ਸ਼੍ਰੀ ਦਸਮ ਗ੍ਰੰਥ

ਅੰਗ - 370


ਰਾਸ ਬਿਖੈ ਹਮ ਕੋ ਸੰਗ ਲੈ ਸਖੀ ਜਾਨਤ ਗ੍ਵਾਰਨਿ ਸੰਗ ਅਰੋਗੇ ॥

ਰਾਸ ਵਿਚ ਮੈਨੂੰ ਸਖੀ ਵਜੋਂ ਨਾਲ ਲੈ (ਜਾਓਗੇ, ਪਰ ਮੈਂ ਚੰਗੀ ਤਰ੍ਹਾਂ) ਜਾਣਦੀ ਹਾਂ (ਹੋਰ ਕਿਸੇ) ਗੋਪੀ ਨਾਲ ਅਟਕ ਜਾਓਗੇ।

ਹਉ ਨਹੀ ਹਾਰਿ ਹਉ ਪੈ ਤੁਮ ਤੇ ਤੁਮ ਹੀ ਹਮ ਤੇ ਹਰਿ ਹਾਰਿ ਪਰੋਗੇ ॥

ਮੈਂ ਤੁਹਾਡੇ ਤੋਂ ਕਿਸੇ ਤਰ੍ਹਾਂ ਵੀ ਨਹੀਂ ਹਾਰਾਂਗੀ, ਹੇ ਕ੍ਰਿਸ਼ਨ! ਤੁਸੀਂ ਹੀ ਮੇਰੇ ਅਗੇ ਹਾਰ ਜਾਓਗੇ।

ਏਕ ਨ ਜਾਨਤ ਕੁੰਜ ਗਲੀਨ ਲਵਾਇ ਕਹਿਯੋ ਕਛੁ ਕਾਜੁ ਕਰੋਗੇ ॥੭੪੬॥

(ਜਿਨ੍ਹਾਂ) ਕੁੰਜ-ਗਲੀਆਂ ਵਿਚੋਂ (ਜੋ) ਇਕ (ਮੈਂ) ਨਹੀਂ ਜਾਣਦੀ, (ਮੈਂ ਸੱਚ) ਕਹਿੰਦੀ ਹਾਂ, ਉਥੇ ਲੈ ਜਾ ਕੇ (ਆਪਣਾ ਹੀ) ਕੁਝ ਕੰਮ ਕਰੋਗੇ ॥੭੪੬॥

ਬ੍ਰਿਖਭਾਨ ਸੁਤਾ ਕਬਿ ਸ੍ਯਾਮ ਕਹੈ ਅਤਿ ਜੋ ਹਰਿ ਕੇ ਰਸ ਭੀਤਰ ਭੀਨੀ ॥

ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਨੇ, ਜੋ ਸ੍ਰੀ ਕ੍ਰਿਸ਼ਨ ਦੇ (ਪ੍ਰੇਮ) ਰਸ ਵਿਚ ਬਹੁਤ ਜ਼ਿਆਦਾ ਭਿਜ ਗਈ ਹੈ,

