ਸ਼੍ਰੀ ਦਸਮ ਗ੍ਰੰਥ

ਅੰਗ - 694


ਕੜਕਿ ਕ੍ਰੋਧ ਕਰਿ ਚੜਗੁ ਭੜਕਿ ਭਾਦਵਿ ਜ੍ਯੋਂ ਗਜਤ ॥

ਕੜਕ ਕੇ ਕ੍ਰੋਧ ਨਾਲ ਚੜ੍ਹੇਗਾ ਅਤੇ ਭਾਦਰੋਂ ਦੀ ਬਿਜਲੀ ਵਾਂਗ ਗੱਜੇਗਾ।

ਸੜਕ ਤੇਗ ਦਾਮਿਨ ਤੜਕ ਤੜਭੜ ਰਣ ਸਜਤ ॥

ਸੜਕ ਕਰ ਕੇ ਤਲਵਾਰ (ਮਿਆਨ ਤੋਂ ਨਿਕਲੇਗੀ) ਅਤੇ ਬਿਜਲੀ ਦੀ ਤੜਕ ਵਾਂਗ ਤੱਤ-ਫਟ ਰਣ ਸਜੇਗੀ।

ਲੁੜਕ ਲੁਥ ਬਿਥੁਰਗ ਸੇਲ ਸਾਮੁਹਿ ਹ੍ਵੈ ਘਲਤ ॥

ਲੋਥਾਂ ਉਤੇ ਲੋਥਾਂ ਵਿਛ ਜਾਣਗੀਆਂ ਅਤੇ ਸਾਹਮਣੇ ਹੋ ਕੇ ਬਰਛੇ ਮਾਰੇ ਜਾਣਗੇ।

ਜਿਦਿਨ ਰੋਸ ਰਾਵਤ ਰਣਹਿ ਦੂਸਰ ਕੋ ਝਲਤ ॥

ਜਿਸ ਦਿਨ ਰੋਸ ਨਾਂ ਦਾ ਰਾਜਾ ਰਣ ਮਚਾਏਗਾ, (ਉਸ ਦੀ ਝਾਲ ਨੂੰ) ਦੂਜਾ ਕੌਣ ਝਲੇਗਾ।

ਇਹ ਬਿਧਿ ਅਪਮਾਨ ਤਿਹ ਭ੍ਰਾਤ ਭਨ ਜਿਦਿਨ ਰੁਦ੍ਰ ਰਸ ਮਚਿ ਹੈ ॥

ਇਸ ਤਰ੍ਹਾਂ ਦਾ ਉਸ ਦਾ ਭਰਾ 'ਅਪਮਾਨ' ਦਸਿਆ ਜਾਂਦਾ ਹੈ, ਜਿਸ ਦਿਨ (ਉਹ) ਰੁਦ੍ਰ ਰੂਪ ਵਿਚ ਮਚ ਪਏਗਾ,

