਮਾ ਨੇ ਰੁਚੀ ਪੂਰਵਕ ਬਹੁਤ ਸਰੂਪਵਾਨ ਰਚਿਆ ਹੈ, ਜਿਸ ਵਿਚ ਕਿਸੇ ਪ੍ਰਕਾਰ ਦਾ ਕੋਈ ਕਜ ਨਹੀਂ ਹੈ।
ਜਿਵੇਂ ਮਾਲਾ ਵਿਚ ਮਣੀ ਸ਼ੋਭਾ ਪਾਉਂਦੀ ਹੈ, ਉਸੇ ਤਰ੍ਹਾਂ ਇਸਤਰੀਆਂ ਵਿਚ ਰਾਧਾ ('ਤ੍ਰਿਯ ਰਾਜ') ਸ਼ੋਭਾ ਪਾ ਰਹੀ ਹੈ ॥੫੫੯॥
(ਉਹ) ਸੁੰਦਰੀ (ਰਾਧਾ) ਚੰਗੀ ਤਰ੍ਹਾਂ ਗੀਤ ਗਾ ਕੇ ਅਤੇ ਫਿਰ ਰੀਝ ਕੇ ਤਾੜੀ ਵਜਾਉਣ ਲਗ ਗਈ ਹੈ।
(ਉਹ) ਪੇਂਡੂ ਮੁਟਿਆਰ ਸੁਰਮਾ ਪਾ ਕੇ ਅਤੇ ਚੰਗੇ ਬਸਤ੍ਰ ਅਤੇ ਸ਼ਿੰਗਾਰ ਸਜਾ ਕੇ (ਖੜੋਤੀ ਹੈ)।
ਉਸ (ਦ੍ਰਿਸ਼ ਦੀ) ਅਤਿ ਸੁੰਦਰ ਛਬੀ ਦੀ ਪ੍ਰਭਾ (ਦੀ ਉਪਮਾ) ਕਵੀ ਨੇ ਮੁਖ ਤੋਂ ਇਸ ਤਰ੍ਹਾਂ ਉਚਾਰੀ ਹੈ।
ਮਾਨੋ ਕ੍ਰਿਸ਼ਨ ਦੇ (ਪ੍ਰੇਮ) ਰਸ ਨਾਲ ਇਸਤਰੀਆਂ ਦੇ ਆਨੰਦ ਦੀ ਵਾੜੀ ਖਿੜੀ ਹੋਈ ਹੋਏ ॥੫੬੦॥
ਜੋ ਸਖੀਆਂ ਰਾਸ ਵਿਚ ਸ਼ਾਮਲ ਹਨ ਉਨ੍ਹਾਂ ਦੀ ਸੁੰਦਰਤਾ ਦਾ ਕਥਨ ਕਵੀ ਸ਼ਿਆਮ ਕਰਦੇ ਹਨ।
ਜਿਨ੍ਹਾਂ ਦੇ ਮੁਖ ਦੀ ਉਪਮਾ ਚੰਦ੍ਰਮਾ ਦੀ ਜੋਤਿ ਵਾਂਗ ਸੁਸ਼ੋਭਿਤ ਹੈ ਅਤੇ ਜਿਨ੍ਹਾਂ ਦੀਆਂ ਅੱਖੀਆਂ ਕਮਲ ਦੇ ਸਮਾਨ ਹਨ।
ਜਾਂ ਉਨ੍ਹਾਂ ਦੀ ਬਹੁਤ ਅਧਿਕ ਉਪਮਾ ਕਵੀ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਜਾਣੀ ਹੈ।
(ਉਹ ਸਹੇਲੀਆਂ) ਲੋਕਾਂ ਦੇ ਮਨ ਨੂੰ ਹਰਨ ਵਾਲੀਆਂ ਹਨ ਅਤੇ ਮੁਨੀਆਂ ਦੇ ਮਨ ਦਾ ਚਾਟਾ ਹਨ (ਅਰਥਾਤ ਚਸਕਾ ਹਨ) ॥੫੬੧॥
