ਸ਼੍ਰੀ ਦਸਮ ਗ੍ਰੰਥ

ਅੰਗ - 985


ਦਾਹ ਦਿਯੋ ਤਿਹ ਨਾਰਿ ਕੌ ਚਿਤ ਅਤਿ ਸੋਕ ਬਢਾਇ ॥

ਉਸ ਇਸਤਰੀ ਦਾ ਦਾਹ-ਸੰਸਕਾਰ ਕਰ ਕੇ ਅਤੇ ਮਨ ਵਿਚ ਬਹੁਤ ਦੁਖੀ ਹੋ ਕੇ

ਫੂਲ ਮਤੀ ਕੇ ਭਵਨ ਮੈ ਬਹੁਰਿ ਬਸਤ ਭਯੋ ਆਇ ॥੧੩॥

(ਰਾਜਾ) ਫੂਲ ਮਤੀ ਦੇ ਮਹੱਲ ਵਿਚ ਫਿਰ ਆ ਕੇ ਰਹਿਣ ਲਗਿਆ ॥੧੩॥

ਸਵਤਿ ਮਾਰਿ ਨਿਜੁ ਕਰਨ ਸੌ ਔਰ ਨ੍ਰਿਪਹਿ ਦਿਖਰਾਇ ॥

(ਆਪਣੀ) ਸੌਂਕਣ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਰਾਜੇ ਨੂੰ ਵਿਖਾ ਕੇ

ਰਾਜਾ ਕੌ ਨਿਜੁ ਬਸ ਕਿਯੋ ਐਸੋ ਚਰਿਤ ਬਨਾਇ ॥੧੪॥

ਇਸ ਚਰਿਤ੍ਰ ਰਾਹੀਂ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ ॥੧੪॥

ਬ੍ਰਹਮ ਬਿਸਨ ਸਰ ਅਸੁਰ ਸਭ ਰੈਨਾਧਿਪ ਦਿਨਰਾਇ ॥

ਬ੍ਰਹਮਾ, ਵਿਸ਼ਣੂ, ਦੇਵਤੇ, ਦੈਂਤ, ਚੰਦ੍ਰਮਾ, ਸੂਰਜ,

ਬੇਦ ਬ੍ਯਾਸ ਅਰੁ ਬੇਦ ਤ੍ਰਿਯ ਭੇਦ ਸਕੇ ਨਹਿ ਪਾਇ ॥੧੫॥

ਵੇਦ ਵਿਆਸ ਅਤੇ ਵੇਦ ਕੋਈ ਵੀ ਇਸਤਰੀ ਦੇ ਭੇਦ ਨੂੰ ਪ੍ਰਾਪਤ ਨਹੀਂ ਕਰ ਸਕਿਆ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੪॥੨੪੩੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੪॥੨੪੩੧॥ ਚਲਦਾ॥

ਸਵੈਯਾ ॥

ਸਵੈਯਾ:

