(ਸੁੰਭ ਅਤੇ) ਨਿਸੁੰਭ ਭਰਾਵਾਂ ਨੇ ਅਜਿਹਾ ਭਿਆਨਕ ਯੁੱਧ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਦਾ ਪਹਿਲਾਂ ਕਿਸੇ ਦੈਂਤ ਨੇ ਨਹੀਂ ਕੀਤਾ ਸੀ।
ਲੋਥਾਂ ਉਤੇ ਲੋਥਾਂ ਚੜ੍ਹ ਗਈਆਂ ਸਨ ਅਤੇ ਉਥੇ (ਉਨ੍ਹਾਂ ਦਾ) ਮਾਸ ਗਿਰਝਾਂ ਅਤੇ ਗਿਦੜ ਖਾ ਰਹੇ ਸਨ।
(ਕਈਆਂ ਦੇ) ਸਿਰਾਂ ਦੇ ਵਾਲਾਂ ਵਿਚੋਂ ਸਫ਼ੈਦ ਮਿਝ ਵਗ ਕੇ ਧਰਤੀ ਉਤੇ ਪੈ ਰਹੀ ਹੈ,
ਮਾਨੋ ਸ਼ਿਵ ('ਜਟਾਧਰ') ਦੀਆਂ ਜਟਾਵਾਂ ਤੋਂ ਗੁੱਸੇ ਨਾਲ ਗੰਗਾ-ਜਲ ਡਿਗ ਰਿਹਾ ਹੋਵੇ ॥੬੮॥
ਉਸ ਥਾਂ (ਸੂਰਮਿਆਂ ਦੇ ਵਾਲ) ਕਾਈ ('ਸਿਵਾਰ') ਵਾਂਗ ਅਤੇ (ਸੂਰਮਿਆਂ ਦੇ) ਛਤ੍ਰ ਝਗ ਵਾਂਗ ਤਰਦੇ ਫਿਰਦੇ ਸਨ।
ਹੱਥਾਂ ਦੀਆਂ ਉਂਗਲਾਂ ਮੱਛੀਆਂ ਦੇ ਰੂਪ ਵਿਚ ਤੜਪਦੀਆਂ ਹਨ ਅਤੇ ਕਟੀਆਂ ਹੋਈਆਂ ਬਾਂਹਵਾਂ ਨੂੰ ਕਰਤਾ ਨੇ ਸੱਪਾਂ ਦਾ ਰੂਪ ਦਿੱਤਾ ਹੈ।
(ਉਸ) ਲਹੂ ਦੀ ਨਦੀ ਵਿਚ (ਮਰੇ ਹੋਏ) ਘੋੜੇ ਮਗਰ ਮੱਛਾਂ ਵਾਂਗ ਹਨ, ਝੰਡੇ ਬ੍ਰਿਛਾਂ ਵਰਗੇ ਹਨ, (ਰਥ ਦੇ ਪਹੀਇਆਂ ਦੇ) ਚੱਕਰ ਪਾਣੀ ਵਿਚ ਪੈਣ ਵਾਲੇ ਘੁੰਮਰ-ਘੇਰ ਹਨ।
ਤਦ ਸੁੰਭ ਅਤੇ ਨਿਸੁੰਭ ਦੋਹਾਂ ਦੈਂਤਾਂ ਨੇ ਮਿਲ ਕੇ ਇਤਨੀ ਘੋਰ ਮਾਰ ਮਚਾਈ ਮਾਨੋ ਯੁੱਧ-ਭੂਮੀ (ਖੂਨ ਦੀ) ਨਦੀ ਬਣਾ ਦਿੱਤੀ ਹੋਵੇ ॥੬੯॥
ਦੋਹਰਾ:
(ਉਸ ਯੁੱਧ ਵਿਚ) ਦੇਵਤੇ ਹਾਰ ਗਏ ਅਤੇ ਦੈਂਤ ਜਿਤ ਗਏ ਅਤੇ (ਉਨ੍ਹਾਂ ਨੇ ਦੇਵਤਿਆਂ ਦਾ) ਸਾਰਾ ਸਾਮਾਨ ਹਥਿਆ ਲਿਆ।
(ਦੈਂਤਾਂ ਨੇ) ਮਹਾਨ ਸ਼ਕਤੀਸ਼ਾਲੀ ਦਲ ਸਾਜ ਕੇ ਇੰਦਰ ਨੂੰ ਭਜਾ ਦਿੱਤਾ ॥੭੦॥
