ਮੈਂ ਜਿਸ ਵਲ ਵੀ ਕ੍ਰੋਧ ਕਰ ਕੇ ਗਿਆ, ਮੇਰੇ ਸਾਹਮਣੇ ਕੋਈ ਵੀ ਸੂਰਵੀਰ ਨਹੀਂ ਟਿਕਿਆ।
ਮੇਰੀ ਗਰਜ ਨੂੰ ਸੁਣ ਕੇ ਹੁਣ ਤਕ ਵੀ ਕਿਸੇ ਨੇ (ਆਪਣੇ) ਹੱਥ ਵਿਚ ਹਥਿਆਰ ਨਹੀਂ ਸੰਭਾਲਿਆ।
ਇਤਨਾ ਕੁਝ ਹੁੰਦੇ ਹੋਏ ਵੀ, ਜੋ ਮੇਰੇ ਨਾਲ ਆ ਕੇ ਲੜਿਆ ਹੈ, ਉਹ ਕ੍ਰਿਸ਼ਨ ਸਚ ਮੁਚ ਹੀ ਵੀਰ ਯੋਧਾ ਹੈ ॥੨੨੨੯॥
ਸ੍ਰੀ ਕ੍ਰਿਸ਼ਨ ਤੋਂ ਜੋ ਹਜ਼ਾਰ ਬਾਂਹਵਾਂ ਵਾਲਾ ਭਜ ਗਿਆ, ਉਸ ਨੇ (ਫਿਰ) ਯੁੱਧ ਨਾ ਮਚਾਇਆ।
ਆਪਣੀਆਂ ਦੋ ਭੁਜਾਵਾਂ ਹੋਈਆਂ ਵੇਖ ਕੇ (ਉਸ ਨੇ) ਆਪਣੇ ਚਿਤ ਵਿਚ ਬਹੁਤ ਦੁਖ ਮਹਿਸੂਸ ਕੀਤਾ।
ਜਿਸ ਨੇ ਸ੍ਰੀ ਕ੍ਰਿਸ਼ਨ ਦੇ ਗੁਣ ਗਾਏ ਹਨ, ਉਸ ਨੇ ਜਗਤ ਵਿਚ ਯਸ਼ ਖਟਿਆ ਹੈ।
ਉਸੇ ਕਰ ਕੇ, ਸੰਤਾਂ ਦੀ ਮਿਹਰ ਨਾਲ (ਕਵੀ) ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਕੁਝ (ਯਸ਼) ਸੁਣਾਇਆ ਹੈ ॥੨੨੩੦॥
ਸ਼ਿਵ ਫਿਰ ਆਪਣੇ ਨਾਲ ਸਾਰੇ ਗਣ ਲੈ ਕੇ ਕ੍ਰੋਧਵਾਨ ਹੋ ਕੇ ਆ ਗਿਆ।
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਸਾਰੇ) ਸੂਰਮੇ ਕ੍ਰੋਧਿਤ ਹੋ ਕੇ ਆ ਗਏ।
ਬਾਣ, ਕ੍ਰਿਪਾਨ, ਗਦਾ ਅਤੇ ਬਰਛੀ (ਆਦਿ ਸ਼ਸਤ੍ਰ) ਪਕੜ ਕੇ ਅਤੇ ਕ੍ਰੋਧ ਨਾਲ ਨਾਦ ਵਜਾ ਕੇ ਆ ਗਏ।
ਉਨ੍ਹਾਂ ਸਾਰਿਆਂ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਛਿਣ ਭਰ ਵਿਚ ਯਮਲੋਕ ਭੇਜ ਦਿੱਤਾ ॥੨੨੩੧॥
ਇਕਨਾਂ ਨੂੰ ਸ੍ਰੀ ਕ੍ਰਿਸ਼ਨ ਨੇ ਗਦਾ ਨਾਲ ਮਾਰ ਦਿੱਤਾ ਅਤੇ ਇਕਨਾਂ ਨੂੰ ਸੰਬਰ ਦੇ ਵੈਰੀ (ਪ੍ਰਦੁਮਨ) ਨੇ ਖ਼ਤਮ ਕਰ ਦਿੱਤਾ।
ਇਕ ਬਲਰਾਮ ਨਾਲ ਲੜੇ ਅਤੇ ਫਿਰ ਘਰ ਜੀਉਂਦੇ ਨਹੀਂ ਪਰਤੇ।
ਜੋ ਫਿਰ ਸ੍ਰੀ ਕ੍ਰਿਸ਼ਨ ਨਾਲ ਆ ਕੇ ਲੜੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ ਦੇ) ਚਿਤ ਵਿਚ ਓਜ ਨੂੰ ਵਧਾ ਦਿੱਤਾ।
ਉਨ੍ਹਾਂ ਨੂੰ (ਸ੍ਰੀ ਕ੍ਰਿਸ਼ਨ ਨੇ) ਫਿਰ ਇਸ ਤਰ੍ਹਾਂ ਟੋਟੇ ਟੋਟੇ ਕਰ ਦਿੱਤਾ ਕਿ ਉਹ ਗਿੱਧਾਂ ਅਤੇ ਗਿਦੜਾਂ ਦੇ ਹੱਥ ਵੀ ਨਹੀਂ ਲਗੇ ॥੨੨੩੨॥