ਲੰਕ ਮੈ ਬੰਕ ਨਿਸਾਚਰ ਥੋ ਰਘੁਨੰਦਨ ਕੋ ਸੁਨਿ ਏਕ ਕਹਾਨੀ ॥

ਲੰਕਾ ਵਿਚ ਇਕ ਵਿਗੜੇ ਹੋਏ ਦੈਂਤ ਨੇ ਰਘੁਨੰਦਨ (ਸ੍ਰੀ ਰਾਮ) ਦੀ ਕਹਾਣੀ ਸੁਣੀ

ਰਾਵਨ ਪੁਤ੍ਰ ਕਲਤ੍ਰ ਸਮੇਤ ਹਨੇ ਇਹ ਖੇਤ ਮਹਾ ਬਲਿਧਾਨੀ ॥

ਕਿ ਉਸ ਮਹਾ ਬਲਵਾਨ ਨੇ ਰਾਵਣ ਨੂੰ ਪੁੱਤਰ ਅਤੇ ਇਸਤਰੀ ਸਮੇਤ ਰਣ-ਭੂਮੀ ਵਿਚ ਮਾਰ ਦਿੱਤਾ।

ਰੋਸ ਭਰਿਯੋ ਤਤਕਾਲ ਗਦਾ ਗਹਿ ਕੌਚਕ ਸੇ ਮਦ ਮਤ ਕ੍ਰਿਪਾਨੀ ॥

ਗੁੱਸੇ ਨਾਲ ਭਰ ਕੇ ਅਤੇ ਤੁਰਤ ਗਦਾ, ਕ੍ਰਿਪਾਨ ਅਤੇ ਕਵਚ ਧਾਰਨ ਕਰ ਕੇ ਸ਼ਰਾਬ ਨਾਲ ਮਸਤ ਹੋ ਗਿਆ।

ਕੋਟ ਕੌ ਕੂਦਿ ਸਮੁੰਦ੍ਰ ਕੌ ਫਾਧਿ ਫਿਰੰਗ ਮੌ ਆਨਿ ਪਰਿਯੋ ਅਭਿਮਾਨੀ ॥੧॥

ਕਿਲ੍ਹੇ ਤੋਂ ਕੁਦ ਕੇ ਅਤੇ ਸਮੁੰਦਰ ਨੂੰ ਟਪ ਕੇ ਉਹ ਅਭਿਮਾਨੀ ਪਰਾਏ ਦੇਸ ਵਿਚ ਆ ਗਿਆ ॥੧॥

ਆਠਿਕ ਦ੍ਯੋਸ ਅੰਧੇਰ ਰਹਿਯੋ ਪੁਨਿ ਸੂਰ ਚੜਿਯੋ ਜਗ ਧੁੰਧ ਮਿਟਾਈ ॥

(ਉਸ ਦੇ ਆਉਣ ਨਾਲ) ਅੱਠ ਕੁ ਦਿਨ ਹਨੇਰਾ ਰਿਹਾ। ਫਿਰ ਸੂਰਜ ਚੜ੍ਹਿਆ ਅਤੇ ਜਗਤ ਵਿਚੋਂ ਧੁੰਧ ਮਿਟੀ।

ਦਾਨਵ ਕੌ ਲਖਿ ਲੋਕਨ ਕੈ ਅਤਿ ਹੀ ਚਿਤ ਮੈ ਉਪਜੀ ਦੁਚਿਤਾਈ ॥

(ਉਸ) ਦੈਂਤ ਨੂੰ ਵੇਖ ਕੇ ਲੋਕਾਂ ਦੇ ਮਨ ਵਿਚ ਬਹੁਤ ਦੁਚਿਤੀ (ਦੀ ਭਾਵਨਾ) ਪੈਦਾ ਹੋ ਗਈ।

ਬਾਧਿ ਅਨੀ ਭਟ ਭੂਰਿ ਚੜੇ ਰਿਪੁ ਜੀਤਨ ਕੀ ਜਿਯ ਬ੍ਯੋਤ ਬਨਾਈ ॥

ਬਹੁਤ ਸਾਰੇ ਰਾਜਿਆਂ ਨੇ ਦਲ ਬਣਾ ਕੇ ਵੈਰੀ ਨੂੰ ਜਿਤਣ ਲਈ ਮਨ ਵਿਚ ਵਿਉਂਤ ਬਣਾਈ ਅਤੇ (ਵੈਰੀ ਉਤੇ) ਚੜ੍ਹ ਚਲੇ।

