ਸ਼੍ਰੀ ਦਸਮ ਗ੍ਰੰਥ

ਅੰਗ - 376


ਤਾਹੀ ਕੇ ਬੀਚ ਰਹਿਯੋ ਗਡ ਕੈ ਤਿਹ ਤੇ ਨਹੀ ਛੂਟਨ ਨੈਕੁ ਗਯੋ ਹੈ ॥

ਉਸੇ ਵਿਚ (ਸਾਡਾ ਪ੍ਰੇਮ) ਗਡਿਆ ਹੋਇਆ ਹੈ ਅਤੇ ਉਸ ਤੋਂ ਬਿਲਕੁਲ ਛੁਟਣਾ ਨਹੀਂ ਚਾਹੁੰਦਾ।

ਤਾ ਚਲਬੇ ਕੀ ਸੁਨੀ ਬਤੀਯਾ ਅਤਿ ਹੀ ਮਨ ਭੀਤਰ ਸੋਕ ਛਯੋ ਹੈ ॥

ਉਸ ਦੇ ਚਲਣ ਦੀ ਗੱਲ ਸੁਣੀ ਹੈ ਤਾਂ ਮਨ ਵਿਚ ਬਹੁਤ ਗ਼ਮ ਛਾ ਗਿਆ ਹੈ।

ਸੋ ਸੁਨੀਯੈ ਸਜਨੀ ਹਮ ਕਉ ਤਜਿ ਕੈ ਬ੍ਰਿਜ ਕਉ ਮਥਰਾ ਕੋ ਗਯੋ ਹੈ ॥੭੯੯॥

ਹੇ ਸਜਨੀ! ਸੁਣਿਆ ਹੈ, ਉਹ ਸਾਨੂੰ ਅਤੇ ਬ੍ਰਜ ਨੂੰ ਛਡ ਕੇ ਮਥੁਰਾ ਚਲਾ ਗਿਆ ਹੈ ॥੭੯੯॥

ਅਤਿ ਹੀ ਹਿਤ ਸਿਉ ਸੰਗ ਖੇਲਤ ਜਾ ਕਬਿ ਸ੍ਯਾਮ ਕਹੈ ਅਤਿ ਸੁੰਦਰ ਕਾਮਨਿ ॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਨਾਲ ਬਹੁਤ ਹਿਤ ਕਰ ਕੇ ਅਤਿ ਸੁੰਦਰ ਗੋਪੀਆਂ ਖੇਡਦੀਆਂ ਸਨ।

ਰਾਸ ਕੀ ਭੀਤਰ ਯੌ ਲਸਕੈ ਰੁਤਿ ਸਾਵਨ ਕੀ ਚਮਕੈ ਜਿਮ ਦਾਮਨਿ ॥

(ਰਾਸ ਦੀ ਖੇਡ ਵਿਚ ਜਿਨ੍ਹਾਂ ਦਾ ਸ਼ਰੀਰ) ਇਸ ਤਰ੍ਹਾਂ ਚਮਕਦਾ ਸੀ, ਜਿਵੇਂ ਸਾਵਣ ਦੀ ਰੁਤ ਵਿਚ ਬਿਜਲੀ ਚਮਕਦੀ ਹੈ।

ਚੰਦ ਮੁਖੀ ਤਨ ਕੰਚਨ ਸੇ ਦ੍ਰਿਗ ਕੰਜ ਪ੍ਰਭਾ ਜੁ ਚਲੈ ਗਜਿ ਗਾਮਨਿ ॥

(ਜਿਨ੍ਹਾਂ ਦੇ) ਮੁਖ ਚੰਦ੍ਰਮਾ ਵਰਗੇ, ਸ਼ਰੀਰ ਸੋਨੇ ਵਰਗੇ, ਨੈਣਾਂ ਦੀ ਸ਼ੋਭਾ ਕਮਲ ਵਰਗੀ ਹੈ ਅਤੇ ਜੋ ਹਾਥੀ ਜਿਹੀ (ਮਸਤ) ਚਾਲ ਚਲਦੀਆਂ ਹਨ।

