ਸ਼੍ਰੀ ਦਸਮ ਗ੍ਰੰਥ

ਅੰਗ - 1279


ਥੰਭਕਰਨ ਇਕ ਥੰਭ੍ਰ ਦੇਸ ਨ੍ਰਿਪ ॥

ਥੰਭ੍ਰ ਦੇਸ਼ ਦਾ ਇਕ ਥੰਭਕਰਨ ਨਾਂ ਦਾ ਰਾਜਾ ਸੀ।

ਸਿਖ੍ਯ ਸਾਧੁ ਕੋ ਦੁਸਟਨ ਕੋ ਰਿਪੁ ॥

(ਉਹ) ਸਾਧਾਂ ਦਾ ਸੇਵਕ ਅਤੇ ਦੁਸ਼ਟਾਂ ਦਾ ਵੈਰੀ ਸੀ।

ਤਾ ਕੇ ਸ੍ਵਾਨ ਏਕ ਥੋ ਆਛਾ ॥

ਉਸ ਦੇ ਘਰ ਇਕ ਬਹੁਤ ਵਧੀਆ ਕੁੱਤਾ ਸੀ।

ਸੁੰਦਰ ਘਨੋ ਸਿੰਘ ਸੋ ਕਾਛਾ ॥੧॥

ਉਹ ਬਹੁਤ ਸੁੰਦਰ ਸੀ ਅਤੇ ਸ਼ੇਰ ਵਰਗੀ ਉਸ ਦੀ ਡੀਲ ਡੌਲ ਸੀ ॥੧॥

ਇਕ ਦਿਨ ਧਾਮ ਨ੍ਰਿਪਤਿ ਕੇ ਆਯੋ ॥

ਇਕ ਦਿਨ (ਉਹ ਕੁੱਤਾ) ਰਾਜੇ ਦੇ ਘਰ ਆਇਆ।

ਪਾਹਨ ਹਨਿ ਤਿਹ ਤਾਹਿ ਹਟਾਯੋ ॥

(ਰਾਜੇ ਨੇ) ਉਸ ਨੂੰ ਵੱਟੇ ਮਾਰ ਕੇ ਹਟਾ ਦਿੱਤਾ।

ਤ੍ਰਿਯ ਕੀ ਹੁਤੀ ਸ੍ਵਾਨ ਸੌ ਪ੍ਰੀਤਾ ॥

ਰਾਣੀ ਦੀ ਕੁੱਤੇ ਨਾਲ ਬਹੁਤ ਪ੍ਰੀਤ ਸੀ।

ਪਾਹਨ ਲਗੇ ਭਯੋ ਦੁਖ ਚੀਤਾ ॥੨॥

(ਉਸ ਨੂੰ) ਵੱਟੇ ਲਗਣ ਕਰ ਕੇ (ਰਾਣੀ ਦਾ) ਚਿਤ ਦੁਖੀ ਹੋਇਆ ॥੨॥

ਪਾਹਨ ਲਗੇ ਸ੍ਵਾਨ ਮਰਿ ਗਯੋ ॥

ਵੱਟੇ ਲਗਣ ਨਾਲ ਕੁੱਤਾ ਮਰ ਗਿਆ।

ਰਾਨੀ ਦੋਸ ਨ੍ਰਿਪਤਿ ਕਹ ਦਯੋ ॥

ਰਾਣੀ ਨੇ ਇਸ ਦਾ ਦੋਸ਼ ਰਾਜੇ ਨੂੰ ਦਿੱਤਾ।

ਮਰਿਯੋ ਸ੍ਵਾਨ ਭਯੋ ਕਹਾ ਉਚਾਰਾ ॥

(ਰਾਜੇ ਨੇ) ਕਿਹਾ, ਕੀ ਹੋਇਆ ਜੇ ਕੁੱਤਾ ਮਰ ਗਿਆ ਹੈ।

ਐਸੇ ਹਮਰੇ ਪਰੈ ਹਜਾਰਾ ॥੩॥

ਇਹੋ ਜਿਹੇ (ਕੁੱਤੇ) ਸਾਡੇ ਕੋਲ ਹਜ਼ਾਰਾਂ ਪਏ ਹਨ ॥੩॥

ਅਬ ਤੈ ਯਾ ਕੌ ਪੀਰ ਪਛਾਨਾ ॥

ਹੁਣ ਤੂੰ ਇਸੇ ਨੂੰ ਪੀਰ ਸਮਝ ਲਿਆ ਹੈ

ਤਾ ਕੋ ਭਾਤਿ ਪੂਜਿ ਹੈ ਨਾਨਾ ॥

ਅਤੇ ਇਸ ਦੀ ਕਈ ਤਰ੍ਹਾਂ ਨਾਲ ਪੂਜਾ ਕਰੇਂਗੀ।

ਕਹਿਯੋ ਸਹੀ ਤਬ ਯਾਹਿ ਪੁਜਾਊ ॥

(ਰਾਣੀ ਨੇ ਕਿਹਾ) (ਤੁਸੀਂ) ਸਹੀ ਕਿਹਾ ਹੈ, ਤਦ (ਮੈਂ) ਇਸੇ ਨੂੰ ਪੂਜਵਾਂਵਾਗੀ

