ਕਿ ਦੇਵੀ ਨੇ (ਸਾਡੇ) ਬਲਵਾਨ ਯੋਧੇ ਅਤੇ ਭਿਆਨਕ ਸੈਨਾ ਦਲ ਮਾਰ ਦਿੱਤੇ ਹਨ ॥੧੧੭॥
ਦੋਹਰਾ:
ਦੈਂਤ ਰਾਜੇ ਨੇ ਉਸੇ ਸਥਾਨ ਤੇ ਮੂੰਹ ('ਗਾਤ') ਤੋਂ ਇਹ ਗੱਲ ਕਹੀ ਕਿ (ਮੈਂ ਉਸ ਨੂੰ) ਮਾਰਾਂਗਾ,
ਜੀਉਂਦਾ ਨਹੀਂ ਛਡਾਂਗਾ। ਸਚ ਕਹਿੰਦਾ ਹਾਂ, ਨਾ ਕਿ ਕੁਝ ਹੋਰ ਕਹਿੰਦਾ ਹਾਂ (ਝੂਠ ਨਹੀਂ ਬੋਲਦਾ) ॥੧੧੮॥
ਇਸ ਭਾਵ ਨਾਲ ਚੰਡੀ ਸੁੰਭ ਦੇ ਮੂੰਹ ਵਿਚ ਸਥਿਤ ਹੋ ਕੇ ਬੋਲੀ,
ਮਾਨੋ ਦੈਂਤ ਨੇ ਆਪਣੀ ਮੌਤ ਨੂੰ (ਖ਼ੁਦ) ਬੁਲਾਇਆ ਹੋਵੇ ॥੧੧੯॥
ਤਦ ਸੁੰਭ ਅਤੇ ਨਿਸੁੰਭ ਦੋਹਾਂ ਨੇ ਬੈਠ ਕੇ ਸਲਾਹ ਕੀਤੀ
ਅਤੇ ਸਾਰੀ ਸੈਨਾ ਨੂੰ ਬੁਲਾ ਕੇ (ਉਸ ਵਿਚੋਂ) ਸ੍ਰੇਸ਼ਠ ਯੋਧੇ ਚੁਣ ਲਏ ॥੧੨੦॥
ਮੰਤ੍ਰੀਆਂ ਨੇ ਵਿਚਾਰਪੂਰਵਕ ਕਿਹਾ ਕਿ (ਇਸ ਕੰਮ ਲਈ) ਰਕਤਬੀਜ ਨੂੰ ਭੇਜਿਆ ਜਾਏ
(ਕਿਉਂਕਿ ਉਹ) ਚੰਡੀ ਨੂੰ ਲਲਕਾਰ ਕੇ ਪੱਥਰ ਵਾਂਗ ਪਰਬਤ ਤੋਂ ਹੇਠਾਂ ਸੁਟ ਕੇ ਮਾਰ ਦੇਵੇਗਾ ॥੧੨੧॥
ਸੋਰਠਾ:
(ਰਾਜੇ ਸੁੰਭ ਨੇ ਕਿਹਾ ਕਿ) ਕਿਸੇ ਦੂਤ (ਸੰਦੇਸ਼ ਵਾਹਕ) ਨੂੰ ਭੇਜੋ (ਜੋ) ਉਸ ਨੂੰ ਘਰੋਂ (ਸਦ) ਲਿਆਵੇ,
ਜਿਸ ਨੇ ਇੰਦਰ ('ਪੁਰਹੂਤ') ਨੂੰ ਜਿਤ ਲਿਆ, ਉਸ ਦੀਆਂ ਭੁਜਾਵਾਂ ਵਿਚ ਅਮਿਤ ਸ਼ਕਤੀ ਹੈ ॥੧੨੨॥
ਦੋਹਰਾ:
ਰਕਤ-ਬੀਜ ਕੋਲ ਜਾ ਕੇ ਇਕ ਦੈਂਤ ਨੇ ਬੇਨਤੀ ਕੀਤੀ ਕਿ
ਰਾਜਾ (ਸੁੰਭ) ਸਭਾ ਵਿਚ ਬੁਲਾਉਂਦਾ ਹੈ, (ਤੁਸੀਂ) ਜਲਦੀ ਹੀ ਉਸ ਕੋਲ ਚਲੋ ॥੧੨੩॥
ਰਕਤ-ਬੀਜ ਨੇ ਰਾਜੇ ਸੁੰਭ ਨੂੰ ਆ ਕੇ ਪ੍ਰਨਾਮ ਕੀਤਾ।
ਦੈਂਤਾ ਦੀ ਸਭਾ ਵਿਚ (ਸੱਜੇ ਬੈਠੇ ਰਾਜੇ ਨੇ) ਪ੍ਰੇਮ ਪੂਰਵਕ ਕਿਹਾ ਕਿ ਮੇਰਾ ਇਕ ਕੰਮ ਕਰੋ ॥੧੨੪॥
ਸ੍ਵੈਯਾ:
ਰਕਤ-ਬੀਜ ਨੂੰ ਬੁਲਾ ਕੇ ਸੁੰਭ-ਨਿਸੁੰਭ ਨੇ ਆਦਰ ਸਹਿਤ ਬਿਠਾਇਆ
ਅਤੇ (ਸਿਰ ਉਤੇ ਧਾਰਨ ਕਰਨ ਲਈ) ਮੁਕਟ, ਵਡੇ ਹਾਥੀ ਅਤੇ ਘੋੜੇ ਦਿੱਤੇ (ਜਿਨ੍ਹਾਂ ਨੂੰ ਦੈਂਤ ਨੇ) ਪ੍ਰਸੰਨਤਾ ਪੂਰਵਕ ਗ੍ਰਹਿਣ ਕਰ ਲਿਆ।
(ਰਾਜੇ ਕੋਲੋਂ) ਪਾਨ (ਦਾ ਬੀੜਾ) ਲੈ ਕੇ ਦੈਂਤ (ਰਕਤ-ਬੀਜ) ਨੇ ਕਿਹਾ ਕਿ ਚੰਡੀ ਦੇ ਧੜ ਨਾਲੋਂ ਹੁਣੇ ਸਿਰ ਵਖਰਾ ਕਰ ਦਿੰਦਾ ਹਾਂ।
(ਜਦੋਂ) ਉਸ ਨੇ ਇਸ ਤਰ੍ਹਾਂ ਸਭਾ ਵਿਚ ਕਿਹਾ (ਤਾਂ) ਰਾਜੇ ਨੇ ਪ੍ਰਸੰਨ ਹੋ ਕੇ ਛਤਰੀ ਵਾਲੀ ਅੰਬਾਰੀ ('ਮੇਘ-ਅਡੰਬਰ') ਬਖ਼ਸ਼ ਦਿੱਤੀ ॥੧੨੫॥
ਸੁੰਭ ਅਤੇ ਨਿਸੁੰਭ ਨੇ ਰਕਤ-ਬੀਜ ਨੂੰ ਕਿਹਾ ਕਿ ਤੁਸੀਂ ਬਹੁਤ ਸਾਰੀ ਫ਼ੌਜ ਲੈ ਕੇ ਜਾਉ