ਕਿਤਨੇ ਹੀ ਬ੍ਰਾਹਮਣ ਬੰਨ੍ਹ ਦੇ ਕੰਧਾਂ ਵਿਚ ਚਿਣ ਦਿੱਤੇ।
ਕਿਤਨੇ ਹੀ ਵੱਡੇ ਵੱਡੇ ਬ੍ਰਾਹਮਣ ਬੰਨ੍ਹ ਕੇ ਫਾਂਸੀ ਦੇ ਦਿੱਤੇ।
ਕਿਤਨਿਆਂ ਨੂੰ ਪਾਣੀ ਵਿਚ ਡੋਬ ਦਿੱਤਾ ਅਤੇ ਅੱਗ ਵਿਚ ਸਾੜ ਦਿੱਤਾ।
ਕਿਤਨੇ ਹੀ ਅਧੇ ਚੀਰ ਦਿੱਤੇ ਅਤੇ ਕਿਤਨੇ ਹੀ ਬੰਨ੍ਹ ਕੇ ਪਾੜ ਦਿੱਤੇ ॥੩੫॥੨੦੩॥
ਰਾਜੇ (ਜਨਮੇਜੇ) ਨੂੰ (ਬ੍ਰਹਮ-ਹਤਿਆ) ਦਾ ਦੋਸ਼ ਲਗ ਗਿਆ ਅਤੇ ਸ਼ਰੀਰ ਵਿਚ ਕੋਹੜ ਵਧ ਗਿਆ।
(ਫਿਰ ਹੋਰ) ਸਾਰੇ ਬ੍ਰਾਹਮਣ ਬੁਲਾਏ ਅਤੇ ਰਾਜੇ ਨੇ (ਉਨ੍ਹਾਂ ਨਾਲ) ਪ੍ਰੇਮ ਕੀਤਾ।
(ਉਨ੍ਹਾਂ ਨੂੰ ਕਿਹਾ ਕਿ ਤੁਸੀਂ) ਬੈਠ ਕੇ ਵਿਚਾਰ ਕਰੋ ਅਤੇ ਦਸੋ ਕਿ (ਮੈਂ) ਕਿਹੜਾ (ਪਾਪ ਕੀਤਾ ਹੈ ਜਿਸ ਕਰ ਕੇ ਕੋਹੜ ਹੋਇਆ ਹੈ ਅਤੇ ਉਹ ਕਿਹੜਾ ਉਪਾ ਹੈ,
ਜਿਸ ਨਾਲ) ਭਾਰੀ ਪਾਪ ਮਿਟ ਜਾਏ ਅਤੇ ਦੇਹ ਦਾ ਦੋਸ਼ ਖ਼ਤਮ ਹੋ ਜਾਏ ॥੩੬॥੨੦੪॥
(ਰਾਜੇ ਦੇ) ਬੁਲਾਏ ਸਾਰੇ ਬ੍ਰਾਹਮਣ ਰਾਜ-ਦੁਆਰ ਉਤੇ ਆਏ।
ਵਿਆਸ ਆਦਿ ਵੱਡੇ ਵੱਡੇ (ਰਿਸ਼ੀਆਂ ਨੂੰ ਵੀ) ਬੁਲਾ ਲਿਆ।
(ਉਨ੍ਹਾਂ ਨੇ) ਸ਼ਾਸਤ੍ਰਾਂ ਨੂੰ ਵੇਖਿਆ ਅਤੇ ਸਾਰੇ ਬ੍ਰਾਹਮਣ ਕਹਿਣ ਲਗੇ
ਕਿ ਰਾਜੇ ਨੇ ਹੰਕਾਰ ਦੇ ਵਧ ਜਾਣ ਕਾਰਨ ਬਿਪ੍ਰ-ਮੇਧ (ਵਿਚ ਬ੍ਰਾਹਮਣਾਂ ਦੀ ਆਹੂਤੀ ਦਿੱਤੀ ਹੈ) ॥੩੭॥੨੦੫॥
ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖ਼ਜ਼ਾਨੇ!