ਤ੍ਯਾਗਿ ਤਿਨੈ ਮਥੁਰਾ ਕੋ ਚਲਿਯੋ ਜਦੁਰਾਇ ਸੁਨੋ ਸਜਨੀ ਅਬ ਧਾਮਨਿ ॥੮੦੦॥

ਹੇ ਸਜਨੀ! ਸੁਣੋ, ਸ੍ਰੀ ਕ੍ਰਿਸ਼ਨ ਹੁਣ ਘਰ ਨੂੰ ਛਡ ਕੇ ਮਥੁਰਾ ਨੂੰ ਚਲਾ ਗਿਆ ਹੈ ॥੮੦੦॥

ਕੰਜ ਮੁਖੀ ਤਨ ਕੰਚਨ ਸੇ ਬਿਰਲਾਪ ਕਰੈ ਹਰਿ ਸੋ ਹਿਤ ਲਾਈ ॥

ਕਮਲ ਜਿਹੇ ਮੁਖ ਅਤੇ ਸੋਨੇ ਵਰਗੇ ਸ਼ਰੀਰ ਵਾਲੀਆਂ (ਗੋਪੀਆਂ) ਕ੍ਰਿਸ਼ਨ ਨਾਲ ਪ੍ਰੇਮ ਪਾ ਕੇ ਵਿਰਲਾਪ ਕਰ ਰਹੀਆਂ ਹਨ।

ਸੋਕ ਭਯੋ ਤਿਨ ਕੇ ਮਨ ਬੀਚ ਅਸੋਕ ਗਯੋ ਤਿਨ ਹੂੰ ਤੇ ਨਸਾਈ ॥

ਉਨ੍ਹਾਂ ਦੇ ਮਨ ਵਿਚ ਸੋਗ ਭਰ ਗਿਆ ਹੈ ਅਤੇ ਖੁਸ਼ੀ ਉਨ੍ਹਾਂ ਕੋਲੋਂ ਭਜ ਗਈ ਹੈ।

ਭਾਖਤ ਹੈ ਇਹ ਭਾਤਿ ਸੁਨੋ ਸਜਨੀ ਹਮ ਤ੍ਯਾਗਿ ਗਯੋ ਹੈ ਕਨ੍ਰਹਾਈ ॥

ਹੇ ਸਜਨੀ! ਸੁਣੋ, ਇਸ ਤਰ੍ਹਾਂ ਕਹਿੰਦੀਆਂ ਹਨ ਕਿ ਸਾਨੂੰ ਕ੍ਰਿਸ਼ਨ ਤਿਆਗ ਕੇ ਚਲਾ ਗਿਆ ਹੈ।

ਆਪ ਗਏ ਮਥੁਰਾ ਪੁਰ ਮੈ ਜਦੁਰਾਇ ਨ ਜਾਨਤ ਪੀਰ ਪਰਾਈ ॥੮੦੧॥

ਆਪ ਤਾਂ ਮਥੁਰਾ ਨਗਰ ਵਿਚ ਚਲੇ ਗਏ ਹਨ, (ਉਹ) ਕ੍ਰਿਸ਼ਨ ਪਰਾਈ ਪੀੜ ਨੂੰ ਸਮਝਦੇ ਹੀ ਨਹੀਂ ਹਨ ॥੮੦੧॥

ਅੰਗ ਬਿਖੈ ਸਜ ਕੈ ਭਗਵੇ ਪਟ ਹਾਥਨ ਮੈ ਚਿਪੀਆ ਹਮ ਲੈ ਹੈਂ ॥

ਅਸੀਂ ਸ਼ਰੀਰ ਉਤੇ ਭਗਵੇਂ ਬਸਤ੍ਰ ਧਾਰਨ ਕਰ ਕੇ ਹੱਥਾਂ ਵਿਚ ਚਿੱਪੀਆਂ (ਖੱਪਰ) ਫੜ ਲਵਾਂਗੀਆਂ।

ਸੀਸ ਧਰੈ ਗੀ ਜਟਾ ਅਪੁਨੇ ਹਰਿ ਮੂਰਤਿ ਭਿਛ ਕਉ ਮਾਗ ਅਘੈ ਹੈਂ ॥

ਆਪਣੇ ਸਿਰਾਂ ਉਤੇ ਜਟਾਵਾਂ ਧਰ ਲਵਾਂਗੀਆਂ ਅਤੇ ਕ੍ਰਿਸ਼ਨ ਦੀ ਮੂਰਤ ਦੀ ਭਿਖਿਆ ਮੰਗ ਕੇ ਰਜ ਜਾਵਾਂਗੀਆਂ।