ਬਿਨ ਇਕ ਸੀਲ ਦੁਸੀਲ ਭਟ ਸੁ ਅਉਰ ਕਵਣ ਰਣਿ ਰਚਿ ਹੈ ॥੧੮੩॥

ਤਦ ਬਿਨਾ ਇਕ 'ਸੀਲ' ਅਤੇ 'ਦੁਸੀਲ' ਸੂਰਮਿਆਂ ਤੋਂ ਹੋਰ ਕੌਣ ਯੁੱਧ ਵਿਚ ਮਗਨ ਹੋ ਸਕੇਗਾ ॥੧੮੩॥

ਧਨੁਖ ਮੰਡਲਾਕਾਰ ਲਗਤ ਜਾ ਕੋ ਸਦੀਵ ਰਣ ॥

ਜਿਸ ਦਾ ਮੰਡਲਾਕਾਰ ਵਾਲਾ ਧਨੁਸ਼ ਹੈ ਅਤੇ (ਜੋ) ਸਦਾ ਯੁੱਧ ਵਿਚ ਲਗਾ ਰਹਿੰਦਾ ਹੈ।

ਨਿਰਖਤ ਤੇਜ ਪ੍ਰਭਾਵ ਭਟਕ ਭਾਜਤ ਹੈ ਭਟ ਗਣ ॥

(ਜਿਸ ਦੇ) ਤੇਜ ਦੇ ਪ੍ਰਭਾਵ ਨੂੰ ਵੇਖ ਕੇ ਸੂਰਮਿਆਂ ਦੇ ਜੁਟ ਭਟਕਦੇ ਹੋਏ ਭਜੀ ਜਾਂਦੇ ਹਨ।

ਕਉਨ ਬਾਧਿ ਤੇ ਧੀਰ ਬੀਰ ਨਿਰਖਤ ਦੁਤਿ ਲਾਜਤ ॥

(ਉਸ ਦੀ) ਛਬੀ ਨੂੰ ਵੇਖ ਕੇ ਕਿਹੜੇ ਸੂਰਮੇ ਧੀਰਜ ਬੰਨ੍ਹਦੇ ਹਨ? ਸਗੋਂ ਯੋਧੇ ਲਜਿਤ ਹੁੰਦੇ ਹਨ।

ਨਹਨ ਜੁਧ ਠਹਰਾਤਿ ਤ੍ਰਸਤ ਦਸਹੂੰ ਦਿਸ ਭਾਜਤ ॥

ਯੁੱਧ ਵਿਚ ਠਹਿਰਦੇ ਨਹੀਂ ਹਨ, ਭੈਭੀਤ ਹੋਏ ਦਸਾਂ ਦਿਸ਼ਾਵਾਂ ਵਲ ਭਜਦੇ ਜਾਂਦੇ ਹਨ।

ਇਹ ਬਿਧਿ ਅਨਰਥ ਸਮਰਥ ਰਣਿ ਜਿਦਿਨ ਤੁਰੰਗ ਮਟਕ ਹੈ ॥

ਇਸ ਤਰ੍ਹਾਂ ਦਾ ਸਮਰਥ ਸੂਰਮਾ 'ਅਨਰਥ' ਜਿਸ ਦਿਨ ਯੁੱਧ ਵਿਚ ਘੋੜੇ ਨੂੰ ਮਟਕਾਏਗਾ,

ਬਿਨੁ ਇਕ ਧੀਰ ਸੁਨ ਬੀਰ ਬਰੁ ਸੁ ਦੂਸਰ ਕਉਨ ਹਟਕਿ ਹੈ ॥੧੮੪॥

(ਹੇ ਰਾਜਨ!) ਸੁਣੋ, ਬਿਨਾ ਇਕ ਧੀਰਜ (ਨਾਂ ਦੇ) ਸੂਰਮੇ ਤੋਂ ਹੋਰ ਕੌਣ ਉਸ ਨੂੰ ਰੋਕ ਸਕੇਗਾ ॥੧੮੪॥