ਰੀ ਬ੍ਰਿਜਨਾਥ ਕਹਿਯੋ ਹਸਿ ਕੈ ਛਬਿ ਦਾਤਨ ਕੀ ਅਤਿ ਸੁੰਦਰ ਚੀਨੀ ॥

ਹਸ ਕੇ ਕਿਹਾ, ਹੇ ਸ੍ਰੀ ਕ੍ਰਿਸ਼ਨ। (ਉਸ ਵੇਲੇ) ਉਸ ਦੇ ਦੰਦਾਂ ਦੀ ਛਬੀ ਬਹੁਤ ਸੁੰਦਰ ਲਗਦੀ ਸੀ।

ਤਾ ਛਬਿ ਕੀ ਅਤਿ ਹੀ ਉਪਮਾ ਮਨ ਮੈ ਜੁ ਭਈ ਕਬਿ ਕੇ ਸੋਊ ਕੀਨੀ ॥

ਉਸ ਛਬੀ ਦੀ ਬਹੁਤ ਚੰਗੀ ਉਪਮਾ ਜੋ ਕਵੀ ਦੇ ਮਨ ਵਿਚ ਪੈਦਾ ਹੋਈ, ਉਹ (ਉਸ ਨੇ) ਕੀਤੀ ਹੈ।

ਜਿਉ ਘਨ ਬੀਚ ਲਸੈ ਚਪਲਾ ਤਿਹ ਕੋ ਠਗ ਕੈ ਠਗਨੀ ਠਗ ਲੀਨੀ ॥੭੪੭॥

ਜਿਵੇਂ ਕਾਲੇ ਬਦਲ ਵਿਚ ਚਮਕਣ ਵਾਲੀ ਬਿਜਲੀ ਨੂੰ ਠਗਣ ਲਈ ਠਗਣੀ ਨੂੰ ਵੀ (ਇਸ ਨੇ) ਠਗ ਲਿਆ ॥੭੪੭॥

ਬ੍ਰਿਖਭਾਨ ਸੁਤਾ ਕਬਿ ਸ੍ਯਾਮ ਕਹੈ ਅਤਿ ਜੋ ਹਰਿ ਕੇ ਰਸ ਭੀਤਰ ਭੀਨੀ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਸ੍ਰੀ ਕ੍ਰਿਸ਼ਨ ਦੇ ਮਨ ਵਿਚ ਬਹੁਤ ਭਿਜੀ ਹੋਈ ਹੈ,

ਬੀਚ ਹੁਲਾਸ ਬਢਿਯੋ ਮਨ ਕੈ ਜਬ ਕਾਨ੍ਰਹ੍ਰਹ ਕੀ ਬਾਤ ਸਭੈ ਮਨਿ ਲੀਨੀ ॥

(ਉਸ ਦੇ) ਮਨ ਵਿਚ ਖ਼ੁਸ਼ੀ ਵਧ ਗਈ ਹੈ, ਜਦੋਂ ਉਸ ਨੇ ਕ੍ਰਿਸ਼ਨ ਦੀ ਸਾਰੀ ਗੱਲ ਮਨ ਲਈ।

ਕੁੰਜ ਗਲੀਨ ਮੈ ਖੇਲਹਿੰਗੇ ਹਰਿ ਕੇ ਤਿਨ ਸੰਗ ਕਹਿਯੋ ਸੋਊ ਕੀਨੀ ॥

ਉਸ ਨੇ ਸ੍ਰੀ ਕ੍ਰਿਸ਼ਨ ਨੂੰ ਕਿਹਾ ਸੀ, 'ਕੁੰਜ ਗਲੀਆਂ ਵਿਚ ਖੇਡਾਂਗੇ', ਉਹ ਉਸ ਨੇ ਮੰਨ ਲਈ।

ਯੌ ਹਸਿ ਬਾਤ ਨਿਸੰਗ ਕਹਿਯੋ ਮਨ ਕੀ ਦੁਚਿਤਾਈ ਸਭ ਹੀ ਤਜਿ ਦੀਨੀ ॥੭੪੮॥

ਇਸ ਤਰ੍ਹਾਂ (ਉਸ ਨੇ) ਹਸ ਕੇ ਅਤੇ ਨਿਸੰਗ ਹੋ ਕੇ ਕਹਿ ਦਿੱਤਾ ਅਤੇ ਮਨ ਦੀ ਦੁਬਿਧਾ ਦੂਰ ਕਰ ਦਿੱਤੀ ॥੭੪੮॥