ਭਲੇ ਭਲੇ ਤੇ ਨੀਰ ਭਰਾਊ ॥੪॥

ਅਤੇ ਚੰਗੇ ਚੰਗੇ ਤੋਂ ਪਾਣੀ ਭਰਵਾਵਾਂਗੀ ॥੪॥

ਕੁਤਬ ਸਾਹ ਰਾਖਾ ਤਿਹ ਨਾਮਾ ॥

ਰਾਣੀ ਨੇ ਉਸ ਦਾ ਨਾਂ ਕੁਤਬ ਸ਼ਾਹ ਰਖ ਦਿੱਤਾ

ਤਹੀ ਖੋਦਿ ਭੂਅ ਗਾਡਿਯੋ ਬਾਮਾ ॥

ਅਤੇ ਧਰਤੀ ਪੁਟ ਕੇ ਉਥੇ ਹੀ ਦਬ ਦਿੱਤਾ।

ਤਾ ਕੀ ਗੋਰ ਬਣਾਈ ਐਸੀ ॥

ਉਸ ਦੀ ਅਜਿਹੀ ਕਬਰ ਬਣਾਈ,

ਕਿਸੀ ਪੀਰ ਕੀ ਹੋਇ ਨ ਜੈਸੀ ॥੫॥

ਜਿਸ ਵਰਗੀ ਕਿਸੇ ਪੀਰ ਦੀ ਵੀ ਨਾ ਹੋਵੇ ॥੫॥

ਇਕ ਦਿਨ ਆਪੁ ਤਹਾ ਤ੍ਰਿਯ ਗਈ ॥

ਇਕ ਦਿਨ ਰਾਣੀ ਆਪ ਉਥੇ ਗਈ

ਸਿਰਨੀ ਕਛੂ ਚੜਾਵਤ ਭਈ ॥

ਅਤੇ ਕੁਝ ਸ਼ੀਰਨੀ (ਮਿਠਿਆਈ) ਚੜ੍ਹਾਈ।

ਮੰਨਤਿ ਮੋਰਿ ਕਹੀ ਬਰ ਆਈ ॥

ਕਹਿਣ ਲਗੀ, (ਮੈਨੂੰ) ਮਿਹਰਬਾਨ ਪੀਰ ਨੇ

ਸੁਪਨਾ ਦਿਯੋ ਪੀਰ ਸੁਖਦਾਈ ॥੬॥

ਸੁਪਨੇ ਵਿਚ (ਦਰਸ਼ਨ) ਦੇ ਕੇ ਮੇਰੀ ਮੰਨਤ ਪੂਰੀ ਕਰ ਦਿੱਤੀ ਹੈ ॥੬॥

ਮੋਹਿ ਸੋਵਤੇ ਪੀਰ ਜਗਾਯੋ ॥

ਮੈਨੂੰ ਸੁੱਤੀ ਹੋਈ ਨੂੰ ਪੀਰ ਨੇ ਜਗਾਇਆ

ਆਪੁ ਆਪਨੀ ਕਬੁਰ ਬਤਾਯੋ ॥

ਅਤੇ ਖ਼ੁਦ ਆਪਣੀ ਕਬਰ ਵਿਖਾਈ।

ਤਾ ਤੇ ਮੈ ਇਹ ਠੌਰ ਪਛਾਨੀ ॥

ਜਦ ਮੇਰੀ ਮਨਸ਼ਾ ਪੂਰੀ ਹੋ ਗਈ,

ਜਬ ਹਮਰੀ ਮਨਸਾ ਬਰ ਆਨੀ ॥੭॥

ਤਦ ਆ ਕੇ ਮੈਂ ਇਹ ਸਥਾਨ ਪਛਾਣ ਲਿਆ ॥੭॥

ਇਹ ਬਿਧਿ ਜਬ ਪੁਰ ਮੈ ਸੁਨਿ ਪਾਯੋ ॥

ਇਸ ਤਰ੍ਹਾਂ ਜਦ ਨਗਰ ਵਾਸੀਆਂ ਨੇ ਸੁਣਿਆ,

ਜ੍ਰਯਾਰਤਿ ਸਕਲ ਲੋਗ ਮਿਲਿ ਆਯੋ ॥

ਤਾਂ ਉਸ ਦੇ ਜ਼ਿਆਰਤ (ਦਰਸ਼ਨ) ਕਰਨ ਲਈ ਸਾਰੇ ਲੋਕ ਆ ਗਏ।

ਭਾਤਿ ਭਾਤਿ ਸੀਰਨੀ ਚੜਾਵੈ ॥

ਭਾਂਤ ਭਾਂਤ ਦੀਆਂ ਮਿਠਿਆਈਆਂ ਚੜ੍ਹਾਉਂਦੇ

ਚੂੰਬਿ ਕਬੁਰ ਕੂਕਰ ਕੀ ਜਾਵੈ ॥੮॥

ਅਤੇ ਕੁੱਤੇ ਦੀ ਕਬਰ ਨੂੰ ਚੁੰਮ ਕੇ ਜਾਂਦੇ ॥੮॥

ਕਾਜੀ ਸੇਖ ਸੈਯਦ ਤਹ ਆਵੈ ॥