ਪ੍ਰੀਤ ਬਸਤ੍ਰ ਤਨਿ ਧਰੇ ਧੁਜਾ ਪੀਅਰੀ ਰਥ ਧਾਰੇ ॥

ਤਨ ਉਤੇ ਪੀਲੇ ਬਸਤ੍ਰ ਧਾਰੇ ਹੋਏ ਹਨ ਅਤੇ ਰਥ ਉਤੇ ਪੀਲੀ ਧੁਜਾ ਲਗਾਈ ਹੋਈ ਹੈ।

ਪੀਤ ਧਨੁਖ ਕਰਿ ਸੋਭ ਮਾਨ ਰਤਿ ਪਤਿ ਕੋ ਟਾਰੇ ॥

ਪੀਲਾ ਧਨੁਸ਼ ਹੱਥ ਵਿਚ ਸ਼ੋਭਦਾ ਹੈ ਅਤੇ ਕਾਮਦੇਵ ਦਾ ਮਾਨ ਦੂਰ ਕਰਦਾ ਹੈ।

ਪੀਤ ਬਰਣ ਸਾਰਥੀ ਪੀਤ ਬਰਣੈ ਰਥ ਬਾਜੀ ॥

ਪੀਲੇ ਰੰਗ ਦਾ ਰਥਵਾਨ ਹੈ ਅਤੇ ਪੀਲੇ ਰੰਗ ਦੇ ਹੀ ਰਥ ਨਾਲ ਘੋੜੇ (ਜੁਤੇ ਹਨ)।

ਪੀਤ ਬਰਨ ਕੋ ਬਾਣ ਖੇਤਿ ਚੜਿ ਗਰਜਤ ਗਾਜੀ ॥

ਪੀਲੇ ਰੰਗ ਦੇ ਬਾਣ ਹਨ। (ਉਹ) ਯੋਧਾ ਰਣ-ਭੂਮੀ ਵਿਚ ਜਾ ਕੇ ਗੱਜਦਾ ਹੈ।

ਇਹ ਭਾਤਿ ਬੈਰ ਸੂਰਾ ਨ੍ਰਿਪਤਿ ਜਿਦਿਨ ਗਰਜਿ ਦਲ ਗਾਹਿ ਹੈ ॥

ਹੇ ਰਾਜਨ! ਇਸ ਭਾਂਤ ਦਾ ਸੂਰਮਾ 'ਵੈਰ' ਹੈ। ਜਿਸ ਦਿਨ (ਉਹ) ਲਲਕਾਰਾ ਮਾਰ ਕੇ ਸੈਨਾ-ਦਲ ਨੂੰ ਮਧੋਲੇਗਾ,

ਬਿਨੁ ਇਕ ਗਿਆਨ ਸਵਧਾਨ ਹ੍ਵੈ ਅਉਰ ਸਮਰ ਕੋ ਚਾਹਿ ਹੈ ॥੧੮੫॥

(ਉਦੋਂ) ਬਿਨਾ ਇਕ ਗਿਆਨ ਦੇ ਹੋਰ ਕਿਹੜਾ ਸਾਵਧਾਨ ਹੋ ਕੇ ਯੁੱਧ ਨੂੰ ਚਾਹੇਗਾ ॥੧੮੫॥

ਮਲਿਤ ਬਸਤ੍ਰ ਤਨਿ ਧਰੇ ਮਲਿਤ ਭੂਖਨ ਰਥ ਬਾਧੇ ॥

ਮੈਲੇ ਜਿਹੇ ਬਸਤ੍ਰ ਤਨ ਉਤੇ ਧਾਰਨ ਕੀਤੇ ਹੋਏ ਹਨ ਅਤੇ ਮੈਲੇ ਜਿਹੇ ਗਹਿਣੇ ਰਥ ਨਾਲ ਬੰਨ੍ਹੇ ਹੋਏ ਹਨ।

