(ਸਚਮੁਚ ਤੇਰੀ) ਸਰਦਾਰੀ ਤੇ ਅਫ਼ਸੋਸ ਹੈ, ਸੌ ਵਾਰ ਅਫ਼ਸੋਸ ਹੈ ॥੬੭॥
ਤੇਰਾ ਤਕਵਾ (ਸ਼ਰਾ ਦਾ ਆਧਾਰ) ਬਹੁਤ ਅਜੀਬ ਹੈ, ਅਜੀਬ ਹੈ।
ਸਚਾਈ ਤੋਂ ਬਿਨਾ ਹੋਰ ਬੋਲ ਕਹਿਣਾ ਨੁਕਸਾਨਦੇਹ ਹਨ ॥੬੮॥
ਤੂੰ ਨਿਰਦਈ ਹੋ ਕੇ ਕਿਸੇ ਦਾ ਖ਼ੂਨ ਕਰਨ ਲਈ ਤਲਵਾਰ ਨਾ ਚਲਾ
(ਕਿਉਂਕਿ) ਤੇਰਾ ਵੀ (ਇਕ ਦਿਨ) ਪਰਮਾਤਮਾ ਦੀ ਤਲਵਾਰ ਨਾਲ ਖ਼ੂਨ ਡੁਲ੍ਹੇਗਾ ॥੬੯॥
ਹੇ ਬੰਦੇ! ਤੂੰ ਗ਼ਾਫ਼ਲ ਨਾ ਹੋ, ਪਰਮਾਤਮਾ ਨੂੰ ਪਛਾਣ।
ਉਹ ਬਹੁਤ ਬੇਨਿਆਜ਼ (ਬੇਪਰਵਾਹ) ਹੈ ਅਤੇ (ਉਸ ਨੂੰ) ਕਿਸੇ ਦੀ ਖ਼ੁਸ਼ਾਮਦ ਦੀ ਲੋੜ ਨਹੀਂ ॥੭੦॥
ਉਹ ਬਹੁਤ ਨਿਡਰ ਹੈ ਅਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
(ਉਹ) ਧਰਤੀ ਅਤੇ ਆਕਾਸ਼ ਦਾ ਸੱਚਾ ਪਾਤਿਸ਼ਾਹ ਹੈ ॥੭੧॥
(ਉਹ) ਖ਼ੁਦਾ ਧਰਤੀ ਅਤੇ ਆਕਾਸ਼ ਦਾ ਸੁਆਮੀ ਹੈ।
ਉਹ ਹਰ ਵਿਅਕਤੀ ਅਤੇ ਹਰ ਸਥਾਨ ਨੂੰ ਬਣਾਉਣ ਵਾਲਾ ਹੈ ॥੭੨॥
(ਉਹ) ਕੀੜੀ ਤੋਂ ਲੈ ਕੇ ਹਾਥੀ ਦੀ ਪਾਲਨਾ ਕਰਦਾ ਹੈ।
ਨਿਤਾਣਿਆਂ ਦਾ ਤਾਣ ਹੈ ਅਤੇ ਗ਼ਾਫ਼ਲਾਂ ਨੂੰ ਨਸ਼ਟ ਕਰਨ ਵਾਲਾ ਹੈ ॥੭੩॥
ਉਸ ਦਾ ਨਾਮ ਗ਼ਰੀਬ-ਨਿਵਾਜ਼ ਹੈ।
ਉਹ ਕਿਸੇ ਤਰ੍ਹਾਂ ਦੀ ਖ਼ੁਸ਼ਾਮਦ ਜਾਂ ਭੇਂਟ ਦਾ ਲੋੜਵੰਦ ਨਹੀਂ ਅਤੇ ਬੇਪਰਵਾਹ ਹੈ ॥੭੪॥
ਉਸ ਦਾ ਕੋਈ ਰੰਗ ਨਹੀਂ ਹੈ, ਨਾ ਹੀ ਕੋਈ ਚਿੰਨ੍ਹ ਹੈ (ਅਰਥਾਂਤਰ- ਉਹ ਅਧੀਨ ਨਾ ਹੋਣ ਵਾਲਾ ਅਤੇ ਬੇਮਿਸਾਲ ਹੈ)।
ਉਹ ਹੀ ਰਾਹ ਦਸਣ ਵਾਲਾ ਹੈ ਅਤੇ ਰਸਤੇ ਉਤੇ ਲੈ ਕੇ ਚਲਣ ਵਾਲਾ ਵੀ ਹੈ ॥੭੫॥
