ਇਹ ਖ਼ਬਰ ਰਾਜੇ ਨੇ ਵੀ ਸੁਣ ਲਈ ॥੫॥
(ਰਾਜੇ ਨੂੰ ਦਸਿਆ ਗਿਆ ਕਿ) ਇਸ ਨਗਰ ਵਿਚ ਇਕ ਇਸਤਰੀ ਦਸੀ ਜਾਂਦੀ ਹੈ।
(ਉਸ ਦਾ) ਨਾਂ ਹਿੰਗੁਲਾ ਦੇਵੀ ਕਿਹਾ ਜਾਂਦਾ ਹੈ।
ਉਹ ਆਪਣੇ ਆਪ ਨੂੰ ਜਗਤ ਮਾਤਾ ਅਖਵਾਉਂਦੀ ਹੈ
ਅਤੇ ਉੱਚੇ ਨੀਵੇਂ ਨੂੰ ਆਪਣੇ ਚਰਨੀਂ ਲਗਾਉਂਦੀ ਹੈ ॥੬॥
(ਉਥੇ) ਜਿਤਨੇ ਕਾਜ਼ੀ ਅਤੇ ਮੌਲਾਣੇ
ਜਾਂ ਜੋਗੀ, ਸੰਨਿਆਸੀ ਅਤੇ ਬ੍ਰਾਹਮਣ ਸਨ,
ਉਨ੍ਹਾਂ ਸਾਰਿਆਂ ਦੀ ਪੂਜਾ ਘਟ ਗਈ
ਅਤੇ ਉਸ ਦੀ ਮਾਨਤਾ ਜ਼ਿਆਦਾ ਵਧ ਗਈ ॥੭॥
ਸਾਰੇ ਭੇਖੀ ਲੋਗ ਉਸ ਨਾਲ ਖਾਰ ਖਾਣ ਲਗੇ।
ਉਸ ਨੂੰ ਬਹੁਤ ਧਨ ਦਾ ਚੜ੍ਹਾਵਾ ਚੜ੍ਹਦਾ ਵੇਖ ਕੇ (ਮਨ ਵਿਚ ਬਹੁਤ) ਸੜਨ ਲਗੇ।
ਉਸ ਨੂੰ ਪਕੜ ਕੇ ਰਾਜੇ ਪਾਸ ਲੈ ਗਏ
(ਅਤੇ ਉਸ ਦਾ) ਮਜ਼ਾਕ ਉਡਾਂਦੇ ਹੋਇਆਂ ਇਸ ਤਰ੍ਹਾਂ ਕਹਿਣ ਲਗੇ ॥੮॥
ਸਾਨੂੰ ਵੀ (ਇਹ) ਆਪਣੀ ਕੁਝ ਕਰਾਮਾਤ ਵਿਖਾਵੇ,
ਜਾਂ ਆਪਣਾ ਨਾਮ ਭਵਾਨੀ ਨਾ ਅਖਵਾਏ।
ਤਦ ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,
ਹੇ ਰਾਜਨ! ਮੇਰਾ ਕਿਹਾ ਬਚਨ ਸੁਣੋ ॥੯॥
ਅੜਿਲ:
ਮੁਸਲਮਾਨ ਮਸਜਿਦ ਨੂੰ ਰੱਬ ਦਾ ਘਰ ਕਹਿੰਦੇ ਹਨ।
ਬ੍ਰਾਹਮਣ ਲੋਗ ਪੱਥਰ ਨੂੰ ਪਰਮਾਤਮਾ ਕਰ ਕੇ ਮੰਨਦੇ ਹਨ।
ਜੇ ਇਹ ਲੋਗ ਪਹਿਲਾਂ ਤੁਹਾਨੂੰ (ਕੋਈ) ਕਰਾਮਾਤ ਕਰ ਕੇ ਵਿਖਾ ਦੇਣ,
ਤਾਂ ਇਨ੍ਹਾਂ ਤੋਂ ਪਿਛੋਂ ਮੈਂ ਵੀ ਇਨ੍ਹਾਂ ਨੂੰ ਕਰਾਮਾਤ ਵਿਖਾ ਦਿਆਂਗੀ ॥੧੦॥
ਚੌਪਈ:
(ਇਹ) ਗੱਲ ਸੁਣ ਕੇ ਰਾਜਾ ਹਸਿਆ
ਅਤੇ ਬਹੁਤ ਸਾਰੇ ਬ੍ਰਾਹਮਣਾਂ, ਮੌਲਾਣਿਆਂ,
ਜੋਗੀਆਂ, ਮੁੰਡੀਆਂ, ਜੰਗਮਾਂ,
