ਰਾਮ ਜਾਣ ਗਏ,
ਚਿੱਤ ਵਿੱਚ (ਉਨ੍ਹਾਂ ਨੂੰ) ਪਛਾਣ ਲਿਆ,
ਪਰ ਮੂੰਹੋਂ ਕੋਈ ਗੱਲ ਨਾ ਆਖੀ ॥੮੧੨॥
ਉਨ੍ਹਾਂ ਨੂੰ ਆਪਣੇ ਪੁੱਤਰ ਮੰਨ ਲਿਆ
ਅਤੇ ਅਤਿ ਬਲ ਵਾਲੇ ਜਾਣ ਲਿਆ,
ਫਿਰ ਵੀ ਹਠ ਨਾਲ ਯੁੱਧ ਕੀਤਾ ਹੈ
ਅਤੇ ਕੁਝ ਵੀ ਨਾ ਕਿਹਾ ॥੮੧੩॥
ਖਿੱਚ-ਖਿੱਚ ਕੇ ਤੀਰ ਮਾਰੇ,
ਪਰ ਬਾਲਕ ਨਹੀਂ ਹਾਰੇ।
(ਉਹ ਵੀ) ਬਹੁਤ ਤਰ੍ਹਾਂ ਨਾਲ ਤੀਰਾਂ ਨੂੰ
ਧਨੁਸ਼ ਤੋਂ ਖਿੱਚ-ਖਿੱਚ ਕੇ ਮਾਰਦੇ ਸਨ ॥੮੧੪॥
(ਲਵ ਕੁਸ਼ ਨੇ) ਅੰਗ-ਅੰਗ ਵਿੰਨ੍ਹ ਦਿੱਤਾ,
(ਸ੍ਰੀ ਰਾਮ ਦੇ) ਸਾਰੇ ਸਰੀਰ ਨੂੰ ਛੇਕ ਦਿੱਤਾ।
ਸਾਰੀ ਸੈਨਾ ਨੂੰ ਅਹਿਸਾਸ ਹੋ ਗਿਆ
ਕਿ ਸ੍ਰੀ ਰਾਮ ਜੂਝ ਗਏ ਹਨ ॥੮੧੫॥
ਜਦੋਂ ਸ੍ਰੀ ਰਾਮ ਮਾਰੇ ਗਏ ਤਾਂ
ਸਾਰੀ ਸੈਨਾ ਹਾਰ ਗਈ,
ਬਹੁਤ ਤਰ੍ਹਾਂ ਨਾਲ
ਦੋਹਾਂ ਬਾਲਕਾਂ ਅੱਗੇ ਭੱਜ ਤੁਰੀ ॥੮੧੬॥
(ਸੈਨਿਕ) ਮੁੜ ਕੇ ਨਹੀਂ ਵੇਖਦੇ,
ਸ੍ਰੀ ਰਾਮ ਨੂੰ ਚੇਤੇ ਵੀ ਨਹੀਂ ਕਰਦੇ,
ਘਰ ਦਾ ਰਾਹ ਫੜ ਲਿਆ,
ਇਸ ਤਰ੍ਹਾਂ ਦਾ ਯੁੱਧ ਕੀਤਾ ॥੮੧੭॥
ਚੌਪਈ
ਤਦ ਦੋਹਾਂ ਬਾਲਕ ਨੇ ਰਣ-ਭੂਮੀ ਨੂੰ ਵੇਖਿਆ,
ਮਾਨੋ ਉਸ ਨੂੰ ਰੁਦ੍ਰ ਦਾ 'ਕ੍ਰੀੜਾ ਬਣ' ਸਮਝਿਆ ਹੋਵੇ।
ਜਿਸ ਵਿੱਚ ਕਟੀ ਹੋਈ ਸੈਨਾ ਬ੍ਰਿਛਾਂ ਵਰਗੀ ਹੈ
ਅਤੇ ਸੂਰਮਿਆਂ ਦੇ ਅੰਗਾਂ ਤੋਂ ਉਭਰੇ ਗਹਿਣੇ (ਫੁੱਲਾਂ ਫਲਾਂ ਵਰਗੇ ਹਨ) ॥੮੧੮॥
