ਸ਼੍ਰੀ ਦਸਮ ਗ੍ਰੰਥ

ਅੰਗ - 130


ਰਾਗ ਰੰਗਿ ਜਿਹ ਰੇਖ ਨ ਰੂਪੰ ॥

ਜਿਸ ਦਾ ਕੋਈ ਰਾਗ ਰੰਗ ਰੂਪ ਅਤੇ ਰੇਖਾ ਨਹੀਂ ਹੈ।

ਰੰਕ ਭਯੋ ਰਾਵਤ ਕਹੂੰ ਭੂਪੰ ॥

(ਤੁਸੀਂ) ਕਿਤੇ ਕੰਗਾਲ, ਕਿਤੇ ਸਰਦਾਰ, ਕਿਤੇ ਰਾਜਾ ਹੋ,

ਕਹੂੰ ਸਮੁੰਦ੍ਰ ਸਰਤਾ ਕਹੂੰ ਕੂਪੰ ॥੭॥੨੭॥

ਕਿਤੇ ਸਮੁੰਦਰ, ਕਿਤੇ ਨਦੀ, ਕਿਤੇ ਖੂਹ ਦੇ ਸਮਾਨ ਹੋ ॥੭॥੨੭॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ:

ਸਰਤਾ ਕਹੂੰ ਕੂਪੰ ਸਮੁਦ ਸਰੂਪੰ ਅਲਖ ਬਿਭੂਤੰ ਅਮਿਤ ਗਤੰ ॥

(ਹੇ ਪ੍ਰਭੂ! ਤੁਸੀਂ) ਕਿਤੇ ਨਦੀ, ਕਿਤੇ ਖੂਹ, ਕਿਤੇ ਸਮੁੰਦਰ ਦੇ ਸਰੂਪ ਵਾਲੇ ਹੋ, ਨਾ ਲਖੀ ਜਾ ਸਕਣ ਵਾਲੀ ਵਿਭੂਤੀ ਅਤੇ ਅਸੀਮ ਗਤਿ ਵਾਲੇ ਹੋ,

ਅਦ੍ਵੈ ਅਬਿਨਾਸੀ ਪਰਮ ਪ੍ਰਕਾਸੀ ਤੇਜ ਸੁਰਾਸੀ ਅਕ੍ਰਿਤ ਕ੍ਰਿਤੰ ॥

ਦ੍ਵੈਤ ਤੋਂ ਰਹਿਤ, ਅਵਿਨਾਸ਼ੀ, ਪਰਮ ਪ੍ਰਕਾਸ਼ ਵਾਲੇ, ਤੇਜ ਦੀ ਰਾਸ਼ੀ ਵਾਲੇ ਅਤੇ (ਕਿਸੇ ਦੁਆਰਾ) ਨਾ ਬਣਾਏ ਗਏ ਹੋ,

ਜਿਹ ਰੂਪ ਨ ਰੇਖੰ ਅਲਖ ਅਭੇਖੰ ਅਮਿਤ ਅਦ੍ਵੈਖੰ ਸਰਬ ਮਈ ॥

ਜਿਸ ਦਾ ਕੋਈ ਰੂਪ ਅਤੇ ਰੇਖਾ ਨਹੀਂ ਹੈ, ਜੋ ਅਲੱਖ, ਅਭੇਖ, ਅਮਿਤ, ਦ੍ਵੈਸ਼ਰਹਿਤ ਅਤੇ ਸਰਬ-ਮਈ ਹੈ,

ਸਭ ਕਿਲਵਿਖ ਹਰਣੰ ਪਤਿਤ ਉਧਰਣੰ ਅਸਰਣਿ ਸਰਣੰ ਏਕ ਦਈ ॥੮॥੨੮॥

(ਉਹ ਤੁਸੀਂ) ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੇ, ਪਤਿਤਾਂ ਦਾ ਉੱਧਾਰ ਕਰਨ ਵਾਲੇ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਇਕ ਮਾਤਰ ਦੇਵ ਹੋ ॥੮॥੨੮॥

