ਸ਼੍ਰੀ ਦਸਮ ਗ੍ਰੰਥ

ਅੰਗ - 1378


ਕਹੂੰ ਘੂੰਮਿ ਭੂੰਮੈ ਪਰੇ ਖੇਤ ਬਾਜੀ ॥

ਕਿਤੇ ਯੁੱਧ-ਭੂਮੀ ਵਿਚ ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ ਡਿਗ ਰਹੇ ਸਨ।

ਨਿਵਾਜੇ ਝੁਕੈ ਹੈ ਮਨੌ ਕਾਬਿ ਕਾਜੀ ॥੨੬੮॥

(ਇੰਜ ਲਗਦੇ ਸਨ) ਮਾਨੋ ਨਮਾਜ਼ (ਪੜ੍ਹਨ ਲਈ) ਕਾਬੇ ਵਿਚ ਕਾਜ਼ੀ ਝੁਕੇ ਹੋਣ ॥੨੬੮॥

ਹਠੀ ਬਧਿ ਗੋਪਾ ਗੁਲਿਤ੍ਰਾਣ ਬਾਕੇ ॥

ਹਠੀ ਬਾਂਕੇ ਯੋਧੇ ਉਂਗਲਾਂ ਉਤੇ ਗੋਪੇ ਅਤੇ ਗੁਲਿਤ੍ਰਾਣ (ਲੋਹੇ ਦੇ ਦਸਤਾਨੇ) ਬੰਨ੍ਹ ਕੇ

ਚਲੇ ਕੋਪ ਕੈ ਕੈ ਹਠੀਲੇ ਨਿਸਾਕੇ ॥

ਅਤੇ ਨਿਡਰ ('ਨਿਸਾਕੇ') ਹਠੀਲੇ ਕ੍ਰੋਧਵਾਨ ਹੋ ਕੇ ਚਲ ਪਏ ਸਨ।

ਕਹੂੰ ਚਰਮ ਬਰਮੈ ਗਿਰੇ ਮਰਮ ਛੇਦੇ ॥

ਕਿਤੇ ਢਾਲਾਂ ਅਤੇ ਕਵਚ ਵਿੰਨ੍ਹੇ ਹੋਏ ਡਿਗੇ ਪਏ ਸਨ

ਕਹੂੰ ਮਾਸ ਕੇ ਗਿਧ ਲੈ ਗੇ ਲਬੇਦੇ ॥੨੬੯॥

ਅਤੇ ਕਿਤੇ ਗਿੱਧਾਂ ਮਾਸ ਦੀਆਂ ਬੋਟੀਆਂ ਲੈ ਜਾ ਰਹੀਆਂ ਹਨ ॥੨੬੯॥

ਕਹੂੰ ਬੀਰ ਬਾਜੀ ਬਜੰਤ੍ਰੀ ਝਰੇ ਹੈਂ ॥

ਕਿਤੇ ਸੂਰਮੇ, ਘੋੜੇ, ਨਗਾਰਚੀ ਡਿਗੇ ਪਏ ਸਨ

ਕਹੂੰ ਖੰਡ ਖੰਡ ਹ੍ਵੈ ਸਿਪਾਹੀ ਮਰੇ ਹੈਂ ॥

ਅਤੇ ਕਿਤੇ ਟੋਟੇ ਟੋਟੇ ਹੋਏ ਸਿਪਾਹੀ ਮਰੇ ਪਏ ਸਨ।

ਕਹੂੰ ਮਤ ਦੰਤੀ ਪਰੇ ਹੈਂ ਪ੍ਰਹਾਰੇ ॥

ਕਿਤੇ ਮਸਤ ਹਾਥੀ ਮਾਰੇ ਪਏ ਸਨ।

ਗਿਰੇ ਭੂਮਿ ਪਬੈ ਮਨੋ ਬਦ੍ਰ ਮਾਰੇ ॥੨੭੦॥

(ਇੰਜ ਦਿਸਦੇ ਸਨ) ਮਾਨੋ (ਇੰਦਰ) ਦੁਆਰਾ ਬਜ੍ਰ ਨਾਲ ਤੋੜੇ ਹੋਏ ਪਹਾੜ ਹੋਣ ॥੨੭੦॥

ਸਵੈਯਾ ॥

ਸਵੈਯਾ:

