ਸ਼੍ਰੀ ਦਸਮ ਗ੍ਰੰਥ

ਅੰਗ - 1273


ਕੁਅਰ ਬਿਲੋਕ ਥਕਿਤ ਹ੍ਵੈ ਰਹੀ ॥

ਉਹ ਕੁਮਾਰ ਨੂੰ ਵੇਖ ਕੇ ਨਿਢਾਲ ਹੋ ਗਈ।

ਹੌਸ ਮਿਲਨ ਕੀ ਹ੍ਰਿਦੈ ਬਢਾਈ ॥

(ਉਸ ਨੂੰ) ਮਿਲਣ ਦੀ ਇੱਛਾ ਹਿਰਦੇ ਵਿਚ ਵਧਾ ਲਈ।

ਏਕ ਸਹਚਰੀ ਤਹਾ ਪਠਾਈ ॥੫॥

ਇਕ ਸਖੀ ਉਸ (ਕੁਮਾਰ ਪਾਸ) ਭੇਜੀ ॥੫॥

ਸਖੀ ਕੁਅਰ ਤਨ ਬ੍ਰਿਥਾ ਜਨਾਈ ॥

ਸਖੀ ਨੇ ਕੁਮਾਰ ਨੂੰ ਸਾਰੀ ਗੱਲ ਦਸੀ

ਸਾਹ ਸੁਤਾ ਤਵ ਹੇਰਿ ਲੁਭਾਈ ॥

ਕਿ ਸ਼ਾਹ ਦੀ ਪੁੱਤਰੀ ਤੈਨੂੰ ਵੇਖ ਕੇ ਮੋਹਿਤ ਹੋ ਗਈ ਹੈ।

ਕਰਹੁ ਸਜਨ ਤਿਹ ਧਾਮ ਪਯਾਨਾ ॥

ਹੇ ਸੱਜਨ! ਉਸ ਦੇ ਘਰ ਨੂੰ ਚਲੋ

ਭੋਗ ਕਰੋ ਵਾ ਸੌ ਬਿਧਿ ਨਾਨਾ ॥੬॥

ਅਤੇ ਉਸ ਨਾਲ ਕਈ ਪ੍ਰਕਾਰ ਦੀ ਰਤੀ-ਕ੍ਰੀੜਾ ਕਰੋ ॥੬॥

ਦ੍ਵੈ ਹੈਗੇ ਇਹ ਨਗਰ ਖੁਦਾਈ ॥

(ਕੁਮਾਰ ਨੇ ਸਖੀ ਹੱਥ ਸੁਨੇਹਾ ਭੇਜਿਆ ਕਿ) ਇਸ ਨਗਰ ਵਿਚ ਦੋ ਮੌਲਾਣੇ ('ਖੁਦਾਈ') ਹਨ।

ਤਿਨ ਦੁਹੂੰਅਨ ਮੌ ਰਾਰਿ ਬਢਾਈ ॥

ਉਨ੍ਹਾਂ ਦੋਹਾਂ ਨੇ ਮੇਰੇ ਨਾਲ ਝਗੜਾ ਵਧਾਇਆ ਹੋਇਆ ਹੈ।

ਜੌ ਤੂ ਦੁਹੂੰ ਜਿਯਨ ਤੈ ਮਾਰੈ ॥

ਜੇ ਤੂੰ ਉਨ੍ਹਾਂ ਦੋਹਾਂ ਨੂੰ ਜਾਨੋ ਮਾਰ ਦੇਵੇਂ,

ਬਹੁਰਿ ਹਮਾਰੋ ਸਾਥ ਬਿਹਾਰੈ ॥੭॥

ਤਾਂ ਫਿਰ ਮੇਰੇ ਨਾਲ ਰਮਣ ਕਰੀਂ ॥੭॥

ਸੁਨਿ ਬਚ ਭੇਸ ਤੁਰਕ ਤ੍ਰਿਯ ਧਰਾ ॥

(ਇਹ) ਗੱਲ ਸੁਣ ਕੇ ਕੁਮਾਰੀ ਨੇ ਤੁਰਕ ਦਾ ਭੇਸ ਧਾਰਨ ਕੀਤਾ

ਬਾਨਾ ਵਹੈ ਆਪਨੋ ਕਰਾ ॥

ਅਤੇ ਆਪਣਾ ਉਹੀ ਬਾਣਾ ਬਣਾ ਲਿਆ।

ਗਹਿ ਕ੍ਰਿਪਾਨ ਤਿਹ ਕਿਯੋ ਪਯਾਨਾ ॥

