ਸ਼੍ਰੀ ਦਸਮ ਗ੍ਰੰਥ

ਅੰਗ - 307


ਸਵੈਯਾ ॥

ਸਵੈਯਾ:

ਸੰਗ ਲਏ ਬਛੁਰੇ ਅਰੁ ਗੋਪ ਸੁ ਸਾਝਿ ਪਰੀ ਹਰਿ ਡੇਰਨ ਆਏ ॥

ਵੱਛਿਆਂ ਅਤੇ ਗਵਾਲ ਬਾਲਕਾਂ ਨੂੰ ਨਾਲ ਲੈ ਕੇ ਸੰਝ ਵੇਲੇ ਕ੍ਰਿਸ਼ਨ ਜੀ ਘਰ ਨੂੰ ਪਰਤ ਆਏ।

ਹੋਇ ਪ੍ਰਸੰਨਿ ਮਹਾ ਮਨ ਮੈ ਮਨ ਭਾਵਤ ਗੀਤ ਸਭੋ ਮਿਲਿ ਗਾਏ ॥

ਮਨ ਵਿਚ ਬਹੁਤ ਪ੍ਰਸੰਨ ਹੋ ਕੇ, ਸਾਰਿਆਂ ਨੇ ਮਿਲ ਕੇ ਮਨ ਭਾਉਂਦੇ ਗੀਤ ਗਾਏ।

ਤਾ ਛਬਿ ਕੋ ਜਸ ਉਚ ਮਹਾ ਕਬਿ ਨੈ ਮੁਖ ਤੇ ਇਹ ਭਾਤਿ ਬਨਾਏ ॥

ਉਸ ਦ੍ਰਿਸ਼ ਦੇ ਮਹਾਨ ਯਸ਼ ਨੂੰ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਬਣਾਇਆ ਹੈ (ਅਰਥਾਤ ਬਿਆਨ ਕੀਤਾ ਹੈ)

ਦੇਵਨ ਦੇਵ ਹਨ੍ਯੋ ਧਰ ਪੈ ਛਲਿ ਕੈ ਤਰਿ ਅਉਰਨ ਕੋ ਜੁ ਸੁਨਾਏ ॥੧੬੪॥

ਕਿ ਦੇਵਤਿਆਂ ਨੇ ਦੈਂਤਾਂ ਨੂੰ ਛਲ ਨਾਲ ਧਰਤੀ ਉਤੇ ਮਾਰਿਆ ਹੈ ਅਤੇ ਹੋਰਨਾਂ ਨੂੰ (ਇਹ ਗੱਲ) ਵਿਦਿਤ ਕਰ ਦਿੱਤੀ ਹੈ ॥੧੬੪॥

ਕਾਨ੍ਰਹ ਜੁ ਬਾਚ ਗੋਪਨ ਪ੍ਰਤਿ ॥

ਕ੍ਰਿਸ਼ਨ ਜੀ ਨੇ ਗਵਾਲ ਬਾਲਕਾਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਫੇਰਿ ਕਹੀ ਇਹ ਗੋਪਨ ਕਉ ਫੁਨਿ ਪ੍ਰਾਤ ਭਏ ਸਭ ਹੀ ਮਿਲਿ ਜਾਵੈ ॥

ਫਿਰ (ਸ੍ਰੀ ਕ੍ਰਿਸ਼ਨ ਨੇ) ਗਵਾਲ ਬਾਲਕਾਂ ਨੂੰ ਇਹ (ਗੱਲ) ਕਹੀ ਕਿ ਫਿਰ ਸਵੇਰ ਹੁੰਦਿਆਂ ਹੀ ਸਾਰੇ ਇਕੱਠੇ ਹੋ ਜਾਈਏ।