ਤੇਰੇ ਸਿਰ ਉਤੇ ਕੁਰਾਨ ਦੀ ਕਸਮ ਦਾ ਫ਼ਰਜ਼ (ਲਾਗੂ) ਹੈ।
ਇਸ ਲਈ (ਆਪਣੇ) ਕੀਤੇ ਹੋਏ ਬਚਨ ਨੂੰ ਸਿਰੇ ਚੜ੍ਹਾ ॥੭੬॥
(ਹੇ ਔਰੰਗਜ਼ੇਬ!) ਤੂੰ ਆਪਣੀ ਬੁੱਧੀ ਨਾਲ ਕੰਮ ਕਰ
ਅਤੇ ਤੂੰ (ਹੱਥਲੇ) ਕੰਮਾਂ ਨੂੰ ਚੰਗੀ ਦ੍ਰਿੜ੍ਹਤਾ ਨਾਲ ਸੰਪੰਨ ਕਰ ॥੭੭॥
ਕੀ ਹੋਇਆ ਕਿ (ਤੂੰ) ਮੇਰੇ ਚਾਰ ਬੱਚੇ ਮਾਰ ਦਿੱਤੇ ਹਨ।
ਪਰ ਅਜੇ ਕੁੰਡਲੀਆ ਨਾਗ ਪਿਛੇ ਰਹਿੰਦਾ ਹੈ ॥੭੮॥
ਇਸ ਵਿਚ ਕੀ ਮਰਦਾਨਗੀ ਹੈ ਕਿ ਤੂੰ ਚੰਗਿਆੜੀਆਂ ਨੂੰ ਬੁਝਾ ਰਿਹਾ ਹੈਂ।
(ਪਰ ਇਸ ਤਰ੍ਹਾਂ ਤੂੰ) ਭੜਕਦੀ ਹੋਈ ਅੱਗ ਨੂੰ ਹੋਰ ਮਚਾ ਰਿਹਾ ਹੈਂ ॥੭੯॥
ਫ਼ਿਰਦੋਸੀ ਸ਼ਾਇਰ ਨੇ ਕਿਤਨੀ ਸੋਹਣੀ ਬੋਲੀ ਵਿਚ ਕਿਹਾ ਹੈ
ਕਿ ਜਲਦਬਾਜ਼ੀ ਵਿਚ ਕੀਤਾ ਕੰਮ, ਸ਼ੈਤਾਨਾਂ ਦਾ ਕੰਮ ਹੈ ॥੮੦॥
ਹੇ ਹਜ਼ਰਤ! ਜਦ ਤੂੰ ਆਪ ਮੇਰੇ ਕੋਲ ਆਵੇਂਗਾ,
ਉਸ ਦਿਨ ਤੂੰ ਆਪਣਾ ਗਵਾਹ ਆਪ ਬਣ ਜਾਵੇਂਗਾ। (ਅਰਥਾਤ ਸੱਚਾਈ ਦਾ ਤੈਨੂੰ ਪਤਾ ਲਗ ਜਾਏਗਾ) ॥੮੧॥
ਜੇ ਤੂੰ ਇਸ ਨੂੰ ਭੁਲ ਜਾਵੇਂਗਾ,
ਤਾਂ ਰੱਬ ਤੈਨੂੰ ਵੀ ਭੁਲਾ ਦੇਵੇਗਾ ॥੮੨॥
ਜੇ ਤੂੰ ਇਸ ਕੰਮ ਲਈ ਲਕ ਬੰਨ੍ਹ ਲਵੇਂਗਾ,
ਤਾਂ ਪਰਮਾਤਮਾ (ਇਸ ਦਾ) ਤੈਨੂੰ ਚੰਗਾ ਫਲ ਦੇਵੇਗਾ ॥੮੩॥
ਧਰਮ ਦੀ ਪਾਲਨਾ ਕਰਨਾ ਸਭ ਤੋਂ ਚੰਗਾ ਨੇਕ ਕੰਮ ਹੈ।
ਜੇ ਤੂੰ ਰੱਬ ਨੂੰ ਪਛਾਣੇਗਾ ਤਾਂ ਇਸ ਤੋਂ ਵੀ ਸ੍ਰੇਸ਼ਠ ਹੋ ਜਾਵੇਂਗਾ ॥੮੪॥
ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਛਾਣਨ ਵਾਲਾ ਨਹੀਂ ਹੈਂ,