ਸੁਣੋ, ਸਾਰਾ ਜਗਤ ਜਾਣਦਾ ਹੈ ਕਿ (ਤੁਸੀਂ) ਬਿਪ੍ਰ-ਮੇਧ ਕੀਤਾ।
(ਇਹ ਕੰਮ ਤੁਹਾਡੇ ਤੋਂ) ਅਚਾਨਕ ਹੋ ਗਿਆ ਹੈ, ਕਿਸੇ ਨੇ (ਤੁਹਾਨੂੰ) ਕਿਹਾ ਨਹੀਂ ਹੈ।
(ਪਰ ਪ੍ਰਭੂ ਨੇ) ਜਿਹੜੀ (ਗੱਲ) ਕਰਨੀ ਹੁੰਦੀ ਹੈ, ਉਹੀ ਹੋ ਜਾਂਦੀ ਹੈ ॥੩੮॥੨੦੬॥
ਹੇ ਰਾਜਨ! ਤੁਸੀਂ ਵਿਆਸ ਤੋਂ (ਮਹਾਭਾਰਤ ਦੇ) ੧੮ ਪਰਵ ਸੁਣੋ
(ਤਦੋਂ) ਤੁਹਾਡੀ ਦੇਹ ਤੋਂ ਸਾਰਾ ਕਸ਼ਟ ਹਟੇਗਾ।
(ਰਾਜੇ ਨੇ) ਵਿਆਸ ਬਿਪ੍ਰ ਨੂੰ ਬੁਲਾ ਲਿਆ
ਅਤੇ ਸਾਰੇ ਹੰਕਾਰ ਨੂੰ ਛਡ ਕੇ ਉਸ ਦੇ ਚਰਨੀ ਲਗਾ ਅਤੇ (ਮਹਾਭਾਰਤ ਦੇ) ਪਰਵ ਸੁਣਨ ਲਗਾ ॥੩੯॥੨੦੭॥
(ਵਿਆਸ ਨੇ ਕਿਹਾ) ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖ਼ਜ਼ਾਨੇ! ਸੁਣੋ,
ਭਰਥ ਦੇ ਵੰਸ਼ ਵਿਚ ਰਘੂ ਰਾਜਾ ਹੋਇਆ ਹੈ।
ਉਸ ਦੇ ਵੰਸ਼ ਵਿਚ (ਅਗੋਂ) ਰਾਮ ਰਾਜਾ ਹੋਇਆ ਹੈ
ਜਿਸ ਨੇ (ਆਪਣੇ ਭਰਾ ਭਰਤ ਨੂੰ) ਰਾਜ-ਛੱਤਰ ਅਤੇ ਖ਼ਜ਼ਾਨਾ ਦਾਨ ਦੇ ਕੇ ਸ਼ੋਭਾ ਖਟੀ ॥੪੦॥੨੦੮॥
ਉਸ (ਭਰਥ) ਦੀ ਕੁਲ ਵਿਚ ਯਦੂ ਰਾਜਾ ਹੋਇਆ
ਜੋ ਦਸ ਅਤੇ ਚਾਰ ਚੌਦਾਂ ਵਿਦਿਆਵਾਂ ਦਾ ਗਿਆਤਾ ਸੀ।
ਉਸ ਦੇ ਵੰਸ਼ ਵਿਚ ਸੰਤਨੇਯ (ਰਾਜਾ) ਹੋਇਆ।
ਉਸ ਤੋਂ ਅਗੇ ਕੌਰਵ ਅਤੇ ਪਾਂਡਵ ਹੋਏ ॥੪੧॥੨੦੯॥
ਉਸ ਦੇ ਵੰਸ਼ ਵਿਚ ਧ੍ਰਿਤਰਾਸ਼ਟਰ ਹੋਇਆ
ਜੋ ਬਹੁਤ ਤਕੜਾ ਯੋਧਾ ਸੀ ਅਤੇ ਵਡਿਆਂ ਵਡਿਆਂ ਵੈਰੀਆਂ ਨੂੰ ਸਿਖਿਆ ਦੇਣ ਵਾਲਾ ਸੀ।
ਉਸ ਦੇ (ਘਰ) ਕਠੋਰ ਕਰਮਾਂ ਵਾਲੇ ਕੌਰਵ ਪੈਦਾ ਹੋਏ