ਦੋਊ ਜਉ ਹਸਿ ਬਾਤਨ ਸੰਗ ਢਰੇ ਤੁ ਹੁਲਾਸ ਬਿਲਾਸ ਬਢੇ ਸਗਰੇ ॥

ਦੋਵੇਂ ਜਦ ਹਸ ਹਸ ਕੇ ਗੱਲਾਂ ਵਿਚ ਜੁਟ ਗਏ ਤਾਂ ਸਾਰੇ ਹੁਲਾਸ ਅਤੇ ਵਿਲਾਸ ਵਧ ਗਏ।

ਹਸਿ ਕੰਠ ਲਗਾਇ ਲਈ ਲਲਨਾ ਗਹਿ ਗਾੜੇ ਅਨੰਗ ਤੇ ਅੰਕ ਭਰੇ ॥

ਹਸ ਕੇ (ਸ੍ਰੀ ਕ੍ਰਿਸ਼ਨ ਨੇ) ਪਿਆਰੀ (ਰਾਧਾ) ਨੂੰ ਗਲ ਨਾਲ ਲਾ ਲਿਆ ਅਤੇ ਕਾਮ ਦੀ ਭਰਪੂਰ ਇੱਛਾ ਨਾਲ ਕਲਾਵੇ ਵਿਚ ਲੈ ਲਿਆ।

ਤਰਕੀ ਹੈ ਤਨੀ ਦਰਕੀ ਅੰਗੀਆ ਗਰ ਮਾਲ ਤੇ ਟੂਟ ਕੈ ਲਾਲ ਪਰੇ ॥

(ਅੰਗੀ ਦੀ) ਤਣੀ ਤਿੜਕ ਗਈ, ਚੋਲੀ ਫਟ ਗਈ ਅਤੇ ਗਲੇ ਦੀ ਮਾਲਾ ਦੇ ਟੁੱਟ ਜਾਣ ਕਰ ਕੇ ਲਾਲ (ਧਰਤੀ ਉਤੇ ਡਿਗ) ਪਏ।

ਪੀਯ ਕੇ ਮਿਲਏ ਤ੍ਰੀਯ ਕੇ ਹੀਯ ਤੇ ਅੰਗਰਾ ਬਿਰਹਾਗਨਿ ਕੇ ਨਿਕਰੇ ॥੭੪੯॥

(ਇੰਜ ਪ੍ਰਤੀਤ ਹੁੰਦਾ ਹੈ ਮਾਨੋ) ਪ੍ਰੀਤਮ ਦੇ ਮਿਲ ਪੈਣ ਨਾਲ ਇਸਤਰੀ ਦੇ ਹਿਰਦੇ ਤੋਂ ਬਿਰਹੋਂ ਰੂਪ ਅਗਨੀ ਦੇ ਅੰਗਾਰੇ ਨਿਕਲ ਪਏ ਹੋਣ ॥੭੪੯॥

ਹਰਿ ਰਾਧਿਕਾ ਸੰਗਿ ਚਲੇ ਬਨ ਲੈ ਕਬਿ ਸ੍ਯਾਮ ਕਹੈ ਮਨਿ ਆਨੰਦ ਪਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਮਨ ਵਿਚ ਆਨੰਦਿਤ ਹੋ ਕੇ ਰਾਧਾ ਨੂੰ ਨਾਲ ਲੈ ਕੇ ਬਨ ਨੂੰ ਚਲੇ ਹਨ।

