ਸ਼੍ਰੀ ਦਸਮ ਗ੍ਰੰਥ

ਅੰਗ - 45


ਰਸਾਵਲ ਛੰਦ ॥

ਰਸਾਵਲ ਛੰਦ:

ਜਿਤੇ ਰਾਮ ਹੁਏ ॥

ਜਿਤਨੇ ਵੀ ਰਾਮ (ਆਦਿ ਅਵਤਾਰ) ਹੋਏ ਹਨ,

ਸਭੈ ਅੰਤਿ ਮੂਏ ॥

ਸਾਰੇ ਅੰਤ ਨੂੰ ਸਰੀਰ ਤਿਆਗ ਗਏ ਹਨ।

ਜਿਤੇ ਕ੍ਰਿਸਨ ਹ੍ਵੈ ਹੈ ॥

ਜਿਤਨੇ ਕ੍ਰਿਸ਼ਨ (ਵਰਗੇ ਅਵਤਾਰ) ਹੋਏ ਹਨ,

ਸਭੈ ਅੰਤਿ ਜੈ ਹੈ ॥੭੦॥

ਸਾਰੇ ਅੰਤ ਵਿਚ ਚਲੇ ਗਏ ਹਨ ॥੭੦॥

ਜਿਤੇ ਦੇਵ ਹੋਸੀ ॥

(ਭਵਿਸ਼ ਵਿਚ) ਜਿਤਨੇ ਦੇਵਤੇ ਹੋਣਗੇ,

ਸਭੈ ਅੰਤ ਜਾਸੀ ॥

(ਉਹ) ਸਾਰੇ ਅੰਤ ਵਿਚ ਚਲੇ ਜਾਣਗੇ।

ਜਿਤੇ ਬੋਧ ਹ੍ਵੈ ਹੈ ॥

ਜਿਤਨੇ ਵੀ ਬੁੱਧ (ਵਰਗੇ ਮਹਾਪੁਰਸ਼) ਹੋਏ ਹਨ,

ਸਭੈ ਅੰਤਿ ਛੈ ਹੈ ॥੭੧॥

(ਉਹ) ਸਾਰੇ ਅੰਤ ਨੂੰ ਨਸ਼ਟ ਹੋ ਗਏ ਹਨ ॥੭੧॥

ਜਿਤੇ ਦੇਵ ਰਾਯੰ ॥

ਜਿਤਨੇ ਦੇਵ-ਰਾਜ (ਹੋਏ ਹਨ)

ਸਭੈ ਅੰਤ ਜਾਯੰ ॥

(ਉਹ) ਸਾਰੇ ਅੰਤ ਨੂੰ ਚਲੇ ਗਏ ਹਨ।

ਜਿਤੇ ਦਈਤ ਏਸੰ ॥

ਜਿਤਨੇ ਵੀ ਦੈਂਤ-ਰਾਜ (ਹੋਏ ਹਨ)