ਇਕ ਚੰਦ੍ਰਪ੍ਰਭਾ (ਨਾਂ ਦੀ ਸਖੀ ਦਾ) ਰੂਪ ਸਚੀ (ਇੰਦਰ ਦੀ ਪਤਨੀ) (ਵਰਗਾ ਹੈ) ਅਤੇ ਮੈਨਕਲਾ (ਨਾਂ ਦੀ ਸਖੀ ਦਾ ਸਰੂਪ) ਕਾਮਦੇਵ ਦੀ ਸ਼ਕਲ ਦਾ ਹੈ।
ਇਕ ਬਿਜੁਛਟਾ (ਨਾਂ ਦੀ ਸਹੇਲੀ ਦੇ) ਦੰਦ ਅਨਾਰ (ਦੇ ਦਾਣਿਆਂ ਵਰਗੇ ਹਨ) ਅਤੇ ਜਿਸ ਦੇ ਬਰਾਬਰ ਰਤੀ (ਕਾਮਦੇਵ ਦੀ ਪਤਨੀ) ਵੀ ਕੁਝ ਨਹੀਂ ਹੈ।
ਜਿਸ ਨੂੰ ਵੇਖ ਕੇ ਬਿਜਲੀ ਅਤੇ ਹਿਰਨ ਦੀ ਹਿਰਨੀ ਸ਼ਰਮਸਾਰ ਹੁੰਦੀਆਂ ਹਨ ਅਤੇ (ਉਨ੍ਹਾਂ ਦੇ ਮਨ ਦਾ ਹੰਕਾਰ) ਚੂਰ ਚੂਰ ਹੋ ਜਾਂਦਾ ਹੈ।
ਕਵੀ ਸ਼ਿਆਮ ਉਨ੍ਹਾਂ ਦੀ ਕਥਾ ਕਹਿੰਦੇ ਹਨ (ਕਿ ਉਹ) ਸਾਰੀਆਂ ਸ੍ਰੀ ਕ੍ਰਿਸ਼ਨ ਦੇ ਸਰੂਪ ਨੂੰ ਵੇਖ ਕੇ ਮੋਹਿਤ ਹੋ ਰਹੀਆਂ ਹਨ ॥੫੬੨॥
ਜੋ ਹਰਿ (ਸ੍ਰੀ ਕ੍ਰਿਸ਼ਨ) ਅੰਤ ਵਜੋਂ ਅਗਾਧ ਹੈ, ਉਸ ਨੇ ਹਸ ਕੇ ਰਾਧਾ ਨੂੰ ਕਿਹਾ। (ਕਵੀ) ਸ਼ਿਆਮ ਕਹਿੰਦੇ ਹਨ,
ਸ੍ਰੀ ਕ੍ਰਿਸ਼ਨ ਨੇ (ਰਾਧਾ ਨੂੰ) ਇਸ ਤਰ੍ਹਾਂ ਕਿਹਾ, ਹੇ ਰਾਧਾ! (ਤੂੰ ਸਿਰ ਦਾ) ਬਸਤ੍ਰ (ਭਾਵ ਚੁੰਨੀ) ਉਤਾਰ ਕੇ
ਰਾਸ ਵਿਚ ਨਚ ਅਤੇ ਮਨ ਵਿਚਲੇ ਲਾਜ ਦੇ ਬੰਧਨ ਨੂੰ ਛਡ ਦੇ।
ਉਸ ਦੇ ਮੁਖ ਦੀ ਚਮਕ ਇਸ ਤਰ੍ਹਾਂ ਪ੍ਰਗਟ ਹੋਈ ਹੈ ਮਾਨੋ ਬਦਲਾਂ ਵਿਚ ਅੱਧਾ ਚੰਦ੍ਰਮਾ ਨਿਕਲਿਆ ਹੋਵੇ ॥੫੬੩॥
ਜਿਨ੍ਹਾਂ ਦੀ ਸਿਰ ਦੀ ਮਾਂਗ ਵਿਚ ਸੰਧੂਰ ਸ਼ੋਭਦਾ ਹੈ ਅਤੇ ਜਿਨ੍ਹਾਂ ਦੇ (ਮੱਥੇ ਉਤੇ) ਪੀਲੇ ਰੰਗ ਦੀਆਂ ਬਿੰਦੀਆਂ ਸਜਦੀਆਂ ਹਨ।