ਸ੍ਯਾਮ ਚਲੈ ਜਿਹ ਠਉਰ ਬਿਖੈ ਹਮਹੂੰ ਤਿਹ ਠਉਰ ਬਿਖੈ ਚਲਿ ਜੈ ਹੈ ॥

ਸ੍ਰੀ ਕ੍ਰਿਸ਼ਨ ਜਿਸ ਥਾਂ ਤੇ ਚਲੇ ਗਏ ਹਨ, ਅਸੀਂ ਵੀ ਉਸ ਥਾਂ ਉਤੇ ਚਲੀਆਂ ਜਾਵਾਂਗੀਆਂ।

ਤ੍ਯਾਗ ਕਰਿਯੋ ਹਮ ਧਾਮਿਨ ਕੋ ਸਭ ਹੀ ਮਿਲ ਕੈ ਹਮ ਜੋਗਿਨ ਹ੍ਵੈ ਹੈ ॥੮੦੨॥

ਅਸੀਂ ਘਰਾਂ ਦਾ ਤਿਆਗ ਕਰ ਦੇਵਾਂਗੀਆਂ ਅਤੇ ਸਾਰੀਆਂ ਮਿਲ ਕੇ ਜੋਗਣਾਂ ਹੋ ਜਾਵਾਂਗੀਆਂ ॥੮੦੨॥

ਬੋਲਤ ਗ੍ਵਾਰਨਿ ਆਪਸਿ ਮੈ ਸੁਨੀਯੈ ਸਜਨੀ ਹਮ ਕਾਮ ਕਰੈਂਗੀ ॥

ਗੋਪੀਆਂ ਆਪਸ ਵਿਚ ਬੋਲਦੀਆਂ ਹਨ, ਹੇ ਸਖੀ! ਸੁਣੋ, ਅਸੀਂ (ਇਹ) ਕੰਮ ਕਰਾਂਗੀਆਂ।

ਤ੍ਯਾਗ ਕਹਿਯੋ ਹਮ ਧਾਮਨ ਕਉ ਚਿਪੀਆ ਗਹਿ ਸੀਸ ਜਟਾਨ ਧਰੈਂਗੀ ॥

ਕਹਿਣ ਲਗੀਆਂ ਕਿ ਅਸੀਂ ਘਰਾਂ ਨੂੰ ਤਿਆਗ ਕੇ, ਚਿੱਪੀਆਂ ਨੂੰ ਫੜ ਕੇ ਸਿਰਾਂ ਉਤੇ ਜਟਾਵਾਂ ਰਖ ਲਵਾਂਗੀਆਂ।

ਕੈ ਬਿਖ ਖਾਇ ਮਰੈਗੀ ਕਹਿਯੋ ਨਹਿ ਬੂਡ ਮਰੈ ਨਹੀ ਜਾਇ ਜਰੈਂਗੀ ॥

(ਕਿਸੇ ਨੇ) ਕਿਹਾ, ਜਾਂ ਤਾਂ ਵਿਸ਼ ਖਾ ਕੇ ਮਰ ਜਾਵਾਂਗੀ, ਜਾਂ ਡੁਬ ਮਰਾਂਗੀ ਜਾਂ ਜਾ ਕੇ ਸੜ ਜਾਵਾਂਗੀ।

ਮਾਨ ਬਯੋਗ ਕਹੈ ਸਭ ਗ੍ਵਾਰਨਿ ਕਾਨ੍ਰਹ ਕੇ ਸਾਥ ਤੇ ਪੈ ਨ ਟਰੇਗੀ ॥੮੦੩॥

ਵਿਯੋਗ ਨੂੰ ਮੰਨ ਕੇ ਸਾਰੀਆਂ ਗੋਪੀਆਂ ਕਹਿੰਦੀਆਂ ਹਨ ਕਿ ਅਸੀਂ ਕ੍ਰਿਸ਼ਨ ਦੇ ਨਾਲ ਜਾਣ ਤੋਂ ਨਹੀਂ ਟਲਾਂਗੀਆਂ ॥੮੦੩॥