ਕਲਸ ॥

ਕਲਸ।

ਆਜਾਨੁ ਬਾਹੁ ਸਾਰੰਗ ਕਰ ਧਰਣੰ ॥

(ਹੇ ਪ੍ਰਭੂ! ਤੁਸੀਂ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ, ਹੱਥ ਵਿਚ ਸਾਰੰਗ ਧਨੁਸ਼ ਨੂੰ ਧਾਰਨ ਕਰਨ ਵਾਲੇ,

ਅਮਿਤ ਜੋਤਿ ਜਗ ਜੋਤ ਪ੍ਰਕਰਣੰ ॥

ਅਮਿਤ ਜੋਤਿ ਵਾਲੇ, ਜਗਤ ਵਿਚ ਪ੍ਰਕਾਸ਼ ਕਰਨ ਵਾਲੇ,

ਖੜਗ ਪਾਣ ਖਲ ਦਲ ਬਲ ਹਰਣੰ ॥

ਹੱਥ ਵਿਚ ਖੜਗ ਧਾਰਨ ਕਰਨ ਵਾਲੇ, ਦੁਸ਼ਟਾਂ ਦਾ ਬਲ ਹਰਨ ਵਾਲੇ,

ਮਹਾਬਾਹੁ ਬਿਸ੍ਵੰਭਰ ਭਰਣੰ ॥੯॥੨੯॥

ਵੱਡੀਆਂ ਬਾਂਹਵਾਂ ਵਾਲੇ ਅਤੇ ਸੰਪੂਰਨ ਵਿਸ਼ਵ ਨੂੰ ਭਰਨ ਵਾਲੇ ਹੋ ॥੯॥੨੯॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ:

ਖਲ ਦਲ ਬਲ ਹਰਣੰ ਦੁਸਟ ਬਿਦਰਣੰ ਅਸਰਣ ਸਰਣੰ ਅਮਿਤ ਗਤੰ ॥

(ਹੇ ਪ੍ਰਭੂ! ਤੁਸੀਂ) ਨੀਚਾਂ ਦੇ ਦਲ ਨੂੰ ਹਰਨ ਵਾਲੇ, ਦੁਸ਼ਟਾਂ ਨੂੰ ਨਸ਼ਟ ਕਰਨ ਵਾਲੇ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਅਸੀਮ ਗਤਿ ਵਾਲੇ ਹੋ।

ਚੰਚਲ ਚਖ ਚਾਰਣ ਮਛ ਬਿਡਾਰਣ ਪਾਪ ਪ੍ਰਹਾਰਣ ਅਮਿਤ ਮਤੰ ॥

(ਤੁਹਾਡੇ) ਚੰਚਲ ਨੇਤਰ ਮੱਛਲੀਆਂ ਦੀ ਚਾਲ ਨੂੰ ਮਾਤ ਪਾਉਣ ਵਾਲੇ ਹਨ। (ਤੁਸੀਂ) ਪਾਪਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਵਾਲੇ ਅਤੇ ਅਸੀਮ ਮਤ ਵਾਲੇ ਹੋ।

ਆਜਾਨ ਸੁ ਬਾਹੰ ਸਾਹਨ ਸਾਹੰ ਮਹਿਮਾ ਮਾਹੰ ਸਰਬ ਮਈ ॥

(ਤੁਸੀਂ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ, ਬਾਦਸ਼ਾਹਾਂ ਦੇ ਬਾਦਸ਼ਾਹ, ਸਭ ਵਿਚ (ਆਪਣੀ) ਮਹਿਮਾ ਨੂੰ ਵਿਆਪਤ ਕਰਨ ਵਾਲੇ ਹੋ।