ਕਾਢਿ ਕ੍ਰਿਪਾਨ ਜਬੈ ਗਰਜਿਯੋ ਲਖਿ ਦੇਵ ਅਦੇਵ ਸਭੇ ਡਰਪਾਨੇ ॥

ਜਦ (ਮਹਾ ਕਾਲ ਹੱਥ ਵਿਚ) ਕ੍ਰਿਪਾਨ ਲੈ ਕੇ ਗਜਿਆ (ਤਾਂ ਉਸ ਨੂੰ) ਵੇਖ ਕੇ ਦੇਵਤੇ ਅਤੇ ਦੈਂਤ ਸਾਰੇ ਡਰ ਗਏ।

ਆਨਿ ਪ੍ਰਲੈ ਦਿਨ ਸੋ ਪ੍ਰਗਟ੍ਯੋ ਸਿਤ ਸਾਇਕ ਲੈ ਅਸਿਕੇਤੁ ਰਿਸਾਨੇ ॥

ਅਸਿਕੇਤੁ (ਮਹਾ ਕਾਲ) ਲਿਸ਼ਕਦੀ ਹੋਈ ਕਮਾਨ ਲੈ ਕੇ ਗੁੱਸੇ ਨਾਲ ਪਰਲੋ ਵਾਲੇ ਦਿਨ ਵਾਂਗ ਪ੍ਰਗਟ ਹੋ ਗਏ।

ਫੂਕ ਭਏ ਮੁਖ ਸੂਖਿ ਗਈ ਥੁਕਿ ਜੋਰਿ ਹਥਿਯਾਰ ਕਰੋਰਿ ਪਰਾਨੇ ॥

(ਸਾਰਿਆਂ ਦੇ) ਦੇ ਮੁਖ ਪੀਲੇ ਪੈ ਗਏ (ਫਿਕੇ ਪੈ ਗਏ) ਥੁਕ ਸੁਕ ਗਈ ਅਤੇ ਹਥਿਆਰ ਲੈ ਕੇ ਕਰੋੜਾਂ (ਇਸ ਤਰ੍ਹਾਂ) ਭਜ ਗਏ,

ਮਾਨਹੁ ਸਾਵਨ ਕੇ ਬਦਰਾ ਸੁਨਿ ਮਾਰੁਤਿ ਕੀ ਘਹਰੈ ਭਹਰਾਨੇ ॥੨੭੧॥

ਮਾਨੋ ਸਾਵਣ ਦੇ ਬਦਲ ਹਵਾ ਦੀ ਗੂੰਜ ਸੁਣ ਕੇ ਡਰਦੇ ਹੋਏ (ਉਡ ਗਏ) ॥੨੭੧॥

ਡਾਕਿ ਅਚੈ ਕਹੂੰ ਸ੍ਰੋਨ ਡਕਾਡਕ ਪ੍ਰੇਤ ਪਿਸਾਚ ਕਹੂੰ ਕਿਲਕਾਰੈਂ ॥

ਕਿਤੇ ਡਾਕਣੀਆਂ ਡਕਾ ਡਕ ਲਹੂ ਪੀ ਰਹੀਆਂ ਸਨ ਅਤੇ ਕਿਤੇ ਪਿਸਾਚ ਅਤੇ ਪ੍ਰੇਤ ਕਿਲਕਾਰੀਆਂ ਮਾਰ ਰਹੇ ਸਨ।