ਜਿਨ ਹੂੰ ਹਮਰੇ ਸੰਗਿ ਕੇਲ ਕਰੇ ਬਨ ਬੀਚ ਦਏ ਹਮ ਕਉ ਸੁਖ ਭਾਰੇ ॥

ਜਿਸ ਨੇ ਬਨ ਵਿਚ (ਸਾਡੇ) ਨਾਲ ਕੇਲ-ਕ੍ਰੀੜਾ ਕਰ ਕੇ ਸਾਨੂੰ ਬਹੁਤ ਅਧਿਕ ਸੁਖ ਦਿੱਤੇ ਹਨ।

ਜਾ ਹਮਰੇ ਹਿਤ ਹਾਸ ਸਹਯੈ ਹਮਰੇ ਹਿਤ ਕੈ ਜਿਨਿ ਦੈਤ ਪਛਾਰੇ ॥

ਜਿਸ ਨੇ ਸਾਡੇ ਹਿਤ ਕਰ ਕੇ (ਲੋਕਾਂ ਦਾ) ਹਾਸਾ ਸਹਿਨ ਕੀਤਾ ਹੈ ਅਤੇ ਜਿਸ ਨੇ ਸਾਡੇ ਹਿਤ ਕਰ ਕੇ ਦੈਂਤ ਪਟਕਾ ਮਾਰੇ ਹਨ।