ਕੁੰਜ ਗਲੀਨ ਮੈ ਕੇਲ ਕਰੇ ਮਨ ਕੋ ਸਭ ਸੋਕ ਹੁਤੋ ਬਿਸਰਾਯੋ ॥

ਕੁੰਜ ਗਲੀਆਂ ਵਿਚ ਕੇਲਾਂ ਕਰ ਕੇ ਮਨ ਦੇ ਜੋ ਗ਼ਮ ਸਨ, ਦੂਰ ਕਰ ਦਿੱਤੇ।

ਤਾਹੀ ਕਥਾ ਕੌ ਕਿਧੌ ਜਗ ਮੈ ਮਨ ਮੈ ਸੁਕ ਆਦਿਕ ਗਾਇ ਸੁਨਾਯੋ ॥

ਉਸੇ ਹੀ ਕਥਾ ਨੂੰ ਜਗਤ ਵਿਚ ਜਾਂ ਮਨ ਵਿਚ ਸੁਕਦੇਵ ਆਦਿਕ ਨੇ ਗਾ ਕੇ ਸੁਣਾਇਆ ਹੈ।

ਜੋਊ ਸੁਨੈ ਸੋਊ ਰੀਝ ਰਹੈ ਜਿਹ ਕੇ ਸਭ ਹੀ ਧਰਿ ਮੈ ਜਸੁ ਛਾਯੋ ॥੭੫੦॥

ਜੋ ਵੀ ਸੁਣਦਾ ਹੈ, ਓਹੀ ਪ੍ਰਸੰਨ ਹੋ ਜਾਂਦਾ ਹੈ, ਜਿਸ ਦਾ ਸਾਰੀ ਧਰਤੀ ਉਤੇ ਯਸ਼ ਛਾਇਆ ਹੋਇਆ ਹੈ ॥੭੫੦॥

ਕਾਨ੍ਰਹ ਜੂ ਬਾਚ ਰਾਧੇ ਸੋ ॥

ਸ੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਿਹਾ:

ਸਵੈਯਾ ॥

ਸਵੈਯਾ:

ਹਰਿ ਜੂ ਇਮ ਰਾਧਿਕਾ ਸੰਗਿ ਕਹੀ ਜਮੁਨਾ ਮੈ ਤਰੋ ਤੁਮ ਕੋ ਗਹਿ ਹੈ ॥

ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਰਾਧਾ ਨੂੰ ਕਿਹਾ, (ਤੂੰ) ਜਮਨਾ ਵਿਚ ਤਰ ਅਤੇ (ਮੈਂ) ਤੈਨੂੰ (ਤਰਦੇ) ਫੜਾਂਗਾ।

ਜਲ ਮੈ ਹਮ ਕੇਲ ਕਰੈਗੇ ਸੁਨੋ ਰਸ ਬਾਤ ਸਭੈ ਸੁ ਤਹਾ ਕਹਿ ਹੈ ॥

ਜਲ ਵਿਚ (ਪ੍ਰੇਮ) ਰਸ ਦੀ ਖੇਡ ਕਰਾਂਗੇ ਅਤੇ ਸੁਣ, (ਪ੍ਰੇਮ) ਰਸ ਦੀਆਂ ਸਾਰੀਆਂ ਗੱਲਾਂ ਤੈਨੂੰ ਉਥੇ ਹੀ ਦਸਾਂਗਾ।

ਜਿਹ ਓਰ ਨਿਹਾਰ ਬਧੂ ਬ੍ਰਿਜ ਕੀ ਲਲਚਾਇ ਮਨੈ ਪਿਖਿਬੋ ਚਹਿ ਹੈ ॥

(ਕਿਉਂਕਿ) ਜਿਸ ਪਾਸੇ ਵਲ (ਅਸੀਂ ਜਾਂਦੇ ਹਾਂ) ਬ੍ਰਜ ਦੀਆਂ ਇਸਤਰੀਆਂ, ਮਨ ਵਿਚ ਲਲਚਾ ਕੇ (ਸਾਨੂੰ) ਵੇਖਣਾ ਚਾਹੁੰਦੀਆਂ ਹਨ।

ਪਹੁਚੈਗੀ ਨਹਿ ਤਹ ਗ੍ਵਾਰਨਿ ਏ ਹਮ ਹੂੰ ਤੁਮ ਰੀਝਤ ਹਾਰਹਿ ਹੈ ॥੭੫੧॥

ਪਰ ਇਹ ਗੋਪੀਆਂ ਉਥੇ (ਜਲ ਵਿਚ) ਨਹੀਂ ਪਹੁੰਚ ਸਕਣਗੀਆਂ, ਮੈਂ ਤੇ ਤੂੰ ਉਥੇ ਬਹੁਤ ਆਨੰਦ ਮਾਣਾਂਗੇ ॥੭੫੧॥

