ਸ਼੍ਰੀ ਦਸਮ ਗ੍ਰੰਥ

ਅੰਗ - 1287


ਬੀਰਮ ਤੀਰ ਵਜੀਰ ਪਠਾਯੋ ॥

ਬਾਦਸ਼ਾਹ ਨੇ ਬੀਰਮ ਦੇਵ ਕੋਲ ਵਜ਼ੀਰ ਭੇਜਿਆ।

ਸਾਹ ਕਹਿਯੋ ਤਿਹ ਤਾਹਿ ਸੁਨਾਯੋ ॥

(ਜੋ) ਬਾਦਸ਼ਾਹ ਨੇ ਕਿਹਾ ਸੀ, (ਉਹੀ) ਵਜ਼ੀਰ ਨੇ ਉਸ ਨੂੰ ਸੁਣਾਇਆ।

ਹਮਰੇ ਦੀਨ ਪ੍ਰਥਮ ਤੁਮ ਆਵਹੁ ॥

ਪਹਿਲਾਂ ਤੂੰ ਸਾਡੇ ਧਰਮ ਵਿਚ ਪ੍ਰਵੇਸ਼ ਕਰ,

ਬਹੁਰਿ ਦਿਲਿਸ ਕੀ ਸੁਤਾ ਬਿਯਾਵਹੁ ॥੧੫॥

ਫਿਰ ਦਿੱਲੀ ਦੇ ਬਾਦਸ਼ਾਹ ਦੀ ਪੁੱਤਰੀ ਨਾਲ ਵਿਆਹ ਕਰ ਲੈ ॥੧੫॥

ਬੀਰਮ ਦੇਵ ਕਹਾ ਨਹਿ ਮਾਨਾ ॥

ਬੀਰਮ ਦੇਵ ਨੇ ਉਸ ਦਾ ਕਿਹਾ ਨਾ ਮੰਨਿਆ

ਕਰਿਯੋ ਆਪਨੇ ਦੇਸ ਪਯਾਨਾ ॥

ਅਤੇ ਆਪਣੇ ਦੇਸ ਨੂੰ ਚਲਾ ਗਿਆ।

ਪ੍ਰਾਤੇ ਖਬਰਿ ਦਿਲਿਸ ਜਬ ਪਾਈ ॥

ਸਵੇਰ ਵੇਲੇ ਜਦੋਂ ਬਾਦਸ਼ਾਹ ਨੂੰ ਖ਼ਬਰ ਹੋਈ,

ਅਮਿਤਿ ਸੈਨ ਅਰਿ ਗਹਨ ਪਠਾਈ ॥੧੬॥

ਤਾਂ ਬਹੁਤ ਸਾਰੀ ਸੈਨਾ (ਉਸ) ਵੈਰੀ ਨੂੰ ਪਕੜਨ ਲਈ ਭੇਜ ਦਿੱਤੀ ॥੧੬॥

ਬੀਰਮ ਦੇਵ ਖਬਰਿ ਜਬ ਪਾਈ ॥

ਜਦੋਂ ਬੀਰਮ ਦੇਵ ਨੂੰ ਇਸ ਦਾ ਪਤਾ ਲਗਾ,

ਪਲਟ ਕਰੀ ਤਿਨ ਸਾਥ ਲਰਾਈ ॥

ਤਾਂ ਉਸ ਨੇ ਪਰਤ ਕੇ ਉਨ੍ਹਾਂ ਨਾਲ ਲੜਾਈ ਕੀਤੀ।