ਬਾਜਤ ਹੈ ਕਹੂੰ ਡੌਰੂ ਡਮਾਡਮ ਭੈਰਵ ਭੂਤ ਕਹੂੰ ਭਭਕਾਰੈਂ ॥

ਕਿਤੇ ਡੌਰੂ ਡਮਾਡਮ ਕਰਦੇ ਵਜ ਰਹੇ ਸਨ ਅਤੇ ਕਿਤੇ ਭੈਰੋ ਅਤੇ ਭੂਤ ਭਭਕਾਂ ਮਾਰ ਰਹੇ ਸਨ।

ਜੰਗ ਮ੍ਰਿਦੰਗ ਉਪੰਗ ਬਜੈ ਕਹੂੰ ਭੀਖਨ ਸੀ ਰਨ ਭੇਰਿ ਭਕਾਰੈਂ ॥

ਕਿਤੇ ਸੰਖ ('ਜੰਗ') ਮ੍ਰਿਦੰਗ, ਉਪੰਗ ਵਜ ਰਹੇ ਸਨ ਅਤੇ ਕਿਤੇ ਯੁੱਧ ਵਿਚ ਭੇਰੀਆਂ ਵਿਚੋਂ ਭੈਂ ਭੈਂ ਦੀ ਭਿਆਨਕ (ਆਵਾਜ਼ ਆ ਰਹੀ ਸੀ)।

ਆਨਿ ਅਰੈ ਕਹੂੰ ਬੀਰ ਚਟਾਪਟ ਕੋਪਿ ਕਟਾਕਟ ਘਾਇ ਪ੍ਰਹਾਰੈਂ ॥੨੭੨॥

ਕਿਤੇ ਸੂਰਮੇ ਝਟਪਟ ਆ ਕੇ ਅੜ ਗਏ ਸਨ ਅਤੇ ਕ੍ਰੋਧ ਨਾਲ ਕਟਾਕਟ ਵਾਰ ਕਰ ਕੇ ਜ਼ਖ਼ਮ ਕਰ ਰਹੇ ਸਨ ॥੨੭੨॥

ਐਸੀ ਬਿਲੋਕਿ ਕੈ ਮਾਰਿ ਮਚੀ ਭਟ ਕੋਪ ਭਰੇ ਅਰਿ ਓਰ ਚਹੈਂ ॥

ਅਜਿਹਾ ਭਿਆਨਕ ਯੁੱਧ ਮਚਿਆ ਵੇਖ ਕੇ ਵੈਰੀ ਪੱਖ ਦੇ ਸੂਰਮੇ ਕ੍ਰੋਧ ਨਾਲ ਭਰੇ ਹੋਏ

ਬਰਛੇ ਅਰੁ ਬਾਨ ਕਮਾਨ ਕ੍ਰਿਪਾਨ ਗਦਾ ਬਰਛੀ ਤਿਰਸੂਲ ਗਹੈਂ ॥

ਬਰਛੇ, ਬਾਣ, ਕਮਾਨ, ਕ੍ਰਿਪਾਨ, ਗਦਾ, ਬਰਛੀ ਤ੍ਰਿਸ਼ੂਲ ਪਕੜ ਕੇ

ਅਰਿ ਪੈ ਅਰਰਾਇ ਕੈ ਘਾਇ ਕਰੈ ਨ ਟਰੈ ਬਹੁ ਤੀਰ ਸਰੀਰ ਸਹੈਂ ॥

ਅਰੜਾਂਦੇ ਹੋਏ ਵੈਰੀ ਉਤੇ ਘਾਓ ਕਰਦੇ ਸਨ ਅਤੇ ਬਹੁਤ ਸਾਰੇ ਤੀਰਾਂ ਦੀ ਬੋਛਾੜ ਸਹਿ ਕੇ ਪਿਛੇ ਨਹੀਂ ਹਟਦੇ ਸਨ।

ਪੁਰਜੇ ਪੁਰਜੇ ਤਨ ਤੇ ਰਨ ਮੈ ਦੁਖ ਤੇ ਤਨ ਮੈ ਮੁਖ ਤੇ ਨ ਕਹੈਂ ॥੨੭੩॥

(ਉਨ੍ਹਾਂ ਦੇ) ਸ਼ਰੀਰ ਰਣ-ਭੂਮੀ ਵਿਚ ਟੋਟੇ ਟੋਟੇ ਹੋ ਕੇ (ਡਿਗ ਰਹੇ ਸਨ ਪਰ ਆਪਣੇ) ਦੁਖ ਨੂੰ ਮੂੰਹ ਤੋਂ ਪ੍ਰਗਟ ਨਹੀਂ ਕਰਦੇ ਸਨ ॥੨੭੩॥

