ਉਸ ਨੇ ਦਾਸੀ ਨਾਲ ਆ ਕੇ ਉਸ ਨੂੰ (ਰਾਣੀ ਨਾਲ) ਸੁੱਤਾ ਹੋਇਆ ਵੇਖਿਆ
ਅਤੇ ਸਿਰ ਤੋਂ ਲੈ ਕੇ ਪੈਰਾਂ ਤਕ ਸੂਰਜ ਵਾਂਗ ਤਪ ਗਿਆ ॥੨੭॥
ਬਾਦਸ਼ਾਹ ਨੇ ਸਮਝਿਆ ਕਿ ਇਸ ਨੇ (ਮੇਰੀ ਨੀਅਤ) ਨੂੰ ਭਾਂਪ ਲਿਆ ਹੈ।
ਇਸ ਲਈ ਉਸ ਦਿਨ ਦੀ ਇਹ ਖ਼ਬਰਦਾਰ ਹੋ ਗਈ ਹੈ ॥੨੮॥
ਇਹ ਦੋਵੇਂ ਇਕੋ ਥਾਂ ਇਕੱਠੀਆਂ ਸੁੱਤੀਆਂ ਹੋਈਆਂ ਹਨ।
ਇਸ ਲਈ ਮੇਰਾ ਦਾਓ ਨਹੀਂ ਲਗਦਾ। ਖ਼ੁਦਾ ਗਵਾਹ ਹੈ ॥੨੯॥
ਇਸ ਨੂੰ ਜੇ ਸੌਣ ਵਾਲੀ ਥਾਂ ਤੋਂ ਵਖਰਾ ਵੇਖ ਲਵਾਂ,
ਤਾਂ ਮਸਿਆ ਦੀ ਰਾਤ ਵਾਂਗ ਸੂਰਜ ਤੇ ਚੰਦ੍ਰਮਾ ਦੇ ਸਮਾਨ ਇਸ ਨਾਲ ਜੁੜ ਜਾਵਾਂ ॥੩੦॥
ਉਸ ਦਿਨ ਬਾਦਸ਼ਾਹ ਚਲਾ ਗਿਆ। ਦੂਜੇ ਦਿਨ ਫਿਰ ਆਇਆ।
ਉਨ੍ਹਾਂ ਨੂੰ ਗਲਵਕੜੀ ਪਾਏ ਹੋਇਆਂ ਸੁੱਤਾ ਵੇਖਿਆ ॥੩੧॥
ਖੇਦ ਹੈ ਜੇ ਇਸ ਨੂੰ ਮੈਂ (ਰਾਣੀ ਤੋਂ) ਅਲਗ ਵੇਖ ਲੈਂਦਾ
ਤਾਂ ਮੈਂ ਇਸ ਉਤੇ ਸ਼ੇਰ ਵਾਂਗ ਇਕੋ ਵਾਰ ਹਮਲਾ ਕਰ ਦਿੰਦਾ ॥੩੨॥
ਦੂਜੇ ਦਿਨ ਵੀ ਪਰਤ ਗਿਆ ਅਤੇ ਤੀਜੇ ਦਿਨ (ਫਿਰ) ਆਇਆ।
ਉਨ੍ਹਾਂ ਨੂੰ ਇਕੋ ਥਾਂ ਸੁੱਤਾ ਵੇਖ ਕੇ ਮੁੜ ਗਿਆ ॥੩੩॥
ਚੌਥੇ ਦਿਨ ਆਇਆ ਤਾਂ ਫਿਰ (ਉਨ੍ਹਾਂ ਨੂੰ) ਇਕੱਠਾ ਪਿਆ ਹੋਇਆ ਵੇਖਿਆ।
ਹੈਰਾਨ ਹੋ ਕੇ ਪਰਤ ਗਿਆ ਅਤੇ ਦਿਲ ਵਿਚ ਕਹਿਣ ਲਗਾ ॥੩੪॥
ਅਫ਼ਸੋਸ ਹੈ ਕਿ ਜੇ ਇਸ ਨੂੰ ਮੈਂ ਵਖਰਿਆਂ ਵੇਖ ਲੈਂਦਾ
