ਸ਼੍ਰੀ ਦਸਮ ਗ੍ਰੰਥ

ਅੰਗ - 611


ਜਿਨਿ ਏਕ ਕੋ ਨ ਪਛਾਨ ॥

ਜਿਸ ਨੇ (ਉਸ) ਇਕ ਨੂੰ ਨਹੀਂ ਪਛਾਣਿਆ ਹੈ,

ਤਿਹ ਬ੍ਰਿਥਾ ਜਨਮ ਬਿਤਾਨ ॥੪॥

ਉਸ ਨੇ ਵਿਅਰਥ ਵਿਚ ਜਨਮ ਬਿਤਾ ਦਿੱਤਾ ਹੈ ॥੪॥

ਬਿਨੁ ਏਕ ਦੂਜ ਨ ਔਰ ॥

ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ

ਜਲ ਬਾ ਥਲੇ ਸਬ ਠਉਰ ॥

ਜਲ, ਥਲ ਅਤੇ ਸਭ ਥਾਂਵਾਂ ਵਿਚ ।

ਜਿਨਿ ਏਕ ਸਤਿ ਨ ਜਾਨ ॥

ਜਿਸ ਨੇ ਇਕ (ਪਰਮਾਤਮਾ) ਨੂੰ ਸਤਿ ਕਰ ਕੇ ਨਹੀਂ ਸਮਝਿਆ,

ਸੋ ਜੂਨਿ ਜੂਨਿ ਭ੍ਰਮਾਨ ॥੫॥

ਉਹ ਜੂਨਾਂ ਦਰ ਜੂਨਾਂ ਵਿਚ ਭਰਮਦਾ ਰਹਿੰਦਾ ਹੈ ॥੫॥

ਤਜਿ ਏਕ ਜਾਨਾ ਦੂਜ ॥

(ਜਿਹੜਾ) ਇਕ ਨੂੰ ਛਡ ਕੇ ਦੂਜੇ ਨੂੰ ਜਾਣਦਾ ਹੈ,

ਮਮ ਜਾਨਿ ਤਾਸੁ ਨ ਸੂਝ ॥

ਮੈਂ ਸਮਝਦਾ ਹਾਂ, ਉਸ ਵਿਚ ਸੂਝ ਨਹੀਂ ਹੈ।

ਤਿਹ ਦੂਖ ਭੂਖ ਪਿਆਸ ॥

ਉਸ ਨੂੰ ਦੁਖ, ਭੁਖ ਅਤੇ ਪਿਆਸ (ਸਦਾ ਘੇਰੀ ਰਖਦੀ ਹੈ)।

ਦਿਨ ਰੈਨਿ ਸਰਬ ਉਦਾਸ ॥੬॥

(ਉਹ) ਦਿਨ ਰਾਤ ਸਭ ਵੇਲੇ ਉਦਾਸ ਰਹਿੰਦਾ ਹੈ ॥੬॥

ਨਹਿੰ ਚੈਨ ਐਨ ਸੁ ਵਾਹਿ ॥

ਉਸ ਨੂੰ ਘਰ ਵਿਚ ਸੁਖ ਆਰਾਮ ਨਹੀਂ ਮਿਲੇਗਾ,

ਨਿਤ ਰੋਗ ਹੋਵਤ ਤਾਹਿ ॥

ਉਸ ਨੂੰ ਨਿੱਤ ਰੋਗ ਹੋਣਗੇ,

ਅਤਿ ਦੂਖ ਭੂਖ ਮਰੰਤ ॥

ਸਦਾ ਦੁਖ ਭੁਖ ਵਿਚ ਮਰੇਗਾ,

ਨਹੀ ਚੈਨ ਦਿਵਸ ਬਿਤੰਤ ॥੭॥

ਸੁਖ ਵਿਚ ਦਿਨ ਨਹੀਂ ਬੀਤਣਗੇ ॥੭॥

ਤਨ ਪਾਦ ਕੁਸਟ ਚਲੰਤ ॥

ਉਸ ਦੇ ਪੈਰਾਂ ਤੇ ਕੋਹੜ ਹੋ ਜਾਵੇਗਾ

ਬਪੁ ਗਲਤ ਨਿਤ ਗਲੰਤ ॥

ਅਤੇ ਸ਼ਰੀਰ (ਕੋਹੜ ਨਾਲ) ਸਦਾ ਗਲਦਾ ਰਹੇਗਾ।

ਨਹਿੰ ਨਿਤ ਦੇਹ ਅਰੋਗ ॥

(ਉਸ ਦੀ) ਦੇਹ ਨਿੱਤ ਅਰੋਗ ਨਹੀਂ ਰਹੇਗੀ

ਨਿਤਿ ਪੁਤ੍ਰ ਪੌਤ੍ਰਨ ਸੋਗ ॥੮॥

ਅਤੇ ਨਿੱਤ ਪੁੱਤਰ-ਪੋਤਰਿਆਂ ਦਾ ਸੋਗ ਹੁੰਦਾ ਰਹੇਗਾ ॥੮॥

ਨਿਤ ਨਾਸ ਤਿਹ ਪਰਿਵਾਰ ॥

(ਉਸ ਦਾ) ਪਰਿਵਾਰ ਨਿੱਤ ਨਸ਼ਟ (ਹੁੰਦਾ ਰਹੇਗਾ)