ਮਲਿਤ ਮੁਕਟ ਸਿਰ ਧਰੇ ਪਰਮ ਬਾਣਣ ਕਹ ਸਾਧੇ ॥

ਮੈਲਾ ਜਿਹਾ ਮੁਕਟ ਸਿਰ ਉਤੇ ਧਾਰਨ ਕੀਤਾ ਹੋਇਆ ਹੈ ਅਤੇ ਬਹੁਤ ਚੰਗੇ ਬਾਣਾਂ ਨੂੰ ਸਾਧਿਆ ਹੋਇਆ ਹੈ।

ਮਲਿਤ ਬਰਣ ਸਾਰਥੀ ਮਲਿਤ ਤਾਹੂੰ ਆਭੂਖਨ ॥

ਰਥਵਾਨ ਵੀ ਮੈਲੇ ਜਿਹੇ ਰੰਗ ਦਾ ਹੈ ਅਤੇ ਉਸ ਦੇ ਗਹਿਣੇ ਵੀ ਮੈਲੇ ਜਿਹੇ ਹਨ।

ਮਲਯਾਗਰ ਕੀ ਗੰਧ ਸਕਲ ਸਤ੍ਰੂ ਕੁਲ ਦੂਖਨ ॥

ਮਲਯਾਗਰ (ਉਤੇ ਜੰਮੇ ਚੰਦਨ) ਦੀ ਸੁਗੰਧ ਵਾਲਾ ਅਤੇ ਸਾਰੇ ਵੈਰੀਆਂ ਦੇ ਕੁਲ ਨੂੰ ਦੁਖ ਦੇਣ ਵਾਲਾ ਹੈ।

ਇਹ ਭਾਤਿ ਨਿੰਦ ਅਨਧਰ ਸੁਭਟ ਜਿਦਿਨ ਅਯੋਧਨ ਮਚਿ ਹੈ ॥

ਇਸ ਤਰ੍ਹਾਂ ਦਾ ਧੜ-ਹੀਨ ਯੋਧਾ 'ਨਿੰਦ' ਜਿਸ ਦਿਨ ਯੁੱਧ ਮਚਾਏਗਾ, ਹੇ ਸ੍ਰੇਸ਼ਠ ਸੂਰਮੇ (ਪਾਰਸ ਨਾਥ)!

ਬਿਨੁ ਇਕ ਧੀਰਜ ਸੁਨ ਬੀਰ ਬਰ ਸੁ ਅਉਰ ਕਵਣ ਰਣਿ ਰਚਿ ਹੈ ॥੧੮੬॥

ਸੁਣੋ, ਬਿਨਾ ਇਕ ਧੀਰਜ ਦੇ ਹੋਰ ਕੌਣ ਯੁੱਧ ਮਚਾਏਗਾ ॥੧੮੬॥

ਘੋਰ ਬਸਤ੍ਰ ਤਨਿ ਧਰੇ ਘੋਰ ਪਗੀਆ ਸਿਰ ਬਾਧੇ ॥

ਗੂੜ੍ਹੇ (ਜਾਂ ਭਿਆਨਕ) ਰੰਗ ਦੇ ਬਸਤ੍ਰ ਤਨ ਉਤੇ ਧਾਰਨ ਕੀਤੇ ਹੋਏ ਹਨ ਅਤੇ ਸਿਰ ਉਤੇ ਵੀ ਗਾੜ੍ਹੇ (ਜਾਂ ਭਿਆਨਕ) ਰੰਗ ਦੀ ਪਗੜੀ ਬੰਨ੍ਹੀ ਹੋਈ ਹੈ।

ਘੋਰ ਬਰਣ ਸਿਰਿ ਮੁਕਟ ਘੋਰ ਸਤ੍ਰਨ ਕਹ ਸਾਧੇ ॥

ਗੂੜ੍ਹੇ (ਭਿਆਨਕ) ਰੰਗ ਦਾ ਸਿਰ ਉਤੇ ਮੁਕਟ ਹੈ ਅਤੇ ਭਿਆਨਕ ਵੈਰੀਆਂ ਨੂੰ ਸਾਧਣ ਵਾਲਾ ਹੈ (ਅਰਥਾਂਤਰਭਿਆਨਕ ਸ਼ਸਤ੍ਰਾਂ ਦੇ ਨਿਸ਼ਾਨੇ ਬਣਾਉਂਦਾ ਹੈ)।