(ਕਿਉਂਕਿ) ਤੇਰੇ ਤੋਂ ਬਹੁਤ ਦਿਲ ਦੁਖਾਣ ਵਾਲੇ ਕੰਮ ਹੋ ਚੁਕੇ ਹਨ ॥੮੫॥
ਕਿਰਪਾਲੂ ਪਰਮਾਤਮਾ ਤੈਨੂੰ (ਕੁਝ) ਨਹੀਂ ਪਛਾਣਦਾ।
ਤੇਰੀ ਇਤਨੀ ਬਾਦਸ਼ਾਹੀ ਅਤੇ ਦੌਲਤ ਨੂੰ ਕੁਝ ਨਹੀਂ ਸਮਝਦਾ ॥੮੬॥
ਜੇ ਤੂੰ (ਹੁਣ) ਕੁਰਾਨ ਦੀਆਂ ਸੌ ਕਸਮਾਂ ਵੀ ਖਾ ਲਏਂ,
ਤਾਂ ਵੀ ਉਨ੍ਹਾਂ ਉਤੇ ਮੇਰਾ ਜ਼ਰਾ ਜਿੰਨਾ ਵਿਸ਼ਵਾਸ ਨਹੀਂ ਹੈ ॥੮੭॥
ਨ ਮੈਂ ਤੇਰੀ ਹਜ਼ੂਰੀ ਵਿਚ ਆਵਾਂਗਾ ਅਤੇ ਨਾ ਹੀ ਇਸ ਰਸਤੇ ਉਤੇ ਚਲਾਂਗਾ।
ਜਿਥੇ ਮੇਰਾ ਪਰਮਾਤਮਾ ਚਾਹੇਗਾ, ਮੈਂ ਉਧਰ ਨੂੰ ਤੁਰ ਜਾਵਾਂਗਾ ॥੮੮॥
ਹੇ ਔਰੰਗਜ਼ੇਬ ਬਾਦਸ਼ਾਹ! ਤੂੰ ਬਾਦਸ਼ਾਹੀ ਹਾਸਲ ਹੋਣ ਕਰ ਕੇ ਭਾਗਵਾਨ ਹੈਂ।
ਤੂੰ ਬਹੁਤ ਫ਼ੁਰਤੀਲਾ ਅਤੇ ਚੰਗਾ ਘੋੜ-ਸਵਾਰ ਹੈਂ ॥੮੯॥
ਤੂੰ ਸੁੰਦਰ ਰੂਪ ਵਾਲਾ, ਜਲਾਲ ਵਾਲਾ ਅਤੇ ਚੰਗੀ ਜ਼ਮੀਰ ਵਾਲਾ,
ਦੇਸ਼ ਦਾ ਮਾਲਕ ਅਤੇ ਅਮੀਰਾਂ ਦਾ ਸੁਆਮੀ ਹੈਂ ॥੯੦॥
ਤੂੰ ਚੰਗੀ ਅਕਲ ਵਾਲਾ ਅਤੇ ਤਲਵਾਰ ਚਲਾਉਣ ਵਿਚ ਪ੍ਰਬੀਨ ਹੈਂ।
ਤੂੰ ਦੇਗ ਅਤੇ ਤੇਗ਼ ਦਾ ਮਾਲਕ ਹੈਂ ॥੯੧॥
ਤੂੰ ਸ੍ਰੇਸ਼ਠ ਜ਼ਮੀਰ ਵਾਲਾ ਅਤੇ ਸੁੰਦਰ ਰੂਪ ਵਾਲਾ ਹੈਂ।
ਤੂੰ ਮੁਲਕ ਅਤੇ ਮਾਲ ਦਾ ਸੁਆਮੀ ਅਤੇ ਬਖ਼ਸ਼ਿਸ਼ ਕਰਨ ਵਾਲਾ ਹੈਂ ॥੯੨॥
ਤੂੰ ਵੱਡੀਆਂ ਬਖ਼ਸ਼ਿਸ਼ਾਂ ਕਰਨ ਵਾਲਾ ਹੈਂ ਅਤੇ ਲੜਾਈ ਵਿਚ ਪਰਬਤ ਵਾਂਗ ਅਹਿਲ ਹੈਂ।
ਤੇਰੀਆਂ ਦੇਵਤਿਆਂ ਵਰਗੀਆਂ ਸਿਫ਼ਤਾਂ ਹਨ। ਤੇਰਾ ਪ੍ਰਤਾਪ ਆਕਾਸ਼ ਦੀ ਚੋਟੀ ਤਕ ਵਿਆਪਕ ਹੈ ॥੯੩॥
ਹੇ ਔਰੰਗਜ਼ੇਬ! ਭਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਹੈਂ ਅਤੇ ਵਕਤ ਦਾ ਹਾਕਮ ਵੀ ਹੈਂ,