ਸ੍ਵੈਯਾ:
(ਦੈਂਤਾਂ ਨੇ) ਕੁਬੇਰ ਤੋਂ ਖ਼ਜ਼ਾਨਾ ਲੁਟ ਲਿਆ ਅਤੇ ਸ਼ੇਸ਼-ਨਾਗ ਤੋਂ ਮਣੀਆਂ ਦੀ ਮਾਲਾ ਖੋਹ ਲਈ।
ਬ੍ਰਹਮਾ ('ਲੁਕੇਸ') ਸੂਰਜ, ਚੰਦ੍ਰਮਾ ('ਨਿਸੇਸ') ਗਣੇਸ਼ ਅਤੇ ਵਰੁਣ ਨੂੰ ਜਿਤ ਕੇ ਭਜਾ ਦਿੱਤਾ।
(ਉਨ੍ਹਾਂ ਨੇ) ਤਿੰਨੋਂ ਲੋਕ (ਜਿਤ ਕੇ) ਆਪਣੇ ਵਸ ਵਿਚ ਕਰ ਲਏ ਅਤੇ (ਉਥੇ) ਹਕੂਮਤ ਕਰਨ ਲਈ ਦੈਂਤ-ਸਰਦਾਰ ਭੇਜ ਦਿੱਤੇ।
ਉਹ ਸਾਰੇ ਦੇਵਤਿਆਂ ਦੇ ਠਿਕਾਣਿਆਂ ਵਿਚ ਜਾ ਵਸੇ ਅਤੇ ਉਨ੍ਹਾਂ ਨੇ ਸੁੰਭ ਨਿਸੁੰਭ ਦੀ ਦੁਹਾਈ ਫਿਰਾ ਦਿੱਤੀ ॥੭੧॥
ਦੋਹਰਾ:
ਦੈਂਤਾਂ ਨੇ ਯੁੱਧ-ਭੂਮੀ ਵਿਚ ਜਿਤ ਪ੍ਰਾਪਤ ਕਰ ਲਈ ਅਤੇ ਦੇਵਤੇ ਭਜ ਗਏ।
(ਦੇਵਤਿਆਂ ਨੇ) ਮਨ ਵਿਚ ਇਹ ਵਿਚਾਰ ਕੀਤਾ ਕਿ ਚੰਡੀ ('ਸਿਵਾ') ਰਾਹੀਂ (ਫਿਰ ਤੋਂ) ਰਾਜ ਪ੍ਰਾਪਤ ਕਰ ਲਿਆ ਜਾਏ ॥੭੨॥
ਸ੍ਵੈਯਾ:
ਇੰਦਰ ('ਸੁਰੇਸ') ਸੂਰਜ, ਚੰਦ੍ਰਮਾ, ਆਦਿ (ਸਾਰੇ) ਦੇਵਤੇ ਸ਼ਿਵਪੁਰੀ ਵਿਚ ਜਾ ਵਸੇ ਹਨ।
ਯੁੱਧ ਦੇ ਡਰੋਂ (ਦੇਵਤੇ) ਬੁਰੇ ਹਾਲ ਉਥੇ ਜਾ ਕੇ ਲੁਕੇ (ਦੁਰੇ) ਹਨ ਅਤੇ (ਨ ਵਾਹਣ ਕਾਰਨ ਉਨ੍ਹਾਂ ਦੇ) ਵਾਲ ਜੁੜ ਗਏ ਹਨ।
ਹਾਲੋਂ ਬਿਹਾਲ ਹੋ ਕੇ ਬਹੁਤ ਕੁਰੂਪ ਹੋ ਗਏ ਹਨ, (ਉਨ੍ਹਾਂ ਨੂੰ ਸ਼ਰੀਰ ਦੀ) ਸੁਧ ਹੀ ਨਹੀਂ ਰਹੀ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੌਤ ਦੇ ਗ੍ਰਸੇ ਹੋਏ ਹੋਣ।
ਬਾਰ ਬਾਰ (ਰਖਿਆ ਲਈ) ਪੁਕਾਰਦੇ ਹੋਏ ਪੀੜਤ ਅਵਸਥਾ ਵਿਚ (ਕੈਲਾਸ਼ ਪਰਬਤ ਦੀਆਂ) ਕੰਦਰਾਵਾਂ ਵਿਚ ਵੜੇ ਹੋਏ ਹਨ ॥੭੩॥