ਰਾਸ ਬਿਖੈ ਜਿਨਿ ਗ੍ਵਾਰਨਿ ਕੇ ਮਨ ਕੇ ਸਭ ਸੋਕ ਬਿਦਾ ਕਰਿ ਡਾਰੇ ॥

ਜਿਸ ਨੇ ਰਾਸ ਵਿਚ ਗੋਪੀਆਂ ਦੇ ਮਨ ਦੇ ਸਾਰੇ ਸੋਗ ਦੂਰ ਕਰ ਦਿੱਤੇ ਹਨ।

ਸੋ ਸੁਨੀਯੈ ਹਮਰੇ ਹਿਤ ਕੋ ਤਜਿ ਕੈ ਸੁ ਅਬੈ ਮਥੁਰਾ ਕੋ ਪਧਾਰੇ ॥੮੦੪॥

ਸੁਣਿਆ ਹੈ, ਉਹ ਸਾਡੇ ਹਿਤ ਨੂੰ ਛਡ ਕੇ ਹੁਣ ਮਥੁਰਾ ਚਲਾ ਗਿਆ ਹੈ ॥੮੦੪॥

ਮੁੰਦ੍ਰਿਕਕਾ ਪਹਰੈ ਹਮ ਕਾਨਨ ਅੰਗ ਬਿਖੈ ਭਗਵੇ ਪਟ ਕੈ ਹੈਂ ॥

ਅਸੀਂ ਕੰਨਾਂ ਵਿਚ ਮੁੰਦਰਾਂ ਪਾਵਾਂਗੀਆਂ ਅਤੇ ਸ਼ਰੀਰ ਉਤੇ ਭਗਵੇ ਬਸਤ੍ਰ ਪਾ ਲਵਾਂਗੀਆਂ।

ਹਾਥਨ ਮੈ ਚਿਪੀਆ ਧਰਿ ਕੈ ਅਪਨੇ ਤਨ ਬੀਚ ਬਿਭੂਤ ਲਗੈ ਹੈਂ ॥

ਹੱਥਾਂ ਵਿਚ ਚਿੱਪੀਆਂ ਧਾਰਨ ਕਰ ਕੇ ਆਪਣੇ ਸ਼ਰੀਰ ਉਤੇ ਸੁਆਹ ਮਲ ਲਵਾਂਗੀਆਂ।

ਪੈ ਕਸਿ ਕੈ ਸਿੰਙੀਆ ਕਟਿ ਮੈ ਹਰਿ ਕੋ ਸੰਗਿ ਗੋਰਖ ਨਾਥ ਜਗੈ ਹੈਂ ॥

ਲਕ ਨਾਲ ਸਿੰਗੀਆਂ ਕਸ ਕੇ (ਬੰਨ੍ਹ ਲਵਾਂਗੀਆਂ) ਅਤੇ ਸ੍ਰੀ ਕ੍ਰਿਸ਼ਨ ਨਾਲ ਜੋਗਣਾਂ ਹੋ ਕੇ ਗੋਰਖਨਾਥ ਦੀ 'ਅਲੱਖ' ਜਗਾਵਾਂਗੀਆਂ।

ਗ੍ਵਾਰਨੀਆ ਇਹ ਭਾਤਿ ਕਹੈਂ ਤਜਿ ਕੈ ਹਮ ਧਾਮਨ ਜੋਗਿਨ ਹ੍ਵੈ ਹੈਂ ॥੮੦੫॥

ਗੋਪੀਆਂ (ਆਪਸ ਵਿਚ) ਇਸ ਤਰ੍ਹਾਂ ਕਹਿੰਦੀਆਂ ਹਨ ਕਿ ਘਰਾਂ ਨੂੰ ਛਡ ਕੇ ਅਸੀਂ ਜੋਗਣਾਂ ਹੋ ਜਾਵਾਂਗੀਆਂ ॥੮੦੫॥

ਕੈ ਬਿਖ ਖਾਇ ਮਰੈਂਗੀ ਕਹਿਯੋ ਅਪੁਨੇ ਤਨ ਕੋ ਨਹਿ ਘਾਤ ਕਰੈ ਹੈ ॥

(ਫਿਰ ਕਈ ਇਕ) ਕਹਿਣ ਲਗੀਆਂ, ਜਾਂ ਤਾਂ ਵਿਸ਼ ਖਾ ਕੇ ਮਰ ਜਾਵਾਂਗੀਆਂ, ਨਹੀਂ ਤਾਂ ਆਪਣੇ ਸ਼ਰੀਰ ਦਾ ਘਾਤ ਕਰ ਲਵਾਂਗੀਆਂ।

ਮਾਰਿ ਛੁਰੀ ਅਪੁਨੇ ਤਨ ਮੈ ਹਰਿ ਕੇ ਹਮ ਊਪਰ ਪਾਪ ਚੜੈ ਹੈ ॥

ਆਪਣੇ ਸ਼ਰੀਰ ਵਿਚ ਛੁਰੀ ਮਾਰ ਕੇ, ਕ੍ਰਿਸ਼ਨ ਉਪਰ ਅਸੀਂ (ਆਤਮ-ਘਾਤ) ਦਾ ਪਾਪ ਚੜ੍ਹਾਵਾਂਗੀਆਂ।

ਨਾਤੁਰ ਬ੍ਰਹਮ ਕੇ ਜਾ ਪੁਰ ਮੈ ਬਿਰਥਾ ਇਹ ਕੀ ਸੁ ਪੁਕਾਰਿ ਕਰੈ ਹੈ ॥

ਨਹੀਂ ਤਾਂ ਬ੍ਰਹਮ-ਲੋਕ ਵਿਚ ਜਾ ਕੇ ਇਸ ਦੀ (ਦਿੱਤੀ ਹੋਈ) ਪੀੜ ਬਾਰੇ ਪੁਕਾਰ ਕਰਾਂਗੀਆਂ।

ਗ੍ਵਾਰਨੀਯਾ ਇਹ ਭਾਤਿ ਕਹੈਂ ਬ੍ਰਿਜ ਤੇ ਹਰਿ ਕੋ ਹਮ ਜਾਨਿ ਨ ਦੈ ਹੈ ॥੮੦੬॥

ਗੋਪੀਆਂ ਇਸ ਤਰ੍ਹਾਂ ਕਹਿਣ ਲਗੀਆਂ ਕਿ ਅਸੀਂ ਕ੍ਰਿਸ਼ਨ ਨੂੰ ਬ੍ਰਜ ਤੋਂ ਜਾਣ ਨਹੀਂ ਦੇਵਾਂਗੀਆਂ ॥੮੦੬॥

