ਅੜਿਲ:
(ਰਾਣੀ ਨੇ ਕਿਹਾ) ਹੇ ਸਖੀ! (ਜੇ) ਕੋਈ ਚਤੁਰ ਚੋਰ ਚਿਤ ਚੁਰਾ ਲਏ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ।
(ਆਪ ਹੀ ਉੱਤਰ ਦਿੰਦਿਆਂ ਕਹਿੰਦੀ ਹੈ ਤਾਂ) ਆਪਣਾ ਕਲੇਜਾ ਕਢ ਕੇ ਪ੍ਰਿਯ ਨੂੰ ਦੇ ਦੇਣਾ ਚਾਹੀਦਾ ਹੈ।
(ਜਦੋਂ) ਜੰਤ੍ਰ ਮੰਤ੍ਰ ਕਰ ਕੇ ਪ੍ਰਿਯ ਨੂੰ ਰਿਝਾ ਲਈਏ,
ਤਾਂ ਉਸ ਦਿਨ ਉਸੇ ਘੜੀ (ਉਸ ਉਤੇ) ਨਿਛਾਵਰ ਹੋ ਜਾਣਾ ਚਾਹੀਦਾ ਹੈ ॥੨੩॥
ਦੋਹਰਾ:
(ਤੇਰਾ ਰੂਪ) ਅਤਿ ਸੁੰਦਰ ਅਤੇ ਸਰਸ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਦਾ ਘਰ ਹੋਵੇ।
ਹੇ ਮਿਤਰ! ਤੇਰੇ ਨੈਣ ਮੇਰੇ ਮਨ ਨੂੰ ਸਦਾ ਮੋਹਿਤ ਕਰਨ ਵਾਲੇ ਹਨ ॥੨੪॥
ਸਵੈਯਾ:
(ਮੈਂ) ਤੇਰੇ ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ (ਤੇਰੀਆਂ) ਬਲਾਵਾਂ ਲੈਂਦੀ ਹਾਂ ਅਤੇ ਤੇਰੇ ਰੂਪ ਨੂੰ ਵੇਖ ਕੇ ਖ਼ੁਸ਼ ਹੋ ਰਹੀ ਹਾਂ।
(ਤੂੰ) ਮੇਰੇ ਨਾਲ ਚੰਗੀ ਤਰ੍ਹਾਂ ਭੋਗ ਵਿਲਾਸ ਕਰ ਅਤੇ ਰਾਜੇ ਦਾ ਡਰ ਮਨ ਵਿਚ ਨਾ ਰਖ।
ਉਹ ਮੇਰੇ ਚਿਤ ਨੂੰ ਚੰਗੀ ਤਰ੍ਹਾਂ ਰਿਝਾਉਂਦਾ ਨਹੀਂ ਹੈ, (ਇਸੇ ਲਈ) ਮਨ ਵਿਚ ਕਾਮ-ਪੀੜਿਤ ਹੋ ਕੇ ਭਵਾਟਣੀ ਖਾ ਕੇ ਡਿਗ ਪਈ ਹਾਂ।
ਸੌਂਹ ਰਬ ਦੀ, (ਮੈਂ) ਕਰੋੜਾਂ ਉਪਾ ਕਰ ਥਕੀ ਹਾਂ, ਪਰ ਕਿਵੇਂ ਵੀ ਮੇਰਾ ਹਠੀਲਾ ਮਨ ਭਿਜਿਆ ਨਹੀਂ ਹੈ ॥੨੫॥
ਦੋਹਰਾ:
(ਰਾਣੀ ਦਾ) ਚਿਤ ਕਾਮ-ਕ੍ਰੀੜਾ ਵਿਚ ਰਮ ਗਿਆ ਅਤੇ ਉਸ ਦਾ ਅੰਗ ਅੰਗ ਮਚਲ ਕੇ ਉਤੇਜਿਤ ਹੋ ਗਿਆ।
(ਕਿਉਂਕਿ ਉਸ ਦਾ) ਚਿਤ ਚੋਰ (ਰਾਜ ਕੁਮਾਰ) ਦੀਆਂ ਚੰਚਲ ਅੱਖਾਂ ਨਾਲ ਚੁਰਾ ਲਿਆ ਗਿਆ ॥੨੬॥
(ਮੈਂ) ਤੇਰਾ ਰੂਪ ਵੇਖ ਕੇ (ਤੇਰੇ) ਵਸ ਵਿਚ ਹੋ ਗਈ ਹਾਂ, (ਹੁਣ) ਕਿਸ ਦੀ ਓਟ ਲਵਾਂ।
(ਤੁਹਾਡੇ) ਨੈਣਾਂ ਦੀ ਚੋਟ ਖਾ ਕੇ ਮੱਛਲੀ ਵਾਂਗ ਤੜਪ ਰਹੀ ਹਾਂ ॥੨੭॥
ਚੌਪਈ:
ਰਾਜੇ ਦੇ ਪੁੱਤਰ ਨੇ ਉਸ ਦੀ ਕਹੀ ਹੋਈ (ਗੱਲ ਨੂੰ) ਨਾ ਮੰਨਿਆ।
ਤਦ ਚਿਤ੍ਰਮਤੀ (ਰਾਣੀ) ਖਿਝ ਗਈ।