ਘੋਰ ਮੰਤ੍ਰ ਮੁਖ ਜਪਤ ਪਰਮ ਆਘੋਰ ਰੂਪ ਤਿਹ ॥

ਮੁਖ ਤੋਂ ਭਿਆਨਕ ਮੰਤ੍ਰ ਦਾ ਜਾਪ ਕਰਦਾ ਹੈ ਅਤੇ ਜਿਸ ਦਾ ਬਹੁਤ ਭਿਆਨਕ ਰੂਪ ਹੈ।

ਲਖਤ ਸ੍ਵਰਗ ਭਹਰਾਤ ਘੋਰ ਆਭਾ ਲਖਿ ਕੈ ਜਿਹ ॥

ਜਿਸ ਦੀ ਭਿਆਨਕ ਚਮਕ ਦਮਕ ਵੇਖ ਕੇ 'ਸਵਰਗ' (ਨਾਂ ਵਾਲਾ ਯੋਧਾ ਵੀ) ਕੰਬਦਾ ਹੈ।

ਇਹ ਭਾਤਿ ਨਰਕ ਦੁਰ ਧਰਖ ਭਟ ਜਿਦਿਨ ਰੋਸਿ ਰਣਿ ਆਇ ਹੈ ॥

ਇਸ ਤਰ੍ਹਾਂ ਦਾ ਹੈ 'ਨਰਕ' ਨਾਂ ਦਾ ਭਿਆਨਕ ਯੋਧਾ, ਜਿਸ ਦਿਨ ਕ੍ਰੋਧ ਕਰ ਕੇ ਰਣ-ਭੂਮੀ ਵਿਚ ਆਏਗਾ,

ਬਿਨੁ ਇਕ ਹਰਿਨਾਮ ਸੁਨ ਹੋ ਨ੍ਰਿਪਤਿ ਸੁ ਅਉਰ ਨ ਕੋਇ ਬਚਾਇ ਹੈ ॥੧੮੭॥

ਹੇ ਰਾਜਨ! ਸੁਣੋ, ਬਿਨਾ ਇਕ 'ਹਰਿ-ਨਾਮ' ਦੇ ਹੋਰ ਕੋਈ ਵੀ (ਉਸ ਤੋਂ) ਬਚ ਨਹੀਂ ਸਕੇਗਾ ॥੧੮੭॥

ਸਮਟ ਸਾਗ ਸੰਗ੍ਰਹੈ ਸੇਲ ਸਾਮੁਹਿ ਹ੍ਵੈ ਸੁਟੈ ॥

ਜੋ ਚੰਗੀ ਤਰ੍ਹਾਂ ਸਿਮਟ ਕੇ ਬਰਛੀ ਨੂੰ ਪਕੜਦਾ ਹੈ ਅਤੇ ਸਾਹਮਣੇ ਹੋ ਕੇ ਬਰਛਾ ਸੁਟਦਾ ਹੈ।

ਕਲਿਤ ਕ੍ਰੋਧ ਸੰਜੁਗਤਿ ਗਲਿਤ ਗੈਵਰ ਜਿਯੋਂ ਜੁਟੈ ॥

ਕ੍ਰੋਧ ਨਾਲ ਸੰਯੁਕਤ ਹੋ ਕੇ ਚਮਕਦਾ ਹੈ ਅਤੇ ਮਸਤੀ ਵਿਚ ਘੁਲੇ ਹੋਏ ਹਾਥੀ ਵਾਂਗ (ਯੁੱਧ ਵਿਚ) ਜੁਟ ਜਾਂਦਾ ਹੈ।

ਇਕ ਇਕ ਬਿਨੁ ਕੀਨ ਇਕ ਤੇ ਇਕ ਨ ਚਲੈ ॥

ਇਕ ਇਕ ਕੀਤੇ ਬਿਨਾ, ਉਹ ਇਕ (ਥਾਂ ਤੋਂ) ਦੂਜੀ ਵਲ ਨਹੀਂ ਜਾਂਦਾ।

ਇਕ ਇਕ ਸੰਗ ਭਿੜੈ ਸਸਤ੍ਰ ਸਨਮੁਖ ਹ੍ਵੈ ਝਲੈ ॥

(ਉਹ) ਇਕ ਨਾਲ ਇਕ ਯੁੱਧ ਕਰਦਾ ਹੈ ਅਤੇ ਸਾਹਮਣੇ ਹੋ ਕੇ ਸ਼ਸਤ੍ਰ (ਦਾ ਵਾਰ) ਝਲਦਾ ਹੈ।

ਇਹ ਬਿਧਿ ਨਸੀਲ ਦੁਸੀਲ ਭਟ ਸਹਤ ਕੁਚੀਲ ਜਬਿ ਗਰਜਿ ਹੈ ॥

ਇਸ ਤਰ੍ਹਾਂ ਦੇ 'ਨਸੀਲ' (ਵਿਗੜੇ ਸੁਭਾ ਵਾਲਾ) ਅਤੇ 'ਦੁਸੀਲ' (ਕੁਰਖ਼ਤ ਸੁਭਾ ਵਾਲਾ) ਸੂਰਮੇ 'ਕੁਚੀਲ' (ਅਸ਼ੁੱਧਤਾ) ਨਾਲ ਰਲ ਕੇ ਜਦੋਂ ਲਲਕਾਰਨਗੇ,

