ਸ਼੍ਰੀ ਦਸਮ ਗ੍ਰੰਥ

ਅੰਗ - 71


ਮੰਡਿਯੋ ਬੀਰ ਖੇਤ ਮੋ ਜੁਧਾ ॥

ਯੁੱਧ-ਵੀਰਾਂ ਨੇ ਰਣ-ਭੂਮੀ ਵਿਚ ਯੁੱਧ ਮਚਾ ਦਿੱਤਾ।

ਉਪਜਿਯੋ ਸਮਰ ਸੂਰਮਨ ਕ੍ਰੁਧਾ ॥੪॥

ਯੁੱਧ ਵਿਚ ਸੂਰਮਿਆਂ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋਇਆ ॥੪॥

ਕੋਪ ਭਰੇ ਦੋਊ ਦਿਸ ਭਟ ਭਾਰੇ ॥

ਦੋਹਾਂ ਪਾਸਿਆਂ ਦੇ ਮਹਾਨ ਸੂਰਮੇ ਕ੍ਰੋਧਵਾਨ ਹੋ ਗਏ।

ਇਤੈ ਚੰਦੇਲ ਉਤੈ ਜਸਵਾਰੇ ॥

ਇਧਰ ਚੰਦੇਲ ਅਤੇ ਉਧਰ ਜਸਵਾਲ ਸਨ।

ਢੋਲ ਨਗਾਰੇ ਬਜੇ ਅਪਾਰਾ ॥

ਬਹੁਤ ਅਧਿਕ ਢੋਲ ਅਤੇ ਨਗਾਰੇ ਵਜੇ।

ਭੀਮ ਰੂਪ ਭੈਰੋ ਭਭਕਾਰਾ ॥੫॥

ਭਿਆਨਕ ਰੂਪ ਵਾਲਾ ਭੈਰੋ ਵੀ ਲਲਕਾਰ ਰਿਹਾ ਹੈ ॥੫॥

ਰਸਾਵਲ ਛੰਦ ॥

ਰਸਾਵਲ ਛੰਦ:

ਧੁਣੰ ਢੋਲ ਬਜੇ ॥

ਢੋਲ ਵਜਣ ਦੀ ਧੁੰਨ ਸੁਣ ਕੇ

ਮਹਾ ਸੂਰ ਗਜੇ ॥

ਵਡੇ ਸੂਰਮੇ ਗਜਦੇ ਹਨ।

ਕਰੇ ਸਸਤ੍ਰ ਘਾਵੰ ॥

ਸ਼ਸਤ੍ਰ ਨਾਲ ਜ਼ਖ਼ਮ ਕਰਨ ਨਾਲ

ਚੜੇ ਚਿਤ ਚਾਵੰ ॥੬॥

ਉਨ੍ਹਾਂ ਦੇ ਚਿਤ ਵਿਚ ਚਾਉ ਚੜ੍ਹਦਾ ਹੈ ॥੬॥

ਨ੍ਰਿਭੈ ਬਾਜ ਡਾਰੈ ॥

ਨਿਰਭੈ ਹੋ ਕੇ ਘੋੜੇ ਭਜਾ ਰਹੇ ਹਨ।

ਪਰਘੈ ਪ੍ਰਹਾਰੇ ॥

ਗੁਰਜਾਂ ਦੇ ਵਾਰ ਕਰ ਰਹੇ ਹਨ।

ਕਰੇ ਤੇਗ ਘਾਯੰ ॥

ਤਲਵਾਰਾਂ ਨਾਲ ਘਾਉ ਕਰਦੇ ਹਨ

ਚੜੇ ਚਿਤ ਚਾਯੰ ॥੭॥

ਅਤੇ (ਉਨ੍ਹਾਂ ਦੇ) ਚਿਤ ਵਿਚ ਚਾਉ ਚੜ੍ਹਦਾ ਹੈ ॥੭॥

ਬਕੈ ਮਾਰ ਮਾਰੰ ॥

(ਮੂੰਹੋਂ) ਮਾਰੋ-ਮਾਰੋ ਪੁਕਾਰਦੇ ਹਨ।

ਨ ਸੰਕਾ ਬਿਚਾਰੰ ॥

ਕਿਸੇ ਪ੍ਰਕਾਰ ਦਾ ਕੋਈ ਸੰਗ ਸੰਕੋਚ ਨਹੀਂ ਵਿਚਾਰਦੇ।

ਰੁਲੈ ਤਛ ਮੁਛੰ ॥

(ਕਈ ਯੋਧੇ) ਕਟੇ ਵਢੇ ਹੋਏ ਰੁਲ ਰਹੇ ਹਨ

ਕਰੈ ਸੁਰਗ ਇਛੰ ॥੮॥

ਅਤੇ ਸੁਅਰਗ ਜਾਣ ਦੀ ਇੱਛਾ ਕਰ ਰਹੇ ਹਨ ॥੮॥

ਦੋਹਰਾ ॥

ਦੋਹਰਾ:

ਨੈਕ ਨ ਰਨ ਤੇ ਮੁਰਿ ਚਲੇ ਕਰੈ ਨਿਡਰ ਹ੍ਵੈ ਘਾਇ ॥

(ਸੂਰਮੇ) ਜ਼ਰਾ ਜਿੰਨਾ ਵੀ ਯੁੱਧ ਤੋਂ ਮੁੜਦੇ ਨਹੀਂ ਅਤੇ ਨਿਡਰ ਹੋ ਕੇ ਘਾਉ ਕਰਦੇ ਹਨ।

ਗਿਰਿ ਗਿਰਿ ਪਰੈ ਪਵੰਗ ਤੇ ਬਰੇ ਬਰੰਗਨ ਜਾਇ ॥੯॥

(ਉਹ) ਘੋੜਿਆਂ ਤੋਂ ਡਿਗ ਡਿਗ ਪੈਂਦੇ ਹਨ (ਅਤੇ ਪਰਲੋਕ ਵਿਚ) ਅਪੱਛਰਾਵਾਂ ਨੂੰ ਜਾ ਕੇ ਵਰਦੇ ਹਨ ॥੯॥

ਚੌਪਈ ॥

ਚੌਪਈ:

ਇਹ ਬਿਧਿ ਹੋਤ ਭਯੋ ਸੰਗ੍ਰਾਮਾ ॥

ਇਸ ਢੰਗ ਦਾ ਸੰਗ੍ਰਾਮ ਹੋਇਆ

ਜੂਝੇ ਚੰਦ ਨਰਾਇਨ ਨਾਮਾ ॥

(ਜਿਸ ਵਿਚ) ਨਰਾਇਨ ਚੰਦ ਨਾਂ (ਵਾਲਾ ਸੂਰਮਾ) ਮਾਰਿਆ ਗਿਆ।

ਤਬ ਜੁਝਾਰ ਏਕਲ ਹੀ ਧਯੋ ॥

ਤਦ ਜੁਝਾਰ (ਸਿੰਘ) ਇਕਲਾ ਹੀ ਧਾ ਕੇ ਪਿਆ,

ਬੀਰਨ ਘੇਰਿ ਦਸੋ ਦਿਸਿ ਲਯੋ ॥੧੦॥

(ਉਸ ਨੂੰ) ਦਸਾਂ ਦਿਸ਼ਾਵਾਂ ਤੋਂ (ਵੈਰੀ) ਸੂਰਮਿਆਂ ਨੇ ਘੇਰ ਲਿਆ ॥੧੦॥

ਦੋਹਰਾ ॥

ਦੋਹਰਾ:

ਧਸ੍ਰਯੋ ਕਟਕ ਮੈ ਝਟਕ ਦੈ ਕਛੂ ਨ ਸੰਕ ਬਿਚਾਰ ॥

(ਜੁਝਾਰ ਸਿੰਘ ਚਿਤ ਵਿਚ) ਬਿਨਾ ਕੋਈ ਸ਼ੰਕਾ ਵਿਚਾਰੇ ਝਟਕ ਕੇ (ਵੈਰੀ ਦੀ) ਫ਼ੌਜ ਵਿਚ ਜਾ ਧਸਿਆ।

ਗਾਹਤ ਭਯੋ ਸੁਭਟਨ ਬਡਿ ਬਾਹਤਿ ਭਯੋ ਹਥਿਆਰ ॥੧੧॥

ਵਡੇ ਵਡੇ ਯੋਧਿਆਂ ਨੂੰ ਗਾਹ ਦਿੱਤਾ ਅਤੇ (ਚੰਗੀ ਤਰ੍ਹਾਂ ਨਾਲ) ਹਥਿਆਰ ਵਾਹੇ ॥੧੧॥

ਚੌਪਈ ॥

ਚੌਪਈ:

ਇਹ ਬਿਧਿ ਘਨੇ ਘਰਨ ਕੋ ਗਾਰਾ ॥

ਇਸ ਤਰ੍ਹਾਂ (ਉਸ ਨੇ) ਬਹੁਤ ਸਾਰੇ ਘਰਾਂ ਨੂੰ ਬਰਬਾਦ ਕੀਤਾ

ਭਾਤਿ ਭਾਤਿ ਕੇ ਕਰੇ ਹਥਿਯਾਰਾ ॥

ਅਤੇ ਭਾਂਤ-ਭਾਂਤ ਦੇ ਹਥਿਆਰਾਂ ਨਾਲ ਵਾਰ ਕੀਤੇ।

ਚੁਨਿ ਚੁਨਿ ਬੀਰ ਪਖਰੀਆ ਮਾਰੇ ॥

ਚੁਣ ਚੁਣ ਕੇ ਘੋੜ-ਚੜ੍ਹੇ ਸੂਰਮੇ ਮਾਰ ਦਿੱਤੇ

ਅੰਤਿ ਦੇਵਪੁਰਿ ਆਪ ਪਧਾਰੇ ॥੧੨॥

ਅਤੇ ਅੰਤ ਵਿਚ ਆਪ ਸੁਅਰਗ ਨੂੰ ਚਲਾ ਗਿਆ ॥੧੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜੁਝਾਰ ਸਿੰਘ ਜੁਧ ਬਰਨਨੰ ਨਾਮ ਦ੍ਵਾਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੨॥੪੩੫॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਜੁਝਾਰ ਸਿੰਹ ਜੁਧ ਬਰਨਨੰ' ਨਾਂ ਵਾਲੇ ਬਾਰ੍ਹਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੧੨॥੪੩੫॥

ਸਹਜਾਦੇ ਕੋ ਆਗਮਨ ਮਦ੍ਰ ਦੇਸ ॥

ਸ਼ਹਜਾਦੇ ਦਾ ਮਦ੍ਰ (ਪੰਜਾਬ) ਦੇਸ਼ ਵਿਚ ਆਉਣਾ

ਚੌਪਈ ॥

ਚੌਪਈ:

ਇਹ ਬਿਧਿ ਸੋ ਬਧ ਭਯੋ ਜੁਝਾਰਾ ॥

ਇਸ ਤਰ੍ਹਾਂ ਨਾਲ ਜਦੋਂ ਜੁਝਾਰ ਸਿੰਘ ਮਾਰਿਆ ਗਿਆ

ਆਨ ਬਸੇ ਤਬ ਧਾਮਿ ਲੁਝਾਰਾ ॥

ਤਾਂ ਲੜਾਕੇ ਯੋਧੇ (ਆਪਣੇ) ਘਰਾਂ ਵਿਚ ਜਾ ਟਿਕੇ।

ਤਬ ਅਉਰੰਗ ਮਨ ਮਾਹਿ ਰਿਸਾਵਾ ॥

ਤਦ ਔਰੰਗਜ਼ੇਬ ਮਨ ਵਿਚ ਕ੍ਰੋਧਵਾਨ ਹੋਇਆ।

ਮਦ੍ਰ ਦੇਸ ਕੋ ਪੂਤ ਪਠਾਵਾ ॥੧॥

(ਉਸ ਨੇ) ਪੰਜਾਬ ਵਲ ਆਪਣੇ ਪੁੱਤਰ ਨੂੰ ਭੇਜਿਆ ॥੧॥

ਤਿਹ ਆਵਤ ਸਭ ਲੋਕ ਡਰਾਨੇ ॥

ਉਸ ਦੇ ਆਣ ਨਾਲ ਸਭ ਲੋਕ ਭੈਭੀਤ ਹੋ ਗਏ।

ਬਡੇ ਬਡੇ ਗਿਰਿ ਹੇਰਿ ਲੁਕਾਨੇ ॥

ਵਡੇ ਵਡੇ (ਰਾਜੇ) ਪਹਾੜ ਲਭ ਕੇ (ਵਿਚ ਜਾ) ਲੁਕੇ।

ਹਮ ਹੂੰ ਲੋਗਨ ਅਧਿਕ ਡਰਾਯੋ ॥

ਸਾਨੂੰ ਵੀ ਲੋਕਾਂ ਨੇ ਬਹੁਤ ਡਰਾਇਆ,

ਕਾਲ ਕਰਮ ਕੋ ਮਰਮ ਨ ਪਾਯੋ ॥੨॥

(ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ) ਕਾਲ-ਕਰਮ ਦੇ ਭੇਦ ਨੂੰ ਨਾ ਪਾਇਆ (ਕਿ ਉਸ ਦੀ) ਗਤੀ ਕਿਵੇਂ ਹੈ ॥੨॥