ਫਿਰ ਸ੍ਵਰਨ ਪ੍ਰਭਾ ('ਕੰਚਨ ਭਾ') ਅਤੇ ਚੰਦ੍ਰਪ੍ਰਭਾ (ਇਤਨੀਆਂ ਸੁੰਦਰ ਹਨ ਕਿ) ਜਿਨ੍ਹਾਂ ਦੇ ਸ਼ਰੀਰ ਨੇ ਸਭ ਦੀ (ਖ਼ੂਬਸੂਰਤੀ ਨੂੰ) ਨਿਗਲ ਲਿਆ ਹੈ।
ਇਕ ਨੇ ਸਫ਼ੈਦ ਰੰਗ ਦਾ ਸਾਜ ਕੀਤਾ ਹੋਇਆ ਹੈ, ਇਕ ਨੇ ਲਾਲ ਰੰਗ ਦਾ ਅਤੇ ਇਕ ਨੇ ਨੀਲੇ ਰੰਗ (ਦਾ ਬਾਣਾ) ਧਾਰਨ ਕੀਤਾ ਹੋਇਆ ਹੈ।
(ਕਵੀ) ਸ਼ਿਆਮ ਕਹਿੰਦੇ ਹਨ, ਉਹ ਸਾਰੀਆਂ ਸ੍ਰੀ ਕ੍ਰਿਸ਼ਨ ਦੇ ਕਮਲ ਦੇ ਰਸ ਨਾਲ ਭਰੇ ਹੋਏ ਨੈਣਾਂ ਨੂੰ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ ॥੫੬੪॥
ਆਪਣੇ ਕੋਮਲ ਅੰਗਾਂ ਉਤੇ ਸੁੰਦਰ ਸ਼ਿੰਗਾਰ ਕਰ ਕੇ ਸਾਰੀਆਂ ਗੋਪੀਆਂ ਉਥੇ ਖੇਡਦੀਆਂ ਹਨ।
ਉਹੀ ਉਥੇ ਰਾਸ ਖੇਡਦੀਆਂ ਹਨ, (ਜਿਨ੍ਹਾਂ ਦੇ) ਮਨ ਵਿਚ ਸ੍ਰੀ ਕ੍ਰਿਸ਼ਨ ਨੂੰ (ਮਿਲਣ ਦੀ) ਬਹੁਤ ਉਮੰਗ ਹੈ।
ਕਵੀ ਸ਼ਿਆਮ ਉਨ੍ਹਾਂ ਦੀ ਉਪਮਾ ਕਹਿੰਦੇ ਹਨ ਕਿ ਉਹ ਗੋਪੀਆਂ ਉਸ (ਸ੍ਰੀ ਕ੍ਰਿਸ਼ਨ) ਦਾ ਰੂਪ ਹੀ ਹੋ ਕੇ ਰਹਿ ਗਈਆਂ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ਿਆਮ (ਸ੍ਰੀ ਕ੍ਰਿਸ਼ਨ) ਦੇ ਸ਼ਰੀਰ ਨੂੰ ਵੇਖ ਕੇ ਸਾਰੀਆਂ ਗੋਰੇ ਰੰਗ ਵਾਲੀਆਂ (ਗੋਪੀਆਂ) ਸ਼ਿਆਮ (ਦੇ ਕਾਲੇ ਰੰਗ ਵਾਲੀਆਂ) ਹੋ ਗਈਆਂ ਹੋਣ ॥੫੬੫॥
ਕਵੀ ਸ਼ਿਆਮ ਕਹਿੰਦੇ ਹਨ, (ਜੋ) ਰਾਸ ਦੀ ਖੇਡ ਕਰ ਕੇ ਅਤੇ ਮਨ ਵਿਚ ਆਨੰਦਿਤ ਹੋ ਕੇ ਪ੍ਰਸੰਨ ਹੋ ਰਹੀ ਹੈ;