ਪਰ ਤੂੰ ਧਰਮ ਤੋਂ ਬਹੁਤ ਦੂਰ ਹੈਂ ॥੯੪॥
ਮੈਂ ਮੂਰਤੀ-ਪੂਜ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ
(ਕਿਉਂਕਿ) ਉਹ ਬੁੱਤਾਂ ਦੀ ਪੂਜਾ ਕਰਦੇ ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ ॥੯੫॥
(ਹੇ ਔਰੰਗਜ਼ੇਬ!) ਜ਼ਮਾਨੇ ਦੀ ਬੇਵਫ਼ਾਈ ਦਾ ਹਾਲ ਵੇਖ।
ਜਿਸ ਦੇ ਪਿਛੇ ਪੈ ਜਾਂਦਾ ਹੈਂ, ਉਸ ਨੂੰ ਹਾਨੀ ਪਹੁੰਚਾਉਂਦਾ ਹੈਂ ॥੯੬॥
ਉਸ ਪਾਕ ਅਤੇ ਨੇਕ ਰੱਬ ਦੀ ਕੁਦਰਤ ਨੂੰ ਵੀ ਵੇਖ,
ਜੋ ਇਕ ਜਾਂ ਦੋ ਤੋਂ ਦਸ ਲੱਖ ਨੂੰ ਮਰਵਾ ਦਿੰਦਾ ਹੈ ॥੯੭॥
ਦੁਸ਼ਮਨ ਕੀ ਕਰ ਸਕਦਾ ਹੈ ਜੇ ਪਰਮਾਤਮਾ ਰੂਪੀ ਦੋਸਤ ਮਿਹਰਬਾਨ ਹੋਵੇ।
ਉਸ ਪਰਮਾਤਮਾ ਦਾ ਕੰਮ ਹੀ ਬਖ਼ਸ਼ਿਸ਼ ਕਰਨਾ ਹੈ ॥੯੮॥
(ਉਹ) ਬੰਧਨ ਖ਼ਲਾਸ ਕਰਨ ਵਾਲਾ ਅਤੇ ਪਥ-ਪ੍ਰਦਰਸ਼ਕ ਹੈ।
ਜੀਭ ਨੂੰ ਸਿਫ਼ਤ ਕਰਨ ਦੀ ਪਛਾਣ ਪ੍ਰਦਾਨ ਕਰਦਾ ਹੈ ॥੯੯॥
(ਉਹ) ਵੈਰੀ ਨੂੰ ਮਾੜਾ ਕਰਮ ਕਰਨ ਵੇਲੇ ਅੰਨ੍ਹਾ ਕਰ ਦਿੰਦਾ ਹੈ।
ਅਨਾਥਾਂ ਨੂੰ ਬਿਨਾ ਕਿਸੇ ਕਸ਼ਟ ਦੇ (ਵੈਰੀਆਂ ਦੇ ਘੇਰੇ ਤੋਂ) ਬਾਹਰ ਕਢ ਦਿੰਦਾ ਹੈ ॥੧੦੦॥
ਹਰ ਉਹ ਆਦਮੀ ਜੋ ਸਚਾਈ ਦੀ ਕਮਾਈ ਕਰਦਾ ਹੈ,
ਪਰਮਾਤਮਾ ਉਸ ਨਾਲ ਕ੍ਰਿਪਾ ਦਾ ਵਰਤਾਓ ਕਰਦਾ ਹੈ ॥੧੦੧॥
ਜੋ ਕੋਈ ਦਿਲ ਅਤੇ ਜਾਨ ਨਾਲ ਉਸ ਦੀ ਸੇਵਾ ਵਿਚ ਆਉਂਦਾ ਹੈ,
ਪਰਮਾਤਮਾ ਉਸ ਉਤੇ ਸੁਖਾਂ ਭਰੀ ਬਖ਼ਸ਼ਿਸ਼ ਕਰਦਾ ਹੈ ॥੧੦੨॥
ਦੁਸ਼ਮਣ ਉਸ ਨਾਲ ਕੀ ਬਹਾਨੇਬਾਜ਼ੀ ਕਰ ਸਕਦਾ ਹੈ,