ਭਾਤਿ ਭਾਤਿ ਭਾਰੀ ਭਟ ਘਾਏ ॥

(ਉਸ ਨੇ) ਭਾਂਤ ਭਾਂਤ ਦੇ ਵੱਡੇ ਸੂਰਮੇ ਮਾਰ ਦਿੱਤੇ

ਤਹਾ ਨ ਟਿਕੇ ਤਵਨ ਕੇ ਪਾਏ ॥੧੭॥

ਅਤੇ ਉਥੇ ਉਨ੍ਹਾਂ ਦੇ ਪੈਰ ਨਾ ਟਿਕ ਸਕੇ ॥੧੭॥

ਕਾਧਲ ਵਤ ਰਾਜਾ ਥੋ ਜਹਾ ॥

ਜਿਥੇ ਕਾਂਧਲ ਵਤ ਨਾਂ ਦਾ ਰਾਜਾ ਰਾਜ ਕਰਦਾ ਸੀ,

ਬੀਰਮ ਦੇਵ ਜਾਤ ਭਯੋ ਤਹਾ ॥

ਬੀਰਮ ਦੇਵ ਉਥੇ ਚਲਾ ਗਿਆ।

ਕਾਧਲ ਦੇ ਆਗੇ ਜਹਾ ਰਾਨੀ ॥

ਉਥੇ ਅਗੇ ਰਾਜੇ ਦੀ ਕਾਂਧਲ ਦੇ (ਦੇਈ) ਨਾਂ ਦੀ ਰਾਣੀ ਸੀ

ਰੂਪਵਾਨ ਗੁਨਵਾਨ ਸ੍ਯਾਨੀ ॥੧੮॥

ਜੋ ਬਹੁਤ ਰੂਪਮਾਨ, ਗੁਣਵਾਨ ਅਤੇ ਸਿਆਣੀ ਸੀ ॥੧੮॥

ਅੜਿਲ ॥

ਅੜਿਲ:

ਕਾਧਲ ਦੇ ਰਾਨੀ ਤਿਹ ਰੂਪ ਨਿਹਾਰਿ ਕੈ ॥

ਕਾਂਧਲ ਦੇਈ ਰਾਣੀ ਉਸ ਦਾ ਰੂਪ ਵੇਖ ਕੇ

ਗਿਰੀ ਧਰਨਿ ਕੇ ਭੀਤਰ ਹਿਯੇ ਬਿਚਾਰਿ ਕੈ ॥

ਧਰਤੀ ਉਤੇ ਡਿਗ ਪਈ ਅਤੇ ਮਨ ਵਿਚ ਸੋਚਣ ਲਗੀ

ਐਸੋ ਇਕ ਪਲ ਕੁਅਰ ਜੁ ਭੇਟਨ ਪਾਈਯੈ ॥

ਕਿ ਜੇ ਅਜਿਹਾ ਰਾਜ ਕੁਮਾਰ ਇਕ ਪਲ ਲਈ ਵੀ ਮਿਲ ਪਵੇ

ਹੋ ਜਨਮ ਪਚਾਸਿਕ ਲੌ ਸਖੀ ਬਲਿ ਬਲਿ ਜਾਈਯੈ ॥੧੯॥

ਤਾਂ ਹੇ ਸਖੀ! ਪੰਜਾਹ ਜਨਮਾਂ ਤਕ ਉਸ ਤੋਂ ਵਾਰਨੇ ਜਾਈਏ ॥੧੯॥

ਚੌਪਈ ॥

ਚੌਪਈ:

ਜਾਇ ਸਖੀ ਬੀਰਮ ਦੇ ਪਾਸਾ ॥

(ਉਹ) ਸਖੀ ਬੀਰਮ ਦੇਵ ਪਾਸ ਗਈ

ਇਹ ਬਿਧਿ ਸਾਥ ਕਰੀ ਅਰਦਾਸਾ ॥

ਅਤੇ ਉਸ ਅਗੇ ਇਸ ਤਰ੍ਹਾਂ ਬੇਨਤੀ ਕੀਤੀ

ਕੈ ਤੁਮ ਕਾਧਲ ਦੇ ਕੋ ਭਜੋ ॥

ਕਿ ਜਾਂ ਤਾਂ ਤੁਸੀਂ ਕਾਂਧਲ ਦੇਈ (ਰਾਣੀ) ਨਾਲ ਸੰਯੋਗ ਕਰੋ

ਕੈ ਇਹ ਦੇਸ ਹਮਾਰੋ ਤਜੋ ॥੨੦॥

ਜਾਂ ਸਾਡਾ ਦੇਸ ਛਡ ਦਿਓ ॥੨੦॥

ਪਾਛੇ ਲਗੀ ਫੌਜ ਤਿਨ ਮਾਨੀ ॥

ਉਸ ਨੇ ਸੋਚਿਆ ਕਿ (ਮੇਰੇ) ਪਿਛੇ ਫ਼ੌਜ ਲਗੀ ਹੋਈ ਹੈ

ਦੁਤਿਯ ਰਹਨ ਕੀ ਠੌਰ ਨ ਜਾਨੀ ॥

ਅਤੇ ਰਹਿਣ ਲਈ ਕੋਈ ਹੋਰ ਥਾਂ ਵੀ ਨਹੀਂ ਹੈ।

ਤਾ ਕੋ ਦੇਸ ਤਰੁਨਿ ਨਹਿ ਤਜੋ ॥

(ਇਸ ਲਈ ਬੀਰਮ ਦੇਵ ਨੇ ਸਖੀ ਰਾਹੀਂ ਕਹਿ ਭੇਜਿਆ ਕਿ ਮੈਂ) ਉਸ ਇਸਤਰੀ ਦਾ ਦੇਸ ਨਹੀਂ ਛਡਾਂਗਾ

ਕਾਧਲ ਦੇ ਰਾਨੀ ਕਹ ਭਜੋ ॥੨੧॥

ਅਤੇ ਕਾਂਧਲ ਦੇਈ ਰਾਣੀ ਨਾਲ ਸੰਯੋਗ ਕਰਾਂਗਾ ॥੨੧॥

ਰਾਨੀ ਰਮੀ ਮਿਤ੍ਰ ਕੇ ਭੋਗਾ ॥

ਰਾਣੀ ਨੇ ਆਪਣੇ ਮਿਤਰ ਨਾਲ ਸੰਯੋਗ ਕੀਤਾ

ਚਿਤ ਕੇ ਦਏ ਤ੍ਯਾਗਿ ਸਭ ਸੋਗਾ ॥

ਅਤੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿੱਤੇ।

ਤਬ ਲਗਿ ਲਿਖੋ ਸਾਹ ਕੋ ਆਯੋ ॥

ਤਦ ਤਕ ਬਾਦਸ਼ਾਹ ਦਾ ਲਿਖਿਆ ਹੋਇਆ (ਪਰਵਾਨਾ) ਆ ਗਿਆ

ਬਾਚਿ ਮੰਤ੍ਰਿਯਨ ਭਾਖਿ ਸੁਨਾਯੋ ॥੨੨॥

ਜੋ ਮੰਤ੍ਰੀਆਂ ਨੇ ਪੜ੍ਹ ਕੇ ਸੁਣਾ ਦਿੱਤਾ ॥੨੨॥

ਲਿਖਿ ਸੁ ਲਿਖਾ ਮਹਿ ਯਹੈ ਪਠਾਈ ॥

ਉਸ ਪਰਵਾਨੇ ਵਿਚ ਇਹੀ ਲਿਖ ਕੇ ਭੇਜਿਆ

ਔਰ ਬਾਤ ਦੂਜੀ ਨ ਜਨਾਈ ॥

ਅਤੇ ਹੋਰ ਕੋਈ ਦੂਜੀ ਗੱਲ ਨਹੀਂ ਦਸੀ।

ਕੈ ਬੀਰਮ ਕਹ ਬਾਧਿ ਪਠਾਵਹੁ ॥

ਜਾਂ ਤਾਂ ਬੀਰਾਮ ਦੇਵ ਨੂੰ ਬੰਨ੍ਹ ਕੇ (ਮੇਰੇ ਕੋਲ) ਭੇਜ ਦਿਓ,

ਕੈ ਮੇਰੇ ਸੰਗ ਜੁਧ ਮਚਾਵਹੁ ॥੨੩॥

ਜਾਂ ਮੇਰੇ ਨਾਲ ਯੁੱਧ ਕਰੋ ॥੨੩॥

ਰਾਨੀ ਬਾਧਿ ਨ ਬੀਰਮ ਦਯੋ ॥

ਰਾਣੀ ਨੇ ਬੀਰਮ ਦੇਵ ਨੂੰ ਬੰਨ੍ਹ ਕੇ ਨਾ ਭੇਜਿਆ

ਪਹਿਰ ਕੌਚ ਦੁੰਦਭੀ ਬਜਯੋ ॥

ਅਤੇ ਕਵਚ ਪਾ ਕੇ ਨਗਾਰਾ ਵਜਾ ਦਿੱਤਾ।

ਨਿਰਭੈ ਚਲੀ ਜੁਧ ਕੇ ਕਾਜਾ ॥

ਉਹ ਘੋੜੇ, ਹਾਥੀ, ਰਥ, ਬਾਣ ਆਦਿ

ਹੈ ਗੈ ਰਥ ਸਾਜਤ ਸਰ ਸਾਜਾ ॥੨੪॥

ਸ਼ਸਤ੍ਰ ਅਸਤ੍ਰ ਸਜਾ ਕੇ ਨਿਰਭੈ ਹੋ ਕੇ ਯੁੱਧਕਰਮ ਲਈ ਚਲ ਪਈ ॥੨੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਬਜ੍ਯੋ ਰਾਗ ਮਾਰੂ ਮੰਡੇ ਛਤ੍ਰਧਾਰੀ ॥

