ਸ਼੍ਰੀ ਦਸਮ ਗ੍ਰੰਥ

ਅੰਗ - 447


ਅੜਿਲ ॥

ਅੜਿਲ:

ਭਾਜਿ ਜਛ ਸਬ ਗਏ ਤਬਹਿ ਹਰਿ ਮਹਾ ਬਲ ॥

ਜਦ ਸਾਰੇ ਯਕਸ਼ ਭਜ ਗਏ, ਤਦ ਮਹਾ ਬਲੀ ਸ੍ਰੀ ਕ੍ਰਿਸ਼ਨ ਨੇ

ਰੁਦ੍ਰ ਅਸਤ੍ਰ ਦੀਓ ਛਾਡ ਸੁ ਕੰਪਿਯੋ ਤਲ ਬਿਤਲ ॥

ਰੁਦਰ ਅਸਤ੍ਰ ਛਡ ਦਿੱਤਾ, ਜਿਸ ਨਾਲ ਤਲ ਅਤੇ ਬਿਤਲ (ਨਾਂ ਦੇ ਪਾਤਾਲ) ਕੰਬ ਗਏ।

ਤਬ ਸਿਵ ਜੂ ਉਠਿ ਧਾਏ ਸੂਲ ਸੰਭਾਰ ਕੈ ॥

ਉਸ ਵੇਲੇ ਸ਼ਿਵ ਤ੍ਰਿਸ਼ੂਲ ਲੈ ਕੇ ਉਠ ਕੇ ਦੌੜਿਆ,

ਹੋ ਕਿਉ ਹਰਿ ਸਿਮਰਿਓ ਹਮੈ ਇਹੈ ਜੀਅ ਧਾਰ ਕੈ ॥੧੪੯੯॥

ਇਹ ਵਿਚਾਰ ਮਨ ਵਿਚ ਬਣਾ ਕੇ ਕਿ ਸ੍ਰੀ ਕ੍ਰਿਸ਼ਨ ਨੇ ਮੈਨੂੰ ਯਾਦ ਕੀਤਾ ਹੈ ॥੧੪੯੯॥

ਸੰਗ ਰੁਦ੍ਰ ਕੈ ਰੁਦ੍ਰ ਚਲੇ ਭਟ ਉਠਿ ਤਬੈ ॥

ਤਦੋਂ ਸ਼ਿਵ ਦੇ ਨਾਲ ਸ਼ੂਰਵੀਰ ਸ਼ਿਵ-ਗਣ ਉਠ ਕੇ ਤੁਰ ਪਏ।

ਏਕ ਰਦਨ ਜੂ ਚਲੇ ਸੰਗ ਲੈ ਦਲ ਸਬੈ ॥

ਗਣੇਸ਼ ('ਏਕ ਰਦਨ') ਵੀ ਸਾਰੀ ਫੌਜ ਲੈ ਕੇ ਚਲ ਪਿਆ।

ਔਰ ਸਕਲ ਗਨ ਚਲੈ ਸੁ ਸਸਤ੍ਰ ਸੰਭਾਰ ਕੈ ॥

ਹੋਰ ਵੀ ਸਾਰੇ ਗਣ ਆਪਣੇ ਆਪਣੇ ਸ਼ਸਤ੍ਰ ਲੈ ਕੇ ਚਲ ਪਏ

ਹੋ ਕੌਨ ਅਜਿਤ ਪ੍ਰਗਟਿਓ ਭਵ ਕਹੈ ਬਿਚਾਰ ਕੈ ॥੧੫੦੦॥

ਅਤੇ ਵਿਚਾਰ ਕਰਨ ਲਗੇ ਕਿ ਜਗਤ ਵਿਚ ਕਿਹੜਾ ਅਜਿਤ ਸੂਰਮਾ ਪ੍ਰਗਟ ਹੋ ਗਿਆ ਹੈ ॥੧੫੦੦॥

ਦੋਹਰਾ ॥

ਦੋਹਰਾ:

ਕੋ ਭਟ ਉਪਜਿਯੋ ਜਗਤ ਮੈ ਸਬ ਯੌ ਕਰਤ ਬਿਚਾਰ ॥

ਸਾਰੇ ਹੀ ਮਨ ਵਿਚ ਵਿਚਾਰ ਕਰਦੇ ਹਨ ਕਿ ਜਗਤ ਵਿਚ ਕਿਹੜਾ ਸੂਰਮਾ ਪ੍ਰਗਟ ਹੋ ਗਿਆ ਹੈ?