ਸੰਨਿਆਸੀਆਂ ਨੂੰ ਪਕੜਵਾ ਕੇ ਬੁਲਵਾ ਲਿਆ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧੧॥
ਅੜਿਲ:
ਰਾਜੇ ਨੇ (ਆਪਣੇ) ਮੂੰਹ ਤੋਂ ਇਸ ਤਰ੍ਹਾਂ ਕਿਹਾ
ਅਤੇ ਸਭਾ ਵਿਚ ਬੈਠਿਆਂ ਨੂੰ ਸੁਣਾਇਆ
ਕਿ (ਪਹਿਲਾਂ ਤੁਸੀਂ) ਆਪੋ ਆਪਣੀ ਕਰਾਮਾਤ ਮੈਨੂੰ ਵਿਖਾਓ,
ਨਹੀਂ ਤਾਂ ਹੁਣੇ ਹੀ ਸਾਰੇ ਮ੍ਰਿਤੂ ਦੇ ਘਰ ਨੂੰ ਜਾਓਗੇ (ਅਰਥਾਤ ਮਾਰੇ ਜਾਓਗੇ) ॥੧੨॥
ਰਾਜੇ ਦੇ ਬੋਲ ਸੁਣ ਕੇ ਸਾਰੇ ਵਿਆਕੁਲ ਹੋ ਗਏ।
ਸਾਰੇ ਹੀ ਦੁਖ ਦੇ ਸਮੁੰਦਰ ਵਿਚ ਡੁਬ ਗਏ।
ਰਾਜੇ ਵਲ ਵੇਖ ਕੇ ਸਿਰ ਨੀਵੇਂ ਪਾ ਲਏ
ਕਿਉਂਕਿ ਉਸ ਨੂੰ ਕੋਈ ਵੀ ਕਰਾਮਾਤ ਨਹੀਂ ਵਿਖਾ ਸਕਦਾ ਸੀ ॥੧੩॥
(ਕਿਸੇ ਪਾਸੋਂ) ਕਰਾਮਾਤ ਨਾ ਵੇਖ ਕੇ ਰਾਜਾ ਰੋਹ ਨਾਲ ਭਰ ਗਿਆ।
(ਉਸ ਨੇ) ਉਨ੍ਹਾਂ ਦੇ ਸ਼ਰੀਰ ਉਤੇ ਸੱਤ ਸੱਤ ਸੌ ਚਾਬੁਕ ਮਰਵਾਏ (ਅਤੇ ਕਿਹਾ)
ਆਪੋ ਆਪਣੀ ਕੁਝ ਕੁ ਕਰਾਮਾਤ ਵਿਖਾਓ,
ਨਹੀਂ ਤਾਂ (ਇਸ) ਇਸਤਰੀ ਦੇ ਪੈਰਾਂ ਉਤੇ ਸੀਸ ਝੁਕਾਓ ॥੧੪॥
ਖ਼ੁਦਾ ਦੇ ਘਰ ਤੋਂ ਸਾਨੂੰ ਕੁਝ ਵਿਖਾਓ,
ਨਹੀਂ ਤਾਂ ਇਨ੍ਹਾਂ ਸ਼ੇਖਾਂ ਦੇ ਸਿਰ ਮੁੰਨ ਦਿਓ।
ਕਰਾਮਾਤ ਵੇਖੇ ਬਿਨਾ ਹੇ ਮਿਸ਼ਰੋ (ਤੁਹਾਨੂੰ ਵੀ) ਨਹੀਂ ਛਡਣਾ।
ਨਹੀਂ ਤਾਂ ਤੁਹਾਡੇ ਠਾਕੁਰ ਨਦੀ ਵਿਚ ਡਬੋ ਦਿਆਂਗਾ ॥੧੫॥
ਹੇ ਸੰਨਿਆਸੀਓ! ਮੈਨੂੰ ਕੋਈ ਕਰਮਾਤ ਵਿਖਾਓ,
ਨਹੀਂ ਤਾਂ ਆਪਣੀਆਂ ਜਟਾਵਾਂ ਨੂੰ ਦੂਰ ਕਰ ਦਿਓ (ਭਾਵ ਮੁੰਨ ਦਿਓ)।
ਹੇ ਮੁੰਡੀਓ! ਹੁਣ ਮੈਨੂੰ ਚਮਤਕਾਰ ਵਿਖਾਓ,
ਨਹੀਂ ਤਾ ਆਪਣੀਆਂ ਕੰਠੀਆਂ ਨਦੀ ਵਿਚ ਰੋੜ੍ਹ ਦਿਓ ॥੧੬॥