(ਜਿਨ੍ਹਾਂ ਨੇ) ਕੁਬੇਰ ('ਅਲਕੇਸ') ਦਾ ਖ਼ਜ਼ਾਨਾ ਖੋਹ ਲਿਆ
ਅਤੇ ਦੇਸ-ਦੇਸਾਂਤਰਾਂ ਦੇ ਰਾਜੇ ਜਿਤ ਲਏ।
(ਉਨ੍ਹਾਂ ਨੇ) ਜਿਥੇ ਕਿਥੇ ਦੈਂਤਾਂ ਨੂੰ ਭੇਜਿਆ
ਜੋ ਦੇਸਾਂ-ਵਿਦੇਸਾਂ ਨੂੰ ਜਿਤ ਕੇ ਪਰਤ ਆਏ ॥੭॥੪੫॥
ਦੋਹਰਾ:
ਸਾਰਿਆਂ ਦੇਵਤਿਆਂ ਨੇ ਭੈ-ਭੀਤ ਹੋ ਕੇ ਮਨ ਵਿਚ ਵਿਚਾਰ ਕੀਤਾ।
(ਆਖਿਰ) ਸਾਰੇ ਨਿਆਸਰੇ ਹੋ ਕੇ ਭਜ ਕੇ ਦੇਵੀ ਦੀ ਸ਼ਰਨ ਵਿਚ ਜਾ ਪਏ ॥੮॥੪੬॥
ਨਰਾਜ ਛੰਦ:
ਦੇਵਤੇ ਡਰ ਨਾਲ ਭਜ ਰਹੇ ਸਨ।
ਵਿਸ਼ੇਸ਼ ਰੂਪ ਵਿਚ ਲਜਿਤ ਹੋ ਰਹੇ ਸਨ।
ਜ਼ਹਿਰੀਲੇ ਤੀਰਾਂ ('ਬਿਸਿਖ') ਅਤੇ ਕਮਾਨਾਂ ('ਕਾਰਮੰ') ਨੂੰ ਕਸੇ ਹੋਇਆਂ
ਦੇਵੀ ਦੇ ਲੋਕ ਵਿਚ ਜਾ ਵਸੇ ਸਨ ॥੯॥੪੭॥
ਤਦੋਂ ਦੇਵੀ ਬਹੁਤ ਕ੍ਰੋਧਵਾਨ ਹੋਈ
ਅਤੇ ਅਸਤ੍ਰ-ਸ਼ਸਤ੍ਰ ਲੈ ਕੇ (ਯੁੱਧ ਲਈ) ਚਲ ਪਈ।
ਖੁਸ਼ੀ ਨਾਲ ਮਦਿਰਾ ('ਪਾਨਿ') ਨੂੰ ਪੀ ਕੇ
ਅਤੇ ਹੱਥ ਵਿਚ ਕ੍ਰਿਪਾਨ ਲੈ ਕੇ ਗਰਜੀ ॥੧੦॥੪੮॥
ਰਸਾਵਲ ਛੰਦ:
ਦੇਵਤਿਆਂ ਦੀ ਗੱਲ ਸੁਣ ਕੇ
ਦੇਵੀ ਸ਼ੇਰ ਉਤੇ ਸਵਾਰ ਹੋ ਗਈ।
(ਉਸ ਨੇ ਹਰ ਤਰ੍ਹਾਂ ਨਾਲ) ਸ਼ੁਭ ਸ਼ਸਤ੍ਰਾਂ ਨੂੰ ਧਾਰਨ ਕਰ ਲਿਆ
ਜੋ ਸਭ ਤਰ੍ਹਾਂ ਦੇ ਪਾਪਾਂ ਨੂੰ ਮਿਟਾਉਣ ਵਾਲੇ ਸਨ ॥੧੧॥੪੯॥
(ਦੇਵੀ ਨੇ ਹੁਕਮ ਦੇ ਕੇ) ਵਡੇ ਨਗਾਰਿਆਂ ਤੋਂ ਨਾਦ ਕਰਵਾਇਆ
ਜੋ ਬਹੁਤ ਮਦ-ਮਸਤ ਕਰ ਦੇਣ ਵਾਲਾ ਸੀ।
(ਉਸ ਵੇਲੇ) ਸੰਖਾਂ ਦਾ ਸ਼ੋਰ ਹੋਇਆ