ਜਲ ਥਲ ਬਨ ਰਹਿਤਾ ਬਨ ਤ੍ਰਿਨਿ ਕਹਿਤਾ ਖਲ ਦਲਿ ਦਹਿਤਾ ਸੁ ਨਰਿ ਸਹੀ ॥੧੦॥੩੦॥

(ਤੁਸੀਂ) ਜਲਾਂ, ਥਲਾਂ, ਬਨਾਂ ਵਿਚ ਸਥਿਤ, ਬਨਾਂ ਦੇ ਕੱਖਾਂ ਦੁਆਰਾ ਆਰਾਧੇ ਜਾਣ ਵਾਲੇ, ਨੀਚਾਂ ਦੇ ਦਲਾਂ ਨੂੰ ਸਾੜਨ ਵਾਲੇ ਪਰਮ ਪੁਰਸ਼ ਹੋ ॥੧੦॥੩੦॥

ਕਲਸ ॥

ਕਲਸ।

ਅਤਿ ਬਲਿਸਟ ਦਲ ਦੁਸਟ ਨਿਕੰਦਨ ॥

(ਹੇ ਪ੍ਰਭੂ! ਤੁਸੀਂ) ਬਹੁਤ ਬਲਵਾਨ ਅਤੇ ਦੁਸ਼ਟਾਂ ਦੇ ਦਲਾਂ ਨੂੰ ਨਸ਼ਟ ਕਰਨ ਵਾਲੇ (ਨਿਕੰਦਨ)

ਅਮਿਤ ਪ੍ਰਤਾਪ ਸਗਲ ਜਗ ਬੰਦਨ ॥

ਅਮਿਤ ਪ੍ਰਤਾਪ ਵਾਲੇ, ਸਾਰੇ ਜਗਤ ਦੁਆਰਾ ਬੰਦਨਾ-ਯੋਗ ਹੋ।

ਸੋਹਤ ਚਾਰੁ ਚਿਤ੍ਰ ਕਰ ਚੰਦਨ ॥

(ਤੁਹਾਡੇ ਮੱਥੇ ਉਤੇ) ਚੰਦਨ ਦਾ ਸੁੰਦਰ ਤਿਲਕ ਸੁਸ਼ੋਭਿਤ ਹੈ।

ਪਾਪ ਪ੍ਰਹਾਰਣ ਦੁਸਟ ਦਲ ਦੰਡਨ ॥੧੧॥੩੧॥

(ਤੁਸੀਂ) ਪਾਪਾਂ ਨੂੰ ਹਰਨ ਵਾਲੇ ਅਤੇ ਦੁਸ਼ਟਾਂ ਦੇ ਦਲਾਂ ਨੂੰ ਦੰਡ ਦੇਣ ਵਾਲੇ ਹੋ ॥੧੧॥੩੧॥

ਛਪੈ ਛੰਦ ॥

ਛਪੈ ਛੰਦ:

ਬੇਦ ਭੇਦ ਨਹੀ ਲਖੈ ਬ੍ਰਹਮ ਬ੍ਰਹਮਾ ਨਹੀ ਬੁਝੈ ॥

ਹੇ ਬ੍ਰਹਮ! (ਤੇਰੇ) ਭੇਦ ਨੂੰ ਵੇਦ ਅਤੇ ਬ੍ਰਹਮਾ ਨਹੀਂ ਜਾਣਦੇ;

ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਨ ਸੁਝੈ ॥

(ਤੇਰਾ) ਅੰਤ ਵਿਆਸ, ਪਰਾਸ਼ਰ, ਸੁਕਦੇਵ, ਨੰਦੀ ਸਹਿਤ ਸ਼ਿਵ ਨੂੰ ਨਹੀਂ ਸੁਝਿਆ;

ਸਨਤਿ ਕੁਆਰ ਸਨਕਾਦਿ ਸਰਬ ਜਉ ਸਮਾ ਨ ਪਾਵਹਿ ॥

ਸਾਰੇ ਸਨਤਕੁਮਾਰ, ਸਨਕਾਦਿ (ਤੇਰਾ) ਅੰਤ ਨਹੀਂ ਪਾ ਸਕੇ;

ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤ ਬਤਾਵਹਿ ॥

ਲੱਖਾਂ ਲੱਛਮੀਆਂ, ਲੱਖਾਂ ਵਿਸ਼ਣੂ ਅਤੇ ਕਈ ਕ੍ਰਿਸ਼ਨ (ਤੈਨੂੰ) ਨੇਤਿ ਨੇਤਿ ਦਸਦੇ ਹਨ।

ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਿ ਥਲਿ ਕਰਣ ॥

(ਹੇ) ਆਪਣੇ ਆਪ ਹੋਂਦ ਵਿਚ ਆਉਣ ਵਾਲੇ (ਅਸੰਭ) ਅਨੁਭਵ ਦੁਆਰਾ ਪ੍ਰਕਾਸ਼ਿਤ ਹੋਣ ਵਾਲੇ, ਬਹੁਤ ਬਲਵਾਨ ਅਤੇ ਜਲ-ਥਲ ਨੂੰ ਕਰਨ ਵਾਲੇ,

ਅਚੁਤ ਅਨੰਤ ਅਦ੍ਵੈ ਅਮਿਤ ਨਾਥ ਨਿਰੰਜਨ ਤਵ ਸਰਣ ॥੧॥੩੨॥

ਅਟਲ, ਅਨੰਤ, ਅਦ੍ਵੈਤ, ਅਸੀਮ, ਨਾਥਾਂ ਦੇ ਨਾਥ ਅਤੇ ਮਾਇਆ ਦੇ ਪ੍ਰਭਾਵ ਤੋਂ ਪਰੇ (ਪ੍ਰਭੂ! ਮੈਂ) ਤੇਰੀ ਸ਼ਰਨ ਵਿਚ ਹਾਂ ॥੧॥੩੨॥

ਅਚੁਤ ਅਭੈ ਅਭੇਦ ਅਮਿਤ ਆਖੰਡ ਅਤੁਲ ਬਲ ॥

(ਹੇ ਪ੍ਰਭੂ! ਤੁਸੀਂ) ਅਡਿਗ, ਭੈ-ਰਹਿਤ, ਭੇਦ-ਰਹਿਤ, ਅਸੀਮ, ਅਖੰਡ, ਅਤੁਲ ਬਲ ਵਾਲੇ,

ਅਟਲ ਅਨੰਤ ਅਨਾਦਿ ਅਖੈ ਅਖੰਡ ਪ੍ਰਬਲ ਦਲ ॥

ਅਟਲ, ਅਨੰਤ, ਅਨਾਦਿ, ਨਾ ਨਸ਼ਟ ਹੋਣ ਵਾਲੇ, ਅਖੰਡ, ਪ੍ਰਬਲ ਸ਼ਕਤੀ ਵਾਲੇ,

ਅਮਿਤ ਅਮਿਤ ਅਨਤੋਲ ਅਭੂ ਅਨਭੇਦ ਅਭੰਜਨ ॥

ਅਸੀਮ ਮਰਯਾਦਾ ਵਾਲੇ, ਤੋਲ ਤੋਂ ਰਹਿਤ, ਤੱਤ੍ਵਾਂ ਤੋਂ ਪਰੇ ('ਅਭੂ') ਭੇਦ ਤੋਂ ਮੁਕਤ ਅਤੇ ਭੰਜਨ ਤੋਂ ਰਹਿਤ,

ਅਨਬਿਕਾਰ ਆਤਮ ਸਰੂਪ ਸੁਰ ਨਰ ਮੁਨ ਰੰਜਨ ॥

ਨਿਰਵਿਕਾਰ, ਆਤਮ-ਸਰੂਪ, ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਨੂੰ ਪ੍ਰਸੰਨ ਕਰਨ ਵਾਲੇ,