ਕਿਤਕ ਲੋਕ ਤਜਿ ਸੰਗਿ ਸਿਧਾਰੇ ॥

ਕਿਤਨੇ ਲੋਕ (ਸਾਡਾ) ਸਾਥ ਛਡ ਕੇ ਚਲੇ ਗਏ

ਜਾਇ ਬਸੇ ਗਿਰਿਵਰ ਜਹ ਭਾਰੇ ॥

ਅਤੇ (ਉਥੇ) ਜਾ ਵਸੇ ਜਿਥੇ ਵਡੇ ਪਹਾੜ ਸਨ।

ਚਿਤ ਮੂਜੀਯਨ ਕੋ ਅਧਿਕ ਡਰਾਨਾ ॥

(ਉਨ੍ਹਾਂ) ਕਾਇਰਾਂ ਦਾ ਚਿਤ ਬਹੁਤ ਭੈਭੀਤ ਹੋ ਗਿਆ।

ਤਿਨੈ ਉਬਾਰ ਨ ਅਪਨਾ ਜਾਨਾ ॥੩॥

ਉਨ੍ਹਾਂ ਨੇ (ਸਾਡੇ ਕੋਲ ਟਿਕੇ ਰਹਿਣ ਵਿਚ) ਆਪਣੀ ਸੁਰਖਿਆ ਨਾ ਸਮਝੀ ॥੩॥

ਤਬ ਅਉਰੰਗ ਜੀਅ ਮਾਝ ਰਿਸਾਏ ॥

ਤਦ ਔਰੰਗਜ਼ੇਬ (ਆਪਣੇ) ਮਨ ਵਿਚ ਬਹੁਤ ਕ੍ਰੋਧਵਾਨ ਹੋਇਆ

ਏਕ ਅਹਦੀਆ ਈਹਾ ਪਠਾਏ ॥

ਅਤੇ ਇਕ ਅਹਿਦੀ (ਕਰ ਵਸੂਲਣ ਵਾਲਾ ਅਧਿਕਾਰੀ) ਇਥੇ (ਆਨੰਦਪੁਰ) ਭੇਜਿਆ।

ਹਮ ਤੇ ਭਾਜਿ ਬਿਮੁਖ ਜੇ ਗਏ ॥

ਸਾਡੇ ਕੋਲੋਂ ਬੇਮੁਖ ਹੋ ਕੇ ਜੋ ਭਜ ਗਏ ਸਨ,

ਤਿਨ ਕੇ ਧਾਮ ਗਿਰਾਵਤ ਭਏ ॥੪॥

ਉਨ੍ਹਾਂ ਦੇ ਘਰ (ਅਹਿਦੀਏ ਨੇ) ਢਵਾ ਦਿੱਤੇ ॥੪॥

ਜੇ ਆਪਨੇ ਗੁਰ ਤੇ ਮੁਖ ਫਿਰ ਹੈ ॥

ਜੋ ਆਪਣੇ ਗੁਰੂ ਤੋਂ ਮੁਖ ਮੋੜ ਲੈਂਦੇ ਹਨ,

ਈਹਾ ਊਹਾ ਤਿਨ ਕੇ ਗ੍ਰਿਹਿ ਗਿਰਿ ਹੈ ॥

ਉਨ੍ਹਾਂ ਦੇ ਘਰ ਇਥੇ ਅਤੇ ਉਥੇ (ਲੋਕ ਅਤੇ ਪਰਲੋਕ) ਵਿਚ ਨਸ਼ਟ ਹੋ ਜਾਂਦੇ ਹਨ।

ਇਹਾ ਉਪਹਾਸ ਨ ਸੁਰਪੁਰਿ ਬਾਸਾ ॥

ਇਥੇ (ਉਨ੍ਹਾਂ ਨੂੰ) ਮਖ਼ੌਲ ਹੁੰਦੇ ਹਨ ਅਤੇ ਸੁਅਰਗ ਵਿਚ ਨਿਵਾਸ ਨਹੀਂ ਮਿਲਦਾ।

ਸਭ ਬਾਤਨ ਤੇ ਰਹੇ ਨਿਰਾਸਾ ॥੫॥

ਸਾਰੀਆਂ ਗੱਲਾਂ ਤੋਂ ਨਿਰਾਸ਼ ਹੀ ਰਹਿੰਦੇ ਹਨ ॥੫॥

ਦੂਖ ਭੂਖ ਤਿਨ ਕੋ ਰਹੈ ਲਾਗੀ ॥

ਦੁਖ ਅਤੇ ਭੁਖ ਉਨ੍ਹਾਂ ਨੂੰ (ਸਦਾ) ਲਗੀ ਰਹਿੰਦੀ ਹੈ