ਅੰਨੁ ਅਚੌ ਅਪਨੇ ਗ੍ਰਿਹ ਮੋ ਜਿਨਿ ਮਧਿ ਮਹਾਬਨ ਕੇ ਮਿਲਿ ਖਾਵੈ ॥

(ਕਿਸੇ ਨੇ ਵੀ) ਆਪਣੇ ਘਰ ਵਿਚ ਅੰਨ (ਭੋਜਨ) ਨਹੀਂ ਖਾਣਾ, ਸੰਘਣੇ ਜੰਗਲ ਵਿਚ ਮਿਲ ਕੇ ਖਾਵਾਂਗੇ।

ਬੀਚ ਤਰੈ ਹਮ ਪੈ ਜਮੁਨਾ ਮਨ ਭਾਵਤ ਗੀਤ ਸਭੈ ਮਿਲਿ ਗਾਵੈ ॥

ਫਿਰ ਜਮਨਾ ਵਿਚ ਤਰਾਂਗੇ ਅਤੇ ਸਾਰੇ ਮਿਲ ਕੇ ਮਨ ਚਾਹੇ ਗੀਤ ਗਾਵਾਂਗੇ।

ਨਾਚਹਿਗੇ ਅਰੁ ਕੂਦਹਿਗੇ ਗਹਿ ਕੈ ਕਰ ਮੈ ਮੁਰਲੀ ਸੁ ਬਜਾਵੈ ॥੧੬੫॥

(ਉਥੇ ਖੂਬ) ਨਚਾਂਗੇ, ਕੁੱਦਾਂਗੇ ਅਤੇ ਹੱਥ ਵਿਚ ਮੁਰਲੀ ਲੈ ਕੇ ਵਜਾਵਾਂਗੇ ॥੧੬੫॥

ਮਾਨ ਲਯੋ ਸਭਨੋ ਵਹ ਗੋਪਨ ਪ੍ਰਾਤ ਭਈ ਜਬ ਰੈਨਿ ਬਿਹਾਨੀ ॥

ਸਾਰਿਆਂ ਗਵਾਲ ਬਾਲਕਾਂ ਨੇ ਉਹ (ਗੱਲ ਜੋ ਕ੍ਰਿਸ਼ਨ ਨੇ ਕਹੀ ਸੀ) ਮੰਨ ਲਈ। ਜਦੋਂ ਰਾਤ ਗੁਜ਼ਰੀ ਅਤੇ ਸਵੇਰਾ ਹੋ ਗਿਆ

ਕਾਨ੍ਰਹ ਬਜਾਇ ਉਠਿਓ ਮੁਰਲੀ ਸਭ ਜਾਗ ਉਠੇ ਤਬ ਗਾਇ ਛਿਰਾਨੀ ॥

(ਤਦੋਂ) ਕਾਨ੍ਹ ਨੇ ਮੁਰਲੀ ਵਜਾ ਦਿੱਤੀ। ਤਦ ਸਾਰੇ ਜਾਗ ਗਏ ਅਤੇ ਗਊਆਂ ਨੂੰ ਛੇੜ ਦਿੱਤਾ।

ਏਕ ਬਜਾਵਤ ਹੈ ਦ੍ਰੁਮ ਪਾਤ ਕਿਧੋ ਉਪਮਾ ਕਬਿ ਸਿਆਮ ਪਿਰਾਨੀ ॥

ਕਈ ਇਕ ਬ੍ਰਿਛ ਦੇ ਪੱਤਰਾਂ ਦੀਆਂ ਪੀਪਣੀਆਂ ਵਜਾਉਂਦੇ ਹਨ ਜਿਨ੍ਹਾਂ ਦੀ ਉਪਮਾ ਕਵੀ ਨੂੰ ਇਸ ਤਰ੍ਹਾਂ ਜਚੀ ਹੈ

ਕਉਤੁਕ ਦੇਖਿ ਮਹਾ ਇਨ ਕੋ ਪੁਰਹੂਤ ਬਧੂ ਸੁਰ ਲੋਕਿ ਖਿਸਾਨੀ ॥੧੬੬॥

ਕਿ ਇਨ੍ਹਾਂ (ਬਾਲਕਾਂ) ਦੇ ਮਹਾਨ ਕੌਤਕ ਵੇਖ ਕੇ ਇੰਦਰ ਦੀ ਪਤਨੀ ਸੁਅਰਗ ਲੋਕ ਵਿਚ ਲਜਿਤ ਹੋ ਰਹੀ ਹੈ ॥੧੬੬॥

ਗੇਰੀ ਕੇ ਚਿਤ੍ਰ ਲਗਾਇ ਤਨੈ ਸਿਰ ਪੰਖ ਧਰਿਯੋ ਭਗਵਾਨ ਕਲਾਪੀ ॥

ਸ਼ਰੀਰ ਉਤੇ ਗੇਰੀ ਦੇ ਛਾਪੇ ਲਗਾਏ ਹੋਏ ਹਨ ਅਤੇ ਸਿਰ ਉਤੇ ਸ੍ਰੀ ਕ੍ਰਿਸ਼ਨ ਨੇ ਮੋਰ-ਖੰਭ ਧਾਰਨ ਕੀਤਾ ਹੋਇਆ ਹੈ।