ਅਬਿਕਾਰ ਰੂਪ ਅਨਭੈ ਸਦਾ ਮੁਨ ਜਨ ਗਨ ਬੰਦਤ ਚਰਨ ॥

ਵਿਕਾਰ ਤੋਂ ਰਹਿਤ ਰੂਪ ਵਾਲੇ, ਭੈ-ਰਹਿਤ, ਸਦਾ ਮੁਨੀ ਗਣ ਦੁਆਰਾ ਚਰਨਾਂ ਦੀ ਬੰਦਨਾਂ ਕਰਵਾਉਣ ਵਾਲੇ,

ਭਵ ਭਰਨ ਕਰਨ ਦੁਖ ਦੋਖ ਹਰਨ ਅਤਿ ਪ੍ਰਤਾਪ ਭ੍ਰਮ ਭੈ ਹਰਨ ॥੨॥੩੩॥

ਜਗਤ ਦਾ ਪਾਲਣ-ਪੋਸ਼ਣ ਕਰਨ ਵਾਲੇ, ਦੁਖਾਂ-ਕਸ਼ਟਾਂ ਨੂੰ ਹਰਨ ਵਾਲੇ, ਅਤਿ ਅਧਿਕ ਪ੍ਰਤਾਪ ਵਾਲੇ ਅਤੇ ਭੈ ਤੇ ਭਰਮ ਨੂੰ ਨਸ਼ਟ ਕਰਨ ਵਾਲੇ ਹੋ ॥੨॥੩੩॥

ਛਪੈ ਛੰਦ ॥ ਤ੍ਵਪ੍ਰਸਾਦਿ ॥

ਛਪੈ ਛੰਦ: ਤੇਰੀ ਕ੍ਰਿਪਾ ਨਾਲ:

ਮੁਖ ਮੰਡਲ ਪਰ ਲਸਤ ਜੋਤਿ ਉਦੋਤ ਅਮਿਤ ਗਤਿ ॥

(ਤੇਰੇ) ਮੁਖ-ਮੰਡਲ ਉਤੇ ਅਮਿਤ ਗਤਿ ਵਾਲੀ ਜੋਤਿ ਚਮਕ ਰਹੀ ਹੈ,

ਜਟਤ ਜੋਤ ਜਗਮਗਤ ਲਜਤ ਲਖ ਕੋਟਿ ਨਿਖਤਿ ਪਤਿ ॥

(ਤੇਰੀ) ਜੋਤਿ ਦੀ ਫਬ ਰਹੀ ਜਗਮਗਾਹਟ ਨੂੰ ਵੇਖ ਕੇ ਕਰੋੜਾਂ ਚੰਦ੍ਰਮਾ (ਨਿਖਤਿ-ਪਤਿ) ਲਜਿਤ ਹੋ ਰਹੇ ਹਨ,

ਚਕ੍ਰਵਰਤੀ ਚਕ੍ਰਵੈ ਚਕ੍ਰਤ ਚਉਚਕ੍ਰ ਕਰਿ ਧਰਿ ॥

ਚੌਹਾਂ ਚਕ੍ਰਾਂ ਨੂੰ ਹੱਥ ਵਿਚ ਧਾਰਨ ਕੀਤੇ ਵੇਖ ਕੇ ਚਕ੍ਰਵਰਤੀ ਰਾਜੇ ਵੀ ਹੈਰਾਨ ਹੋ ਰਹੇ ਹਨ।

ਪਦਮ ਨਾਥ ਪਦਮਾਛ ਨਵਲ ਨਾਰਾਇਣ ਨਰਿਹਰਿ ॥

ਲਕਸ਼ਮੀ ਦੇ ਸੁਆਮੀ, ਕਮਲ ਵਰਗੀਆਂ ਅੱਖਾਂ ਵਾਲੇ, ਨਿੱਤ ਨਵੇਂ ਨਰ-ਹਰਿ ਨਾਰਾਇਣ ਰੂਪ ਵਾਲੇ,

ਕਾਲਖ ਬਿਹੰਡਣ ਕਿਲਵਿਖ ਹਰਣ ਸੁਰ ਨਰ ਮੁਨ ਬੰਦਤ ਚਰਣ ॥

ਕਾਲਖ ਦੂਰ ਕਰਨ ਵਾਲੇ, ਪਾਪਾਂ ਨੂੰ ਨਸ਼ਟ ਕਰਨ ਵਾਲੇ, ਦੇਵਤਿਆਂ, ਮਨੁੱਖਾਂ, ਮਨੀਆਂ ਦੁਆਰਾ ਚਰਨ-ਬੰਦਿਤ,