ਮਾਰੂ ਰਾਗ ਵਜਿਆ ਅਤੇ ਛਤ੍ਰਧਾਰੀ (ਸੂਰਮੇ ਯੁੱਧ ਵਿਚ) ਡੱਟ ਗਏ।

ਬਹੈ ਤੀਰ ਤਰਵਾਰ ਕਾਤੀ ਕਟਾਰੀ ॥

ਤੀਰ, ਤਲਵਾਰਾਂ, ਕਾਤੀਆਂ ਅਤੇ ਕਟਾਰਾਂ ਚਲਣ ਲਗੀਆਂ।

ਕਹੂੰ ਕੇਤੁ ਫਾਟੇ ਗਿਰੇ ਛਤ੍ਰ ਟੂਟੇ ॥

ਕਿਤੇ ਝੰਡੇ ਫਟੇ ਪਏ ਸਨ ਅਤੇ ਕਿਤੇ ਛਤ੍ਰ ਟੁਟ ਕੇ ਡਿਗੇ ਹੋਏ ਸਨ।

ਕਹੂੰ ਮਤ ਦੰਤੀ ਫਿਰੈ ਬਾਜ ਛੂਟੈ ॥੨੫॥

ਕਿਤੇ ਮਸਤ ਹਾਥੀ ਅਤੇ ਘੋੜੇ ਛੁਟੇ ਫਿਰਦੇ ਸਨ ॥੨੫॥

ਕਹੂੰ ਬਾਜ ਜੂਝੇ ਪਰੇ ਹੈ ਮਤੰਗੈ ॥

ਕਿਤੇ ਘੋੜੇ ਅਤੇ ਕਿਤੇ ਹਾਥੀ ਮਰੇ ਪਏ ਸਨ।

ਕਹੂੰ ਨਾਗ ਮਾਰੇ ਬਿਰਾਜੈ ਉਤੰਗੈ ॥

ਕਿਤੇ ਉਚੇ ਵੱਡੇ ਹਾਥੀ ਮਾਰੇ ਹੋਏ ਪਏ ਸਨ।

ਕਹੂੰ ਬੀਰ ਡਾਰੇ ਪਰੇ ਬਰਮ ਫਾਟੇ ॥

ਕਿਤੇ ਸੂਰਮੇ ਟੁਟੇ ਫਟੇ ਕਵਚਾਂ ਨਾਲ ਪਏ ਸਨ

ਕਹੂੰ ਖੇਤ ਖਾਡੇ ਲਸੈ ਚਰਮ ਕਾਟੇ ॥੨੬॥

ਅਤੇ ਕਿਤੇ ਕਟੀਆਂ ਹੋਈਆਂ ਢਾਲਾਂ ਅਤੇ ਤਲਵਾਰਾਂ (ਪਈਆਂ ਹੋਈਆਂ) ਚਮਕ ਰਹੀਆਂ ਸਨ ॥੨੬॥

ਗਿਰੇ ਬੀਰ ਮਾਰੇ ਕਾ ਲੌ ਗਨਾਊ ॥

ਮਾਰੇ ਜਾਣ ਤੇ ਡਿਗੇ ਪਏ ਸੂਰਮਿਆਂ ਦੀ ਗਿਣਤੀ (ਮੈਂ) ਕਿਥੋਂ ਤਕ ਕਰਾਂ।

ਕਹੌ ਜੋ ਸਭੈ ਏਕ ਗ੍ਰੰਥੈ ਬਨਾਊ ॥

ਜੇ ਸਾਰਿਆਂ ਬਾਰੇ ਕਹਾਂ ਤਾਂ ਇਕ ਗ੍ਰੰਥ ਹੀ ਬਣਾ ਦਿਆਂ।