ਤਿਤ੍ਰਯੋ ਕਾਲ ਲੇਸੰ ॥੭੨॥

ਉਨ੍ਹਾਂ ਨੂੰ ਕਾਲ ਨੇ ਲੈ ਲਿਆ ਹੈ (ਨਸ਼ਟ ਕਰ ਦਿੱਤਾ ਹੈ।)॥੭੨॥

ਨਰਸਿੰਘਾਵਤਾਰੰ ॥

ਨਰ ਸਿੰਘ ਵਰਗੇ ਅਵਤਾਰ ਨੂੰ ਵੀ

ਵਹੇ ਕਾਲ ਮਾਰੰ ॥

ਕਾਲ ਨੇ ਮਾਰ ਦਿੱਤਾ।

ਬਡੋ ਡੰਡਧਾਰੀ ॥

ਵੱਡੇ ਵੱਡੇ ਦੰਡ-ਧਾਰੀਆਂ ਦਾ ਵੀ

ਹਣਿਓ ਕਾਲ ਭਾਰੀ ॥੭੩॥

ਬਲਵਾਨ ਕਾਲ ਨੇ ਨਾਸ਼ ਕਰ ਦਿੱਤਾ ॥੭੩॥

ਦਿਜੰ ਬਾਵਨੇਯੰ ॥

(ਅਵਤਾਰ ਰੂਪ) ਬਾਵਨ ਬ੍ਰਾਹਮਣ ਨੂੰ ਵੀ

ਹਣਿਯੋ ਕਾਲ ਤੇਯੰ ॥

ਕਾਲ ਨੇ ਮਾਰ ਦਿੱਤਾ।

ਮਹਾ ਮਛ ਮੁੰਡੰ ॥

ਵੱਡੇ ਸਿਰ ਵਾਲੇ ਮੱਛ ਅਵਤਾਰ ਨੂੰ ਵੀ

ਫਧਿਓ ਕਾਲ ਝੁੰਡੰ ॥੭੪॥

ਕਾਲ ਨੇ ਜਾਲ (ਝੁੰਡੰ) ਵਿਚ ਫਸਾ ਲਿਆ ॥੭੪॥

ਜਿਤੇ ਹੋਇ ਬੀਤੇ ॥

ਜਿਤਨੇ ਵੀ (ਵੱਡੇ ਵੱਡੇ) ਹੋ ਚੁਕੇ ਹਨ,

ਤਿਤੇ ਕਾਲ ਜੀਤੇ ॥

ਉਨ੍ਹਾਂ ਨੂੰ ਕਾਲ ਨੇ ਜਿਤ ਲਿਆ ਹੈ।

ਜਿਤੇ ਸਰਨਿ ਜੈ ਹੈ ॥

ਜਿਤਨੇ (ਮਹਾਕਾਲ ਦੀ) ਸ਼ਰਨ ਵਿਚ ਜਾਣਗੇ,

ਤਿਤਿਓ ਰਾਖਿ ਲੈ ਹੈ ॥੭੫॥

ਉਨ੍ਹਾਂ (ਸਾਰਿਆਂ ਨੂੰ) ਬਚਾ ਲਏਗਾ ॥੭੫॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਬਿਨਾ ਸਰਨਿ ਤਾਕੀ ਨ ਅਉਰੈ ਉਪਾਯੰ ॥

ਉਸ (ਮਹਾਕਾਲ) ਦੀ ਸ਼ਰਨ (ਵਿਚ ਗਏ ਤੋਂ) ਬਿਨਾ ਹੋਰ ਕੋਈ ਉਪਾ ਨਹੀਂ ਹੈ (ਕਾਲ ਤੋਂ ਬਚਣ ਦਾ)।

ਕਹਾ ਦੇਵ ਦਈਤੰ ਕਹਾ ਰੰਕ ਰਾਯੰ ॥

ਕੀ ਦੇਵਤੇ ਅਤੇ ਦੈਂਤ, ਕੀ ਕੰਗਾਲ ਅਤੇ ਰਾਜੇ,

ਕਹਾ ਪਾਤਿਸਾਹੰ ਕਹਾ ਉਮਰਾਯੰ ॥

ਕੀ ਬਾਦਸ਼ਾਹ, ਕੀ ਅਮੀਰ (ਖ਼ਾਨਦਾਨੀ)