ਸੰਤ ਸੇਵ ਤੇ ਜੋ ਹੈ ਤਿਆਗੀ ॥

ਜਿਹੜੇ ਸੰਤ-ਸੇਵਾ ਤੋਂ ਕਤਰਾਉਂਦੇ ਹਨ।

ਜਗਤ ਬਿਖੈ ਕੋਈ ਕਾਮ ਨ ਸਰਹੀ ॥

(ਉਨ੍ਹਾਂ ਦਾ) ਸੰਸਾਰ ਵਿਚ ਕੋਈ ਕੰਮ ਨਹੀਂ ਸਰਦਾ,

ਅੰਤਹਿ ਕੁੰਡ ਨਰਕ ਕੀ ਪਰਹੀ ॥੬॥

ਅੰਤ ਵਿਚ ਉਹ ਨਰਕ-ਕੁੰਡ ਵਿਚ ਜਾ ਡਿਗਦੇ ਹਨ ॥੬॥

ਤਿਨ ਕੋ ਸਦਾ ਜਗਤਿ ਉਪਹਾਸਾ ॥

ਉਨ੍ਹਾਂ ਦੀ ਜਗਤ ਸਦਾ ਹਾਸੀ ਕਰਦਾ ਹੈ

ਅੰਤਹਿ ਕੁੰਡ ਨਰਕ ਕੀ ਬਾਸਾ ॥

ਅਤੇ ਅੰਤ ਵਿਚ (ਉਨ੍ਹਾਂ ਨੂੰ) ਨਰਕਕੁੰਡ ਵਿਚ ਨਿਵਾਸ ਮਿਲਦਾ ਹੈ।

ਗੁਰ ਪਗ ਤੇ ਜੇ ਬੇਮੁਖ ਸਿਧਾਰੇ ॥

ਗੁਰੂ-ਚਰਨਾਂ ਤੋਂ ਜੋ ਬੇਮੁਖ ਹੁੰਦੇ ਹਨ,

ਈਹਾ ਊਹਾ ਤਿਨ ਕੇ ਮੁਖ ਕਾਰੇ ॥੭॥

ਲੋਕ-ਪਰਲੋਕ ਵਿਚ ਉਨ੍ਹਾਂ ਦੇ ਮੂੰਹ ਕਾਲੇ ਹੁੰਦੇ ਹਨ ॥੭॥

ਪੁਤ੍ਰ ਪਉਤ੍ਰ ਤਿਨ ਕੇ ਨਹੀ ਫਰੈ ॥

ਉਨ੍ਹਾਂ ਦੇ ਪੁੱਤਰ-ਪੋਤਰੇ ਵੀ ਨਹੀਂ ਫਲਦੇ

ਦੁਖ ਦੈ ਮਾਤ ਪਿਤਾ ਕੋ ਮਰੈ ॥

ਅਤੇ ਮਾਤਾ ਪਿਤਾ ਨੂੰ (ਜੁਦਾਈ ਦਾ) ਦੁਖ ਦੇ ਕੇ ਮਰ ਜਾਂਦੇ ਹਨ।

ਗੁਰ ਦੋਖੀ ਸਗ ਕੀ ਮ੍ਰਿਤੁ ਪਾਵੈ ॥

ਗੁਰੂ ਦੇ ਦੋਖੀ ਕੁੱਤੇ ਦੀ ਮੌਤੇ ਮਰਨਗੇ।

ਨਰਕ ਕੁੰਡ ਡਾਰੇ ਪਛੁਤਾਵੈ ॥੮॥

ਜਦੋਂ (ਉਨ੍ਹਾਂ ਨੂੰ) ਨਰਕ ਕੁੰਡ ਵਿਚ ਸੁਟਿਆ ਜਾਵੇਗਾ (ਤਾਂ ਉਹ) ਪਛਤਾਉਣਗੇ ॥੮॥

ਬਾਬੇ ਕੇ ਬਾਬਰ ਕੇ ਦੋਊ ॥

ਬਾਬੇ (ਗੁਰੂ ਨਾਨਕ ਦੇਵ) ਦੇ (ਗੱਦੀਦਾਰਾਂ) ਅਤੇ ਬਾਬਰ (ਬਾਦਸ਼ਾਹ) ਦੇ (ਵਾਰਸਾਂ) ਦੋਹਾਂ ਨੂੰ

ਆਪ ਕਰੈ ਪਰਮੇਸਰ ਸੋਊ ॥

ਆਪ ਪਰਮੇਸ਼ਵਰ ਨੇ ਸਿਰਜਿਆ ਹੈ।


Flag Counter