ਉਥੇ ਕਾਜ਼ੀ, ਸ਼ੇਖ, ਸੈਯਦ ਆਦਿ ਆਉਂਦੇ

ਪੜਿ ਫਾਤਯਾ ਸੀਰਨੀ ਬਟਾਵੈ ॥

ਅਤੇ ਫਾਤਿਆ (ਕਲਮਾ) ਪੜ੍ਹ ਕੇ ਸ਼ੀਰਨੀ ਵੰਡਦੇ।

ਧੂਰਿ ਸਮਸ ਝਾਰੂਅਨ ਉਡਾਹੀ ॥

ਦਾੜ੍ਹੀਆਂ ਨੂੰ ਝਾੜੂ ਵਜੋਂ ਵਰਤ ਕੇ ਧੂੜ ਉਡਾਉਂਦੇ

ਚੂੰਮਿ ਕਬੁਰ ਕੂਕਰ ਕੀ ਜਾਹੀ ॥੯॥

ਅਤੇ ਕੁੱਤੇ ਦੀ ਕਬਰ ਨੂੰ ਚੁੰਮ ਕੇ ਜਾਂਦੇ ॥੯॥

ਦੋਹਰਾ ॥

ਦੋਹਰਾ:

ਇਹ ਛਲ ਅਪਨੈ ਸ੍ਵਾਨ ਕੋ ਚਰਿਤ ਦਿਖਾਯੋ ਬਾਮ ॥

ਇਸ ਤਰ੍ਹਾਂ ਦਾ ਚਰਿਤ੍ਰ ਇਸਤਰੀ ਨੇ ਆਪਣੇ ਕੁੱਤੇ ਲਈ ਕੀਤਾ।

ਅਬ ਲਗਿ ਕਹ ਜ੍ਰਯਾਰਤਿ ਕਰੈ ਸਾਹੁ ਕੁਤਬ ਦੀ ਨਾਮ ॥੧੦॥

ਹੁਣ ਤਕ ਉਥੇ ਲੋਕੀਂ ਕੁਤਬ ਸ਼ਾਹ ਦੇ ਨਾਂ ਦੀ ਯਾਤ੍ਰਾ ਕਰਦੇ ਹਨ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੮॥੬੧੭੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੮॥੬੧੭੪॥ ਚਲਦਾ॥

ਚੌਪਈ ॥

ਚੌਪਈ:

ਬਿਜਿਯਾਵਤੀ ਨਗਰ ਇਕ ਸੋਹੈ ॥

ਬਿਜਿਯਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।

ਬ੍ਰਿਭ੍ਰਮ ਸੈਨ ਨ੍ਰਿਪਤਿ ਤਹ ਕੋਹੈ ॥

ਉਥੋਂ ਦਾ ਰਾਜਾ ਬ੍ਰਿਭ੍ਰਮ ਸੈਨ ਸੀ।

ਬ੍ਰਯਾਘ੍ਰ ਮਤੀ ਤਾ ਕੇ ਘਰ ਦਾਰਾ ॥

ਬਿਆਘ੍ਰ ਮਤੀ ਨਾਂ ਦੇ ਉਸ ਘਰ ਦੇ ਘਰ ਰਾਣੀ ਸੀ।

ਚੰਦ੍ਰ ਲਯੋ ਤਾ ਤੇ ਉਜਿਯਾਰਾ ॥੧॥

(ਇਤਨੀ ਸੁੰਦਰ ਸੀ) ਮਾਨੋ ਚੰਦ੍ਰਮਾ ਨੇ ਉਸ ਤੋਂ ਪ੍ਰਕਾਸ਼ ਲਿਆ ਹੋਵੇ ॥੧॥

ਤਿਹ ਠਾ ਹੁਤੀ ਏਕ ਪਨਿਹਾਰੀ ॥

ਉਥੇ ਇਕ ਪਨਿਹਾਰੀ (ਝੀਊਰੀ) ਹੁੰਦੀ ਸੀ

ਨ੍ਰਿਪ ਕੇ ਬਾਰ ਭਰਤ ਥੀ ਦ੍ਵਾਰੀ ॥

ਜੋ ਰਾਜੇ ਦੇ ਦੁਆਰ ਤੇ ਪਾਣੀ ਭਰਦੀ ਹੁੰਦੀ ਸੀ।

ਤਿਹ ਕੰਚਨ ਕੇ ਭੂਖਨ ਲਹਿ ਕੈ ॥

ਉਸ ਨੇ (ਇਕ ਦਿਨ) ਸੋਨੇ ਦੇ ਗਹਿਣੇ ਵੇਖੇ,