ਸਿਵ ਸਿਖਿ ਬਾਹਨ ਗਨ ਸਹਿਤ ਆਏ ਰਨਿ ਰਿਸਿ ਧਾਰਿ ॥੧੫੦੧॥

ਸ਼ਿਵ (ਆਪਣੇ) ਸੇਵਕਾਂ, ਵਾਹਨ ਅਤੇ ਗਣਾਂ ਸਮੇਤ ਕ੍ਰੋਧਿਤ ਹੋ ਕੇ ਯੁੱਧਭੂਮੀ ਵਿਚ ਆ ਗਿਆ ਹੈ ॥੧੫੦੧॥

ਪ੍ਰਲੈ ਕਾਲ ਕਰਤਾ ਜਹੀ ਆਏ ਤਿਹ ਠਾ ਦੌਰਿ ॥

ਜੋ ਪਰਲੋ ਕਾਲ ਦਾ ਕਰਤਾ ਹੈ, (ਉਹ) ਉਥੇ ਦੌੜ ਕੇ ਆ ਗਿਆ ਹੈ।

ਰਨ ਨਿਹਾਰਿ ਮਨ ਮੈ ਕਹਿਯੋ ਇਹ ਚਿੰਤਾ ਕੀ ਠੌਰ ॥੧੫੦੨॥

ਯੁੱਧ-ਭੂਮੀ ਨੂੰ ਵੇਖ ਕੇ (ਸ਼ਿਵ ਨੇ) ਮਨ ਵਿਚ ਕਿਹਾ ਕਿ ਇਹ ਤਾਂ ਚਿੰਤਾ ਦਾ ਮੌਕਾ ਹੈ ॥੧੫੦੨॥

ਗਨ ਗਨੇਸ ਸਿਵ ਖਟਬਦਨ ਦੇਖੈ ਨੈਨ ਨਿਹਾਰਿ ॥

(ਸ਼ਿਵ ਦੇ) ਗਣ, ਗਣੇਸ਼, ਸ਼ਿਵ, ਛੇ ਮੂੰਹ ਵਾਲਾ (ਸੁਆਮੀ ਕਾਰਤਿਕੇ) ਅੱਖਾਂ ਨਾਲ (ਧਿਆਨ ਪੂਰਵਕ) ਵੇਖਦੇ ਹਨ।

ਸੋ ਰਿਸ ਭੂਪਤਿ ਜੁਧ ਹਿਤ ਲੀਨੇ ਆਪ ਹਕਾਰਿ ॥੧੫੦੩॥

ਉਨ੍ਹਾਂ ਨੂੰ ਰਾਜਾ (ਖੜਗ ਸਿੰਘ) ਨੇ ਯੁੱਧ ਕਰਨ ਲਈ ਖੁਦ ਹੀ ਬੁਲਾ ਲਿਆ ਹੈ ॥੧੫੦੩॥

ਸਵੈਯਾ ॥

ਸਵੈਯਾ:

ਰੇ ਸਿਵ ਆਜ ਅਯੋਧਨ ਮੈ ਲਰਿ ਲੈ ਹਮ ਸੋ ਕਰ ਲੈ ਬਲ ਜੇਤੋ ॥

ਹੇ ਸ਼ਿਵ! ਅਜ ਯੁੱਧ-ਭੂਮੀ ਵਿਚ ਮੇਰੇ ਨਾਲ ਲੜ ਲੈ, ਜਿਤਨਾ ਵੀ (ਤੇਰਾ) ਬਲ ਹੈ, (ਉਹ ਸਾਰਾ) ਲਗਾ ਲੈ।