ਬਿਨਾ ਸਰਨਿ ਤਾ ਕੀ ਨ ਕੋਟੈ ਉਪਾਯੰ ॥੭੬॥

(ਸਭ) ਉਸ ਦੀ ਓਟ ਤੋਂ ਬਿਨਾ ਕਰੋੜਾਂ ਉਪਾ (ਕਰਨ ਨਾਲ ਵੀ ਕਾਲ ਦੀ ਮਾਰ ਤੋਂ ਬਚ) ਨਹੀਂ ਸਕਦੇ ॥੭੬॥

ਜਿਤੇ ਜੀਵ ਜੰਤੰ ਸੁ ਦੁਨੀਅੰ ਉਪਾਯੰ ॥

ਜਿਤਨੇ ਵੀ ਜੀਵ ਜੰਤ (ਉਸ ਨੇ) ਦੁਨੀਆ ਵਿਚ ਪੈਦਾ ਕੀਤੇ ਹਨ,

ਸਭੈ ਅੰਤਿਕਾਲੰ ਬਲੀ ਕਾਲਿ ਘਾਯੰ ॥

(ਉਹ) ਸਾਰੇ ਅੰਤ ਸਮੇਂ ਬਲਵਾਨ ਕਾਲ ਨੇ ਮਾਰ ਦਿੱਤੇ ਹਨ।

ਬਿਨਾ ਸਰਨਿ ਤਾ ਕੀ ਨਹੀ ਔਰ ਓਟੰ ॥

ਉਸ ਦੀ ਸ਼ਰਨ ਤੋਂ ਬਿਨਾ (ਬਚਣ ਦੀ) ਹੋਰ ਕੋਈ ਓਟ ਨਹੀਂ ਹੈ,

ਲਿਖੇ ਜੰਤ੍ਰ ਕੇਤੇ ਪੜੇ ਮੰਤ੍ਰ ਕੋਟੰ ॥੭੭॥

(ਭਾਵੇਂ) ਕਿਤਨੇ ਹੀ ਯੰਤ੍ਰ ਲਿਖ ਲਏ ਜਾਣ ਜਾਂ ਮੰਤ੍ਰ ਪੜ੍ਹ ਲਏ ਜਾਣ ॥੭੭॥

ਨਰਾਜ ਛੰਦ ॥

ਨਰਾਜ ਛੰਦ:

ਜਿਤੇਕਿ ਰਾਜ ਰੰਕਯੰ ॥

ਜਿਤਨੇ ਵੀ ਰਾਜੇ ਅਤੇ ਰੰਕ ਹੋਏ ਹਨ,

ਹਨੇ ਸੁ ਕਾਲ ਬੰਕਯੰ ॥

(ਉਨ੍ਹਾਂ ਨੂੰ) ਟੇਢੀ ਚਾਲ ਵਾਲੇ ਕਾਲ ਨੇ ਮਾਰ ਦਿੱਤਾ ਹੈ।

ਜਿਤੇਕਿ ਲੋਕ ਪਾਲਯੰ ॥

ਜਿਤਨੇ ਲੋਕ-ਪਾਲ (ਹੋਏ ਹਨ, ਉਨ੍ਹਾਂ ਨੂੰ)