ਲਾਇ ਤਨੈ ਹਰਿ ਤਾ ਮੁਰਲੀ ਮੁਖਿ ਲੋਕ ਭਯੋ ਜਿਹ ਕੋ ਸਭ ਜਾਪੀ ॥

ਉਸ (ਕ੍ਰਿਸ਼ਨ) ਨੇ ਮੁਰਲੀ ਨੂੰ ਮੁਖ ('ਤਨੈ') ਨਾਲ ਲਗਾਇਆ ਹੋਇਆ ਹੈ ਜਿਸ ਨੂੰ ਸਾਰੇ ਲੋਕ ਜਪਦੇ ਹਨ।

ਫੂਲ ਗੁਛੇ ਸਿਰਿ ਖੋਸ ਲਏ ਤਰਿ ਰੂਖ ਖਰੋ ਧਰਨੀ ਜਿਨਿ ਥਾਪੀ ॥

ਜਿਸ ਨੇ ਸਾਰੀ ਧਰਤੀ ਸਥਾਪਿਤ ਕੀਤੀ ਹੈ (ਉਸ ਨੇ) ਫੁਲਾਂ ਦੇ ਗੁੱਛੇ ਸਿਰ ਵਿਚ ਟੁੰਗੇ ਹੋਏ ਹਨ ਅਤੇ ਬ੍ਰਿਛ ਦੇ ਹੇਠਾਂ ਖੜੋਤਾ ਹੈ।

ਖੇਲਿ ਦਿਖਾਵਤ ਹੈ ਜਗ ਕੌ ਅਰੁ ਕੋਊ ਨਹੀ ਹੁਇ ਆਪ ਹੀ ਆਪੀ ॥੧੬੭॥

(ਉਹ) ਜਗਤ ਨੂੰ ਆਪਣਾ ਖੇਲ ਵਿਖਾ ਰਿਹਾ ਹੈ, (ਉਸ ਦੇ ਸਮਾਨ) ਹੋਰ ਕੋਈ ਨਹੀਂ, ਉਹ ਆਪਣੇ ਜਿਹਾ ਆਪ ਹੀ ਹੈ ॥੧੬੭॥

ਕੰਸ ਬਾਚ ਮੰਤ੍ਰੀਅਨ ਸੋ ॥

ਕੰਸ ਨੇ ਆਪਣੇ ਮੰਤਰੀਆਂ ਨੂੰ ਕਿਹਾ:

ਦੋਹਰਾ ॥

ਦੋਹਰਾ:

ਜਬ ਬਕ ਲੈ ਹਰਿ ਜੀ ਹਨਿਓ ਕੰਸ ਸੁਨ੍ਯੋ ਤਬ ਸ੍ਰਉਨਿ ॥

ਜਦੋਂ ਸ੍ਰੀ ਕ੍ਰਿਸ਼ਨ ਨੇ ਬਕਾਸੁਰ ਨੂੰ ਮਾਰਿਆ ਤਾਂ ਕੰਸ ਨੇ (ਇਹ ਗੱਲ) ਕੰਨਾਂ ਨਾਲ ਸੁਣੀ।

ਕਰਿ ਇਕਤ੍ਰ ਮੰਤ੍ਰਹਿ ਕਹਿਓ ਤਹਾ ਭੇਜੀਏ ਕਉਨ ॥੧੬੮॥

ਤਦੋਂ (ਉਸ ਨੇ) ਮੰਤਰੀਆਂ ਨੂੰ ਇਕੱਠਾ ਕਰ ਕੇ ਕਿਹਾ ਕਿ ਉਥੇ (ਹੁਣ) ਕਿਸ ਨੂੰ ਭੇਜੀਏ ॥੧੬੮॥

ਮੰਤ੍ਰੀ ਬਾਚ ਕੰਸ ਪ੍ਰਤਿ ॥

ਮੰਤਰੀਆਂ ਨੇ ਕੰਸ ਨੂੰ ਕਿਹਾ:

ਸਵੈਯਾ ॥

ਸਵੈਯਾ:

ਬੈਠਿ ਬਿਚਾਰ ਕਰਿਯੋ ਨ੍ਰਿਪ ਮੰਤ੍ਰਿਨਿ ਦੈਤ ਅਘਾਸੁਰ ਕੋ ਕਹੁ ਜਾਵੈ ॥

ਰਾਜ ਦੇ ਮੰਤਰੀਆਂ ਨੇ ਬੈਠ ਕੇ ਵਿਚਾਰ ਕੀਤਾ ਕਿ ਅਘਾਸੁਰ ਨੂੰ ਜਾਣ ਲਈ ਕਿਹਾ ਜਾਵੇ।

ਮਾਰਗੁ ਰੋਕ ਰਹੈ ਤਿਨ ਕੋ ਧਰਿ ਪੰਨਗ ਰੂਪ ਮਹਾ ਮੁਖ ਬਾਵੈ ॥

(ਉਹ) ਵੱਡੇ ਸੱਪ ਦਾ ਰੂਪ ਧਾਰ ਕੇ ਅਤੇ ਮੂੰਹ ਨੂੰ ਬਹੁਤ ਚੌੜਾ ਕਰ ਕੇ ਉਨ੍ਹਾਂ ਦਾ ਮਾਰਗ ਰੋਕ ਲਏ।

ਆਇ ਪਰੈ ਹਰਿ ਜੀ ਜਬ ਹੀ ਤਬ ਹੀ ਸਭ ਗ੍ਵਾਰ ਸਨੈ ਚਬਿ ਜਾਵੈ ॥

(ਉਸ ਦੇ ਮੂੰਹ ਵਿਚ) ਜਦੋਂ ਸ੍ਰੀ ਕ੍ਰਿਸ਼ਨ ਆ ਪਵੇ, ਤਦੋਂ ਹੀ ਸਾਰਿਆਂ ਗਵਾਲ ਬਾਲਕਾਂ ਸਮੇਤ ਚਬ ਜਾਵੇ।

ਆਇ ਹੈ ਖਾਇ ਤਿਨੈ ਸੁਨਿ ਕੰਸ ਕਿ ਨਾਤੁਰ ਆਪਨੋ ਜੀਉ ਗਵਾਵੈ ॥੧੬੯॥

ਹੇ ਕੰਸ! ਸੁਣੋ, (ਉਹ) ਉਨ੍ਹਾਂ ਨੂੰ ਖਾ ਕੇ ਆਏ ਨਹੀਂ ਤਾਂ ਆਪਣਾ ਆਪ ਨਾਸ ਕਰਾ ਲਵੇ ॥੧੬੯॥

ਅਥ ਅਘਾਸੁਰ ਦੈਤ ਆਗਮਨ ॥

ਹੁਣ ਅਘਾਸੁਰ ਦੈਂਤ ਦੇ ਆਗਮਨ ਦਾ ਕਥਨ:

ਸਵੈਯਾ ॥

ਸਵੈਯਾ:

ਜਾਹਿ ਕਹਿਯੋ ਅਘ ਕੰਸਿ ਗਯੋ ਤਹ ਪੰਨਗ ਰੂਪ ਮਹਾ ਧਰਿ ਆਯੋ ॥

ਕੰਸ ਨੇ ਅਘਾਸੁਰ ਨੂੰ ਉਥੇ ਜਾਣ ਲਈ ਕਿਹਾ। ਉਹ ਵੱਡੇ ਆਕਾਰ ਦੇ ਸੱਪ ਦਾ ਰੂਪ ਧਾਰ ਕੇ ਉਥੇ ਆ ਗਿਆ।

ਭ੍ਰਾਤ ਹਨ੍ਯੋ ਭਗਨੀ ਸੁਨਿ ਕੈ ਬਧ ਕੇ ਮਨਿ ਕ੍ਰੁਧ ਤਹਾ ਕਹੁ ਧਾਯੋ ॥

(ਕੰਸ ਤੋਂ) ਭਰਾ (ਬਕਾਸੁਰ) ਅਤੇ ਭੈਣ (ਬਕੀ) ਦੇ ਵੱਧ ਦੀ ਗੱਲ ਸੁਣ ਕੇ ਅਤੇ ਮਨ ਵਿਚ ਕ੍ਰੋਧ ਕਰ ਕੇ ਉਥੇ ਭਜ ਕੇ ਗਿਆ।