ਤਾਂ ਇਸ ਦੀ ਕਮਾਨ ਵਿਚ ਤੀਰ ਚੜ੍ਹਾ ਲੈਂਦਾ ॥੩੫॥
ਮੈਂ ਨਾ ਦੁਸ਼ਮਨ ਨੂੰ ਵੇਖਿਆ ਹੈ ਅਤੇ ਨਾ ਹੀ ਉਸ ਨੂੰ ਤੀਰ ਵਿਚ ਪਰੋਇਆ ਹੈ।
ਨਾ ਉਸ ਮਾੜੇ ਆਦਮੀ ਨੂੰ ਮਾਰਿਆ ਹੈ ਅਤੇ ਨਾ ਕੈਦ ਹੀ ਕੀਤਾ ਹੈ ॥੩੬॥
ਬਾਦਸ਼ਾਹ ਛੇਵੇਂ ਦਿਨ ਆਇਆ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਵੇਖਿਆ।
ਉਸ ਨੇ ਬਹੁਤ ਵਟ ਖਾਇਆ ਅਤੇ ਆਪਣੀ ਜ਼ਬਾਨ ਤੋਂ ਇੰਜ ਕਿਹਾ ॥੩੭॥
ਮੈਂ ਵੈਰੀ ਨੂੰ ਵੇਖਿਆ ਨਹੀਂ ਹੈ, ਇਸ ਕਰ ਕੇ ਕਤਲ ਕਰ ਕੇ ਟੋਟੇ ਟੋਟੇ ਨਹੀਂ ਕੀਤਾ।
ਅਫ਼ਸੋਸ ਹੈ ਕਿ ਮੈਂ ਕਮਾਨ ਵਿਚ ਤੀਰ ਨਹੀਂ ਰਖ ਸਕਿਆ ॥੩੮॥
ਅਫ਼ਸੋਸ ਹੈ ਕਿ ਮੈਂ ਦੁਸ਼ਮਨ ਨਾਲ ਬਗ਼ਲਗੀਰ ਨਹੀਂ ਹੋਇਆ।
ਖੇਦ ਹੈ ਕਿ ਇਕ ਦੂਜੇ ਨੂੰ ਮਿਲ ਕੇ ਡਿਗੇ ਵੀ ਨਹੀਂ ਹਾਂ ॥੩੯॥
ਦੂਜੀ ਤਰ੍ਹਾਂ ਦੀ ਸੋਚ ਕਾਰਨ ਬਾਦਸ਼ਾਹ ਨੇ ਹਕੀਕਤ ਨੂੰ ਪਛਾਣਿਆ ਨਹੀਂ।
ਉਹ ਸਿਰ ਤੋਂ ਪੈਰਾਂ ਤਕ ਮੋਹਿਤ ਹੋ ਚੁਕਿਆ ਸੀ ॥੪੦॥
ਉਸ ਬੇਖ਼ਬਰ ਬਾਦਸ਼ਾਹ ਵਲ ਵੇਖੋ ਕਿ ਕੀ ਕੰਮ ਕਰ ਰਿਹਾ ਹੈ।
ਜੋ ਮਾੜਾ ਕੰਮ ਹੈ, ਉਸ ਨੂੰ ਕਰਨਾ ਚਾਹੁੰਦਾ ਹੈ ॥੪੧॥
ਵੇਖੋ ਕਿ ਉਹ ਮੂਰਖ ਕਿਤਨਾ ਦੁਖਦਾਇਕ ਕੰਮ ਕਰ ਰਿਹਾ ਹੈ।
ਬਿਨਾ ਪਾਣੀ ਦੇ ਹੀ ਆਪਣਾ ਸਿਰ ਮੁੰਨਵਾ ਰਿਹਾ ਹੈ ॥੪੨॥