(ਜਿਸ ਦਾ) ਮੁਖ ਚੰਦ੍ਰਮਾ ਵਰਗਾ ਅਤੇ ਸ਼ਰੀਰ ਸੋਨੇ ਦੇ ਸਮਾਨ ਹੈ, (ਉਸ ਨੇ) ਉਮੰਗ ਨਾਲ ਭਰ ਕੇ ਅਤੇ ਹਸ ਕੇ ਸੁੰਦਰ ਗੱਲ ਕਹੀ ਹੈ।
(ਸ੍ਰੀ ਕ੍ਰਿਸ਼ਨ ਦੇ) ਸਰੂਪ ਨੂੰ ਵੇਖ ਕੇ ਅਤੇ (ਉਸ ਨੂੰ) ਆਪਣੇ ਤੋਂ ਜ਼ਿਆਦਾ (ਸੁੰਦਰ) ਜਾਣ ਕੇ, (ਉਸ ਦੇ) ਪ੍ਰੇਮ-ਰਸ ਦੇ ਵਸ ਵਿਚ ਹੋ ਗਈ ਹੈ (ਅਰਥਾਤ ਗ਼ਰਕ ਹੋ ਗਈ ਹੈ)।
ਜਿਵੇਂ ਹਿਰਨੀ ਹਿਰਨ ਨੂੰ (ਪ੍ਰੇਮ ਨਾਲ) ਵੇਖਦੀ ਹੈ, ਤਿਵੇਂ ਰਾਧਾ ਸ੍ਰੀ ਕ੍ਰਿਸ਼ਨ ਨੂੰ ਵੇਖ ਰਹੀ ਹੈ ॥੫੬੬॥
ਅਤਿ ਸੁੰਦਰ ਸ੍ਰੀ ਕ੍ਰਿਸ਼ਨ ਦੇ ਸੁੰਦਰ ਮੁਖ ਨੂੰ ਵੇਖ ਕੇ ਰਾਧਾ ਰੀਝ ਰਹੀ ਹੈ। ਜਿਸ ਨਦੀ (ਜਮਨਾ) ਦੇ ਦੁਆਲੇ ਫੁਲਾਂ ਨਾਲ ਭਰਿਆ ਜੰਗਲ ਸੁਸ਼ੋਭਿਤ ਹੈ,
ਜੋ ਉਸ ਦੇ ਕੰਢੇ ਬੈਠਾ ਹੈ, ਉਸ ਸ੍ਰੀ ਕ੍ਰਿਸ਼ਨ ਨੂੰ (ਪ੍ਰੇਮ) ਰਸ ਦੀ ਅਭਿਮਾਨਿਨੀ (ਰਾਧਾ ਨੇ)
ਅੱਖਾਂ ਦੇ ਭਾਵਾਂ (ਅਥਵਾ ਸੰਕੇਤਾਂ) ਨਾਲ (ਕ੍ਰਿਸ਼ਨ ਦਾ) ਮਨ ਮੋਹ ਲਿਆ ਹੈ।
ਜਿਵੇਂ (ਪ੍ਰੇਮ) ਰਸ ਵਾਲੇ ਲੋਗਾਂ ਨੂੰ ਭੌਆਂ ਦੀ ਕਮਾਨ ਵਿਚ ਕਮਲ ਵਰਗੇ ਨੈਣਾਂ ਦੀ ਸੈਨਤਾਂ ਦੇ ਤੀਰਾਂ ਨਾਲ (ਸੁੰਦਰੀਆਂ ਮੋਹ ਲੈਂਦੀਆਂ ਹਨ) ॥੫੬੭॥
ਉਸ ਦੀ ਸ੍ਰੀ ਕ੍ਰਿਸ਼ਨ ਨਾਲ ਬਹੁਤ ਅਧਿਕ ਪ੍ਰੀਤ ਹੋ ਗਈ ਹੈ, ਜੋ ਘਟੀ ਨਹੀਂ, (ਸਗੋਂ) ਅਗੇ ਨਾਲੋਂ ਵਧੀ ਹੀ ਹੈ।