ਸੇਲੀ ਡਰੈਂਗੀ ਗਰੈ ਅਪੁਨੇ ਬਟੂਆ ਅਪੁਨੇ ਕਟਿ ਸਾਥ ਕਸੈ ਹੈ ॥

ਆਪਣੇ ਗਲੇ ਵਿਚ ਸੇਲੀਆਂ ਪਾ ਲਵਾਂਗੀਆਂ ਅਤੇ ਆਪਣੇ ਲਕ ਨਾਲ ਬਟੂਏ (ਸੁਆਹ ਦੀਆਂ ਥੈਲੀਆਂ) ਬੰਨ੍ਹ ਲਵਾਂਗੀਆਂ।

ਲੈ ਕਰਿ ਬੀਚ ਤ੍ਰਿਸੂਲ ਕਿਧੌ ਫਰੂਆ ਤਿਹ ਸਾਮੁਹੇ ਰੂਪ ਜਗੈ ਹੈ ॥

ਆਪਣੇ ਹੱਥ ਵਿਚ ਤ੍ਰਿਸ਼ੂਲ ਜਾਂ ਫਹੌੜੀ ਲੈ ਕੇ ਉਸ ਦੇ ਸਾਹਮਣੇ ਧੂਪ ਜਗਾਵਾਂਗੀਆਂ।

ਘੋਟ ਕੈ ਤਾਹੀ ਕੇ ਧ੍ਯਾਨ ਕੀ ਭਾਗ ਕਹੈ ਕਬਿ ਸ੍ਯਾਮ ਸੁ ਵਾਹੀ ਚੜੈ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਉਸ ਦੇ ਧਿਆਨ ਦੀ ਭੰਗ ਘੋਟ ਕੇ, ਉਸ ਨੂੰ ਭੋਗ ਲਗਾਵਾਂਗੀਆਂ।

ਗ੍ਵਾਰਨੀਯਾ ਇਹ ਭਾਤਿ ਕਹੈ ਨ ਰਹੈ ਹਮ ਧਾਮਨ ਜੋਗਿਨ ਹ੍ਵੈ ਹੈ ॥੮੦੭॥

ਗੋਪੀਆਂ ਇਸ ਤਰ੍ਹਾਂ ਕਹਿੰਦੀਆਂ ਹਨ ਕਿ ਅਸੀਂ (ਕ੍ਰਿਸ਼ਨ ਤੋਂ ਬਿਨਾ) ਘਰਾਂ ਵਿਚ ਨਹੀਂ ਰਹਾਂਗੀਆਂ ਅਤੇ ਜੋਗਣਾਂ ਹੋ ਕੇ (ਪਿਛੇ ਜਾਵਾਂਗੀਆਂ) ॥੮੦੭॥