ਬਾਨ ਕਮਾਨ ਗਦਾ ਬਰਛੀਨ ਕੀ ਆਨਿ ਕਰੀ ਤਿਹ ਸਾਥ ਲਰਾਈ ॥੨॥

ਬਾਣਾਂ, ਕਮਾਨਾਂ, ਗਦਾਵਾਂ, ਬਰਛੀਆਂ ਦੀ ਉਸ ਨਾਲ ਆ ਕੇ ਲੜਾਈ ਕੀਤੀ ॥੨॥

ਏਕ ਪਰੇ ਭਭਰਾਤ ਭਟੁਤਮ ਏਕ ਲਗੇ ਭਟ ਘਾਯਲ ਘੂੰਮੈ ॥

ਕਈ ਇਕ ਸ੍ਰੇਸ਼ਠ ਸੂਰਮੇ ਘਬਰਾ ਕੇ ਡਿਗਣ ਲਗੇ ਅਤੇ ਇਕ ਘਾਇਲ ਹੋ ਕੇ ਘੁੰਮਣ ਲਗੇ।

ਏਕ ਚਲੈ ਭਜਿ ਕੈ ਰਨ ਤੇ ਇਕ ਆਨਿ ਪਰੇ ਮਰਿ ਕੈ ਗਿਰਿ ਭੂੰਮੈ ॥

ਇਕ ਰਣਭੂਮੀ ਤੋਂ ਭਜ ਕੇ ਚਲੇ ਗਏ ਅਤੇ ਕਈ ਇਕ ਮਰ ਕੇ ਭੂਮੀ ਉਤੇ ਆ ਪਏ।

ਏਕ ਮਰੇ ਲਰਿ ਕੈ ਹਯ ਊਪਰ ਹਾਥਿਨ ਪੈ ਇਕ ਸ੍ਯੰਦਨ ਹੂੰ ਮੈ ॥

ਇਕ ਘੋੜਿਆਂ ਉਤੇ ਹੀ ਲੜਦਿਆਂ ਮਰ ਗਏ ਅਤੇ ਇਕ ਹਾਥੀਆਂ ਅਤੇ ਰਥਾਂ ਵਿਚ ਹੀ (ਮਰ ਗਏ)।

ਮਾਨੋ ਤ੍ਰਿਬੇਨੀ ਕੇ ਤੀਰਥ ਪੈ ਮੁਨਿ ਨਾਯਕ ਧੂਮ ਅਧੋ ਮੁਖ ਧੂੰਮੈ ॥੩॥

(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਤ੍ਰਿਬੇਣੀ (ਇਲਾਹਾਬਾਦ) ਦੇ ਤੀਰਥ ਉਤੇ ਮੁਨੀ ਨਾਇਕ ਮੂਧੇ ਮੂੰਹ ਧੂਮਰ ਪਾਨ ਕਰ ਰਹੇ ਹੋਣ ॥੩॥