ਬ੍ਰਿਖਭਾਨ ਸੁਤਾ ਹਰਿ ਕੇ ਮੁਖ ਤੇ ਜਲ ਪੈਠਨ ਕੀ ਬਤੀਯਾ ਸੁਨਿ ਪਾਈ ॥

(ਜਦ) ਰਾਧਾ ਨੇ ਸ੍ਰੀ ਕ੍ਰਿਸ਼ਨ ਦੇ ਮੁਖ ਤੋਂ ਜਲ ਵਿਚ ਪ੍ਰਵੇਸ਼ ਕਰਨ ਦੀ ਗੱਲ ਸੁਣ ਲਈ,

ਧਾਇ ਕੈ ਜਾਇ ਪਰੀ ਸਰ ਮੈ ਕਰਿ ਕੈ ਅਤਿ ਹੀ ਬ੍ਰਿਜਨਾਥਿ ਬਡਾਈ ॥

(ਤਦ) ਸ੍ਰੀ ਕ੍ਰਿਸ਼ਨ ਦੀ ਬਹੁਤ ਵਡਿਆਈ ਕਰ ਕੇ ਭਜ ਕੇ ਸਰੋਵਰ (ਅਰਥਾਤ ਨਦੀ) ਵਿਚ ਜਾ ਪਈ।

ਤਾਹੀ ਕੇ ਪਾਛੈ ਤੇ ਸ੍ਯਾਮ ਪਰੇ ਕਬਿ ਕੇ ਮਨ ਮੈ ਉਪਮਾ ਇਹ ਆਈ ॥

ਉਸ ਦੇ ਪਿਛੇ ਸ੍ਰੀ ਕ੍ਰਿਸ਼ਨ ਵੀ (ਕੁੱਦ ਕੇ) ਜਾ ਪਏ। (ਇਸ ਦ੍ਰਿਸ਼ ਨੂੰ ਵੇਖ ਕੇ) ਕਵੀ ਦੇ ਮਨ ਵਿਚ ਇਹ ਉਪਮਾ ਪੈਦਾ ਹੋਈ।

ਮਾਨਹੁ ਸ੍ਯਾਮ ਜੂ ਬਾਜ ਪਰਿਯੋ ਪਿਖਿ ਕੈ ਬ੍ਰਿਜ ਨਾਰਿ ਕੋ ਜਿਉ ਮੁਰਗਾਈ ॥੭੫੨॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਜ ਦੀ ਇਸਤਰੀ ਨੂੰ ਮੁਰਗ਼ਾਬੀ ਵਾਂਗ ਵੇਖ ਕੇ ਕ੍ਰਿਸ਼ਨ ਰੂਪ ਬਾਜ਼ ਜਾ ਪਿਆ ਹੋਵੇ ॥੭੫੨॥

ਬ੍ਰਿਜਨਾਥ ਤਬੈ ਧਸਿ ਕੈ ਜਲਿ ਮੈ ਬ੍ਰਿਜ ਨਾਰਿ ਸੋਊ ਤਬ ਜਾਇ ਗਹੀ ॥

ਤਦੇ ਸ੍ਰੀ ਕ੍ਰਿਸ਼ਨ ਨੇ ਜਲ ਵਿਚ ਧਸ ਕੇ ਉਦੋਂ ਹੀ ਰਾਧਾ ਨੂੰ ਜਾ ਕੇ ਪਕੜ ਲਿਆ।

ਹਰਿ ਕੋ ਤਨ ਭੇਟ ਹੁਲਾਸ ਬਢਿਯੋ ਗਿਨਤੀ ਮਨ ਕੀ ਜਲ ਭਾਤਿ ਬਹੀ ॥

ਸ੍ਰੀ ਕ੍ਰਿਸ਼ਨ ਦੇ ਸ਼ਰੀਰ ਦੇ ਛੋਹੰਦਿਆਂ ਹੀ ਉਸ ਦਾ ਉਤਸਾਹ ਵਧ ਗਿਆ ਅਤੇ ਮਨ ਦੀ ਦੁਬਧਾ ਪਾਣੀ ਵਾਂਗ ਵਹਿ ਗਈ।