ਧੂਮ ਡਰੈ ਤਿਹ ਕੇ ਗ੍ਰਿਹ ਸਾਮੁਹੇ ਅਉਰ ਕਛੂ ਨਹਿ ਕਾਰਜ ਕੈ ਹੈ ॥

ਉਸ ਦੇ ਘਰ ਦੇ ਸਾਹਮਣੇ ਧੂਣੀ ਪਾਵਾਂਗੀਆਂ ਅਤੇ ਹੋਰ ਕੋਈ ਵੀ ਕੰਮ ਨਹੀਂ ਕਰਾਂਗੀਆਂ।

ਧ੍ਯਾਨ ਧਰੈਂਗੀ ਕਿਧੌ ਤਿਹ ਕੌ ਤਿਹ ਧ੍ਯਾਨ ਕੀ ਭਾਗਹਿ ਸੋ ਮਤਿ ਹ੍ਵੈ ਹੈ ॥

ਜਾਂ ਉਸ ਦਾ ਧਿਆਨ ਧਰਾਂਗੀਆਂ ਅਤੇ ਉਸ ਦੇ ਧਿਆਨ ਦੀ ਭੰਗ (ਪੀ ਕੇ) ਮਸਤ ਹੋ ਜਾਵਾਂਗੀਆਂ।

ਲੈ ਤਿਹ ਕੈ ਫੁਨਿ ਪਾਇਨ ਧੂਰਿ ਕਿਧੌ ਸੁ ਬਿਭੂਤ ਕੀ ਠਉਰ ਚੜੈ ਹੈ ॥

ਫਿਰ ਉਸ ਦੇ ਪੈਰਾਂ ਦੀ ਧੂੜ ਨੂੰ ਲੈ ਕੇ ਉਸ ਨੂੰ ਬਿਭੂਤੀ ਦੀ ਥਾਂ ਚੜ੍ਹਾਵਾਂਗੀਆਂ।

ਕੈ ਹਿਤ ਗ੍ਵਾਰਨਿ ਐਸੋ ਕਹੈਂ ਤਜਿ ਕੈ ਗ੍ਰਿਹ ਕਉ ਹਮ ਜੋਗਿਨ ਹ੍ਵੈ ਹੈ ॥੮੦੮॥

ਪ੍ਰੇਮ ਕਰ ਕੇ ਗੋਪੀਆਂ ਇਸ ਤਰ੍ਹਾਂ ਕਹਿੰਦੀਆਂ ਹਨ ਕਿ ਅਸੀਂ ਘਰ ਛਡ ਕੇ ਜੋਗਣਾਂ ਹੋ ਜਾਵਾਂਗੀਆਂ ॥੮੦੮॥

ਕੈ ਅਪੁਨੇ ਮਨ ਕੀ ਫੁਨਿ ਮਾਲ ਕਹੈ ਕਬਿ ਵਾਹੀ ਕੋ ਨਾਮੁ ਜਪੈ ਹੈ ॥

ਕਵੀ ਕਹਿੰਦੇ ਹਨ, ਆਪਣੇ ਮਨ ਦੀ ਮਾਲਾ ਬਣਾ ਕੇ ਫਿਰ ਉਸੇ ਦਾ ਨਾਂ ਜਪਾਂਗੀਆਂ।

ਕੈ ਇਹ ਭਾਤਿ ਕੀ ਪੈ ਤਪਸਾ ਹਿਤ ਸੋ ਤਿਹ ਤੇ ਜਦੁਰਾਇ ਰਿਝੈ ਹੈ ॥

ਜਾਂ ਇਸ ਤਰ੍ਹਾਂ ਦੀ ਤਪਸਿਆ ਕਰ ਕੇ ਉਸ ਨਾਲ ਸ੍ਰੀ ਕ੍ਰਿਸ਼ਨ ਨੂੰ ਰਿਝਾ ਲਵਾਂਗੀਆਂ।

ਮਾਗ ਸਭੈ ਤਿਹ ਤੇ ਮਿਲਿ ਕੈ ਬਰੁ ਪਾਇਨ ਪੈ ਤਹਿ ਤੇ ਹਮ ਲਯੈ ਹੈ ॥

(ਅਸੀਂ) ਸਾਰੀਆਂ ਮਿਲ ਕੇ ਉਸ ਤੋਂ ਵਰ ਮੰਗਾਂਗੀਆਂ ਅਤੇ ਪੈਰੀਂ ਪੈ ਕੇ ਉਸ (ਵਰ ਨੂੰ) ਅਸੀਂ ਪ੍ਰਾਪਤ ਕਰਾਂਗੀਆਂ।

ਯਾ ਤੇ ਬਿਚਾਰਿ ਕਹੈ ਗੁਪੀਯਾ ਤਜਿ ਕੈ ਹਮ ਧਾਮਨ ਜੋਗਿਨ ਹ੍ਵੈ ਹੈ ॥੮੦੯॥

ਇਸ ਤਰ੍ਹਾਂ ਦਾ ਵਿਚਾਰ ਗੋਪੀਆਂ ਕਹਿੰਦੀਆਂ ਹਨ ਕਿ ਅਸੀਂ ਘਰਾਂ ਨੂੰ ਛਡ ਕੇ ਜੋਗਣਾਂ ਹੋ ਜਾਵਾਂਗੀਆਂ ॥੮੦੯॥