ਐ ਰੇ ਗਨੇਸ ਲਰੈ ਹਮਰੇ ਸੰਗ ਹੈ ਤੁਮਰੇ ਤਨ ਮੈ ਬਲ ਏਤੋ ॥

ਓਏ ਗਣੇਸ਼! ਤੂੰ ਮੇਰੇ ਨਾਲ ਲੜੇਂਗਾ, ਤੇਰੇ ਸ਼ਰੀਰ ਵਿਚ ਇਤਨਾ ਬਲ ਹੈ।

ਕਿਉ ਰੇ ਖੜਾਨਨ ਤੂ ਗਰਬੈ ਮਰ ਹੈ ਅਬ ਹੀ ਇਕ ਬਾਨ ਲਗੈ ਤੋ ॥

ਹੇ ਛੇ ਮੂੰਹਾਂ ਵਾਲੇ (ਸੁਆਮੀ ਕਾਰਤਿਕੇ!) ਤੁੰ ਕਿਉਂ ਅਭਿਮਾਨ ਕਰਦਾ ਹੈਂ, ਹੁਣੇ ਹੀ ਇਕ ਬਾਣ ਲਗਣ ਨਾਲ ਮਰ ਜਾਵੇਂਗਾ।

ਕਾਹੇ ਕਉ ਜੂਝ ਮਰੋ ਰਨ ਮੈ ਅਬ ਲਉ ਨ ਗਯੋ ਕਛੁ ਜੀਅ ਮਹਿ ਚੇਤੋ ॥੧੫੦੪॥

ਰਣ ਵਿਚ ਕਿਸ ਲਈ ਜੂਝ ਕੇ ਮਰਦਾ ਹੈਂ; ਅਜੇ ਤਕ ਕੁਝ ਨਹੀਂ ਗਿਆ, ਮਨ ਵਿਚ ਕੁਝ ਵਿਚਾਰ ਕਰ ॥੧੫੦੪॥

ਸਿਵ ਜੂ ਬਾਚ ਖੜਗੇਸ ਸੋ ॥

ਸ਼ਿਵ ਜੀ ਦਾ ਖੜਗ ਸਿੰਘ ਨੂੰ ਕਹਿਣਾ:

ਸਵੈਯਾ ॥

ਸਵੈਯਾ:

ਬੋਲਿ ਉਠਿਯੋ ਰਿਸਿ ਕੈ ਸਿਵ ਜੂ ਅਰੇ ਕਿਉ ਸੁਨ ਤੂ ਗਰਬਾਤੁ ਹੈ ਏਤੋ ॥

ਸ਼ਿਵ ਜੀ (ਝਟ ਹੀ) ਕ੍ਰੋਧ ਕਰ ਕੇ ਬੋਲਣ ਲਗਿਆ, ਓਏ! ਸੁਣ ਤੂੰ ਇਤਨਾ ਹੰਕਾਰ ਕਿਉਂ ਕਰ ਰਿਹਾ ਹੈਂ?

ਏਤਨ ਸਿਉ ਜਿਨਿ ਰਾਰਿ ਮੰਡੋ ਅਬਿ ਹੀ ਲਖਿ ਹੈ ਹਮ ਮੈ ਬਲੁ ਜੇਤੋ ॥

ਇਤਨਿਆਂ ਨਾਲ ਯੁੱਧ ਨਾ ਕਰ, ਤੈਨੂੰ ਹੁਣੇ ਪਤਾ ਲਗ ਜਾਏਗਾ ਕਿ ਅਸਾਂ ਵਿਚ ਕਿਤਨਾ ਬਲ ਹੈ?