ਬਿਨੁ ਏਕ ਸੁਚਹਿ ਸੁਨਿ ਨ੍ਰਿਪ ਨ੍ਰਿਪਣਿ ਸੁ ਅਉਰ ਨ ਕੋਊ ਬਰਜਿ ਹੈ ॥੧੮੮॥

ਹੇ ਰਾਜਿਆਂ ਦੇ ਰਾਜੇ! ਸੁਣੋ, ਬਿਨਾ ਇਕ 'ਸੁਚਤਾ' (ਨਾਂ ਦੇ ਸੂਰਮੇ) ਤੋਂ ਹੋਰ ਕੋਈ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ ॥੧੮੮॥

ਸਸਤ੍ਰ ਅਸਤ੍ਰ ਦੋਊ ਨਿਪੁਣ ਨਿਪੁਣ ਸਬ ਬੇਦ ਸਾਸਤ੍ਰ ਕਰ ॥

ਸ਼ਸਤ੍ਰ ਅਤੇ ਅਸਤ੍ਰ ਦੋਹਾਂ ਨੂੰ ਚਲਾਉਣ ਵਿਚ ਨਿਪੁਣ ਹੈ ਅਤੇ ਵੇਦ ਤੇ ਸ਼ਾਸਤ੍ਰ (ਨੂੰ ਵਿਚਾਰਨ ਵਿਚ) ਮਾਹਿਰ ਹੈ।

ਅਰੁਣ ਨੇਤ੍ਰ ਅਰੁ ਰਕਤ ਬਸਤ੍ਰ ਧ੍ਰਿਤਵਾਨ ਧਨੁਰਧਰ ॥

(ਉਸ ਦੇ) ਲਾਲ ਨੇਤਰ ਹਨ ਅਤੇ ਲਾਲ ਹੀ ਬਸਤ੍ਰ ਹਨ ਅਤੇ ਧੀਰਜ ਵਾਲਾ ਧਨੁਸ਼ਧਾਰੀ ਹੈ।

ਬਿਕਟ ਬਾਕ੍ਰਯ ਬਡ ਡ੍ਰਯਾਛ ਬਡੋ ਅਭਿਮਾਨ ਧਰੇ ਮਨ ॥

ਬਹੁਤ ਵਿਕਟ, ਬਾਂਕਾ ਅਤੇ ਵੱਡੀਆਂ ਅੱਖਾਂ ਵਾਲਾ ਅਤੇ ਮਨ ਵਿਚ ਵੱਡਾ ਅਭਿਮਾਨ ਧਾਰਨ ਕਰਨ ਵਾਲਾ ਹੈ।

ਅਮਿਤ ਰੂਪ ਅਮਿਤੋਜ ਅਭੈ ਆਲੋਕ ਅਜੈ ਰਨ ॥

(ਜੋ) ਅਮਿਤ ਰੂਪ ਵਾਲਾ, ਅਮਿਤ ਬਲ ਵਾਲਾ, ਭੈ ਰਹਿਤ ਹੈ ਅਤੇ ਨਾ ਜਿਤਿਆ ਜਾ ਸਕਣ ਵਾਲਾ ਅਲੌਕਿਕ ਰਣ ਕਰਦਾ ਹੈ।

ਅਸ ਸੁਭਟ ਛੁਧਾ ਤ੍ਰਿਸਨਾ ਸਬਲ ਜਿਦਿਨ ਰੰਗ ਰਣ ਰਚਿ ਹੈ ॥

ਇਸ ਤਰ੍ਹਾਂ ਦੇ ਭੁਖ ਅਤੇ ਤ੍ਰੇਹ (ਦੋਵੇਂ) ਸੂਰਮੇ ਬਹੁਤ ਬਲਵਾਨ ਹਨ। ਜਿਸ ਦਿਨ ਇਹ ਰਣ-ਭੂਮੀ ਰਚਾ ਦੇਣਗੇ,