ਸਾਰੀਆਂ (ਗੋਪੀਆਂ) ਮਨ ਦੀ ਲਾਜ ਨੂੰ ਛਡ ਕੇ ਸ੍ਰੀ ਕ੍ਰਿਸ਼ਨ ਨਾਲ ਖੇਡਣ ਲਈ ਉਮਗ ਪਈਆਂ ਹਨ।
(ਕਵੀ) ਸ਼ਿਆਮ ਉਨ੍ਹਾਂ ਦੀ ਉਪਮਾ ਕਹਿੰਦੇ ਹਨ ਜੋ ਇਸਤਰੀਆਂ (ਗੋਪੀਆਂ) ਅਤਿ ਸੁੰਦਰ ਰੂਪ ਵਾਲੀਆਂ ਹਨ।
ਸ੍ਰੀ ਕ੍ਰਿਸ਼ਨ ਦੇ ਸੁੰਦਰ ਰੂਪ ਨੂੰ ਵੇਖ ਕੇ (ਉਹ) ਸਾਰੀਆਂ ਗੋਪੀਆਂ (ਉਸ ਨਾਲ) ਇਕਮਿਕ ਹੋ ਗਈਆਂ ਹਨ ॥੫੬੮॥
(ਸਾਰੀਆਂ ਗੋਪੀਆਂ ਦੀਆਂ) ਅੱਖੀਆਂ ਹਿਰਨੀ ਵਰਗੀਆਂ, ਸ਼ਰੀਰ ਸੋਨੇ ਰੰਗੇ, ਚੰਦ੍ਰਮਾ ਜਿਹੇ ਮੁਖ ਵਾਲੀਆਂ, ਮਾਨੋ ਸਾਰੀਆਂ ਸਮੁੰਦਰ ਦੀ ਰਚੀ ਹੋਈ (ਲੱਛਮੀ) ਦੇ ਸਮਾਨ ਹੋਣ।
ਜਿਨ੍ਹਾਂ ਦੇ ਸਮਾਨ 'ਰਤੀ' ਦਾ ਰੂਪ ਵੀ ਨਹੀਂ ਸ਼ੋਭਦਾ ਅਤੇ ਰਾਵਣ ਦੀ ਪਤਨੀ (ਮੰਦੋਦਰੀ) ਅਤੇ ਸਚੀ (ਇੰਦ੍ਰਾਣੀ) ਵੀ (ਉਨ੍ਹਾਂ ਵਰਗੀਆਂ) ਨਹੀਂ ਹਨ।
ਉਨ੍ਹਾਂ ਉਤੇ ਪ੍ਰਸੰਨ ਹੋ ਕੇ ਅਤੇ ਕ੍ਰਿਪਾ ਕਰ ਕੇ ਬ੍ਰਹਮਾ ('ਮਹਾ ਕਰਤਾਰ') ਨੇ ਸ਼ੇਰ ਵਰਗੀਆਂ (ਪਤਲੀਆਂ) ਕਮਰਾਂ ਬਣਾਈਆਂ ਹਨ।
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਨਾਲ ਸ੍ਰੀ ਕ੍ਰਿਸ਼ਨ ਦੀ ਡੂੰਘੀ ਪ੍ਰੀਤ ਪੈ ਗਈ ਹੈ ॥੫੬੯॥
ਰਾਗਾਂ ਅਤੇ ਹਾਵਾਂ-ਭਾਵਾਂ ਦੀ ਅਤੇ ਗਾਲ੍ਹਾਂ ਦੀ (ਉਥੇ) ਵਾਛੜ ('ਮਾਡ') ਪੈ ਰਹੀ ਹੈ।
ਬ੍ਰਜ ਦੇ ਗੀਤਾਂ ਅਤੇ ਹਾਸਿਆਂ ਨਾਲ (ਗੋਪੀਆਂ) ਉਥੇ ਕਈ ਘੜੀਆਂ ਖੇਡਦੀਆਂ ਰਹੀਆਂ ਹਨ।