ਖੰਡਣ ਅਖੰਡ ਮੰਡਣ ਅਭੈ ਨਮੋ ਨਾਥ ਭਉ ਭੈ ਹਰਣ ॥੩॥੩੪॥

ਅਖੰਡਾਂ ਨੂੰ ਖੰਡਣ ਵਾਲੇ, (ਫਿਰ ਉਨ੍ਹਾਂ ਨੂੰ) ਭੈ ਮੁਕਤ ਕਰ ਕੇ ਸਥਿਤ ਕਰਨ ਵਾਲੇ, ਭੈ ਅਤੇ ਡਰ ਨੂੰ ਦੂਰ ਕਰਨ ਵਾਲੇ (ਹੇ) ਨਾਥ। (ਮੈਂ) ਨਮਸਕਾਰ ਕਰਦਾ ਹੈ ॥੩॥੩੪॥

ਛਪੈ ਛੰਦ ॥

ਛਪੈ ਛੰਦ:

ਨਮੋ ਨਾਥ ਨ੍ਰਿਦਾਇਕ ਨਮੋ ਨਿਮ ਰੂਪ ਨਿਰੰਜਨ ॥

(ਹੇ) ਮਨੁੱਖਾਂ ਨੂੰ ਦੇਣ ਵਾਲੇ ('ਨ੍ਰਿਦਾਇਕ') ਸੁਆਮੀ! (ਤੈਨੂੰ) ਨਮਸਕਾਰ ਹੈ; ਨਿਮਰਤਾ ਰੂਪ ਨਿਰੰਜਨ ਨੂੰ ਨਮਸਕਾਰ ਹੈ,

ਅਗੰਜਾਣ ਅਗੰਜਣ ਅਭੰਜ ਅਨਭੇਦ ਅਭੰਜਨ ॥

ਨਾ ਨਸ਼ਟ ਹੋਣ ਵਾਲਿਆਂ ਦਾ ਨਾਸ਼ ਕਰਨ ਵਾਲੇ, ਨਾ ਝੁਕਾਏ ਜਾ ਸਕਣ ਵਾਲੇ, ਭੇਦ ਤੋਂ ਰਹਿਤ, ਨਾ ਭੰਨੇ ਜਾ ਸਕਣ ਵਾਲੇ,

ਅਛੈ ਅਖੈ ਅਬਿਕਾਰ ਅਭੈ ਅਨਭਿਜ ਅਭੇਦਨ ॥

ਹੋਂਦ ਵਿਚ ਨਾ ਆਉਣ ਵਾਲੇ ('ਅਛੈ') ਨਸ਼ਟ ਨਾ ਹੋਣ ਵਾਲ, ਵਿਕਰਿਤ ਨਾ ਹੋਣ ਵਾਲੇ, ਡਰ ਤੋਂ ਰਹਿਤ, ਨਿਰਲੇਪ, ਨਾ ਵਿੰਨ੍ਹੇ ਜਾ ਸਕਣ ਵਾਲੇ,

ਅਖੈਦਾਨ ਖੇਦਨ ਅਖਿਜ ਅਨਛਿਦ੍ਰ ਅਛੇਦਨ ॥

ਦੁਖਾਂ ਤੋਂ ਰਹਿਤ ਨੂੰ ਦੁਖ ਪਹੁੰਚਾਉਣ ਵਾਲੇ, ਨਾ ਖਿਝਣ ਵਾਲੇ, ਨਾ ਛੇਦੇ ਜਾ ਸਕਣ ਵਾਲੇ,


Flag Counter