ਸ਼੍ਰੀ ਦਸਮ ਗ੍ਰੰਥ

ਅੰਗ - 601


ਡਲ ਡੋਲਸ ਸੰਕਤ ਸੇਸ ਥਿਰਾ ॥੪੯੭॥

ਸ਼ੇਸ਼ਨਾਗ ਸ਼ੰਕਾਵਾਨ ਹੋ ਗਿਆ ਹੈ ਅਤੇ ਧਰਤੀ ਡੋਲ ਰਹੀ ਹੈ ॥੪੯੭॥

ਦਿਵ ਦੇਖਤ ਲੇਖਤ ਧਨਿ ਧਨੰ ॥

ਦੇਵਤੇ ਵੇਖ ਕੇ ਧੰਨ ਧੰਨ ਕਹਿੰਦੇ ਹਨ।

ਕਿਲਕੰਤ ਕਪਾਲਯਿ ਕ੍ਰੂਰ ਪ੍ਰਭੰ ॥

ਬਹੁਤ ਭਿਆਨਕ ਸੂਰਤ ਵਾਲੀਆਂ ਕਪਾਲਨਾਂ ਕਿਲਕਾਰੀਆਂ ਮਾਰਦੀਆਂ ਹਨ।

ਬ੍ਰਿਣ ਬਰਖਤ ਪਰਖਤ ਬੀਰ ਰਣੰ ॥

ਸੂਰਮਿਆਂ ਵਲੋਂ (ਰਣ-ਭੂਮੀ ਵਿਚ) ਜ਼ਖ਼ਮਾਂ ਦੀ ਬਰਖਾ ਕੀਤੀ ਜਾ ਰਹੀ ਹੈ (ਅਤੇ ਇਸ ਨਾਲ ਸੂਰਮਿਆਂ ਦੀ) ਪਰਖ ਹੋ ਰਹੀ ਹੈ।

ਹਯ ਘਲਤ ਝਲਤ ਜੋਧ ਜੁਧੰ ॥੪੯੮॥

ਸੂਰਮੇ ਘੋੜਿਆਂ ਨੂੰ ਘਾਇਲ ਕਰਦੇ ਹਨ ਅਤੇ ਯੁੱਧ ਵਿਚ (ਸ਼ਸਤ੍ਰਾਂ ਅਸਤ੍ਰਾਂ ਦੇ ਵਾਰਾਂ ਨੂੰ) ਝਲਦੇ ਵੀ ਹਨ ॥੪੯੮॥