ਹੇ ਸਾਕੀ! ਮੈਨੂੰ ਹਰੇ ਰੰਗ ਵਾਲਾ (ਸ਼ਰਾਬ ਦਾ) ਪਿਆਲਾ ਬਖ਼ਸ਼
ਤਾਂ ਜੋ ਮੈਂ ਆਪਣੀ ਸ਼ਰਧਾ ਦਾ ਭਰਿਆ ਪੂਰਾ ਖ਼ਜ਼ਾਨਾ ਅਰਪਿਤ ਕਰ ਸਕਾਂ ॥੪੩॥
ਹੇ ਸਾਕੀ! ਮੈਨੂੰ ਹਰੇ ਰੰਗ ਦਾ ਪਿਆਲਾ ਬਖ਼ਸ਼
ਜੋ ਵੈਰੀਆਂ ਨੂੰ ਢਾਹਣ ਵੇਲੇ ਮੇਰੇ ਕੰਮ ਆਵੇ ॥੪੪॥੯॥
ਦਯਾ ਕਰਨ ਵਾਲਾ ਪਰਮਾਤਮਾ ਗੁਨਾਹਾਂ ਨੂੰ ਬਖ਼ਸ਼ਣ ਵਾਲਾ ਅਤੇ ਰੱਬ ਤੋਂ ਮੁਨਕਰ ਬੰਦਿਆਂ ਨੂੰ ਮਾਰਨ ਵਾਲਾ ਹੈ।
ਸਾਰੇ ਸੰਸਾਰ ਦੀ ਵਿਵਸਥਾ ਤੂੰ ਆਪ ਹੀ ਕਰਦਾ ਹੈਂ ॥੧॥
ਉਸ ਪਰਮਾਤਮਾ ਦਾ ਨਾ ਕੋਈ ਪੁੱਤਰ ਹੈ, ਨਾ ਪਿਤਾ ਹੈ, ਨਾ ਮਾਤਾ, ਨਾ ਭਰਾ ਹੈ,
ਨਾ ਜਵਾਈ ਹੈ, ਨਾ ਵੈਰੀ ਹੈ ਅਤੇ ਨਾ ਹੀ ਕੋਈ ਯਾਰ ਹੈ। (ਉਸ ਵਰਗਾ) ਕੋਈ ਦੂਜਾ ਨਹੀਂ ਹੈ ॥੨॥
ਮੈਂ ਮਾਯੰਦਰਾਂ ਦੇ ਬਾਦਸ਼ਾਹ ਦੀ ਕਹਾਣੀ ਸੁਣੀ ਹੈ,
ਜੋ ਰੌਸ਼ਨ ਦਿਲ ਵਾਲਾ ਸੀ। ਉਸ ਦਾ ਨਾਂ ਦੁਨੀਆ ਵਿਚ ਬਹੁਤ ਪ੍ਰਸਿੱਧ ਹੋਇਆ ਸੀ ॥੩॥
ਉਸ ਦੇ ਸੂਝਵਾਨ ਵਜ਼ੀਰ ਦਾ ਨਾਮ 'ਸਾਹਿਬ' ਸੀ,
ਜੋ ਚੰਗੀ ਬੁੱਧੀ ਦਾ ਮਾਲਕ ਅਤੇ ਪ੍ਰਗਟ ਪ੍ਰਤਾਪ ਵਾਲਾ ਸੀ ॥੪॥
ਉਸ ਦੇ ਪੁੱਤਰ ਦਾ ਨਾਂ 'ਰੌਸ਼ਨ ਜ਼ਮੀਰ' ਸੀ।
ਉਹ ਬਹੁਤ ਸੁੰਦਰ ਸਰੂਪ ਵਾਲਾ ਅਤੇ ਸਰਦਾਰਾਂ ਦਾ ਸਰਦਾਰ ਸੀ ॥੫॥
ਉਸ ਬਾਦਸ਼ਾਹ ਦਾ ਨਾਮ 'ਰੌਸ਼ਨ ਦਿਲ' ਸੀ।