ਬੈਠਿ ਰਹਿਓ ਤਿਨ ਕੈ ਮਗ ਮੈ ਹਰਿ ਕੇ ਬਧ ਕਾਜ ਮਹਾ ਮੁਖ ਬਾਯੋ ॥

ਉਨ੍ਹਾਂ (ਗਵਾਲ ਬਾਲਕਾਂ) ਦੇ ਰਾਹ ਵਿਚ ਬੈਠ ਗਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਉਸ ਨੇ ਮੁਖ ਨੂੰ ਬਹੁਤ ਫੈਲਾ ਲਿਆ।

ਦੇਖਤ ਤਾਹਿੰ ਸਭੈ ਬ੍ਰਿਜ ਬਾਲਕ ਖੇਲ ਕਹਾ ਮਨ ਮੈ ਲਖਿ ਪਾਯੋ ॥੧੭੦॥

ਉਸ ਨੂੰ ਵੇਖ ਕੇ ਬ੍ਰਜ-ਭੂਮੀ ਦੇ ਸਾਰੇ ਬਾਲਕਾਂ ਨੇ (ਕੋਈ) ਖੇਡ ਕਿਹਾ ਅਤੇ ਮਨ ਵਿਚ (ਇਹੀ) ਸਮਝ ਲਿਆ ॥੧੭੦॥

ਸਭ ਗੋਪਨ ਬਾਚ ਆਪਸਿ ਮੈ ॥

ਸਾਰੇ ਗਵਾਲ ਬਾਲਕਾਂ ਨੇ ਆਪਸ ਵਿਚ ਕਿਹਾ:

ਸਵੈਯਾ ॥

ਸਵੈਯਾ:

ਕੋਊ ਕਹੈ ਗਿਰਿ ਮਧਿ ਗੁਫਾ ਇਹ ਕੋਊ ਇਕਤ੍ਰ ਕਹੈ ਅੰਧਿਆਰੋ ॥

ਕੋਈ ਕਹਿੰਦਾ ਕਿ ਇਹ ਪਹਾੜ ਵਿਚ ਕੋਈ ਗੁਫਾ (ਬਣੀ ਹੋਈ ਹੈ) ਅਤੇ ਕੋਈ (ਇਸ ਨੂੰ) ਹਨੇਰੇ ਦਾ ਸਮੁੱਚ ਕਹਿੰਦਾ ਹੈ।

ਬਾਲਕ ਕੋਊ ਕਹੈ ਇਹ ਰਾਛਸ ਕੋਊ ਕਹੈ ਇਹ ਪੰਨਗ ਭਾਰੋ ॥

ਕੋਈ ਬਾਲਕ ਕਹਿੰਦਾ ਹੈ ਕਿ ਇਹ ਰਾਖਸ਼ ਹੈ ਅਤੇ ਕੋਈ ਕਹਿੰਦਾ ਕਿ ਵੱਡਾ ਸੱਪ ਹੈ।

ਜਾਇ ਕਹੈ ਇਕ ਨਾਹਿ ਕਹੈ ਇਕ ਬਿਓਤ ਇਹੀ ਮਨ ਮੈ ਤਿਨ ਧਾਰੋ ॥

(ਕੋਈ) ਕਹਿੰਦਾ ਇਸ ਦੇ ਅੰਦਰ ਜਾਉ ਅਤੇ ਕੋਈ ਕਹਿੰਦਾ ਨਾ ਜਾਉ। ਇਹੀ ਵਿਉਂਤ ਉਨ੍ਹਾਂ ਨੇ ਮਨ ਵਿਚ ਧਾਰੀ ਹੋਈ ਹੈ।

ਏਕ ਕਹੈ ਚਲੋ ਭਉ ਨ ਕਛੂ ਸੁ ਬਚਾਵ ਕਰੇ ਘਨਸ੍ਯਾਮ ਹਮਾਰੋ ॥੧੭੧॥

ਕੋਈ ਕਹਿੰਦਾ, ਚਲੋ, ਕਿਸੇ ਦਾ ਡਰ ਨਹੀਂ ਹੈ (ਕਿਉਂਕਿ) ਸ੍ਰੀ ਕ੍ਰਿਸ਼ਨ ਹੀ ਸਾਡਾ ਬਚਾਓ ਕਰਨਗੇ ॥੧੭੧॥