ਜੌ ਤੁਮ ਮੈ ਅਤਿ ਪਉਰਖ ਹੈ ਅਬ ਢੀਲ ਕਹਾ ਧਨੁ ਬਾਨਹਿ ਲੇਤੋ ॥

ਜੇ ਤੇਰੇ ਵਿਚ ਬਹੁਤ ਸ਼ਕਤੀ ਹੈ, ਤਾਂ ਹੁਣ ਢਿਲ ਕਿਉਂ ਕਰ ਰਿਹਾ ਹੈਂ, ਧਨੁਸ਼ ਬਾਣ ਪਕੜ ਲੈ।

ਜੇਤੋ ਹੈ ਦੀਰਘ ਗਾਤ ਤਿਹਾਰੋ ਸੁ ਬਾਨਨ ਸੋ ਕਰਿ ਹੋ ਲਹੁ ਤੇਤੋ ॥੧੫੦੫॥

ਤੇਰਾ ਜਿਤਨਾ ਵੱਡਾ ਸ਼ਰੀਰ ਹੈ, ਮੈਂ ਉਸ ਨੂੰ ਤੀਰਾਂ ਨਾਲ ਉਤਨਾ ਛੋਟਾ ਕਰ ਦਿਆਂਗਾ ॥੧੫੦੫॥

ਖੜਗੇਸ ਬਾਚ ਸਿਵ ਸੋ ॥

ਖੜਗ ਸਿੰਘ ਨੇ ਸ਼ਿਵ ਨੂੰ ਕਿਹਾ:

ਸਵੈਯਾ ॥

ਸਵੈਯਾ:

ਕਿਉ ਸਿਵ ਮਾਨ ਕਰੈ ਇਤਨੋ ਭਜਿ ਹੈ ਤਬ ਹੀ ਜਬ ਮਾਰ ਮਚੈਗੀ ॥

ਹੇ ਸ਼ਿਵ! ਤੂੰ ਇਤਨਾ ਅਭਿਮਾਨ ਕਿਉਂ ਕਰਦਾ ਹੈਂ? ਜਦੋਂ ਮਾਰ ਮੱਚੇਗੀ, ਉਸੇ ਵੇਲੇ (ਤੂੰ) ਭਜ ਜਾਏਂਗਾ।

ਏਕ ਹੀ ਬਾਨ ਲਗੈ ਕਪਿ ਜਿਉ ਸਿਗਰੀ ਤੁਮਰੀ ਅਬ ਸੈਨ ਨਚੈਗੀ ॥

ਇਕ ਹੀ ਬਾਣ ਦੇ ਲਗਣ ਨਾਲ ਹੁਣੇ ਹੀ ਤੇਰੀ ਸਾਰੀ ਸੈਨਾ ਬੰਦਰਾਂ ਵਾਂਗ ਨਚਣ ਲਗ ਜਾਏਗੀ।

ਭੂਤ ਪਿਸਾਚਨ ਕੀ ਧੁਜਨੀ ਮਰਿ ਹੈ ਰਨ ਮੈ ਨਹੀ ਨੈਕੁ ਬਚੈਗੀ ॥

ਭੂਤਾਂ ਪਿਸਾਚਾਂ ਦੀ ਸੈਨਾ ਯੁੱਧ ਵਿਚ ਮਾਰੀ ਜਾਏਗੀ, ਕੋਈ ਵੀ ਬਾਕੀ ਨਹੀਂ ਬਚੇਗਾ।

ਤੇਰੇ ਹੀ ਸ੍ਰਉਨਤ ਸੋ ਸੁਨਿ ਆਜੁ ਧਰਾ ਇਹ ਆਰੁਨ ਬੇਖ ਰਚੈਗੀ ॥੧੫੦੬॥

ਸੁਣ, ਤੇਰੇ ਹੀ ਲਹੂ ਨਾਲ ਅਜ ਧਰਤੀ ਸੂਹਾ ਭੇਸ ਕਰੇਗੀ ॥੧੫੦੬॥

ਤੋਟਕ ਛੰਦ ॥

ਤੋਟਕ ਛੰਦ:

ਸਿਵ ਯੌ ਸੁਨਿ ਕੈ ਧਨੁ ਬਾਨ ਲੀਓ ॥

ਸ਼ਿਵ ਨੇ ਇਉਂ ਸੁਣ ਕੇ ਧਨੁਸ਼ ਬਾਣ ਫੜ ਲਿਆ

ਕਸਿ ਕਾਨ ਪ੍ਰਮਾਨ ਲਉ ਛਾਡਿ ਦੀਓ ॥

ਅਤੇ ਕੰਨਾਂ ਤਕ ਖਿਚ ਕੇ (ਬਾਣ) ਛਡ ਦਿੱਤਾ।

ਨ੍ਰਿਪ ਕੇ ਮੁਖ ਲਾਗ ਬਿਰਾਜ ਰਹਿਓ ॥

(ਉਹ ਬਾਣ) ਰਾਜੇ ਦੇ ਮੂੰਹ ਉਤੇ ਵਜ ਕੇ ਖੁਭ ਗਿਆ,

ਖਗਰਾਜ ਮਨੋ ਅਹਿ ਰਾਜ ਗਹਿਓ ॥੧੫੦੭॥

ਮਾਨੋ ਗਰੁੜ ਨੇ ਸ਼ੇਸ਼ਨਾਗ ਨੂੰ ਫੜ ਲਿਆ ਹੋਵੇ ॥੧੫੦੭॥

ਬਰਛੀ ਤਬ ਭੂਪ ਚਲਾਇ ਦਈ ॥

ਰਾਜੇ ਨੇ ਉਸੇ ਵੇਲੇ ਬਰਛੀ ਚਲਾ ਦਿੱਤੀ

ਸਿਵ ਕੇ ਉਰ ਮੈ ਲਗ ਕ੍ਰਾਤਿ ਭਈ ॥

ਜੋ ਸ਼ਿਵ ਦੀ ਛਾਤੀ ਵਿਚ ਲਗ ਕੇ ਇੰਜ ਚਮਕਣ ਲਗੀ ਹੈ

ਉਪਮਾ ਕਬਿ ਨੇ ਇਹ ਭਾਤਿ ਕਹੀ ॥

(ਕਿ) ਉਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕਹੀ ਹੈ,

ਰਵਿ ਕੀ ਕਰ ਕੰਜ ਪੈ ਮੰਡਿ ਰਹੀ ॥੧੫੦੮॥

(ਮਾਨੋ) ਸੂਰਜ ਦੀ ਕਿਰਨ ਕਮਲ ਦੇ ਫੁਲ ਉਤੇ ਪੈ ਰਹੀ ਹੋਵੇ ॥੧੫੦੮॥

ਤਬ ਹੀ ਹਰਿ ਦ੍ਵੈ ਕਰਿ ਖੈਂਚਿ ਨਿਕਾਰੀ ॥

ਤਦੋਂ ਹੀ ਸ਼ਿਵ ਨੇ ਦੋਹਾਂ ਹੱਥਾਂ ਨਾਲ (ਬਰਛੀ) ਖਿਚਹ ਕੇ ਕਢ ਲਈ

ਗਹਿ ਡਾਰ ਦਈ ਮਨੋ ਨਾਗਨਿ ਕਾਰੀ ॥

ਅਤੇ ਪਕੜ ਕੇ (ਇੰਜ) ਸੁਟ ਦਿੱਤੀ, ਮਾਨੋ ਕਾਲੀ ਨਾਗਨ (ਖਿਚ ਕੇ ਸੁਟੀ ਹੋਵੇ)।

ਬਹੁਰੋ ਨ੍ਰਿਪ ਮ੍ਯਾਨ ਤੇ ਖਗੁ ਨਿਕਾਰਿਓ ॥

ਫਿਰ ਰਾਜੇ ਨੇ ਮਿਆਨ ਵਿਚੋਂ ਤਲਵਾਰ ਕਢ ਲਈ

ਕਰਿ ਕੈ ਬਲੁ ਕੋ ਸਿਵ ਊਪਰ ਡਾਰਿਓ ॥੧੫੦੯॥

ਅਤੇ ਜ਼ੋਰ ਨਾਲ ਸ਼ਿਵ ਉਤੇ ਸੁਟ ਦਿੱਤੀ ॥੧੫੦੯॥

ਹਰ ਮੋਹਿ ਰਹਿਓ ਗਿਰ ਭੂਮਿ ਪਰਿਓ ॥

ਸ਼ਿਵ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ।

ਮਨੋ ਬਜ੍ਰ ਪਰਿਓ ਗਿਰਿ ਸ੍ਰਿੰਗ ਝਰਿਓ ॥

(ਇੰਜ ਪ੍ਰਤੀਤ ਹੋਣ ਲਗਾ) ਮਾਨੋ ਬਜ੍ਰ ਦੇ ਵਜਦਿਆਂ ਹੀ ਪਰਬਤ ਦੀ ਚੋਟੀ ਝੜ ਗਈ ਹੋਵੇ।


Flag Counter