ਜਥਾ ਸਕਤਿ ਕੈ ਅਲਪ ਤਾ ਤੇ ਉਚਾਰੋ ॥

ਇਸੇ ਲਈ ਯਥਾ ਸ਼ਕਤੀ ਥੋੜੇ ਹੀ ਉਚਾਰੇ ਹਨ।

ਸੁਨੋ ਕਾਨ ਦੈ ਕੈ ਸਭੇ ਹੀ ਪਿਆਰੋ ॥੨੭॥

ਹੇ ਪਿਆਰਿਓ! ਸਾਰੇ ਕੰਨ ਦੇ ਕੇ ਸੁਣੋ ॥੨੭॥

ਇਤੈ ਖਾਨ ਢੂਕੇ ਉਤੈ ਰਾਜ ਨੀਕੇ ॥

ਇਧਰੋਂ ਖ਼ਾਨ ਢੁਕੇ ਹੋਏ ਸਨ ਅਤੇ ਉਧਰੋਂ ਚੰਗੇ ਰਾਜੇ (ਚੜ੍ਹੇ ਹੋਏ ਸਨ)।

ਹਠੀ ਰੋਸ ਬਾਢੇ ਸੁ ਗਾਢੇ ਅਨੀਕੇ ॥

ਤਕੜੀ ਸੈਨਾ ਦੇ ਹਠੀ ਯੋਧਿਆਂ ਨੇ ਰੋਹ ਵਧਾ ਲਿਆ ਸੀ।

ਲਰੇ ਕੋਪ ਕੈ ਕੈ ਸੁ ਏਕੈ ਨ ਭਾਜ੍ਯੋ ॥

(ਉਹ) ਬਹੁਤ ਕ੍ਰੋਧ ਕਰ ਕੇ ਲੜੇ ਅਤੇ ਇਕ ਵੀ ਨਾ ਭਜਿਆ।

ਘਰੀ ਚਾਰਿ ਲੌ ਸਾਰ ਸੌ ਸਾਰ ਬਾਜ੍ਯੋ ॥੨੮॥

ਚਾਰ ਘੜੀਆਂ ਤਕ ਲੋਹੇ ਨਾਲ ਲੋਹਾ ਖੜਕਿਆ ॥੨੮॥

ਤਹਾ ਸੰਖ ਭੇਰੀ ਘਨੇ ਨਾਦ ਬਾਜੇ ॥

ਉਥੇ ਸੰਖ, ਭੇਰੀ, ਮ੍ਰਿਦੰਗ, ਮੁਚੰਗ, ਉਪੰਗ ਆਦਿ

ਮ੍ਰਿਦੰਗੈ ਮੁਚੰਗੈ ਉਪੰਗੈ ਬਿਰਾਜੇ ॥

ਬਹੁਤ ਜ਼ਿਆਦਾ ਵਾਜੇ ਵਜਣ ਲਗੇ।

ਕਹੂੰ ਨਾਇ ਨਾਫੀਰਿਯੈਂ ਔ ਨਗਾਰੇ ॥

ਕਿਤੇ ਸ਼ਹਿਨਾਈ, ਨਫ਼ੀਰੀ ਅਤੇ ਨਗਾਰੇ ਵਜਦੇ ਸਨ

ਕਹੂੰ ਝਾਝ ਬੀਨਾ ਬਜੈ ਘੰਟ ਭਾਰੇ ॥੨੯॥

ਅਤੇ ਕਿਤੇ ਝਾਂਝ, ਬੀਨ, ਭਾਰੇ ਘੜਿਆਲ ਆਦਿ ਵਾਜੇ ਵਜਦੇ ਸਨ ॥੨੯॥