(ਉਸ ਨੇ) ਕ੍ਰਿਪਾਨ ਪਕੜ ਕੇ ਉਥੋਂ ਲਈ ਪ੍ਰਸਥਾਨ ਕੀਤਾ

ਜਹਾ ਨਿਮਾਜੀ ਪੜਤ ਦੁਗਾਨਾ ॥੮॥

ਜਿਥੇ ਨਮਾਜ਼ੀ ਨਮਾਜ਼ ਪੜ੍ਹ ਰਹੇ ਸਨ ॥੮॥

ਜਬ ਹੀ ਪੜੀ ਨਿਮਾਜ ਤਿਨੋ ਸਬ ॥

ਜਦ ਉਨ੍ਹਾਂ ਸਭ ਨੇ ਨਮਾਜ਼ ਪੜ੍ਹ ਲਈ

ਸਿਜਦਾ ਬਿਖੈ ਸੁ ਗਏ ਤੁਰਕ ਜਬ ॥

ਅਤੇ ਜਦ (ਉਹ) ਤੁਰਕ ਸਿਜਦਾ (ਪ੍ਰਨਾਮ) ਕਰਨ ਲਗੇ।

ਤਬ ਇਹ ਘਾਤ ਭਲੀ ਕਰਿ ਪਾਈ ॥

ਤਦ ਇਹ ਚੰਗਾ ਮੌਕਾ ਤਾੜ ਕੇ

ਕਾਟਿ ਮੂੰਡ ਦੁਹੂੰਅਨ ਕੇ ਆਈ ॥੯॥

ਦੋਹਾਂ ਦੇ ਸਿਰ ਕਟ ਕੇ ਆ ਗਈ ॥੯॥

ਇਹ ਬਿਧਿ ਦੋਊ ਖੁਦਾਈ ਮਾਰੇ ॥

ਇਸ ਤਰ੍ਹਾਂ ਦੋਵੇਂ ਮੌਲਾਣੇ ਮਾਰ ਦਿੱਤੇ

ਰਮੀ ਆਨਿ ਕਰਿ ਸਾਥ ਪ੍ਯਾਰੇ ॥

ਅਤੇ ਪਿਆਰੇ ਨਾਲ ਆ ਕੇ ਰਮਣ ਕੀਤਾ।

ਭੇਦ ਅਭੇਦ ਨ ਕਿਨੀ ਬਿਚਾਰਾ ॥

ਕਿਸੇ ਨੇ ਵੀ ਭੇਦ ਅਭੇਦ ਨਾ ਵਿਚਾਰਿਆ

ਕਿਨਹੀ ਦੁਸਟ ਕਹਿਯੋ ਇਨ ਮਾਰਾ ॥੧੦॥

ਅਤੇ ਕਹਿੰਦੇ ਰਹੇ ਕਿ ਕਿਸੇ ਦੁਸ਼ਟ ਨੇ ਇਨ੍ਹਾਂ ਨੂੰ ਮਾਰਿਆ ਹੈ ॥੧੦॥

ਦੋਹਰਾ ॥

ਦੋਹਰਾ:

ਮਾਰਿ ਖੁਦਾਇਨ ਦੁਹੂੰ ਕਹ ਬਰਿਯੋ ਆਨਿ ਕਰ ਮਿਤ ॥

ਦੋਹਾਂ ਮੌਲਾਣਿਆਂ ਨੂੰ ਮਾਰ ਕੇ ਆਪਣੇ ਮਿਤਰ ਨੂੰ ਆ ਕੇ ਵਰਿਆ।

ਦੇਵ ਅਦੇਵ ਨ ਪਾਵਹੀ ਅਬਲਾਨ ਕੇ ਚਰਿਤ ॥੧੧॥

ਦੇਵਤੇ ਅਤੇ ਦੈਂਤ ਇਸਤਰੀਆਂ ਦੇ ਚਰਿਤ੍ਰ ਨੂੰ ਨਹੀਂ ਸਮਝ ਸਕਦੇ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੩॥੬੦੯੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੩॥੬੦੯੫॥ ਚਲਦਾ॥

ਚੌਪਈ ॥

ਚੌਪਈ:

ਮੰਤ੍ਰੀ ਕਥਾ ਉਚਾਰਨ ਲਾਗਾ ॥

ਮੰਤ੍ਰੀ (ਫਿਰ ਇਕ) ਕਥਾ ਦਾ ਉਚਾਰਨ ਕਰਨ ਲਗਾ

ਜਾ ਕੇ ਰਸ ਰਾਜਾ ਅਨੁਰਾਗਾ ॥

ਜਿਸ ਦੇ ਰਸ ਵਿਚ ਰਾਜਾ ਮਗਨ ਸੀ।

ਸੂਰਤਿ ਸੈਨ ਨ੍ਰਿਪਤਿ ਇਕ ਸੂਰਤਿ ॥

ਸੂਰਤ ਵਿਚ ਸੂਰਤਿ ਸੈਨ ਨਾਂ ਦਾ ਇਕ ਰਾਜਾ ਸੀ।

ਜਾਨੁਕ ਦੁਤਿਯ ਮੈਨ ਕੀ ਮੂਰਤਿ ॥੧॥

ਮਾਨੋ ਕਾਮ ਦੇਵ ਦੀ ਦੂਜੀ ਮੂਰਤ ਹੋਵੇ ॥੧॥

ਅਛ੍ਰਾ ਦੇਇ ਸਦਨ ਤਿਹ ਨਾਰੀ ॥

ਅਛ੍ਰਾ ਦੇਈ ਨਾਂ ਦੀ ਉਸ ਦੇ ਘਰ ਇਸਤਰੀ ਸੀ,

ਕਨਕ ਅਵਟਿ ਸਾਚੈ ਜਨ ਢਾਰੀ ॥

ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ।

ਅਪਸਰ ਮਤੀ ਸੁਤਾ ਤਿਹ ਸੋਹੈ ॥

ਅਪਸਰ ਮਤੀ ਉਨ੍ਹਾਂ ਦੀ ਪੁੱਤਰੀ ਹੁੰਦੀ ਸੀ

ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

(ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਆਦਿ ਦੇ ਮਨ ਮੋਹੇ ਜਾਂਦੇ ਸਨ ॥੨॥

ਸੁਰਿਦ ਸੈਨ ਇਕ ਸਾਹ ਪੁਤ੍ਰ ਤਹ ॥

ਉਥੇ ਸੁਰਿਦ ਸੈਨ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ

ਜਿਹ ਸਮ ਦੂਸਰ ਭਯੋ ਨ ਮਹਿ ਮਹ ॥

ਜਿਸ ਵਰਗਾ ਧਰਤੀ ਉਤੇ ਕੋਈ ਦੂਜਾ ਨਹੀਂ ਹੋਇਆ।

ਰਾਜ ਸੁਤਾ ਤਿਹ ਊਪਰ ਅਟਕੀ ॥

ਰਾਜ ਕੁਮਾਰੀ ਉਸ ਉਤੇ ਮੋਹਿਤ ਹੋ ਗਈ।

ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੩॥

(ਉਹ) ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੩॥

ਚਤੁਰਿ ਸਹਚਰੀ ਤਹਾ ਪਠਾਈ ॥

(ਰਾਜ ਕੁਮਾਰੀ ਨੇ ਇਕ) ਸਿਆਣੀ ਸਖੀ ਨੂੰ ਉਥੇ ਭੇਜਿਆ।

ਨਾਰਿ ਭੇਸ ਕਰਿ ਤਿਹ ਲੈ ਆਈ ॥

(ਉਹ) ਉਸ ਨੂੰ ਨਾਰੀ ਦਾ ਭੇਸ ਬਣਾ ਕੇ ਉਥੇ ਲੈ ਆਈ।

ਜਬ ਵਹੁ ਤਰੁਨ ਤਰੁਨਿਯਹਿ ਪਾਯੋ ॥

ਜਦ ਉਸ ਜਵਾਨ ਨੂੰ ਰਾਜ ਕੁਮਾਰੀ ਨੇ ਪ੍ਰਾਪਤ ਕੀਤਾ

ਭਾਤਿ ਭਾਤਿ ਭਜਿ ਗਰੇ ਲਗਾਯੋ ॥੪॥

ਤਾਂ ਕਈ ਤਰ੍ਹਾਂ ਨਾਲ ਰਤੀ-ਕ੍ਰੀੜਾ ਕਰ ਕੇ (ਉਸ ਨੂੰ) ਗਲੇ ਨਾਲ ਲਗਾਇਆ ॥੪॥

ਭਾਤਿ ਭਾਤਿ ਕੇ ਆਸਨ ਲੈ ਕੈ ॥

ਭਾਂਤ ਭਾਂਤ ਦੇ ਆਸਣ ਲੈ ਕੇ

ਭਾਤਿ ਭਾਤਿ ਤਨ ਚੁੰਬਨ ਕੈ ਕੈ ॥

ਅਤੇ ਤਰ੍ਹਾਂ ਤਰ੍ਹਾਂ ਦੇ ਚੁੰਬਨ ਕਰ ਕੇ,

ਤਿਹ ਤਿਹ ਬਿਧਿ ਤਾ ਕੋ ਬਿਰਮਾਯੋ ॥

ਉਸ ਨੂੰ ਅਨੇਕ ਢੰਗਾਂ ਨਾਲ ਭਰਮਾਇਆ

ਗ੍ਰਿਹ ਜੈਬੋ ਤਿਨਹੂੰ ਸੁ ਭੁਲਾਯੋ ॥੫॥

ਕਿ ਉਸ ਨੂੰ ਘਰ ਜਾਣਾ ਭੁਲਾ ਦਿੱਤਾ ॥੫॥