ਨਹਿ ਅੰਤ ਦੇਹ ਉਧਾਰ ॥

ਅਤੇ ਦੇਹ ਦਾ ਅੰਤ ਤਕ ਕਲਿਆਣ ਨਹੀਂ ਹੋਵੇਗਾ।

ਨਿਤ ਰੋਗ ਸੋਗ ਗ੍ਰਸੰਤ ॥

ਨਿੱਤ ਰੋਗਾਂ ਸੋਗਾਂ ਵਿਚ ਗ੍ਰਸਿਆ ਰਹੇਗਾ।

ਮ੍ਰਿਤ ਸ੍ਵਾਨ ਅੰਤ ਮਰੰਤ ॥੯॥

ਅੰਤ ਵਿਚ ਕੁੱਤੇ ਦੀ ਮੌਤ ਮਰੇਗਾ ॥੯॥

ਤਬ ਜਾਨਿ ਕਾਲ ਪ੍ਰਬੀਨ ॥

ਜਦ ਸਮਰਥ ਕਾਲ ਪੁਰਖ ਨੇ (ਮੀਰ ਮਹਿੰਦੀ ਦੇ ਹੰਕਾਰ ਨੂੰ) ਜਾਣ ਲਿਆ,

ਤਿਹ ਮਾਰਿਓ ਕਰਿ ਦੀਨ ॥

(ਤਾਂ) ਉਸ ਨੂੰ ਬਹੁਤ ਹੀਣਾ ਕਰ ਕੇ ਮਾਰਿਆ।

ਇਕੁ ਕੀਟ ਦੀਨ ਉਪਾਇ ॥

(ਕਾਲ ਪੁਰਖ ਨੇ) ਇਕ ਕੀੜਾ ਪੈਦਾ ਕਰ ਦਿੱਤਾ

ਤਿਸ ਕਾਨਿ ਪੈਠੋ ਜਾਇ ॥੧੦॥

(ਅਤੇ ਉਸ ਨੂੰ ਹੁਕਮ ਦਿੱਤਾ ਕਿ) ਉਸ ਦੇ ਕੰਨ ਵਿਚ ਧਸ ਜਾਵੇ ॥੧੦॥

ਧਸਿ ਕੀਟ ਕਾਨਨ ਬੀਚ ॥

(ਉਸ ਦੇ) ਕੰਨ ਵਿਚ ਕੀੜਾ ਵੜ ਗਿਆ

ਤਿਸੁ ਜੀਤਯੋ ਜਿਮਿ ਨੀਚ ॥

ਅਤੇ ਉਸ ਨੂੰ ਨੀਚ ਵਾਂਗ ਜਿਤ ਲਿਆ।

ਬਹੁ ਭਾਤਿ ਦੇਇ ਦੁਖ ਤਾਹਿ ॥

ਉਸ ਨੂੰ ਬਹੁਤ ਤਰ੍ਹਾਂ ਦੇ ਦੁਖ ਦਿੱਤੇ

ਇਹ ਭਾਤਿ ਮਾਰਿਓ ਵਾਹਿ ॥੧੧॥

ਅਤੇ ਇਸ ਤਰ੍ਹਾਂ ਉਸ ਨੂੰ ਮਾਰ ਦਿੱਤਾ ॥੧੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਹਿਦੀ ਮੀਰ ਬਧ ॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਮੀਰ ਮਹਿੰਦੀ ਦਾ ਬਧ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਥ ਬ੍ਰਹਮਾ ਅਵਤਾਰ ਕਥਨੰ ॥

ਹੁਣ ਬ੍ਰਹਮਾ ਅਵਤਾਰ ਦਾ ਕਥਨ:

ਪਾਤਿਸਾਹੀ ੧੦ ॥

ਪਾਤਸ਼ਾਹੀ ੧੦:

ਤੋਮਰ ਛੰਦ ॥

ਤੋਮਰ ਛੰਦ:

ਸਤਿਜੁਗਿ ਫਿਰਿ ਉਪਰਾਜਿ ॥

ਸਤਿਯੁਗ ਫਿਰ (ਧਰਤੀ ਉਤੇ) ਸਥਾਪਿਤ ਹੋ ਗਿਆ।

ਸਬ ਨਉਤਨੈ ਕਰਿ ਸਾਜ ॥

ਸਾਰੇ ਸਾਜ ਨਵੇਂ ਕਰ ਲਏ ਗਏ।

ਸਬ ਦੇਸ ਅਉਰ ਬਿਦੇਸ ॥

ਸਾਰੇ ਦੇਸਾਂ ਅਤੇ ਬਿਦੇਸਾਂ ਦੇ

ਉਠਿ ਧਰਮ ਲਾਗਿ ਨਰੇਸ ॥੧॥

ਰਾਜੇ ਉਠ ਕੇ ਧਰਮ-ਕਰਮ ਵਿਚ ਲਗ ਗਏ ॥੧॥

ਕਲਿ ਕਾਲ ਕੋਪਿ ਕਰਾਲ ॥

ਕਲਿਯੁਗ ਦਾ ਭਿਆਨਕ ਅਤੇ ਕ੍ਰੋਧਵਾਨ ਸਮਾਂ ਹੈ।

ਜਗੁ ਜਾਰਿਆ ਤਿਹ ਜ੍ਵਾਲ ॥

ਉਸ ਨੇ ਜਗਤ ਨੂੰ (ਆਪਣੀ) ਅੱਗ ਵਿਚ ਸਾੜ ਦਿੱਤਾ ਹੈ।

ਬਿਨੁ ਤਾਸੁ ਔਰ ਨ ਕੋਈ ॥

ਉਸ (ਪਰਮ ਸੱਤਾ) ਤੋਂ ਬਿਨਾ ਹੋਰ ਕੋਈ ਨਹੀਂ ਹੈ।

ਸਬ ਜਾਪ ਜਾਪੋ ਸੋਇ ॥੨॥

(ਇਸ ਲਈ) ਸਾਰੇ ਉਸ (ਇਕ) ਦਾ ਜਾਪ ਜਪੋ ॥੨॥

ਜੇ ਜਾਪ ਹੈ ਕਲਿ ਨਾਮੁ ॥

ਜੋ ਕਲਿਯੁਗ ਵਿਚ ਨਾਮ ਨੂੰ ਜਪਦੇ ਹਨ,

ਤਿਸੁ ਪੂਰਨ ਹੁਇ ਹੈ ਕਾਮ ॥

ਉਨ੍ਹਾਂ ਦੀਆਂ ਕਾਮਨਾਵਾਂ (ਮਨੋਰਥ) ਪੂਰਨ ਹੋ ਜਾਂਦੀਆਂ ਹਨ।

ਤਿਸੁ ਦੂਖ ਭੂਖ ਨ ਪਿਆਸ ॥

(ਫਿਰ) ਉਨ੍ਹਾਂ ਨੂੰ ਦੁਖ, ਭੁਖ ਅਤੇ ਪਿਆਸ ਨਹੀਂ ਲਗਦੀ।

ਨਿਤਿ ਹਰਖੁ ਕਹੂੰ ਨ ਉਦਾਸ ॥੩॥

ਸਦਾ ਖੁਸ਼ ਰਹਿੰਦੇ ਹਨ ਅਤੇ ਕਦੇ ਵੀ ਉਦਾਸ ਨਹੀਂ ਹੁੰਦੇ ॥੩॥

ਬਿਨੁ ਏਕ ਦੂਸਰ ਨਾਹਿ ॥

(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ;