ਉਥੇ ਇਸ ਤਰ੍ਹਾਂ ਦਾ ਯੁੱਧ ਵੇਖ ਕੇ (ਬਾਣਾਸੁਰ ਨੇ) ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ।
ਆਪਣੀਆਂ ਦੋਹਾਂ ਭੁਜਾਵਾਂ ਨੂੰ ਆਪਣੇ ਹੀ ਹੱਥਾਂ ਨਾਲ ਠੋਕ ਕੇ ਆਪ ਹੀ ਨਾਦ ਵਜਾਇਆ।
ਜਿਵੇਂ ਕ੍ਰੋਧਿਤ ਹੋ ਕੇ ਅੰਧਕ ਦੈਂਤ ਉਤੇ ਹਮਲਾਵਰ ਹੋਇਆ ਸੀ, ਉਸ ਤਰ੍ਹਾਂ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਧਾ ਕੇ ਪੈ ਗਿਆ।
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਮਾਨੋ ਸ਼ੇਰ ਨਾਲ ਲੜਨ ਲਈ ਸ਼ੇਰ ਆਇਆ ਹੋਵੇ ॥੨੨੩੩॥
(ਜਦ) ਬਹੁਤ ਯੁੱਧ ਮਚ ਪਿਆ, ਤਦ ਸ਼ਿਵ ਨੇ, (ਉਸ ਕੋਲ) ਜੋ ਇਕ ਤਾਪ ਸੀ, ਉਸ ਨੂੰ ਸੰਭਾਲਿਆ (ਅਰਥਾਤ ਪ੍ਰੇਰਿਤ ਕੀਤਾ)।
ਸ੍ਰੀ ਕ੍ਰਿਸ਼ਨ ਨੇ ਸਾਰੇ ਭੇਦ ਨੂੰ ਸਮਝ ਕੇ 'ਸੀਤ ਜ੍ਵਰ' (ਕਾਂਬੇ ਵਾਲੇ ਤਾਪ) ਨੂੰ ਉਸ ਵਲ ਭੇਜਿਆ।
'ਸੀਤ ਜ੍ਵਰ' ਨੂੰ ਵੇਖ ਕੇ 'ਤਾਪ' ਭਜ ਗਿਆ, ਜ਼ਰਾ ਵੀ ਨਾ ਸੰਭਲ ਸਕਿਆ।
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, (ਮਾਨੋ) ਪੌਣ ਦਾ ਮਾਰਿਆ ਹੋਇਆ ਬਦਲ ਉਡਿਆ ਜਾਂਦਾ ਹੋਵੇ ॥੨੨੩੪॥
ਸ਼ਿਵ (ਦੇ ਮਨ) ਵਿਚ ਜਿਤਨਾ ਵੀ ਹੰਕਾਰ ਸੀ, (ਉਹ) ਸਾਰਾ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਅਤੇ ਯੁੱਧ ਕਰ ਕੇ ਨਸ਼ਟ ਕਰ ਦਿੱਤਾ।
ਉਸ ਨੇ ਜੋ ਤੀਰਾਂ ਦੀ ਝੜੀ ਲਾਈ ਸੀ, ਉਸ ਵਿਚੋਂ ਇਕ ਵੀ (ਤੀਰ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ) ਛੋਹ ਨਾ ਸਕਿਆ।
ਹੋਰ ਵੀ (ਸ਼ਿਵ ਦੇ) ਨਾਲ ਜਿਤਨੇ ਗਣ ਸਨ, (ਉਨ੍ਹਾਂ) ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ (ਤੀਰਾਂ ਦੇ) ਘਾਓਆਂ ਨਾਲ ਘਾਇਲ ਕਰ ਦਿੱਤਾ।
ਸ੍ਰੀ ਕ੍ਰਿਸ਼ਨ ਦੀ ਇਸ ਤਰ੍ਹਾਂ ਦੀ ਬਹਾਦਰੀ ਵੇਖ ਕੇ ਸ਼ਿਵ (ਉਨ੍ਹਾਂ ਦੇ) ਪੈਰਾਂ ਨਾਲ ਲਿਪਟ ਗਿਆ ॥੨੨੩੫॥
ਸ਼ਿਵ ਨੇ ਕਿਹਾ:
ਸਵੈਯਾ:
ਹੇ ਪ੍ਰਭੂ! ਭੁਲ ਕਰ ਕੇ ਮੈਂ (ਅਜਿਹਾ) ਘਟੀਆ ਕੰਮ ਕੀਤਾ ਹੈ ਕਿ ਤੁਹਾਡੇ ਨਾਲ ਯੁੱਧ ਕਰਨਾ ਚਾਹਿਆ ਹੈ।