ਜੋਊ ਆਨੰਦ ਬੀਚ ਬਢਿਯੋ ਮਨ ਕੈ ਕਬਿ ਤਉ ਮੁਖ ਤੇ ਕਥਾ ਭਾਖਿ ਕਹੀ ॥

ਜੋ ਆਨੰਦ ਮਨ ਵਿਚ ਵਧਿਆ, ਉਸ ਦੀ ਕਥਾ ਕਵੀ ਨੇ ਮੁਖ ਤੋਂ ਕਹਿ ਸੁਣਾਈ ਹੈ।

ਪਿਖਿਯੋ ਜਿਨ ਹੂੰ ਸੋਊ ਰੀਝ ਰਹਿਯੋ ਪਿਖਿ ਕੈ ਜਮੁਨਾ ਜਿਹ ਰੀਝ ਰਹੀ ॥੭੫੩॥

(ਉਸ ਜੋੜੀ ਨੂੰ) ਜਿਨ੍ਹਾਂ ਨੇ ਵੇਖਿਆ, ਉਹ ਪ੍ਰਸੰਨ ਹੋ ਰਹੇ ਹਨ, (ਉਨ੍ਹਾਂ ਨੂੰ) ਵੇਖ ਕੇ ਜਮਨਾ ਨਦੀ ਵੀ ਖ਼ੁਸ਼ ਹੋ ਰਹੀ ਹੈ ॥੭੫੩॥

ਜਲ ਤੇ ਕਢਿ ਕੈ ਫਿਰਿ ਗ੍ਵਾਰਨਿ ਸੋ ਕਬਿ ਸ੍ਯਾਮ ਕਹੈ ਫਿਰਿ ਰਾਸ ਮਚਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਫਿਰ ਗੋਪੀ (ਰਾਧਾ) ਨੂੰ ਜਲ ਵਿਚੋਂ ਕਢ ਕੇ, ਫਿਰ (ਕ੍ਰਿਸ਼ਨ ਨੇ ਉਸ ਨਾਲ) ਰਾਸ ਮਚਾਈ ਹੈ।

ਗਾਵਤ ਭੀ ਬ੍ਰਿਖਭਾਨ ਸੁਤਾ ਅਤਿ ਹੀ ਮਨ ਭੀਤਰ ਆਨੰਦ ਪਾਯੋ ॥

ਮਨ ਵਿਚ ਅਤਿ ਅਧਿਕ ਆਨੰਦ ਪ੍ਰਾਪਤ ਕਰ ਕੇ ਰਾਧਾ (ਰਾਸ ਵਿਚ) ਗਾਉਣ ਲਗ ਪਈ।

ਬ੍ਰਿਜ ਨਾਰਿਨ ਸੋ ਮਿਲ ਕੈ ਬ੍ਰਿਜਨਾਥ ਜੂ ਸਾਰੰਗ ਮੈ ਇਕ ਤਾਨ ਬਸਾਯੋ ॥

ਬ੍ਰਜ ਦੀਆਂ ਇਸਤਰੀਆਂ ਨਾਲ ਮਿਲ ਕੇ ਸ੍ਰੀ ਕ੍ਰਿਸ਼ਨ ਨੇ ਸਾਰੰਗ (ਰਾਗ) ਦੀ ਇਕ ਤਰਜ਼ ਵਜਾਈ। ਉ

ਸੋ ਸੁਨ ਕੈ ਮ੍ਰਿਗ ਆਵਤ ਧਾਵਤ ਗ੍ਵਾਰਨੀਆ ਸੁਨ ਕੈ ਸੁਖੁ ਪਾਯੋ ॥੭੫੪॥

ਸ ਨੂੰ ਸੁਣ ਕੇ ਹਿਰਨ ਭਜੇ ਆਉਂਦੇ ਹਨ ਅਤੇ ਗੋਪੀਆਂ ਨੇ ਸੁਣ ਕੇ ਬਹੁਤ ਸੁਖ ਪ੍ਰਾਪਤ ਕੀਤਾ ਹੈ ॥੭੫੪॥

ਦੋਹਰਾ ॥

ਦੋਹਰਾ:

ਸਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ ॥

(ਸੰਮਤ) ਸਤਾਰ੍ਹਾਂ ਸੌ ਪੰਤਾਲੀ ਵਿਚ ਇਹ ਕਥਾ ਚੰਗੀ ਤਰ੍ਹਾਂ ਰਚੀ ਗਈ।

ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ ॥੭੫੫॥

ਜਿਥੇ ਕਿਥੇ ਕੋਈ ਉਕਾਈ ਹੋਵੇ (ਤਾਂ) ਕਵੀ ਜਨ ਉਸ ਸਾਰੀ ਨੂੰ ਸੋਧ ਲੈਣ ॥੭੫੫॥

ਬਿਨਤਿ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਇ ॥

ਹੇ ਜਗਤ ਦੇ ਰਾਜੇ! ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ,

ਮੋ ਮਸਤਕ ਤ੍ਵ ਪਗ ਸਦਾ ਰਹੈ ਦਾਸ ਕੇ ਭਾਇ ॥੭੫੬॥

ਮੇਰਾ ਮਸਤਕ ਤੇਰੇ ਚਰਨਾਂ ਉਤੇ ਸਦਾ ਦਾਸ ਦੇ ਭਾਵ ਨਾਲ (ਧਰਿਆ) ਰਹੇ ॥੭੫੬॥

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਸ ਮੰਡਲ ਬਰਨਨੰ ਧਿਆਇ ਸਮਾਪਤਮ ਸਤੁ ਸੁਭਮ ਸਤੁ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਸ-ਮੰਡਲ ਬਰਨਨ ਅਧਿਆਇ ਦੀ ਸਮਾਪਤੀ। ਸਭ ਸ਼ੁਭ ਹੈ।

ਸੁਦਰਸਨ ਨਾਮ ਬ੍ਰਹਮਣੁ ਭੁਜੰਗ ਜੋਨ ਤੇ ਉਧਾਰ ਕਰਨ ਕਥਨੰ ॥

ਸੁਦਰਸ਼ਨ ਨਾਂ ਦੇ ਬ੍ਰਾਹਮਣ ਦਾ ਸਰਪ ਜੂਨ ਤੋਂ ਉਧਾਰ ਕਰਨ ਦਾ ਕਥਨ:

ਸਵੈਯਾ ॥

ਸਵੈਯਾ:

ਦਿਨ ਪੂਜਾ ਕੋ ਆਇ ਲਗਿਯੋ ਤਿਹ ਕੋ ਜੋਊ ਗ੍ਵਾਰਨੀਯਾ ਅਤਿ ਕੈ ਹਿਤ ਸੇਵੀ ॥

ਉਸ ਦੀ ਪੂਜਾ ਦਾ ਦਿਨ ਆ ਗਿਆ ਜਿਸ ਨੂੰ ਹਿਤ ਕਰ ਕੇ ਗੋਪੀਆਂ ਬਹੁਤ ਸੇਵਦੀਆਂ ਹਨ।

ਜਾ ਰਿਪ ਸੁੰਭ ਨਿਸੁੰਭ ਮਰਿਯੋ ਕਬਿ ਸ੍ਯਾਮ ਕਹੈ ਜਗ ਮਾਤ ਅਭੇਵੀ ॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੇ ਸੁੰਭ ਅਤੇ ਨਿਸੁੰਭ ਵੈਰੀ ਮਾਰੇ ਹਨ, (ਉਹ) ਭੇਦ-ਰਹਿਤ ਜਗਤ ਮਾਤਾ ਹੈ।

ਨਾਸ ਭਏ ਜਗ ਮੈ ਜਨ ਸੋ ਜਿਨਹੂ ਮਨ ਮੈ ਕੁਪ ਕੈ ਨਹਿ ਸੇਵੀ ॥

ਉਹ ਲੋਕ ਜਗਤ ਵਿਚ ਨਸ਼ਟ ਹੋ ਗਏ ਹਨ, ਜਿਨ੍ਹਾਂ ਨੇ ਮਨ ਵਿਚ ਕ੍ਰੋਧ ਕਰ ਕੇ ਉਸ ਦੀ ਸੇਵਾ ਨਹੀਂ ਕੀਤੀ।


Flag Counter