ਜੋ ਚੌਹਾਂ ਪਾਸੇ ਸੁਣਿਆਂ ਗਿਆ ॥੧੨॥੫੦॥
ਉਧਰੋਂ ਬਹੁਤ ਵਡੀ ਸੈਨਾ ਲੈ ਕੇ
ਦੈਂਤ ਅਗੇ ਵਧੇ।
ਉਹ ਲਾਲ ਅੱਖਾਂ ਨਾਲ
ਮੂੰਹੋਂ ਚੁਭਵੇਂ ਬੋਲ ਬੋਲਣ ਲਗੇ ॥੧੩॥੫੧॥
ਚੌਹਾਂ ਪਾਸਿਆਂ ਤੋਂ (ਫੌਜਾਂ) ਨੇੜੇ ਹੋਈਆਂ
ਅਤੇ (ਸੂਰਬੀਰ) ਮੂੰਹੋਂ ਮਾਰੋ-ਮਾਰੋ ਬੋਲਣ ਲਗੇ।
ਉਨ੍ਹਾਂ ਨੇ ਹੱਥ ਵਿਚ ਤੀਰ,
ਤਲਵਾਰਾਂ ਅਤੇ ਛੁਰੀਆਂ ਲਈਆਂ ਹੋਈਆਂ ਸਨ ॥੧੪॥੫੨॥
(ਉਹ) ਜੰਗ ਵਿਚ ਜੁਟ ਗਏ,
ਤੀਰਾਂ ਦੀ ਬਰਖਾ ਕਰਨ ਲਗੇ।
ਤਲਵਾਰਾਂ ('ਕਰਉਤੀ') ਕਟਾਰਾਂ ਆਦਿ ਸ਼ਸਤ੍ਰਾਂ (ਦੇ ਵਜਣ ਨਾਲ)
ਫੁਲਝੜੀਆਂ ਉਠਣ ਲਗੀਆਂ ॥੧੫॥੫੩॥
ਮਹਾ ਬਲਵਾਨ ਅਗੇ ਵਧੇ।
ਬਹੁਤ ਅਧਿਕ ਤੀਰ ਚਲਾਉਣ ਲਗੇ।
ਵੈਰੀ ਉਤੇ (ਇਸ ਤਰ੍ਹਾਂ ਤੀਬਰਤਾ ਨਾਲ) ਵਾਰ ਕਰਦੇ ਸਨ
ਜਿਵੇਂ ਜਲ-ਭੌਰਾ ('ਗੰਗੈਰੀ') (ਜਲ ਵਿਚ ਤੇਜ਼ੀ ਨਾਲ) ਫਿਰਦਾ ਹੈ ॥੧੬॥੫੪॥
ਭੁਜੰਗ ਪ੍ਰਯਾਤ ਛੰਦ:
ਉਧਰ ਵਾਲਾਂ ਦੇ ਗੁਛੇ ਵਾਲੀ ਪੂੰਛ ਉੱਚੀ ਕਰ ਕੇ ਸ਼ੇਰ ਅਗੇ ਵਧਿਆ।
ਇਧਰ ਦੇਵੀ ਨੇ ਹੱਥ ਵਿਚ ਸੰਖ ਲੈ ਕੇ ਵਜਾਇਆ।
(ਜਿਸ ਦੀ) ਧੁਨੀ ਚੌਦਾਂ ਲੋਕਾਂ ਵਿਚ ਗੂੰਜਣ ਲਗੀ
(ਅਤੇ ਦੇਵੀ ਦੇ) ਮੁਖ ਵਿਚਲਾ ਨੂਰ ਯੁੱਧ-ਭੂਮੀ ਵਿਚ ਚਮਕਣ ਲਗਾ ॥੧੭॥੫੫॥
ਤਦੋਂ ਧੂਮ੍ਰ ਨੈਣ ਸ਼ਸਤ੍ਰ ਧਾਰ ਕੇ (ਯੁੱਧ ਲਈ) ਅਗੇ ਵਧਿਆ।
(ਉਸ ਨੇ) ਆਪਣੇ ਨਾਲ ਵੱਡੇ ਯੋਧੇ ਲਏ ਹੋਏ ਸਨ।