ਨਿਦਾਨ ਕਾਲ ਦਾਲਯੰ ॥੭੮॥

ਅੰਤ ਵਿਚ ਕਾਲ ਨੇ ਦਲ ਦਿੱਤਾ ਹੈ ॥੭੮॥

ਕ੍ਰਿਪਾਲ ਪਾਣਿ ਜੇ ਜਪੈ ॥

ਜਿਹੜੇ ਕ੍ਰਿਪਾਨ ਨੂੰ ਹੱਥ ਵਿਚ ਧਾਰਨ ਕਰਨ ਵਾਲੇ (ਮਹਾਕਾਲ) ਨੂੰ ਜਪਦੇ ਹਨ,

ਅਨੰਤ ਥਾਟ ਤੇ ਥਾਪੈ ॥

(ਉਹ ਰਖਿਆ ਲਈ) ਬੇਸ਼ੁਮਾਰ ਸਾਧਨ ਜੁਟਾ ਲੈਂਦੇ ਹਨ।

ਜਿਤੇਕਿ ਕਾਲ ਧਿਆਇ ਹੈ ॥

ਜਿਤਨੇ ਵੀ ਕਾਲ (ਮਹਾਕਾਲ) ਨੂੰ ਧਿਆਉਂਦੇ ਹਨ,

ਜਗਤਿ ਜੀਤ ਜਾਇ ਹੈ ॥੭੯॥

ਉਹ ਜਗਤ ਉਤੇ ਜਿਤ ਪ੍ਰਾਪਤ ਕਰ ਕੇ ਜਾਂਦੇ ਹਨ ॥੭੯॥

ਬਚਿਤ੍ਰ ਚਾਰ ਚਿਤ੍ਰਯੰ ॥

(ਜਿਸ ਦਾ) ਸਰੂਪ ਬਚਿਤ੍ਰ ਅਤੇ ਸੁੰਦਰ ਹੈ

ਪਰਮਯੰ ਪਵਿਤ੍ਰਯੰ ॥

ਅਤੇ ਬਹੁਤ ਪਵਿਤਰ ਹੈ,

ਅਲੋਕ ਰੂਪ ਰਾਜਿਯੰ ॥

(ਜੋ) ਅਲੌਕਿਕ ਰੂਪ ਵਿਚ ਸਜ ਰਿਹਾ ਹੈ,

ਸੁਣੇ ਸੁ ਪਾਪ ਭਾਜਿਯੰ ॥੮੦॥

(ਉਸ ਦਾ ਨਾਂ) ਸੁਣ ਕੇ ਪਾਪ ਭਜ ਜਾਂਦੇ ਹਨ ॥੮੦॥

ਬਿਸਾਲ ਲਾਲ ਲੋਚਨੰ ॥

(ਉਸ ਦੇ) ਵਿਸ਼ਾਲ ਅਤੇ ਲਾਲ ਨੇਤਰ

ਬਿਅੰਤ ਪਾਪ ਮੋਚਨੰ ॥

ਬੇਅੰਤ ਪਾਪਾਂ ਨੂੰ ਨਸ਼ਟ ਕਰਨ ਵਾਲੇ ਹਨ।

ਚਮਕ ਚੰਦ੍ਰ ਚਾਰਯੰ ॥

(ਉਸ ਦੇ ਸਰੂਪ ਦੀ) ਚੰਦ੍ਰਮਾ ਤੋਂ ਵੀ ਸੁੰਦਰ ਚਮਕ ਨੇ

ਅਘੀ ਅਨੇਕ ਤਾਰਯੰ ॥੮੧॥

ਅਨੇਕ ਪਾਪੀ ਤਾਰੇ ਹਨ ॥੮੧॥

ਰਸਾਵਲ ਛੰਦ ॥

ਰਸਾਵਲ ਛੰਦ:

ਜਿਤੇ ਲੋਕ ਪਾਲੰ ॥

ਜਿਤਨੇ ਲੋਕ ਪਾਲ ਹਨ,

ਤਿਤੇ ਜੇਰ ਕਾਲੰ ॥

ਉਹ ਸਾਰੇ ਕਾਲ ਦੇ ਅਧੀਨ ਹਨ।

ਜਿਤੇ ਸੂਰ ਚੰਦ੍ਰੰ ॥

ਜਿਤਨੇ ਸੂਰਜ ਤੇ ਚੰਦ੍ਰਮੇ ਹਨ ਅਤੇ

ਕਹਾ ਇੰਦ੍ਰ ਬਿੰਦ੍ਰੰ ॥੮੨॥

ਕੀ ਇੰਦਰਾਂ ਦੇ ਸਮੁੱਚ ਹਨ (ਸਭ ਕਾਲ ਦੇ ਵਸ ਵਿਚ ਹਨ) ॥੮੨॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਫਿਰੈ ਚੌਦਹੂੰ ਲੋਕਯੰ ਕਾਲ ਚਕ੍ਰੰ ॥

ਚੌਦਾਂ ਲੋਕਾਂ ਵਿਚ ਕਾਲ ਦਾ ਚੱਕਰ ਚਲਦਾ ਹੈ।

ਸਭੈ ਨਾਥ ਨਾਥੇ ਭ੍ਰਮੰ ਭਉਹ ਬਕੰ ॥

(ਉਸ ਨੇ) ਟੇਢੀ ਭੌਂ ਫਿਰਾ ਕੇ ਸਾਰੇ ਨਾਥਾਂ ਨੂੰ ਨਥ ਲਿਆ ਹੈ।

ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ ॥

ਕੀ ਰਾਮ ਅਤੇ ਕ੍ਰਿਸ਼ਨ, ਕੀ ਚੰਦ੍ਰਮਾ ਅਤੇ ਸੂਰਜ,

ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥

ਸਾਰੇ ਕਾਲ ਦੀ ਹਜ਼ੂਰੀ ਵਿਚ ਹੱਥ ਬੰਨ੍ਹੀ ਖੜੋਤੇ ਹਨ ॥੮੩॥

ਸ੍ਵੈਯਾ ॥

ਸ੍ਵੈਯਾ:

ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ ॥

ਕਾਲ (ਸਮਾਂ) ਪਾ ਕੇ ਹੀ ਭਗਵਾਨ (ਵਿਸ਼ਣੂ) ਹੋਇਆ ਜਿਸ ਦੀ ਕਲਾ (ਸ਼ਕਤੀ) ਨਾਲ ਇਹ ਜਗਤ ਜਾਗ ਰਿਹਾ ਹੈ (ਗਤੀਮਾਨ ਹੈ)।

ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ ॥

ਕਾਲ ਪਾ ਕੇ ਹੀ ਬ੍ਰਹਮਾ ਪ੍ਰਗਟ ਹੋਇਆ ਅਤੇ ਕਾਲ ਹੀ ਪਾ ਕੇ ਸ਼ਿਵ ਯੋਗੀ ਹੋਇਆ।

ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜਛ ਭੁਜੰਗ ਦਿਸਾ ਬਿਦਿਸਾ ਹੈ ॥

ਕਾਲ ਹੀ ਪਾ ਕੇ ਦੇਵਤੇ, ਦੈਂਤ, ਗੰਧਰਬ, ਯਕਸ਼, ਸੱਪ, ਦਿਸ਼ਾਵਾਂ ਅਤੇ ਵਿਦਿਸ਼ਾਵਾਂ ਹੋਂਦ ਵਿਚ ਆਈਆਂ।

ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥

ਹੋਰ ਜੋ ਵਰਤਮਾਨ ਪਦਾਰਥ ('ਸੁਕਾਲ') ਹਨ, ਉਹ ਸਾਰੇ ਕਾਲ ਦੇ ਵਸ ਵਿਚ ਹਨ, ਬਸ ਇਕੋ ਮਹਾਕਾਲ ਹੀ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ ॥੮੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਨਮੋ ਦੇਵ ਦੇਵੰ ਨਮੋ ਖੜਗ ਧਾਰੰ ॥

(ਹੇ) ਦੇਵਤਿਆਂ ਦੇ ਦੇਵਤੇ! (ਤੈਨੂੰ) ਨਮਸਕਾਰ ਹੈ, ਹੇ ਖੜਗਧਾਰੀ! (ਤੈਨੂੰ) ਨਮਸਕਾਰ ਹੈ।

ਸਦਾ ਏਕ ਰੂਪ ਸਦਾ ਨਿਰਬਿਕਾਰੰ ॥

(ਤੂੰ) ਸਦਾ ਇਕ ਰੂਪ ਵਿਚ ਰਹਿਣ ਵਾਲਾ ਅਤੇ ਵਿਕਾਰਾਂ ਤੋਂ ਰਹਿਤ ਹੈਂ।

ਨਮੋ ਰਾਜਸੰ ਸਾਤਕੰ ਤਾਮਸੇਅੰ ॥

(ਹੇ) ਰਜੋ, ਸਤੋ ਅਤੇ ਤਮੋ ਗੁਣਾਂ ਵਾਲੇ! (ਤੈਨੂੰ) ਨਮਸਕਾਰ ਹੈ।

ਨਮੋ ਨਿਰਬਿਕਾਰੰ ਨਮੋ ਨਿਰਜੁਰੇਅੰ ॥੮੫॥

(ਹੇ) ਵਿਕਾਰਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ, ਹੇ ਰੋਗਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ ॥੮੫॥

ਰਸਾਵਲ ਛੰਦ ॥

ਰਸਾਵਲ ਛੰਦ:


Flag Counter