ਕਿਲਕੰਤ ਕਪਾਲਿਨ ਸਿੰਘ ਚੜੀ ॥

ਸ਼ੇਰ ਉਤੇ ਸਵਾਰ ਹੋ ਕੇ ਕਪਾਲਿਨੀ ਦੇਵੀ ਕਿਲਕਾਰੀਆਂ ਮਾਰ ਰਹੀ ਹੈ,

ਚਮਕੰਤ ਕ੍ਰਿਪਾਣ ਪ੍ਰਭਾਨਿ ਮੜੀ ॥

(ਜਿਸ ਦੇ ਹੱਥ ਵਿਚ) ਤਲਵਾਰ ਚਮਕਦੀ ਹੈ, (ਜੋ) ਪ੍ਰਕਾਸ਼ ਨਾਲ ਮੜ੍ਹੀ ਹੋਈ ਹੈ।

ਗਣਿ ਹੂਰ ਸੁ ਪੂਰਤ ਧੂਰਿ ਰਣੰ ॥

ਹੂਰਾਂ ਦੀਆਂ ਟੋਲੀਆਂ ਯੁੱਧ-ਭੂਮੀ ਵਿਚ ਧੂੜ ਨਾਲ ਭਰੀਆਂ ਪਈਆਂ ਹਨ।

ਅਵਿਲੋਕਤ ਦੇਵ ਅਦੇਵ ਗਣੰ ॥੪੯੯॥

(ਜਿਨ੍ਹਾਂ ਨੂੰ) ਦੇਵਤਿਆਂ ਅਤੇ ਦੈਂਤਾਂ ਦੇ ਟੋਲੇ ਵੇਖ ਰਹੇ ਹਨ ॥੪੯੯॥

ਰਣਿ ਭਰਮਤ ਕ੍ਰੂਰ ਕਬੰਧ ਪ੍ਰਭਾ ॥

ਭਿਆਨਕ ਸ਼ਕਲ ਵਾਲੇ ਧੜ ਰਣ-ਭੂਮੀ ਵਿਚ ਭਜੇ ਫਿਰਦੇ ਹਨ

ਅਵਿਲੋਕਤ ਰੀਝਤ ਦੇਵ ਸਭਾ ॥

(ਜਿਨ੍ਹਾਂ ਨੂੰ) ਵੇਖ ਕੇ ਦੇਵਤਿਆਂ ਦੀ ਸਭਾ ਰੀਝ ਰਹੀ ਹੈ।

ਗਣਿ ਹੂਰਨ ਬ੍ਰਯਾਹਤ ਪੂਰ ਰਣੰ ॥

ਹੂਰਾਂ ਦੀਆਂ ਟੋਲੀਆਂ ਰਣ-ਭੂਮੀ ਵਿਚ ਵਿਆਹ (ਦੀਆਂ ਰਸਮਾਂ) ਪੂਰੀਆਂ ਕਰ ਰਹੀਆਂ ਹਨ।

ਰਥ ਥੰਭਤ ਭਾਨੁ ਬਿਲੋਕ ਭਟੰ ॥੫੦੦॥

ਯੋਧਿਆਂ ਨੂੰ ਵੇਖਣ ਲਈ ਸੂਰਜ ਨੇ ਰਥ ਨੂੰ ਰੋਕ ਲਿਆ ਹੈ ॥੫੦੦॥

ਢਢਿ ਢੋਲਕ ਝਾਝ ਮ੍ਰਿਦੰਗ ਮੁਖੰ ॥

ਢੱਡ, ਢੋਲਕ, ਝਾਂਝ, ਮ੍ਰਿਦੰਗ, ਮੁਖਰਸ,

ਡਫ ਤਾਲ ਪਖਾਵਜ ਨਾਇ ਸੁਰੰ ॥

ਡਫ, ਛੈਣੇ ('ਤਾਲ') ਤਬਲੇ ਅਤੇ ਸਰਨਾਈ,

ਸੁਰ ਸੰਖ ਨਫੀਰੀਯ ਭੇਰਿ ਭਕੰ ॥

ਤੁਰੀ, ਸੰਖ, ਨਫ਼ੀਰੀ, ਭੇਰੀ ਤੇ ਭੰਕ (ਨਾਂ ਵਾਲੇ ਵਾਜੇ ਵਜਦੇ ਹਨ)।

ਉਠਿ ਨਿਰਤਤ ਭੂਤ ਪਰੇਤ ਗਣੰ ॥੫੦੧॥

ਭੂਤਾਂ ਪ੍ਰੇਤਾਂ ਦੇ ਗਣ ਉਠ ਉਠ ਕੇ ਨਾਚ ਕਰਦੇ ਹਨ ॥੫੦੧॥

ਦਿਸ ਪਛਮ ਜੀਤਿ ਅਭੀਤ ਨ੍ਰਿਪੰ ॥

ਪੱਛਮ ਦਿਸ਼ਾ ਦੇ ਨਿਡਰ ਰਾਜਿਆਂ ਨੂੰ ਜਿਤ ਲਿਆ ਹੈ।

ਕੁਪਿ ਕੀਨ ਪਯਾਨ ਸੁ ਦਛਣਿਣੰ ॥

ਹੁਣ ਕ੍ਰੋਧ ਕਰ ਕੇ ਦੱਖਣ ਦਿਸ਼ਾ ਨੂੰ ਚਾਲੇ ਪਾਏ ਹਨ।

ਅਰਿ ਭਜੀਯ ਤਜੀਯ ਦੇਸ ਦਿਸੰ ॥

ਵੈਰੀ ਦੇਸ਼ ਅਤੇ ਦਿਸ਼ਾਵਾਂ ਨੂੰ ਛਡ ਕੇ ਭਜ ਤੁਰੇ ਹਨ।

ਰਣ ਗਜੀਅ ਕੇਤਕ ਏਸੁਰਿਣੰ ॥੫੦੨॥

ਕਿਤਨੇ ਹੀ ਰਾਜੇ ਰਣ-ਭੂਮੀ ਵਿਚ ਗਜ ਰਹੇ ਹਨ ॥੫੦੨॥

ਨ੍ਰਿਤ ਨ੍ਰਿਤਤ ਭੂਤ ਬਿਤਾਲ ਬਲੀ ॥

ਭੂਤ ਅਤੇ ਬਲਵਾਨ ਬੈਤਾਲ ਨਚ ਰਹੇ ਹਨ।

ਗਜ ਗਜਤ ਬਜਤ ਦੀਹ ਦਲੀ ॥

ਹਾਥੀ ਚਿੰਘਾੜਦੇ ਹਨ ਅਤੇ ਵੱਡੇ ਆਕਾਰ ਵਾਲਾ ਨਗਾਰਾ ਵਜਦਾ ਹੈ।

ਹਯ ਹਿੰਸਤ ਚਿੰਸਤ ਗੂੜ ਗਜੀ ॥

ਘੋੜੇ ਹਿਣਕਦੇ ਹਨ ਅਤੇ ਹਾਥੀ ਬਹੁਤ ਗੰਭੀਰ ਸੁਰ ਨਾਲ ਚਿੰਘਾੜਦੇ ਹਨ।