(ਉਸ ਨੇ) ਜਾ ਕੇ ਰਾਜਾ ਚਿਤ੍ਰ ਸਿੰਘ ਅਗੇ ਫ਼ਰਿਆਦ ਕੀਤੀ
ਕਿ ਤੇਰਾ ਇਹ ਪੁੱਤਰ ਬਹੁਤ ਦੁਸ਼ਟ ਹੈ ॥੨੮॥
ਦੋਹਰਾ:
(ਰਾਣੀ ਨੇ) ਆਪਣੇ ਬਸਤ੍ਰ ਫਾੜ ਕੇ ਅਤੇ ਮੁਖ ਉਤੇ ਨੌਹਾਂ ਨਾਲ ਜ਼ਖਮ ਕਰ ਕੇ
ਅਤੇ ਸ਼ਰੀਰ ਦੇ ਚਿੰਨ੍ਹਾਂ ਨੂੰ ਵਿਖਾ ਕੇ ਰਾਜੇ ਨੂੰ ਕ੍ਰੋਧਿਤ ਕਰ ਦਿੱਤਾ ॥੨੯॥
ਚੌਪਈ:
(ਰਾਣੀ ਦੇ) ਬੋਲ ਸੁਣ ਕੇ ਰਾਜਾ ਕ੍ਰੋਧਿਤ ਹੋ ਗਿਆ
ਅਤੇ ਮਾਰਨ ਲਈ ਪੁੱਤਰ ਨੂੰ ਲੈ ਗਿਆ।
ਮੰਤ੍ਰੀਆਂ ਨੇ ਆ ਕੇ ਰਾਜੇ ਨੂੰ ਸਮਝਾਇਆ
ਕਿ ਇਸਤਰੀਆਂ ਦੇ ਚਰਿਤ੍ਰਾਂ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਹੈ ॥੩੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਦੂਜੇ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨॥੭੮॥ ਚਲਦਾ॥
ਦੋਹਰਾ:
ਤਦ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।
ਸਵੇਰ ਹੁੰਦਿਆਂ ਹੀ ਉਸ ਨੂੰ ਫਿਰ ਆਪਣੇ ਕੋਲ ਬੁਲਾ ਲਿਆ ॥੧॥
(ਤਾਂ ਮੰਤ੍ਰੀਆਂ ਨੇ ਰਾਜੇ ਨੂੰ ਕਥਾ ਸੁਣਾਉਣੀਆਂ ਸ਼ੁਰੂ ਕੀਤੀਆਂ। ਇਕ ਮੰਤ੍ਰੀ ਨੇ ਕਿਹਾ) ਇਕ ਪੇਂਡੂ ਦੀ ਕੁੜੀ ਸੀ, ਉਸ ਦੀ (ਕਥਾ ਨੂੰ) ਵਿਚਾਰ ਕਰ ਕੇ ਸੁਣਾਂਦਾ ਹਾਂ।
ਉਸ ਦਾ ਇਕ ਮੋਟਾ ਯਾਰ ਅਤੇ ਇਕ ਪਤਲਾ ਯਾਰ ਸੀ ॥੨॥
ਉਹ ਮ੍ਰਿਗਚਛੁ ਮਤੀ ਅਪਾਰ ਸਰੂਪਵਤੀ ਸੀ।
ਉਸ ਨਾਲ ਉੱਚੇ ਨੀਵੇਂ (ਹਰ ਪ੍ਰਕਾਰ ਦੇ ਆਦਮੀ ਦੀ) ਨਿੱਤ ਸਾਹਿਬ ਸਲਾਮ ਸੀ (ਅਰਥਾਤ ਮੇਲ ਜੋਲ ਸੀ) ॥੩॥
ਚੌਪਈ:
ਉਹ ਕਾਲਪੀ ਨਗਰ ਵਿਚ ਵਸਦੀ ਸੀ
ਅਤੇ ਭਾਂਤ ਭਾਂਤ ਦੇ ਭੋਗ-ਵਿਲਾਸ ਕਰਦੀ ਸੀ।
ਉਥੇ (ਉਹ) ਮ੍ਰਿਗਨ। ਨਾ ਮਤੀ ਰਹਿੰਦੀ ਸੀ,
ਜਿਸ ਨੂੰ ਵੇਖ ਕੇ ਚੰਦ੍ਰਮਾ ਦੀ ਛਬੀ ਵੀ ਫਿਕੀ ਪੈਂਦੀ ਸੀ ॥੪॥
ਦੋਹਰਾ:
ਉਸ ਦਾ ਮੋਟਾ ਯਾਰ ਬਿਰਧ ਸੀ ਅਤੇ ਪਤਲਾ ਯਾਰ ਜਵਾਨ ਸੀ।
ਦੋਵੇਂ ਰਾਤ ਦਿਨ ਉਸ ਨਾਲ ਕਾਮ-ਕ੍ਰੀੜਾ ਕਰਦੇ ਸਨ ॥੫॥
ਜਵਾਨ ਦੇ ਵਸ ਵਿਚ ਇਸਤਰੀ ਹੋ ਜਾਂਦੀ ਹੈ ਅਤੇ ਬਿਰਧ ਇਸਤਰੀ ਦੇ ਵਸ ਵਿਚ ਹੋ ਜਾਂਦਾ ਹੈ।