ਸਭ ਰੰਗ ਰੂਪਨ ਮਾਹਿ ॥

ਸਭ ਰੂਪਾਂ, ਰੰਗਾਂ ਵਿਚ (ਉਹੀ) ਹੈ।

ਜਿਨ ਜਾਪਿਆ ਤਿਹਿ ਜਾਪੁ ॥

ਜਿਨ੍ਹਾਂ ਨੇ ਉਸ ਦੇ ਜਾਪ ਨੂੰ ਜਪਿਆ ਹੈ,

ਤਿਨ ਕੇ ਸਹਾਈ ਆਪ ॥੪॥

ਉਨ੍ਹਾਂ ਦੇ ਸਹਾਈ (ਉਹ) ਆਪ ਹੀ (ਹੋਏ ਹਨ) ॥੪॥

ਜੇ ਤਾਸੁ ਨਾਮ ਜਪੰਤ ॥

ਜੋ ਉਸ ਦੇ ਨਾਮ ਨੂੰ ਜਪਦੇ ਹਨ,

ਕਬਹੂੰ ਨ ਭਾਜਿ ਚਲੰਤ ॥

ਉਹ ਕਦੇ (ਬਨਾਂ ਵਿਚ) ਭਜ ਕੇ ਨਹੀਂ ਜਾਂਦੇ।

ਨਹਿ ਤ੍ਰਾਸੁ ਤਾ ਕੋ ਸਤ੍ਰ ॥

ਉਨ੍ਹਾਂ ਨੂੰ ਵੈਰੀ ਦਾ ਡਰ ਨਹੀਂ ਹੁੰਦਾ।

ਦਿਸਿ ਜੀਤਿ ਹੈ ਗਹਿ ਅਤ੍ਰ ॥੫॥

ਉਹ ਹਥਿਆਰ ਪਕੜ ਕੇ ਦਿਸ਼ਾਵਾਂ ਨੂੰ ਜਿਤ ਲੈਂਦੇ ਹਨ ॥੫॥

ਤਿਹ ਭਰੇ ਧਨ ਸੋ ਧਾਮ ॥

ਉਨ੍ਹਾਂ ਦੇ ਘਰ ਧਨ ਨਾਲ ਭਰੇ ਰਹਿੰਦੇ ਹਨ।

ਸਭ ਹੋਹਿ ਪੂਰਨ ਕਾਮ ॥

(ਉਨ੍ਹਾਂ ਦੀਆਂ) ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਜੇ ਏਕ ਨਾਮੁ ਜਪੰਤ ॥

ਜੋ ਇਕ ਨਾਮ ਦਾ ਸਿਮਰਨ ਕਰਦੇ ਹਨ,

ਨਾਹਿ ਕਾਲ ਫਾਸਿ ਫਸੰਤ ॥੬॥

ਉਹ ਕਾਲ ਦੇ ਫੰਧੇ ਵਿਚ ਨਹੀਂ ਫਸਦੇ ॥੬॥

ਜੇ ਜੀਵ ਜੰਤ ਅਨੇਕ ॥

ਜੋ ਅਨੇਕ ਤਰ੍ਹਾਂ ਦੇ ਜੀਵ ਜੰਤ ਹਨ,

ਤਿਨ ਮੋ ਰਹ੍ਯੋ ਰਮਿ ਏਕ ॥

ਉਨ੍ਹਾਂ ਸਾਰਿਆਂ ਵਿਚ ਇਕ (ਪ੍ਰਭੂ) ਰਮ ਰਿਹਾ ਹੈ।

ਬਿਨੁ ਏਕ ਦੂਸਰ ਨਾਹਿ ॥

ਇਕ (ਪ੍ਰਭੂ) ਦੇ ਹੋਰ ਦੂਜਾ ਕੋਈ ਨਹੀਂ ਹੈ।

ਜਗਿ ਜਾਨਿ ਲੈ ਜੀਅ ਮਾਹਿ ॥੭॥

ਜਗਤ ਨੂੰ ਇਹ ਗੱਲ ਮਨ ਵਿਚ ਸਮਝ ਲੈਣੀ ਚਾਹੀਦੀ ਹੈ ॥੭॥

ਭਵ ਗੜਨ ਭੰਜਨ ਹਾਰ ॥

ਸੰਸਾਰ ਨੂੰ ਘੜਨ ਅਤੇ ਭੰਨਣ ਵਾਲਾ

ਹੈ ਏਕ ਹੀ ਕਰਤਾਰ ॥

(ਉਹ) ਇਕ ਹੀ ਕਰਤਾਰ ਹੈ।

ਬਿਨੁ ਏਕ ਅਉਰੁ ਨ ਕੋਇ ॥

(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ।

ਸਬ ਰੂਪ ਰੰਗੀ ਸੋਇ ॥੮॥

ਸਭ ਰੂਪਾਂ ਰੰਗਾਂ ਵਾਲਾ ਉਹੀ ਹੈ ॥੮॥

ਕਈ ਇੰਦ੍ਰ ਪਾਨਪਹਾਰ ॥

(ਉਸ ਦੇ ਦੁਆਰ ਉਤੇ) ਕਈ ਇੰਦਰ ਪਾਣੀ ਪਿਲਾਉਣ ਵਾਲੇ ਸੁਰਾਹੀ-ਬਰਦਾਰ ਹਨ,

ਕਈ ਬ੍ਰਹਮ ਬੇਦ ਉਚਾਰ ॥

ਕਈ ਬ੍ਰਹਮੇ ਵੇਦਾਂ ਦਾ ਉਚਾਰਨ ਕਰਨ ਵਾਲੇ ਹਨ।

ਕਈ ਬੈਠਿ ਦੁਆਰਿ ਮਹੇਸ ॥

ਕਿਤਨੇ ਮਹੇਸ਼ ਦੁਆਰ ਉਤੇ ਬੈਠੇ ਹਨ।

ਕਈ ਸੇਸਨਾਗ ਅਸੇਸ ॥੯॥

ਕਿਤਨੇ ਹੀ ਸ਼ੇਸ਼ਨਾਗ ਅਣਗਿਣਤ (ਨਾਮ ਜਪਦੇ ਹਨ) ॥੯॥


Flag Counter