ਤਾਂ ਕੀ ਹੋਇਆ, ਜੇ (ਮੈਂ) ਕ੍ਰੋਧ ਕਰ ਕੇ (ਤੁਹਾਡੇ ਨਾਲ) ਆ ਕੇ ਲੜਿਆ ਹਾਂ, ਫਿਰ ਕੀ ਹੋਇਆ, ਇਥੇ ਮੇਰਾ ਮਾਣ ਰਿਹਾ ਹੈ।
ਤੇਰੇ ਗੁਣਾਂ ਨੂੰ ਗਾਉਣ ਵਾਲਾ ਸ਼ੇਸ਼ ਨਾਗ ਅਤੇ ਬ੍ਰਹਮਾ ਹਾਰ ਗਿਆ ਹੈ।
ਤੁਹਾਡੇ ਗੁਣ ਨੂੰ ਕੋਈ ਕਿਥੋਂ ਤਕ ਗਿਣੇ, ਜਿਸ ਦਾ ਭੇਦ ਵੇਦ ਵੀ ਨਹੀਂ ਕਹਿ ਸਕਦੇ ॥੨੨੩੬॥
ਕਵੀ ਨੇ ਕਿਹਾ:
ਸਵੈਯਾ:
ਕੀ ਹੋਇਆ ਜੇ ਸਿਰ ਉਤੇ ਜਟਾਂ ਧਾਰਨ ਕਰ ਕੇ ਜਗਤ ਨੂੰ ਤਪਸਵੀਆਂ ਵਾਲਾ ਭੇਖ ਦਿਖਾਇਆ ਹੈ।
ਕੀ ਹੋਇਆ ਜੇ ਦੋਹਾਂ ਅੱਖਾਂ ਨੂੰ ਚੰਗੀ ਤਰ੍ਹਾਂ ਬੰਦ ਕਰ ਕੇ ਹਰੀ ਦੇ ਗੁਣਾਂ ਦਾ ਗਾਇਨ ਕੀਤਾ ਹੈ।
ਹੋਰ, ਕੀ ਹੋਇਆ ਜੇ ਹੱਥ ਵਿਚ ਆਰਤੀ ਲੈ ਕੇ ਅਤੇ ਧੂਪ ਜਗਾ ਕੇ ਸੰਖ ਵਜਾਇਆ ਹੈ।
(ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨਾ ਦਸੋ ਕਿ ਬਿਨਾ ਪ੍ਰੇਮ ਦੇ ਕਿਸ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕੀਤਾ ਹੈ ॥੨੨੩੭॥
ਚਾਰ ਮੂੰਹਾਂ ਵਾਲਾ (ਬ੍ਰਹਮਾ) ਉਸੇ ਸਮਾਨ ਛੇ ਮੂਹਾਂ ਵਾਲਾ (ਕਾਰਤਿਕੇ) ਅਤੇ ਹਜ਼ਾਰ ਮੂੰਹਾਂ ਵਾਲਾ (ਸ਼ੇਸ਼ਨਾਗ) ਵੀ ਗੁਣ ਗਾਉਂਦਾ ਹੈ।
ਨਾਰਦ, ਇੰਦਰ, ਸ਼ਿਵ, ਵਿਆਸ ਆਦਿ ਇਨ੍ਹਾਂ ਨੇ ਸ੍ਰੀ ਕ੍ਰਿਸ਼ਨ ਦੇ ਗੁਣਾਂ ਦਾ ਗਾਇਨ ਕੀਤਾ ਹੈ,
ਚੌਹਾਂ ਹੀ ਵੇਦਾਂ ਨੇ ਭੇਦ ਨਹੀਂ ਪਾਇਆ। ਸਾਰਾ ਜਗਤ ਖੋਜ ਰਿਹਾ ਹੈ, (ਪਰ) ਕਿਸੇ ਨੇ ਵੀ ਪਾਰ ਨਹੀਂ ਪਾਇਆ।
(ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨਹੀਂ ਦਸਦੇ ਕਿ ਬਿਨਾ ਪ੍ਰੇਮ ਦੇ ਕਿਸੇ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕੀਤਾ ਹੈ ॥੨੨੩੮॥
ਸ਼ਿਵ ਨੇ ਕ੍ਰਿਸ਼ਨ ਨੂੰ ਕਿਹਾ:
ਸਵੈਯਾ:
ਸ਼ਿਵ ਜੀ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਿਆ ਅਤੇ ਕਹਿਣ ਲਗਿਆ, ਹੇ ਕ੍ਰਿਸ਼ਨ ਜੀ! ਮੇਰੀ ਬੇਨਤੀ ਸੁਣ ਲਵੋ।
(ਮੈਂ ਤੁਹਾਡਾ) ਸੇਵਕ ਇਕ ਵਰ ਮੰਗਦਾ ਹਾਂ, ਹੇ ਦਇਆਨਿਧੀ! ਹੁਣ ਰੀਝ ਕੇ ਉਹ (ਵਰ) ਦੇ ਦਿਓ।
ਕਵੀ ਸ਼ਿਆਮ ਕਹਿੰਦੇ ਹਨ, ਮੈਨੂੰ ਵੇਖ ਕੇ ਕਦੇ ਤਾਂ ਕਰੁਣ ਰਸ ਨਾਲ ਭਿਜ ਜਾਓ।