ਜਿਹੜੇ ਬੇਹੋਸ਼ ਪਏ ਸਨ। (ਉਨ੍ਹਾਂ) ਸਾਰਿਆਂ ਨੂੰ ਚੁੱਕ ਕੇ
ਘੋੜੇ ਸਮੇਤ ਉਥੋ ਚਲੇ ਗਏ, ਜਿੱਥੇ ਮਾਤਾ (ਸੀਤਾ) ਬੈਠੀ ਸੀ।
ਜਦੋਂ ਸੀਤਾ ਨੇ ਮੂਰਛਿਤ ਪਤੀ ਦਾ ਮੁੱਖ ਵੇਖਿਆ ਤਾਂ ਰੋਣ ਲੱਗ ਪਈ
ਅਤੇ ਕਹਿਣ ਲੱਗੀ-ਹੇ ਪੁੱਤਰੋ! ਤੁਸਾਂ ਮੈਨੂੰ ਵਿਧਵਾ ਕਰ ਦਿੱਤਾ ਹੈ ॥੮੧੯॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਲਵ ਦੇ ਘੋੜਾ ਬੰਨਣ ਅਤੇ ਰਾਮ-ਬਧ ਵਾਲੇ ਅਧਿਆਇ ਦੀ ਸਮਾਪਤੀ।
ਹੁਣ ਸੀਤਾ ਨੇ ਸਭ ਨੂੰ ਜੀਵਾਣ ਦਾ ਕਥਨ
ਸੀਤਾ ਨੇ ਪੁੱਤਰਾਂ ਪ੍ਰਤਿ ਕਿਹਾ-
ਚੌਪਈ
ਹੁਣ ਮੈਨੂੰ ਲਕੜਾਂ ਲਿਆ ਦਿਉ
ਤਾਂ ਜੁ ਮੈਂ ਵੀ ਪਤੀ ਨਾਲ ਸੜ ਕੇ ਸੁਆਹ (ਮਸਾਨਾ) ਹੋਵਾਂ।
(ਸਾਰੀ ਵਾਰਤਾ) ਸੁਣ ਕੇ ਮੁਨੀ ਰਾਜ (ਬਾਲਮੀਕ) ਵੀ ਬਹੁਤ ਰੋਏ।
(ਅਤੇ ਕਹਿਣ ਲੱਗੇ-) ਇਨ੍ਹਾਂ ਬਾਲਕਾਂ ਨੇ ਸਾਡੇ ਸੁੱਖ ਨਸ਼ਟ ਕਰ ਦਿੱਤੇ ਹਨ ॥੮੨੦॥
ਜਦੋਂ ਸੀਤਾ ਨੇ ਚਾਹਿਆ ਕਿ ਆਪਣੇ ਸਰੀਰ ਤੋਂ ਜੋਗ ਅਗਨੀ ਕੱਢਾਂ
(ਅਤੇ ਸਰੀਰ ਨੂੰ) ਛੱਡ ਦਿਆਂ,
ਤਦੇ ਇਸ ਤਰ੍ਹਾਂ ਆਕਾਸ਼ ਬਾਣੀ ਹੋਈ-
ਹੇ ਸੀਤਾ! ਕੀ ਤੂੰ ਇਆਣੀ ਹੋ ਗਈ ਹੈਂ ॥੮੨੧॥
ਅਰੂਪਾ ਛੰਦ
(ਜਦ) ਸੀਤਾ ਰਾਣੀ ਨੇ
ਆਕਾਸ਼ ਬਾਣੀ ਸੁਣੀ,
ਪਾਣੀ ਮੰਗਵਾ ਕੇ