ਕੌਚ ਕਿਪਾਨ ਕਸੇ ਕਟਨੀ ਕਟਿ ਅੰਗ ਉਤੰਗ ਸੁਰੰਗ ਨਿਖੰਗੀ ॥

ਸੂਰਮੇ ਕਵਚ, ਕ੍ਰਿਪਾਨਾਂ, ਭੱਥੇ, ਆਦਿ ਲਕ ਨਾਲ ਬੰਨ੍ਹ ਕੇ ਕਦ ਵਿਚ ਬੜੇ ਉੱਚੇ ਸ਼ੋਭਾ ਪਾ ਰਹੇ ਹਨ।

ਚੌਪਿ ਚਲੇ ਚਹੂੰ ਓਰਨ ਤੇ ਘਨ ਸਾਵਨ ਕੀ ਘਟ ਜਾਨ ਉਮੰਗੀ ॥

ਬੜੇ ਸ਼ੌਕ ਨਾਲ ਚੌਹਾਂ ਪਾਸਿਆਂ ਤੋਂ ਚੜ੍ਹ ਆਏ ਹਨ, ਮਾਨੋ ਸਾਵਣ ਦੇ ਬਦਲਾਂ ਦੀ ਘਟਾ ਉਮਡ ਆਈ ਹੋਵੇ।

ਜੰਗ ਨਿਸੰਗ ਪਰਿਯੋ ਸੰਗ ਸੂਰਨ ਨਾਚਿਯੋ ਹੈ ਆਪੁ ਤਹਾ ਅਰਧੰਗੀ ॥

ਉਥੇ ਸੂਰਮਿਆਂ ਵਿਚ ਬੜਾ ਨਿਸੰਗ ਯੁੱਧ ਹੋਇਆ ਅਤੇ ਸ਼ਿਵ ('ਅਰਧੰਗੀ') ਨੇ ਆਪ ਨਾਚ ਕੀਤਾ।

ਰੋਸ ਭਰੇ ਨ ਫਿਰੇ ਤ੍ਰਸਿ ਕੈ ਰਨ ਰੰਗ ਪਚੇ ਰਵਿ ਰੰਗ ਫਿਰੰਗੀ ॥੪॥

(ਸੂਰਮੇ) ਰੋਸ ਨਾਲ ਭਰ ਗਏ ਅਤੇ ਡਰ ਕੇ ਰਣ ਤੋਂ ਮੁੜੇ ਨਹੀਂ ਅਤੇ ਵਿਦੇਸੀ (ਫਿਰੰਗੀ) ਲੋਕ ਸੂਰਜ (ਦੇ ਲਾਲ) ਰੰਗ ਵਿਚ ਰੰਗੇ ਗਏ ॥੪॥

ਚੌਪਈ ॥

ਚੌਪਈ:

ਭੇਰ ਪਰਿਯੋ ਭਾਰਥ ਤੇ ਭਾਰੀ ॥

ਮਹਾਭਾਰਤ ਨਾਲੋਂ ਵੀ ਵੱਡਾ ਯੁੱਧ ਹੋਇਆ

ਨਾਚੇ ਸੂਰਬੀਰ ਹੰਕਾਰੀ ॥

ਅਤੇ ਹੰਕਾਰੀ ਸ਼ੂਰਬੀਰ ਨਚ ਉਠੇ।

ਬਹੁ ਬ੍ਰਿਣ ਕੀਏ ਨ ਇਕ ਤਿਹ ਲਾਗਿਯੋ ॥

(ਸੂਰਮਿਆਂ ਨੇ ਦੈਂਤ ਉਤੇ) ਬਹੁਤ ਵਾਰ ਕੀਤੇ, ਪਰ ਉਸ ਨੂੰ ਇਕ ਵੀ ਨਾ ਲਗਿਆ।

ਅਧਿਕ ਕੋਪ ਦਾਨਵ ਕੋ ਜਾਗਿਯੋ ॥੫॥

(ਸਗੋਂ) ਦੈਂਤ ਕ੍ਰੋਧ ਨਾਲ ਹੋਰ ਭੜਕ ਪਿਆ ॥੫॥

ਏਕ ਹਾਥ ਤਿਨ ਗਦਾ ਸੰਭਾਰੀ ॥

ਉਸ ਨੇ ਇਕ ਹੱਥ ਵਿਚ ਗਦਾ ਪਕੜ ਲਈ

ਦੂਜੋ ਕਰ ਤਰਵਾਰਿ ਨਿਕਾਰੀ ॥

ਅਤੇ ਦੂਜੇ ਹੱਥ ਵਿਚ ਤਲਵਾਰ ਖਿਚ ਲਈ।

ਜਾ ਕੌ ਦੌਰਿ ਦੈਤ ਬ੍ਰਿਣ ਮਾਰੇ ॥

ਦੈਂਤ ਜਿਸ ਨੂੰ ਦੌੜ ਕੇ ਸਟ ਮਾਰਦਾ,

ਏਕੈ ਚੋਟ ਚੌਥ ਹੀ ਡਾਰੈ ॥੬॥

(ਉਸ ਨੂੰ) ਇਕੋ ਹੀ ਸਟ ਨਾਲ ਚਿਥ ਦਿੰਦਾ ॥੬॥

ਜੋ ਕੋਊ ਤਾ ਕਹ ਘਾਵ ਲਗਾਵੈ ॥

ਜੋ ਕੋਈ ਉਸ ਉਤੇ ਸਟ ਮਾਰਦਾ

ਟੂਟਿ ਕ੍ਰਿਪਾਨ ਹਾਥ ਰਹਿ ਜਾਵੈ ॥

ਤਾਂ ਉਸ ਦੀ ਕ੍ਰਿਪਾਨ ਟੁਟ ਕੇ ਹੱਥ ਵਿਚ ਹੀ ਰਹਿ ਜਾਂਦੀ।

ਦਾਨਵ ਕੋਪ ਅਧਿਕ ਤਬ ਕਰੈ ॥

ਤਦ ਦੈਂਤ ਹੋਰ ਗੁੱਸਾ ਕਰਦਾ

ਪ੍ਰਾਨ ਫਿਰੰਗਨਿ ਬਹੁ ਕੇ ਹਰੈ ॥੭॥

ਅਤੇ ਬਹੁਤੇ ਵਿਦੇਸੀਆਂ ('ਫਿਰੰਗਨਿ') ਦੇ ਪ੍ਰਾਣ ਹਰ ਲੈਂਦਾ ॥੭॥

ਭੁੰਜਗ ਛੰਦ ॥

ਭੁਜੰਗ ਛੰਦ:

ਮਹਾ ਨਾਦਿ ਕੈ ਕੈ ਜਬੈ ਦੈਤ ਧਾਵੈ ॥

ਜਦੋਂ ਮਹਾ ਨਾਦ ਕਰ ਕੈ (ਉਹ) ਦੈਂਤ ਧਾਵਾ ਕਰਦਾ

ਘਨੀ ਸੈਨ ਕੋ ਮਾਰਿ ਕੈ ਕੈ ਸੁ ਜਾਵੈ ॥

ਤਾਂ ਬਹੁਤ ਸਾਰੀ ਸੈਨਾ ਨੂੰ ਮਾਰ ਕੇ ਜਾਂਦਾ।

ਬਿਯੋ ਕੌਨ ਜੋਧਾ ਲਰੈ ਰੋਸ ਕੈ ਕੈ ॥

ਹੋਰ ਕਿਹੜਾ ਸੂਰਮਾ ਹੈ ਜੋ ਉਸ ਨਾਲ ਰੋਹ ਵਿਚ ਆ ਕੇ ਲੜੇ।

ਚਲੇ ਬਾਜ ਹੇਰੈ ਮਹਾ ਤਾਪ ਤੈ ਕੈ ॥੮॥

(ਉਸ ਨੂੰ) ਵੇਖ ਕੇ (ਯੋਧੇ) ਬਹੁਤ ਤੇਜ਼ੀ ਨਾਲ ਘੋੜਿਆਂ ਸਹਿਤ ਭਜੀ ਜਾਂਦੇ ਹਨ ॥੮॥

ਲਖੇ ਦੈਤ ਭਾਰੀ ਸਭੈ ਭੂਪ ਭਾਗੈ ॥

(ਇਸ) ਵੱਡੇ ਦੈਂਤ ਨੂੰ ਵੇਖ ਕੇ ਸਾਰੇ ਰਾਜੇ ਭਜ ਗਏ ਹਨ

ਮਹਾ ਤ੍ਰਾਸ ਕੇ ਤਾਪ ਸੌ ਅਨੁਰਾਗੈ ॥

ਅਤੇ ਬਹੁਤ ਡਰ ਕਾਰਨ ਦੁਖੀ ਹੋਏ ਹਨ।

ਚਲੇ ਭਾਜਿ ਕੈ ਕੈ ਹਠੀ ਨਾਰਿ ਨ੍ਯਾਏ ॥

ਧੌਣਾਂ ਨੀਵੀਆਂ ਕਰ ਕੇ ਭਜੀ ਜਾ ਰਹੇ ਹਨ

ਕਰੀ ਬਾਜ ਰਾਜੇ ਪਿਯਾਦੇ ਪਰਾਏ ॥੯॥

ਹਾਥੀਆਂ, ਘੋੜਿਆਂ ਵਾਲੇ ਅਤੇ ਪਿਆਦੇ ਸਾਰੇ ਹਠੀਲੇ ਰਾਜੇ ॥੯॥

ਚੌਪਈ ॥

ਚੌਪਈ:

ਸੈਨ ਭਜਤ ਲਖਿ ਭਟਿ ਰਿਸਿ ਭਰੇ ॥

ਸੈਨਾ ਨੂੰ ਭਜਦਿਆਂ ਵੇਖ ਕੇ ਸੂਰਮੇ ਰੋਹ ਵਿਚ ਆ ਗਏ ਹਨ


Flag Counter