ਠਾਢੀ ਹੈ ਹੋਇ ਇਕਤ੍ਰ ਤ੍ਰੀਯਾ ਜਿਮ ਘੰਟਕ ਹੇਰ ਬਜੈ ਮ੍ਰਿਗਾਇਲ ॥

(ਸਾਰੀਆਂ) ਇਸਤਰੀਆਂ ਇਕੱਠੀਆਂ ਹੋ ਕੇ ਇਕ ਥਾਂ ਖੜੋਤੀਆਂ ਹਨ ਜਿਵੇਂ ਘੰਡਾਹੇੜੇ ਦੇ ਵਜਣ ਨਾਲ ਹਿਰਨਾਂ ਦੀ ਡਾਰ ਖੜੋ ਜਾਂਦੀ ਹੈ।

ਸ੍ਯਾਮ ਕਹੈ ਕਬਿ ਚਿਤ ਹਰੈ ਹਰਿ ਕੋ ਹਰਿ ਊਪਰਿ ਹ੍ਵੈ ਅਤਿ ਮਾਇਲ ॥

ਕਵੀ ਸ਼ਿਆਮ ਕਹਿੰਦੇ ਹਨ, ਕਦੇ ਤਾਂ ਗੋਪੀਆਂ ਕ੍ਰਿਸ਼ਨ ਦੀ ਚਿੰਤਾ ਦੂਰ ਕਰ ਦਿੰਦੀਆਂ ਹਨ ਅਤੇ ਕ੍ਰਿਸ਼ਨ ਉਤੇ ਬਹੁਤ ਮੋਹਿਤ ਹੋ ਜਾਂਦੀਆਂ ਹਨ।

ਧ੍ਰਯਾਨ ਲਗੈ ਦ੍ਰਿਗ ਮੂੰਦ ਰਹੈ ਉਘਰੈ ਨਿਕਟੈ ਤਿਹ ਜਾਨਿ ਉਤਾਇਲ ॥

ਧਿਆਨ ਲਗ ਜਾਣ ਤੇ ਗੋਪੀਆਂ ਅੱਖਾਂ ਨੂੰ ਬੰਦ ਕਰ ਲੈਂਦੀਆਂ ਹਨ (ਪਰ ਉਘਾੜਦੀਆਂ ਨਹੀਂ) ਕਿਉਂਕਿ ਉਹ ਜਾਣਦੀਆਂ ਹਨ (ਅੱਖਾਂ ਦੇ) ਉਘੜਨ ਨਾਲ ਸ੍ਰੀ ਕ੍ਰਿਸ਼ਨ (ਹਿਰਦੇ ਵਿਚੋਂ) ਕਾਹਲੀ ਨਾਲ ਨਿਕਲ ਜਾਏਗਾ।

ਯੌ ਉਪਜੀ ਉਪਮਾ ਮਨ ਮੈ ਜਿਮ ਮੀਚਤ ਆਂਖ ਉਘਾਰਤ ਘਾਇਲ ॥੮੧੦॥

(ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਜਿਵੇਂ (ਯੁੱਧ-ਭੂਮੀ ਵਿਚ ਪਿਆ) ਘਾਇਲ ਵਿਅਕਤੀ ਅੱਖੀਆਂ ਨੂੰ ਉਘਾੜਦਾ ਅਤੇ ਬੰਦ ਕਰਦਾ ਹੈ ॥੮੧੦॥

ਕੰਚਨ ਕੇ ਤਨ ਜੋ ਸਮ ਥੀ ਜੁ ਹੁਤੀ ਸਮ ਗ੍ਵਾਰਨਿ ਚੰਦ ਕਰਾ ਸੀ ॥

ਜੋ ਗੋਪੀਆਂ ਸੋਨੇ ਵਰਗੇ ਸ਼ਰੀਰ ਵਾਲੀਆਂ ਹਨ ਅਤੇ ਜੋ ਚੰਦ੍ਰਮਾ ਦੀ ਕਲਾ (ਵਰਗੇ ਮੁਖ ਵਾਲੀਆਂ) ਹਨ,