ਹੇਰਿ ਹਰੈ ਤਿਹ ਮਧਿ ਧਸੇ ਮੁਖ ਨ ਉਨਿ ਰਾਛਸ ਮੀਚ ਲਯੋ ਹੈ ॥

ਸ੍ਰੀ ਕ੍ਰਿਸ਼ਨ ਦੇ ਵੇਖਦਿਆਂ ਹੀ (ਸਾਰੇ ਬਾਲਕ) ਉਸ ਦੇ ਮੂੰਹ ਵਿਚ ਵੜ ਗਏ, ਪਰ ਉਸ (ਰਾਖਸ਼) ਨੇ ਮੂੰਹ ਨਾ ਮੀਟਿਆ।

ਸ੍ਯਾਮ ਜੂ ਆਵੈ ਜਬੈ ਮਮ ਮੀਟ ਹੋ ਬਿਓਤ ਇਹੀ ਮਨ ਮਧਿ ਕਯੋ ਹੈ ॥

ਜਦੋਂ ਸ੍ਰੀ ਕ੍ਰਿਸ਼ਨ ਆਵੇਗਾ, ਉਦੋਂ ਹੀ ਮੈਂ ਮੀਟ ਲਵਾਂਗਾ, ਉਸ ਨੇ ਮਨ ਵਿਚ ਇਹੀ ਵਿਉਂਤ ਬਣਾਈ।

ਕਾਨ੍ਰਹ ਗਏ ਤਬ ਮੀਟ ਲਯੋ ਮੁਖ ਦੇਵਨ ਤੋ ਹਹਕਾਰੁ ਭਯੋ ਹੈ ॥

(ਜਦੋਂ) ਕਾਨ੍ਹ (ਉਸ ਦੇ ਮੂੰਹ ਵਿਚ) ਗਏ ਤਦੋਂ ਉਸ ਨੇ ਮੁਖ ਨੂੰ ਮੀਟ ਲਿਆ। (ਇਹ ਵੇਖ ਕੇ) ਦੇਵਤਿਆਂ ਵਿਚ ਹਾਹਾਕਾਰ ਮਚ ਗਿਆ।

ਜੀਵਨ ਮੂਰਿ ਹੁਤੀ ਹਮਰੀ ਅਬ ਸੋਊ ਅਘਾਸੁਰ ਚਾਬਿ ਗਯੋ ਹੈ ॥੧੭੨॥

ਸਾਡੇ ਜੀਵਨ ਦੀ ਜੋ ਮੂਲ ਜੜ੍ਹ ਸੀ, ਉਸ ਨੂੰ ਅਘਾਸੁਰ ਨੇ ਚਬ ਲਿਆ ਹੈ ॥੧੭੨॥

ਦੇਹਿ ਬਢਾਇ ਬਡੋ ਹਰਿ ਜੀ ਮੁਖ ਰੋਕ ਲਯੋ ਉਹ ਰਾਛਸ ਹੀ ਕੋ ॥

ਸ੍ਰੀ ਕ੍ਰਿਸ਼ਨ ਨੇ (ਆਪਣੇ) ਸ਼ਰੀਰ ਨੂੰ ਬਹੁਤ ਵਧਾ ਕੇ ਉਸ ਰਾਖਸ਼ ਦਾ ਮੂੰਹ ਹੀ ਰੋਕ ਲਿਆ।

ਰੋਕ ਲਏ ਸਭ ਹੀ ਕਰਿ ਕੈ ਬਲੁ ਸਾਸ ਬਢਿਯੋ ਤਬ ਹੀ ਉਹ ਜੀ ਕੋ ॥

(ਜਦੋਂ ਕ੍ਰਿਸ਼ਨ ਨੇ) ਬਲ ਪੂਰਵਕ ਉਸ ਦੇ ਸੁਆਸ ਰੋਕ ਲਏ ਤਦੋਂ ਉਸ ਦਾ ਸਾਹ ਫੁਲ ਗਿਆ।

ਕਾਨ੍ਰਹ ਬਿਦਾਰ ਦਯੋ ਤਿਹ ਕੋ ਸਿਰ ਪ੍ਰਾਨ ਭਯੋ ਬਿਨੁ ਭ੍ਰਾਤ ਬਕੀ ਕੋ ॥

ਸ੍ਰੀ ਕ੍ਰਿਸ਼ਨ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਬਕੀ ਦਾ ਭਰਾ (ਅਘਾਸੁਰ) ਪ੍ਰਾਣਾਂ ਤੋਂ ਹੀਣਾ ਹੋ ਗਿਆ।


Flag Counter