ਜਿਨ੍ਹਾਂ ਨੇ ਛਤਰੀਆਂ ਨਾਲ ਛੈਣੀ ਵਾਂਗ ਕੁਲ-ਨਾਸ਼ ਕਰਨ ਵਾਲਾ ਕੰਮ ਕੀਤਾ ॥੪੨॥੨੧੦॥
(ਉਨ੍ਹਾਂ ਨੇ) ਭੀਸ਼ਮ ਨੂੰ ਆਪਣੀ ਸੈਨਾ ਦਾ ਮੁਖੀਆ ਬਣਾਇਆ
ਅਤੇ ਰਾਜਾ ਪੰਡੁ ਦੇ ਪੁੱਤਰਾਂ ਨਾਲ ਭਿਆਨਕ ਯੁੱਧ ਕੀਤਾ।
ਉਸ (ਜੰਗ ਵਿਚ) ਮਹਾਨ ਵੀਰ ਅਰਜਨ ਨੇ ਲਲਕਾਰਾ ਮਾਰਿਆ।
(ਉਹ) ਤੀਰ-ਅੰਦਾਜ਼ੀ ਵਿਚ ਪ੍ਰਬੀਨ ਸੀ, (ਇਸ ਲਈ ਉਸ ਨੇ) ਬਹੁਤ ਤੀਰ ਚਲਾਏ ॥੪੩॥੨੧੧॥
ਰਣ-ਭੂਮੀ ਵਿਚ ਸ਼ੂਰਵੀਰ (ਅਰਜਨ) ਨੇ ਤੀਰਾਂ ਦੀ ਝੜੀ ਲਾ ਦਿੱਤੀ।
ਭੀਸ਼ਮ ਨੂੰ ਸਾਰੀ ਫ਼ੌਜ ਸਮੇਤ ਮਾਰ ਦਿੱਤਾ।
ਭੀਸ਼ਮ ਨੂੰ ਬਾਣਾਂ ਦੀ ਸੇਜ ਦਿੱਤੀ ਗਈ (ਜਿਸ ਉਤੇ ਉਹ) ਲੇਟ ਗਿਆ।
(ਉਸ ਦਿਨ) ਪਾਂਡਵਾਂ ਦੀ ਸੁਖ ਪੂਰਵਕ ਜਿਤ ਹੋਈ ॥੪੪॥੨੧੨॥
(ਭੀਸ਼ਮ ਤੋਂ ਬਾਦ ਕੌਰਵਾਂ ਦਾ ਦੂਜਾ) ਸੈਨਾਪਤੀ ਅਤੇ ਸੈਨਾਪਾਲਕ ਦ੍ਰੋਣਾਚਾਰਯ ਹੋਇਆ।
ਉਸ ਵੇਲੇ ਉਥੇ ਘੋਰ ਯੁੱਧ ਹੋਇਆ।
ਧ੍ਰਿਸ਼ਟਦ੍ਯੁਮਨ ਨੇ ਦ੍ਰੋਣਾਚਾਰਯ ਨੂੰ ਮਾਰ ਦਿੱਤਾ ਅਤੇ ਉਸ ਨੇ ਪ੍ਰਾਣ ਤਿਆਗ ਦਿਤੇ।
(ਦ੍ਰੋਣਾਚਾਰਯ ਨੇ) ਯੁੱਧ-ਭੂਮੀ ਤੋਂ ਦੇਵ ਲੋਕ ਨੂੰ ਪ੍ਰਸਥਾਨ ਕੀਤਾ ॥੪੫॥੨੧੩॥
(ਉਸ ਤੋਂ ਬਾਦ ਕੌਰਵਾਂ ਦਾ ਤੀਜਾ) ਸੈਨਾਪਤੀ ਕਰਨ ਹੋਇਆ।
ਮਹਾ ਭਿਆਨਕ ਅਤੇ ਕਹਿਰ ਭਰਿਆ ਯੁੱਧ ਹੋਇਆ।
ਕਰਨ ਨੂੰ ਅਰਜਨ (ਪੰਥੰ) ਨੇ ਮਾਰ ਕੇ ਤੁਰਤ ਉਸ ਦਾ ਸਿਰ ਕਟ ਦਿੱਤਾ।
ਉਸ ਦੇ ਡਿਗਣ ਨਾਲ (ਇਕ ਪ੍ਰਕਾਰ ਨਾਲ) ਯੁਧਿਸ਼ਠਰ ਦਾ ਰਾਜ ਸਥਾਪਿਤ ਹੋ ਗਿਆ ॥੪੬॥੨੧੪॥