ਅੜਿਲ ॥

ਅੜਿਲ:

ਪੀਸ ਪੀਸ ਕਰਿ ਦਾਤ ਦੁਬਹਿਯਾ ਧਾਵਹੀਂ ॥

ਦੋਹਾਂ ਬਾਂਹਵਾਂ ਨਾਲ ਹਥਿਆਰ ਚਲਾਉਣ ਵਾਲੇ (ਦੈਂਤ) ਦੰਦ ਪੀਹ ਪੀਹ ਕੇ ਧਾਵਾ ਕਰਦੇ ਸਨ

ਬਜ੍ਰ ਬਾਨ ਬਿਛੂਅਨ ਕੇ ਬਿਸਿਖ ਲਗਾਵਹੀਂ ॥

ਅਤੇ ਬਜ੍ਰ ਬਾਣ, ਬਿਛੂਏ, ਤੀਰ ਮਾਰਦੇ ਸਨ।

ਟੂਕ ਟੂਕ ਹੈ ਮਰਤ ਨ ਪਗੁ ਪਾਛੇ ਟਰੈਂ ॥

ਟੋਟੇ ਟੋਟੇ ਹੋ ਕੇ ਮਰ ਰਹੇ ਸਨ ਪਰ ਕਦਮ ਪਿਛੇ ਨਹੀਂ ਹਟਾ ਰਹੇ ਸਨ।

ਹੋ ਚਟਪਟ ਆਨਿ ਬਰੰਗਨਿ ਤਿਨ ਪੁਰਖਨ ਬਰੈਂ ॥੨੭੪॥

ਉਨ੍ਹਾਂ ਪੁਰਸ਼ਾਂ ਨੂੰ ਝਟਪਟ ਅਪੱਛਰਾਵਾਂ ਆ ਕੇ ਵਰ ਰਹੀਆਂ ਸਨ ॥੨੭੪॥

ਚਾਬਿ ਚਾਬਿ ਕਰਿ ਓਠ ਦੁਬਹਿਯਾ ਰਿਸਿ ਭਰੇ ॥

ਹੋਠਾਂ ਨੂੰ ਚਬ ਚਬ ਕੇ ਰੋਹ ਨਾਲ ਭਰੇ ਹੋਏ ਦੁਬਹੀਏ (ਯੋਧੇ)

ਟੂਕ ਟੂਕ ਹ੍ਵੈ ਗਿਰੇ ਨ ਪਗੁ ਪਾਛੇ ਪਰੇ ॥

ਟੋਟੇ ਟੋਟੇ ਹੋ ਕੇ ਡਿਗਦੇ ਸਨ, ਪਰ (ਉਨ੍ਹਾਂ ਦੇ) ਪੈਰ ਪਿਛੇ ਨਹੀਂ ਪੈਂਦੇ ਸਨ।

ਜੂਝਿ ਜੂਝਿ ਰਨ ਗਿਰਤ ਸੁਭਟ ਸਮੁਹਾਇ ਕੈ ॥

ਰਣ ਵਿਚ ਸਾਹਮਣੇ ਆ ਕੇ ਯੋਧੇ ਜੂਝ ਜੂਝ ਕੇ ਡਿਗਦੇ ਸਨ

ਹੋ ਬਸੇ ਸ੍ਵਰਗ ਮੋ ਜਾਇ ਪਰਮ ਸੁਖ ਪਾਇ ਕੈ ॥੨੭੫॥

ਅਤੇ ਬਹੁਤ ਸੁਖ ਪ੍ਰਾਪਤ ਕਰਦੇ ਹੋਇਆਂ ਸਵਰਗ ਵਿਚ ਜਾ ਵਸਦੇ ਸਨ ॥੨੭੫॥

ਸਵੈਯਾ ॥

ਸਵੈਯਾ:

ਕੋਪ ਘਨਾ ਕਰਿ ਕੈ ਅਸੁਰਾਰਦਨ ਕਾਢਿ ਕ੍ਰਿਪਾਨਨ ਕੌ ਰਨ ਧਾਏ ॥

ਦੇਵਤਿਆਂ (ਵਿਸ਼ੇਸ਼: ਇਥੇ 'ਦੈਂਤ' ਚਾਹੀਦਾ ਹੈ) ਨੇ ਬਹੁਤ ਕ੍ਰੋਧ ਕਰ ਕੇ ਕ੍ਰਿਪਾਨਾਂ ਕਢ ਲਈਆਂ ਅਤੇ ਰਣ-ਭੂਮੀ ਵਲ ਭਜ ਚਲੇ।

ਹਾਕਿ ਹਥਿਯਾਰਨ ਲੈ ਉਮਡੇ ਰਨ ਕੌ ਤਜਿ ਕੈ ਪਗੁ ਦ੍ਵੈ ਨ ਪਰਾਏ ॥

ਲਲਕਾਰਾ ਮਾਰ ਕੇ ਅਤੇ ਹਥਿਆਰ ਲੈ ਕੇ ਰਣ ਵਲ ਉਮਡ ਪਏ ਅਤੇ ਛਡ ਕੇ ਦੋ ਕਦਮ ਵੀ ਪਿਛੇ ਨਹੀਂ ਹਟੇ।

ਮਾਰ ਹੀ ਮਾਰਿ ਪੁਕਾਰਿ ਹਠੀ ਘਨ ਜ੍ਯੋਂ ਗਰਜੇ ਨ ਕਛੂ ਡਰ ਪਾਏ ॥

ਉਹ ਹਠੀਲੇ ਨਿਡਰ ਹੋ ਕੇ 'ਮਾਰੋ' 'ਮਾਰੋ' ਪੁਕਾਰਦੇ ਸਨ ਜਿਵੇਂ ਬਦਲ ਗਜ ਰਹੇ ਸਨ।

ਮਾਨਹੁ ਸਾਵਨ ਕੀ ਰਿਤੁ ਮੈ ਘਨ ਬੂੰਦਨ ਜ੍ਯੋਂ ਸਰ ਤ੍ਯੋਂ ਬਰਖਾਏ ॥੨੭੬॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਵਣ ਦੀ ਰੁਤ ਵਿਚ ਬਦਲਾਂ ਤੋਂ ਬੂੰਦਾਂ ਡਿਗਣ ਵਾਂਗ ਬਾਣਾਂ ਦੀ ਬਰਖਾ ਕਰ ਰਹੇ ਹੋਣ ॥੨੭੬॥