ਬਿਨੁ ਇਕ ਨ੍ਰਿਪਤਿ ਨਿਗ੍ਰਹ ਬਿਨਾ ਅਉਰ ਜੀਅ ਨ ਲੈ ਬਚਿ ਹੈ ॥੧੮੯॥

ਹੇ ਰਾਜਨ! ਬਿਨਾ ਇਕ 'ਨਿਗ੍ਰਹ' ਤੋਂ ਹੋਰ ਕੋਈ ਜੀਊਂਦਾ ਨਹੀਂ ਬਚੇਗਾ ॥੧੮੯॥

ਪਵਨ ਬੇਗ ਰਥ ਚਲਤ ਸੁ ਛਬਿ ਸਾਵਜ ਤੜਤਾ ਕ੍ਰਿਤ ॥

ਪੌਣ ਦੇ ਵੇਗ ਵਾਂਗ (ਜਿਸ ਦਾ) ਰਥ ਚਲਦਾ ਹੈ ਅਤੇ ਜੋ ਹਾਥੀ ('ਸਾਵਜ') ਦੀ ਛਬੀ ਵਾਲਾ ਅਤੇ ਬਿਜਲੀ ਦੀ ਫੁਰਤੀ ਵਾਲਾ ਹੈ।

ਗਿਰਤ ਧਰਨ ਸੁੰਦਰੀ ਨੈਕ ਜਿਹ ਦਿਸਿ ਫਿਰਿ ਝਾਕਤ ॥

(ਉਹ) ਜਿਸ ਪਾਸੇ ਵਲ ਜ਼ਰਾ ਜਿੰਨਾ ਫਿਰ ਕੇ ਝਾਕਦਾ ਹੈ, ਸੁੰਦਰ ਇਸਤਰੀਆਂ (ਮੋਹਿਤ ਹੋ ਕੇ) ਧਰਤੀ ਉਤੇ ਡਿਗ ਪੈਂਦੀਆਂ ਹਨ।

ਮਦਨ ਮੋਹ ਮਨ ਰਹਤ ਮਨੁਛ ਦੇਖਿ ਛਬਿ ਲਾਜਤ ॥

ਕਾਮਦੇਵ (ਮਨ ਵਿਚ) ਮੋਹਿਆ ਰਹਿੰਦਾ ਹੈ ਅਤੇ (ਉਸ ਦੀ) ਛਬੀ ਨੂੰ ਵੇਖ ਕੇ ਮਨੁੱਖ (ਮਨ ਵਿਚ) ਲਜਿਤ ਹੁੰਦਾ ਹੈ।

ਉਪਜਤ ਹੀਯ ਹੁਲਾਸ ਨਿਰਖਿ ਦੁਤਿ ਕਹ ਦੁਖ ਭਾਜਤ ॥

(ਉਸ ਦੀ) ਦੁਤੀ (ਚਮਕ) ਨੂੰ ਵੇਖ ਕੇ ਹਿਰਦੇ ਵਿਚ ਹੁਲਾਸ ਪੈਦਾ ਹੁੰਦਾ ਹੈ ਅਤੇ ਦੁਖ ਭਜ ਜਾਂਦੇ ਹਨ।

ਇਮਿ ਕਪਟ ਦੇਵ ਅਨਜੇਵ ਨ੍ਰਿਪੁ ਜਿਦਿਨ ਝਟਕ ਦੈ ਧਾਇ ਹੈ ॥

ਇਸ ਤਰ੍ਹਾਂ ਦਾ ਨਾ ਜਿਤਿਆ ਜਾ ਸਕਣ ਵਾਲਾ 'ਕਪਟ ਦੇਵ' ਰਾਜਾ ਹੈ। (ਉਹ) ਜਿਸ ਦਿਨ ਝਟਕਾ ਦੇ ਕੇ ਧਾਵਾ ਕਰੇਗਾ,

ਬਿਨੁ ਏਕ ਸਾਤਿ ਸੁਨਹੋ ਨ੍ਰਿਪਤਿ ਸੁ ਅਉਰ ਕਵਨ ਸਮੁਹਾਇ ਹੈ ॥੧੯੦॥

ਹੇ ਰਾਜਨ! ਸੁਣ ਲਵੋ, ਬਿਨਾ ਇਕ 'ਸਾਂਤਿ' ਦੇ ਹੋਰ ਕੌਣ ਉਸ ਦੇ ਸਾਹਮਣੇ ਆਏਗਾ ॥੧੯੦॥