ਕਹੂੰ ਟੂਕ ਟੂਕ ਹੈ ਗਿਰੈ ਹੈ ਸਿਪਾਹੀ ॥

ਕਿਤੇ ਸਿਪਾਹੀ ਟੋਟੇ ਟੋਟੇ ਹੋ ਕੇ ਡਿਗੇ ਪਏ ਸਨ।

ਮਰੇ ਸ੍ਵਾਮਿ ਕੇ ਕਾਜਹੂੰ ਕੋ ਨਿਬਾਹੀ ॥

ਸੁਆਮੀ ਦੇ ਕਾਰਜ ਨੂੰ ਨਿਭਾਉਂਦੇ ਹੋਏ ਮਰ ਗਏ ਸਨ।

ਤਹਾ ਕੌਚ ਧਾਰੇ ਚੜੇ ਛਤ੍ਰ ਧਾਰੀ ॥

ਉਥੇ ਕਵਚ ਧਾਰੀ ਅਤੇ ਛਤ੍ਰਧਾਰੀ ਸੂਰਮੇ ਚੜ੍ਹੇ ਸਨ।

ਮਿਲੈ ਮੇਲ ਮਾਨੋ ਮਦਾਰੈ ਮਦਾਰੀ ॥੩੦॥

(ਇੰਜ ਲਗਦਾ ਹੈ) ਮਾਨੋ ਮਦਾਰੀ ਨੂੰ ਮਦਾਰੀ ਮਿਲਿਆ ਹੋਵੇ ॥੩੦॥

ਕਿਤੇ ਭੂਮਿ ਲੋਟੈ ਸੁ ਹਾਥੈ ਉਚਾਏ ॥

ਕਿਤੇ ਹੱਥ ਚੁਕੇ ਹੋਇਆਂ ਧਰਤੀ ਉਤੇ ਲੇਟਦੇ ਸਨ,

ਡਰੈ ਸੇਖ ਜੈਸੇ ਸਮਾਈ ਸਮਾਏ ॥

ਜਿਵੇਂ ਸ਼ੇਖ਼ (ਫ਼ਕੀਰ) ਲੋਕ ਸੰਗੀਤ ਵਿਚ ਮਗਨ ਹੋਏ (ਧਰਮ ਦੀ ਉਲੰਘਣਾ ਤੋਂ) ਡਰਦੇ ਸਨ।

ਜੁਝੈ ਜ੍ਵਾਨ ਜੋਧਾ ਜਗੇ ਜੋਰ ਜੰਗੈ ॥

ਜ਼ਬਰਦਸਤ ਜੰਗ ਵਿਚ ਜਵਾਨ ਯੋਧੇ ਜੂਝ ਰਹੇ ਹੋਣ।

ਮਨੋ ਪਾਨ ਕੈ ਭੰਗ ਸੋਏ ਮਲੰਗੈ ॥੩੧॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ ॥੩੧॥

ਬਹੈ ਆਨ ਐਸੇ ਬਚੈ ਬੀਰ ਕੌਨੈ ॥

ਬਾਣਾਂ ਦੇ ਇਸ ਤਰ੍ਹਾਂ ਚਲਣ ਨਾਲ ਕਿਹੜਾ ਸੂਰਮਾ ਬਚ ਸਕਦਾ ਸੀ।


Flag Counter