ਧੂਲ ਜਟਾਯੁ ਤੇ ਅਦਿਕ ਸੂਰ ਸਭੈ ਉਮਡੇ ਕਰ ਆਯੁਧ ਲੈ ਕੈ ॥

ਧੂਲ, ਜਟਾਯੂ ਆਦਿ ਸਾਰੇ ਸੂਰਮੇ ਹਥਿਆਰ ਲੈ ਕੇ ਉਮਡ ਪਏ।

ਕੋਪ ਕ੍ਰਿਪਾਨ ਲਏ ਕਰ ਬਾਨ ਮਹਾ ਹਠ ਠਾਨਿ ਬਡੀ ਰਿਸਿ ਕੈ ਕੈ ॥

ਉਨ੍ਹਾਂ ਮਹਾਨ ਹਠੀਆਂ ਨੇ ਬਹੁਤ ਗੁੱਸਾ ਵਧਾ ਕੇ ਹੱਥ ਵਿਚ ਬਾਣ ਅਤੇ ਕ੍ਰਿਪਾਨਾਂ ਲੈ ਲਈਆਂ।

ਚੌਪਿ ਚੜੇ ਚਹੂੰ ਓਰਨ ਤੇ ਬਰਿਯਾਰ ਬਡੇ ਦੋਊ ਨੈਨ ਤਚੈ ਕੈ ॥

ਚੌਹਾਂ ਪਾਸਿਆਂ ਤੋਂ ਵੱਡੇ ਯੋਧੇ ਅੱਖਾਂ ਨਾਲ ਘੂਰਦੇ ਹੋਏ ਚਾਓ ਨਾਲ ਚੜ੍ਹ ਪਏ

ਆਨਿ ਅਰੇ ਖੜਗਾਧੁਜ ਸੌ ਨ ਚਲੇ ਪਗੁ ਦ੍ਵੈ ਬਿਮੁਖਾਹਵ ਹ੍ਵੈ ਕੈ ॥੨੭੭॥

ਅਤੇ ਆ ਕੇ ਖੜਗਾਧੁਜ (ਮਹਾ ਕਾਲ) ਨਾਲ ਆਣ ਲੜੇ ਅਤੇ ਯੁੱਧ-ਭੂਮੀ ਤੋਂ ਬੇਮੁਖ ਹੋ ਕੇ ਦੋ ਕਦਮ ਵੀ ਨਾ ਤੁਰੇ (ਅਰਥਾਤ ਪਿਛੇ ਨਾ ਹਟੇ) ॥੨੭੭॥

ਭਾਰੀ ਪ੍ਰਤਾਪ ਭਰੇ ਮਨ ਮੈ ਭਟ ਧਾਇ ਪਰੇ ਬਿਬਿਧਾਯੁਧ ਲੀਨੇ ॥

ਮਨ ਵਿਚ ਬਹੁਤ ਤੇਜ ਭਰ ਕੇ ਸੂਰਮੇ ਵਖ ਵਖ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਟੁੱਟ ਕੇ ਪੈ ਗਏ।

ਕੌਚ ਕ੍ਰਿਪਾਨ ਕਸੇ ਸਭ ਸਾਜਨ ਓਠਨ ਚਾਬਿ ਬਡੀ ਰਿਸਿ ਕੀਨੇ ॥

ਕਵਚ, ਕ੍ਰਿਪਾਨ ਆਦਿ ਸਾਰੇ ਸਾਜ ਸਜਾ ਕੇ ਅਤੇ ਬਹੁਤ ਕ੍ਰੋਧ ਕਰ ਕੇ ਹੋਠਾਂ ਨੂੰ ਚਬਦੇ ਹੋਏ ਚੜ੍ਹ ਪਏ।

ਆਛੇ ਕੁਲਾਨ ਬਿਖੈ ਉਪਜੇ ਸਭ ਕੌਨਹੂੰ ਬਾਤ ਬਿਖੈ ਨਹਿ ਹੀਨੇ ॥

ਸਾਰੇ ਹੀ ਚੰਗੀਆਂ ਕੁਲਾਂ ਵਿਚ ਉਪਜੇ ਸਨ ਅਤੇ ਕਿਸੇ ਗੱਲ ਵਿਚ ਵੀ ਹੀਣੇ ਨਹੀਂ ਸਨ।

ਜੂਝਿ ਗਿਰੇ ਖੜਗਾਧੁਜ ਸੌ ਲਰਿ ਸ੍ਰੋਨਿਤ ਸੋ ਸਿਗਰੇ ਅੰਗ ਭੀਨੇ ॥੨੭੮॥

ਉਹ ਖੜਗਾਧੁਜ (ਮਹਾ ਕਾਲ) ਨਾਲ ਲੜ ਕੇ ਡਿਗ ਪਏ ਸਨ ਅਤੇ ਉਨ੍ਹਾਂ ਦੇ ਸਾਰੇ ਅੰਗ ਲਹੂ ਨਾਲ ਭਿਜ ਗਏ ਸਨ ॥੨੭੮॥

ਚੌਪਈ ॥

ਚੌਪਈ:

ਇਹ ਬਿਧਿ ਕੋਪ ਕਾਲ ਜਬ ਭਰਾ ॥

ਇਸ ਤਰ੍ਹਾਂ ਜਦ ਕਾਲ ਕ੍ਰੋਧ ਨਾਲ ਭਰ ਗਿਆ,

ਦੁਸਟਨ ਕੋ ਛਿਨ ਮੈ ਬਧੁ ਕਰਾ ॥

(ਤਾਂ ਉਸ ਨੇ) ਛਿਣ ਵਿਚ ਦੁਸ਼ਟਾਂ ਨੂੰ ਮਾਰ ਦਿੱਤਾ।